ਖਾਲਸਾ ਵਿਰਾਸਤੀ
ਕੰਪਲੈਕਸ ਤੋਂ ਨਾਮ ਬਦਲ ਕੇ ਵਿਰਾਸਤ-ਏ-ਖਾਲਸਾ ਸੈਂਟਰ ਰਖਿਆ
ਰੂਪਨਗਰ 8 ਨਵੰਬਰ
- ਪੰਜਾਬ ਸਰਕਾਰ ਵੱਲੋਂ ਸ੍ਰੀ
ਅਨੰਦਪੁਰ ਸਾਹਿਬ ਵਿਖੇ ਅੱਠਵੇਂ ਅਜੂਬੇ ਵਜੋਂ ਸਥਾਪਿਤ ਕੀਤੇ ਜਾ ਰਹੇ
ਵਿਰਾਸਤ-ਏ-ਖਾਲਸਾ ਸੈਂਟਰ ਦਾ ਉਦਘਾਟਨ 25 ਨਵੰਬਰ ਨੂੰ ਸ: ਪਰਕਾਸ਼ ਸਿੰਘ ਬਾਦਲ
ਮੁੱਖ ਮੰਤਰੀ ਪੰਜਾਬ ਉਘੀਆਂ ਧਾਰਮਿਕ ਸਖਸ਼ੀਅਤਾਂ ਦੀ ਹਾਜਰੀ ਵਿੱਚ ਕਰਨਗੇ। ਇਸ
ਉਦਘਾਟਨੀ ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਆਰਟ ਆਫ ਲਿਵਿੰਗ ਦੇ ਪ੍ਰਮੁੱਖ
ਸ਼੍ਰੀ ਸ਼੍ਰੀਰਵੀਸ਼ੰਕਰ ਅਤੇ ਡਾ: ਅਬੁਲ ਕਲਾਮ ਆਜ਼ਾਦ ਸਾਬਕਾ ਰਾਸ਼ਟਰਪਤੀ ਉਚੇਚੇ
ਤੌਰ ਤੇ ਸ਼ਾਮਲ ਹੋਣਗੇ। ਇਸ ਗੱਲ ਦੀ ਜਾਣਕਾਰੀ ਸ਼੍ਰੀ ਸੁਖਬੀਰ ਸਿੰਘ ਬਾਦਲ ਉਪ
ਮੁੱਖ ਮੰਤਰੀ ਪੰਜਾਬ ਨੇ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ
ਸੈਂਟਰ ਦੇ ਉਦਘਾਟਨੀ ਸਮਾਗਮਾਂ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜਾ
ਲੈਣ ਲਈ ਬੁਲਾਈ ਉਚੇਚੀ ਮੀਟਿੰਗ ਉਪਰੰਤ ਕੀਤਾ। ਉਨਾਂ ਇਸ ਮੌਕੇ ਸਮੁੱਚੇ
ਕੰਪਲੈਕਸ ਦਾ ਦੌਰਾ ਵੀ ਕੀਤਾ। ਉਨਾਂ ਦੱਸਿਆ ਕਿ ਪਿਛਲੀ ਮੀਟਿੰਗ ਦੌਰਾਨ
ਨਾਮਵਰ ਸਖਸ਼ੀਅਤਾਂ ਨਾਲ ਸਲਾਹ-ਮਸ਼ਵਰੇ ਉਪਰੰਤ ਇਸ ਇਮਾਰਤ ਦਾ ਨਾਮ ਖਾਲਸਾ
ਵਿਰਾਸਤੀ ਕੰਪਲੈਕਸ ਤੋਂ ਬਦਲ ਕੇ ਵਿਰਾਸਤ-ਏ-ਖਾਲਸਾ ਸੈਂਟਰ ਰਖਿਆ ਗਿਆ ਹੈ।
ਉਨਾਂ ਦੱਸਿਆ ਕਿ ਇਸ ਮੌਕੇ ਦੇਸ਼ ਦੀ ਪ੍ਰਸਿੱਧ ਗਾਇਕਾ ਆਸ਼ਾ ਭੋਂਸਲੇ ਵੱਲੋਂ
’ਦੇਹਿ ਸ਼ਿਵਾ ਵਰ ਮੋਹਿ’ ਸ਼ਬਦ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ ਜਾਵੇਗਾ।
ਮੀਟਿੰਗ ਉਪਰੰਤ ਉਨਾਂ ਦੱਸਿਆ ਕਿ ਇਸ
ਕੰਪਲੈਕਸ ਦਾ ਉਦਘਾਟਨ ਵੱਖ-ਵੱਖ ਧਰਮਾਂ ਦੀਆਂ ਉਘੀਆਂ ਸਖਸ਼ੀਅਤਾਂ ਦੀ ਹਾਜਰੀ
ਵਿੱਚ ਅਰਦਾਸ ਉਪਰੰਤ ਪਰਦਾ ਹਟਾ ਕੇ ਕੀਤਾ ਜਾਵੇਗਾ। ਇਸ ਉਪਰੰਤ ਵੱਖ-ਵੱਖ
ਧਰਮਾਂ ਦੀਆਂ ਉਘੀਆਂ ਸਖਸ਼ੀਅਤਾਂ ਅਤੇ ਮੁੱਖ ਮੰਤਰੀ ਪੰਜਾਬ ਐਸ.ਜੀ.ਪੀ.ਸੀ
