ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ੨ ਨਵੰਬਰ ੨੦੧੩ ਦਿਨ
ਸ਼ਨਿੱਚਰਵਾਰ ੨-੦੦ ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ।
ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਦੇ ਹੋਏ ਸ਼ਮਸ਼ੇਰ
ਸਿੰਘ ਸੰਧੂ, ਪ੍ਰੋ. ਸੁਹਿੰਦਰ ਬੀਰ ਸਿੰਘ ਅਤੇ ਸਲਾਹੁਦੀਨ ਸਬਾ ਸ਼ੇਖ਼ ਹੋਰਾਂ
ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਅਤੇ ਪਿਛਲੀ
ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਜੱਸ ਚਾਹਲ ਨੇ ਅੱਜ ਦਾ ਸਾਹਿਤਕ
ਦੌਰ ਸ਼ੁਰੂ ਕਰਨ ਲਈ ਪੰਜਾਬੀ ਦੇ ਉੱਘੇ ਸ਼ਾਇਰ ਅਤੇ ਕਵਿਤਾ ਆਲੋਚਕ ਪ੍ਰੋ.
ਸੁਹਿੰਦਰ ਬੀਰ ਸਿੰਘ, ਜੋ ਕਿ ਪੰਜਾਬੀ ਅਧਿਅਨ ਸਕੂਲ, ਗੁਰੁ ਨਾਨਕ ਦੇਵ
ਯੂਨੀਵਰਸਿਈ ਵਿੱਚ ਅਧਿਆਪਨ ਦਾ ਕਾਰਜ ਕਰ ਰਹੇ ਹਨ, ਹੋਰਾਂ ਨੂੰ ਅਪਣੇ ਅਤੇ
ਅਪਣੀਆਂ ਰਚਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪਿਆਰ ਭਰਿਆ ਸੱਦਾ ਦਿੱਤਾ
-
ਪ੍ਰੋ. ਸੁਹਿੰਦਰ ਬੀਰ ਅੱਜ ਕੱਲ ਪੰਜਾਬੀ ਅਧਿਅਨ ਸਕੂਲ, ਗੁਰੁ ਨਾਨਕ ਦੇਵ
ਯੂਨੀਵਰਸਿਟੀ ਵਿਚ ਅਧਿਆਪਨ ਦਾ ਕਾਰਜ ਕਰ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ
ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਸੈਂਟਰ, ਜਲੰਧਰ ਅਤੇ ਡੀ.ਏ. ਵੀ.
ਕਾਲਿਜ, ਚੰਡੀਗੜ੍ਹ ਵਿਖੇ ਵੀ ਅਧਿਆਪਨ ਦਾ ਕਾਰਜ ਕੀਤਾ ਹੈ। ਉਹ ਪਿਛਲੇ ਤਿੰਨ
ਦਹਾਕਿਆਂ ਤੋਂ ਪੰਜਾਬੀ ਕਵਿਤਾ ਦੀ ਸਿਰਜਣਾ ਅਤੇ ਅਕਾਦਮਿਕ ਸਮੀਖਿਆ ਨਾਲ
ਸਰਗਰਮੀ ਸਹਿਤ ਜੁੱਟੇ ਹੋਏ ਹਨ। ਉਹ ਉੱਘੇ ਸ਼ਾਇਰ ਅਤੇ ਕਵਿਤਾ ਦੇ ਆਲੋਚਕ ਹਨ।
ਉਨ੍ਹਾਂ ਨੇ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੇ ਥੀਮ ਅਤੇ ਰੂਪ ਬਾਰੇ ਉਚੇਰੀ
ਖੋਜ ਕੀਤੀ ਹੈ।
ਹੁਣ ਤਕ ਉਨ੍ਹਾਂ ਨੇ ੫ ਕਾਵਿ ਸੰਗ੍ਰਹਿ ਅਤੇ ੫ ਕਵਿਤਾ ਨਾਲ ਸੰਬੰਧਿਤ
ਆਲੋਚਨਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰਵਾਈਆਂ ਹਨ। ਇਸਦੇ ਨਾਲ ਨਾਲ ਉਨ੍ਹਾਂ
ਨੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਦੀਆਂ ਜੀਵਨੀਆਂ ਵੀ ਲਿਖੀਆਂ ਹਨ
ਜੋ ਵੱਖ ਵੱਖ ਜਮਾਤਾਂ ਵਿਚ ਵਿਦਿਆਰਥੀਆਂ ਲਈ ਪਾਠ –ਕ੍ਰਮ ਦਾ ਹਿੱਸਾ ਬਣ
ਚੁੱਕੀਆਂ ਹਨ।
ਇਹਨਾਂ ਪੁਸਤਕਾਂ ਦੇ ਨਾਮ ਹਨ- ਇਨਕਲਾਬ ਦਾ ਬਾਨੀ: ਸ਼ਹੀਦ ਭਗਤ ਸਿੰਘ ਤੇ
ਮਹਾਨ ਸੁਤੰਤਰਤਾ ਸੰਗਰਾਮੀ: ਸ਼ਹੀਦ ਊਧਮ ਸਿੰਘ। ਉਹ ਅੱਜ ਕੱਲ ਅਮਰੀਕਾ ਵਿਖੇ
ਰਹਿ ਕੇ ਅਮਰੀਕੀ ਪੰਜਾਬੀ ਕਵਿਤਾ ਬਾਰੇ ਉਚੇਰੀ ਖੋਜ ਕਰ ਰਹੇ ਹਨ। ਪ੍ਰੋ.
