ਐਬਟਸਫੋਰਡ: ਸਰੀ ਵਿਚ ਕਾਮਯਾਬ ਪ੍ਰਦਰਸ਼ਨ ਤੋਂ ਬਾਦ ਕਾਮਾਗਾਟਾਮਾਰੂ ਜਹਾਜ਼ ਦੇ
ਇਤਹਾਸ ਦਰਸਾਉਂਦੇ ਚਿਤਰਾਂ ਦੀ ਪ੍ਰਦਰਸ਼ਨੀ ਐਬਟਸਫੋਰਡ ਵਿਚ ਕੈਨੇਡੀਅਨ ਦਰਸ਼ਕਾਂ
ਦੀ ਖਿਚ ਦਾ ਕੇਂਦਰ ਬਣੀ ਹੋਈ ਹੈ।
ਚਿਤਰਕਾਰ ਜਰਨੈਲ ਸਿੰਘ ਅਤੇ ਲੇਖਕ ਅਜਮੇਰ ਰੋਡੇ ਦੀਆਂ ਲਿਖਤਾਂ ਤੇ ਆਧਾਰਿਤ
ਕੈਰਾਟਿਨ ਆਰਟ ਗੈਲਰੀ ਵਿਚ ਲਗੀ ਇਸ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਰੋਹ ਵਿਚ ਭਾਰਤ
ਤੋਂ ਆਏ ਚਿੰਤਕ ਤੇ ਲੇਖਕ ਅਮਰਜੀਤ ਸਿੰਘ ਗਰੇਵਾਲ ਨੇ ਬੋਲਦਿਆਂ ਕਿਹਾ ਕਿ
ਵਿਦੇਸ਼ਾਂ ਵਿਚ ਵਸ ਰਹੇ ਪੰਜਾਬ ਅਜ ਸਾਡੀ ਉਮੀਦ ਬਣੇ ਹੋਏ ਹਨ ਅਤੇ ਇਹਨਾਂ ਵਿਚੋਂ
ਵੀ ਕੈਨੇਡਾ ਵਾਲਾ ਪੰਜਾਬ ਖਾਸ ਕਰਕੇ ਮਹੱਤਵਪੂਰਨ ਹੈ। ਵਿਦੇਸ਼ੀ ਧਰਤੀ ਉਪਰ
ਪੰਜਾਬੀਆਂ ਦੇ ਇਤਿਹਾਸ ਦੀ ਗਾਥਾ ਦਰਸਾਉਂਦੇ ਚਿਤਰ ਪ੍ਰਦਰਸ਼ਿਤ ਕਰਕੇ ਜਰਨੈਲ
ਸਿੰਘ ਤੇ ਅਜਮੇਰ ਰੋਡੇ ਨੇ ਮਹੱਤਵ ਪੂਰਨ ਗਲ ਕੀਤੀ ਹੈ।
ਅਜਮੇਰ ਰੋਡੇ ਨੇ ਦਸਿਆ ਕਿ ਉਹਨਾਂ ਦੇ ਪਿੰਡ ਦੇ ਚਾਰ ਵਿਅਕਤੀ ਕਾਮਾਗਾਟਾਮਾਰੂ
ਦੇ ਜਹਾਜ਼ ਵਿਚ ਸਨ ਅਤੇ ਉਦੋਂ ਤੋਂ ਹੀ ਇਸ ਬਾਰੇ ਦਿਲਚਸਪੀ ਬਣੀ ਹੋਈ ਸੀ। ਖਾਲਸਾ
ਦੀਵਾਨ ਸੋਸਾਇਟੀ ਦੇ ਪ੍ਰਧਾਨ ਕਾਬਲ ਸਿੰਘ ਹੁੰਦਲ ਨੇ ਕਿਹਾ ਕਿ ਵਿਰਾਸਤੀ
ਗੁਰਦਵਾਰੇ ਦੇ ਸ਼ਤਾਬਦੀ ਸਮਾਰੋਹਾਂ ਦੌਰਾਨ ਲਗੀ ਇਹ ਪ੍ਰਦਰਸ਼ਨੀ ਸਾਡੇ ਇਤਹਾਸ ਨੂੰ
ਦਰਸਾਉਣ ਦਾ ਵਧੀਆ ਉਦਮ ਹੈ।ਗੁਰਦਵਾਰਾ ਕਲਗੀਧਰ ਦਰਬਾਰ ਸਾਹਿਬ ਦੇ ਸਕੱਤਰ ਬਲਬੀਰ