ਗਰਾਉਂਡ ਵਿੱਚ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੂੰ ਸੰਬੋਧਨ ਕਰਨਗੇ। ਇਸੇ
ਦਿਨ ਸ਼ਾਮ ਨੂੰ ਰੌਸ਼ਨੀ ਤੇ ਆਵਾਜ਼ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਅਤੇ
ਦੇਰ ਸ਼ਾਮ ਨੂੰ ਸੰਗਤਾਂ ਆਤਿਸ਼ਬਾਜੀ ਦਾ ਨਜ਼ਾਰਾ ਵੀ ਲੈਣਗੀਆਂ। ਇਸ ਸਮਾਗਮ
ਦੌਰਾਨ ਦੇਸ਼-ਵਿਦੇਸ਼ ਤੋਂ ਲੱਗਭੱਗ ਇੱਕ ਲੱਖ ਸੰਗਤ ਦੇ ਪੁੱਜਣ ਦੀ ਉਮੀਦ ਹੈ
ਜਿਸ ਲਈ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ
ਹੁਣ ਤੱਕ ਇਸ ਕੰਪਲੈਕਸ ’ਤੇ ਲਗਭੱਗ 300 ਕਰੋੜ ਰੁਪਏ ਦਾ ਖਰਚਾ ਹੋ ਚੁੱਕਿਆ
ਹੈ ਅਤੇ ਇਸ ਇਮਾਰਤ ਨੂੰ ਤਿੰਨ ਹਿੱਸਿਆ ਵਿੱਚ ਵੰਡਿਆ ਗਿਆ ਹੈ। ਇਸ ਕੰਪਲੈਕਸ
ਵਿੱਚ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦੱਸਵੀਂ ਪਾਤਸ਼ਾਹੀ ਤੱਕ ਅਤੇ ਸਿੱਖ
ਇਤਿਹਾਸ ਨਾਲ ਸਬੰਧਤ ਦਿਲ-ਟੁੰਬਵੀਆਂ ਕਲਾਕ੍ਰਿਤਾਂ ਲਗਾਈਆਂ ਗਈਆਂ ਹਨ।
ਜਿਕਰਯੋਗ ਹੈ ਕਿ ਇਸ ਕੰਪਲੈਕਸ ਦੀਆਂ
ਗੈਲਰੀਆਂ ਨੂੰ ਮੁਕੰਮਲ ਰੂਪ ਵਿੱਚ ਵੇਖਣ ਲਈ ਲੱਗਭੱਗ ਸਵਾ ਘੰਟੇ ਦਾ ਸਮਾਂ
ਲਗਦਾ ਹੈ ਅਤੇ ਇੰਨਾਂ ਨੂੰ ਵੇਖਦੇ ਸਮੇਂ ਇਤਿਹਾਸਿਕ ਪਿਛੋਕੜ ਆਦਿ ਪੰਜਾਬੀ
ਅਤੇ ਅੰਗਰੇਜੀ ਵਿੱਚ ਸੁਣਨ ਲਈ ਕੰਨਾਂ ’ਤੇ ਲਗਾਉਣ ਲਈ ਵਿਸ਼ੇਸ਼ ਯੰਤਰ ਵੀ
ਦਿੱਤੇ ਜਾਣਗੇ। ਮੀਟਿੰਗ ਉਪਰੰਤ ਡਾ: ਉਪਿੰਦਰਜੀਤ ਕੌਰ ਵਿੱਤ ਮੰਤਰੀ ਨੇ
ਦੱਸਿਆ ਕਿ ਇੰਨਾਂ ਸਮਾਗਮਾਂ ਮੌਕੇ ਇਸ ਕੰਪਲੈਕਸ ਦੇ ਆਰਚੀਟੈਕਟ ਸ਼੍ਰੀ ਮੋਸ਼ੇ
ਸੈਫਦੀ ਅਤੇ ਇਸ ਕੰਪਲੈਕਸ ਨੂੰ ਉਸਾਰਣ ਵਾਲੀ ਐਲ.ਐਂਡ ਟੀ. ਕੰਪਨੀ ਦਾ ਵੀ
ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਉਨਾਂ ਇਸ ਮੌਕੇ ਲੋਕ ਨਿਰਮਾਣ ਵਿਭਾਗ
ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗੜਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ
ਅਤੇ ਰੂਪਨਗਰ ਤੋਂ ਬਰਾਸਤਾ ਨੂਰਪੁਰਬੇਦੀ ਸ਼੍ਰੀ ਆਨੰਦਪੁਰ ਸਾਹਿਬ ਪੰਹੁਚਣ
ਵਾਲੀਆਂ ਸਾਰੀਆਂ ਸੜਕਾਂ ਦੀ ਵਿਸ਼ੇਸ਼ ਤੌਰ ਤੇ ਮੁਰੰਮਤ ਕਰਵਾਈ ਜਾਵੇ ਤਾਂ ਜ਼ੋ
ਇਥੇ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨਾਂ ਇਹ ਵੀ
ਦੱਸਿਆ ਕਿ ਇੰਨਾਂ ਪ੍ਰੋਗਰਾਮਾਂ ਦਾ ਦੇਸ਼-ਵਿਦੇਸ਼ ਦੇ ਵੱਖ-ਵੱਖ ਚੈਨਲਾ ਰਾਹੀਂ
ਸਿੱਧਾ ਪ੍ਰਸਾਰਣ ਵੀ ਹੋਵੇਗਾ ਅਤੇ ਵੱਖ-ਵੱਖ ਥਾਵਾਂ ਤੇ ਇੰਨਾਂ ਸਮਾਗਮਾਂ ਨੂੰ
ਵੇਖਣ ਲਈ ਐਲ.ਸੀ.ਡੀ. ਵੀ ਲਗਾਈਆਂ ਜਾਣਗੀਆਂ।
ਇਸ ਮੀਟਿੰਗ ਵਿੱਚ ਤਖਤ ਸ਼੍ਰੀ ਕੇਸਗੜ
ਸਾਹਿਬ ਦੇ ਜੱਥੇਦਾਰ ਗਿਆਨੀ ਤਰਲੋਚਨ ਸਿੰਘ, ਸ਼੍ਰੀ ਨਰੇਸ਼ ਗੁਜਰਾਲ ਅਤੇ ਸ:
ਤਰਲੋਚਨ ਸਿੰਘ (ਦੋਵੇਂ ਮੈਂਬਰ ਰਾਜਸਭਾ), ਸ਼੍ਰੀ ਐਸ.ਸੀ. ਅਗਰਾਵਲ ਮੁੱਖ
ਸਕੱਤਰ ਪੰਜਾਬ, ਡਾ: ਦਲਜੀਤ ਸਿੰਘ ਚੀਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ,
ਸ਼੍ਰੀ ਮਦਨ ਮੋਹਨ ਮਿੱਤਲ ਸਾਬਕਾ ਮੰਤਰੀ ਅਤੇ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ
ਰੂਪਨਗਰ, ਸ਼੍ਰੀ ਰਾਜਨ ਗੁਪਤਾ ਏ.ਡੀ.ਜੀ.ਪੀ. ਸ਼੍ਰੀ ਡੀ.ਐਸ.ਗੁਰੂ ਪ੍ਰਮੁੱਖ
ਸਕੱਤਰ ਮੁੱਖ ਮੰਤਰੀ ਪੰਜਾਬ, ਸ਼੍ਰੀ ਐਸ.ਕੇ.ਸੰਧੂ ਪ੍ਰਮੁੱਖ ਸਕੱਤਰ ਲੋਕ
ਨਿਰਮਾਣ, ਸ਼੍ਰੀ ਕੇ.ਬੀ.ਐਸ. ਸਿੱਧੂ ਪ੍ਰਮੁੱਖ ਸਕੱਤਰ (ਵਿੱਤ), ਸ਼੍ਰੀ ਪਰਮਜੀਤ
ਸਿੰਘ ਔਜਲਾ ਸਕੱਤਰ (ਖੇਡਾਂ), ਸ਼੍ਰੀ ਐਸ.ਐਸ.ਚੰਨੀਂ ਪ੍ਰਮੁੱਖ ਸਕੱਤਰ
(ਉਦਯੋਗ), ਸ਼੍ਰੀ ਸ਼ਾਮ ਲਾਲ ਗੱਖੜ ਆਈ.ਜੀ. ਡਾ: ਨਰੇਸ਼ ਕੁਮਾਰ ਅਰੋੜਾ
ਡੀ.ਆਈ.ਜੀ. ਸ਼੍ਰੀ ਜੀ.ਕੇ. ਸਿੰਘ ਡਿਪਟੀ ਕਮਿਸ਼ਨਰ, ਸ਼੍ਰੀ ਡੀ.ਐਸ.ਮਾਂਗਟ
ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ, ਸ਼੍ਰੀ ਜਤਿੰਦਰ ਸਿੰਘ ਔਲਖ ਐਸ.ਐਸ.ਪੀ.,
ਸ਼੍ਰੀ ਅਮਰਜੀਤ ਚਾਵਲਾ, ਪ੍ਰਿੰਸੀਪਲ ਸੁਰਿੰਦਰ ਸਿੰਘ ਅਤੇ ਸ਼੍ਰੀ ਅਜਮੇਰ ਸਿੰਘ
ਖੇੜਾ (ਤਿੰਨੋਂ ਮੈਂਬਰ ਸ਼੍ਰੋਮਣੀ ਕਮੇਟੀ) ਅਤੇ ਸ੍ਰੀ ਹਰਪ੍ਰੀਤ ਸਿੰਘ ਬਸੰਤ
ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ (ਦਿਹਾਤੀ) ਨੇ ਵੀ ਭਾਗ ਲਿਆ।
|