ਸਿੰਘ ਨੇ ਸੱਵੀ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਰਨੈਲ ਸਿੰਘ ਨੇ ਕਨੇਡਾ
ਆਕੇ ਸਾਡੇ ਇਤਹਾਸ ਤੇ ਸਭਿਆਚਾਰ ਨੂੰ ਮੁਖਧਾਰਾ ਤਕ ਪਹੁੰਚਾਉਣ ਦਾ ਵਡਮੁਲਾ ਕਾਰਜ
ਕੀਤਾ ਹੈ । ਪ੍ਰੋ ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕਾਮਾਗਾਟਾਮਾਰੂ ਦਾ
ਇਤਿਹਾਸ ਦਰਸਾਉਂਦੀ ਇਹ ਪ੍ਰਦਰਸ਼ਨੀ ਮੁਖਧਾਰਾ ਦੇ ਲੋਕਾਂ ਨਾਲ ਸਾਡੀ ਸਾਂਝ ਪਵਾਉਣ
ਦਾ ਇਤਹਾਸਕ ਕਾਰਜ ਹੈ। ਅਖੀਰ ਵਿਚ ਚਿਤਰਕਾਰ ਜਰਨੈਲ ਸਿੰਘ ਨੇ ਦਸਿਆ ਕਿ ਇਸ
ਸਾਰੇ ਪ੍ਰਾਜੈਕਟ ਦੀਆਂ ਕਹਾਣੀਆਂ ਤੇ ਤਸਵੀਰਾਂ ਨੂੰ ਕਿਤਾਬੀ ਰੂਪ ਵਿਚ ਛਾਪਿਆ
ਜਾਵੇਗਾ। ਯੋਗ ਹੈ ਕਿ ਇਹ ਪਹਿਲਾ ਮੌਕਾ ਹੈ ਕਿ ਕਿਸੇ ਪੰਜਾਬੀ ਚਿਤਰਕਾਰ ਦੀਆਂ
ਕਿਰਤਾਂ ਦੀ ਨੁਮਾਇਸ਼ ਕੈਰਾਟਿਨ ਆਰਟ ਗੈਲਰੀ ਵਿਚ ਲਗੀ ਹੈ। ਸੁਰਜੀਤ ਕਲਸੀ ਨੇ
ਦਸਿਆ ਕਿ ਇਹ ਵੀ ਮਹਤਵਪੂਰਨ ਹੈ ਕਿ ਇਹ ਸਾਰੇ ਪ੍ਰਾਜੈਕਟ ਜਰਨੈਲ ਸਿੰਘ ਅਤੇ
ਅਜਮੇਰ ਰੋਡੇ ਦੇ ਨਿਜੀ ਉਦਮ ਹੀ ਹਨ ਅਤੇ ਇਸ ਵਿਚ ਕਿਸੇ ਕਿਸਮ ਦੀ ਸਰਕਾਰੀ
ਗਰਾਂਟ ਨਹੀਂ ਲਈ ਗਈ।
ਇਸ ਮੌਕੇ ਭਾਈਚਾਰੇ ਦੀਆਂ ਉਘੀਆਂ ਸ਼ਖਸੀਅਤਾਂ ਹਾਜ਼ਰ ਸਨ ਜਿਹਨਾਂ ਵਿਚ ਕਾਰਲੀ
ਮੀਨੇਗ,ਪੁਲੀਸ ਕਮਿਸ਼ਨਰ ਜੱਤਿੰਦਰ ਸਿੰਘ ਸਿੱਧੂ, ਸੰਤਾ ਸਿੰਘ ਤਾਤਲੇ, ਸੁਰਜੀਤ
ਕਲਸੀ , ਮਨਜੀਤ ਸਿੰਘ ਸੰਧੂ, ਮਨਦੀਪ ਵਿਰਕ,ਕੈਲੀ ਚਾਹਲ,ਬਲਜਿੰਦਰ ਸਿੰਘ ਬੈਂਸ,
ਬਲਜਿੰਦਰ ਸਿੰਘ ਨੰਦਾ, ਸਾਜਨ ਸਿੰਘ ਪੰਧੇਰ ਦੇ ਨਾਂ ਵਰਨਣਯੋਗ ਹਨ।
|