ਸੁਹਿੰਦਰ ਬੀਰ ਸਿੰਘ ਨੇ ਇਸ ਉਪਰੰਤ ਆਪਣੀਆਂ ਖੂਬਸੂਰਤ ਗ਼ਜ਼ਲਾਂ ਤੇ ਗੀਤ
ਸਰੋਤਿਆਂ ਨਾਲ ਸਾਂਝੇ ਕੀਤੇ।
ਦੁਆਵਾਂ ਕਰ ਵਤਨ ਤੇਰੇ ਦਾ ਚਿਹਰਾ ਵੀ ਬਦਲ ਜਾਵੇ
ਮੱਥੇ ਤੋਂ ਦਾਗ਼ ਗ਼ੁਰਬਤ ਤੇ ਗ਼ਦਾਰੀ ਦਾ ਨਿਕਲ ਜਾਵੇ
ਮਨਾਂ 'ਤੇ ਛਾ ਗਿਆ ਹੈ ਜੋ ਘਣਾਂ ਆਲਮ ਉਦਾਸੀ ਦਾ
ਕਿਤੇ ਹਿੰਦੋਸਤਾਂ ਦਾ ਬੇੜਾ ਹੀ ਨ ਇਹ ਨਿਗਲ ਜਾਵੇ
ਸਿਕੰਦਰ ਜੋ ਚੜ੍ਹੇ ਨੇ ਆਪਣੇ ਹੀ ਘਰ ਨੂੰ ਲੁੱਟਣ ਲਈ
ਇਨ੍ਹਾਂ ਦਾ ਤੁਖ਼ਮ ਤੇ ਨਾਮੋ-ਨਿਸ਼ਾਂ ਗ਼ਰਦੇ 'ਚ ਰਲ ਜਾਵੇ
ਪ੍ਰੋ. ਸੁਹਿੰਦਰ ਬੀਰ ਸਿੰਘ ਹੋਰਾਂ ਨੂੰ ਰਾਈਟਰਜ਼ ਫੋਰਮ ਵਲੋਂ ਪੰਜਾਬੀ
ਸਾਹਿਤ ਅਤੇ ਸਮੀਖਿਆ ਵਿਚ ਵੱਡ-ਮੁੱਲੇ ਯੋਗਦਾਨ ਲਈ ਸ਼ੀਲਡ ਦੇ ਕੇ ਸਨਮਾਨਿਤ
ਕੀਤਾ ਗਿਆ।
ਮੋਹਸਿਨ ਇਕਬਾਲ ਕਾਜ਼ਮੀ ਨੇ ਅਪਣੀਆਂ ਉਰਦੂ ਦੀਆਂ ਦੋ ਗ਼ਜ਼ਲਾਂ ਸੁਣਾ ਕੇ
ਵਾਹ-ਵਾਹ ਲੈ ਲਈ –
੧-'ਖੋ ਨ ਜਾਊਂ ਰਾਹੇ-ਤਲਬ ਮੇਂ ਕਹੀਂ
ਭੀੜ ਮੇਂ ਰਾਸਤਾ ਦਿਖਾਏ ਕੌਨ'
੨-'ਇਕ ਮੇਰੇ ਜਾਗਨੇ ਸੇ ਕਯਾ ਹੋਗਾ
ਸ਼ਹਰ ਜਬ ਸਾਰਾ ਸੋ ਰਹਾ ਹੋਗਾ'
ਇਕਰਮ ਪਾਸ਼ਾ ਹੋਰਾਂ ਮੋਹਤਰਮਾ ਅਮਤੁਲ ਮਤੀਨ ਖ਼ਾਨ ਦੌਆਂ ਨਵੀਆਂ ਛਪੀਆਂ ਦੋ
ਉਰਦੂ ਕਿਤਾਂਬਾਂ 'ਦੀਵਾਨੇ ਗ਼ਜ਼ਲ' ਅਤੇ 'ਓੜ੍ਹਨੀ' ਬਾਰੇ ਜਾਨਕਾਰੀ ਸਾਂਝੀ
ਕਰਦਿਆਂ ਕਿਹਾ ਕਿ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਇਕ ਘਰੇਲੂ ਔਰਤ ਹੋਣ ਦੇ
ਬਾਵਜੂਦ ਅਮਤੁਲ ਮਤੀਨ ਨਾ ਸਿਰਫ਼ ਸੋਸ਼ਲ ਅਤੇ ਰਾਜਨੀਤਕ ਸਰਗਰਮਿਆਂ ਵਿੱਚ ਬਲਕਿ
ਸਾਹਿਤ ਰਚਨਾ ਵਿੱਚ ਵੀ ਬਖ਼ੂਬੀ ਅਗੇ ਵਧ ਰਹੀ ਹੈ।
ਇਸ ਉਪਰੰਤ ਪ੍ਰੋ. ਸ਼ਮਸ਼ੇਰ ਸਿੰਘ ਸੰਧੂ, ਪ੍ਰੋ. ਸੁਹਿੰਦਰ ਬੀਰ ਸਿੰਘ,
ਸਲਾਹੁਦੀਨ ਸਬਾ ਸ਼ੇਖ਼, ਜੱਸ ਚਾਹਲ ਅਤੇ ਡਾ. ਮਜ਼ਹਰ ਸੱਦੀਕੀ ਹੋਰਾਂ ਵਲੋਂ
ਦੋਵੇਂ ਕਿਤਾਂਬਾਂ ਦੀ ਘੁੰਡ-ਚੁਕਾਈ ਦੀ ਰਸਮ ਹਾਜ਼ਰੀਨ ਦੀ ਤਾੜੀਆਂ ਦੀ ਗੂੰਜ
ਵਿੱਚ ਪੂਰੀ ਕੀਤੀ ਗਈ।
ਉਪਰੰਤ ਅਮਤੁਲ ਮਤੀਨ ਖ਼ਾਨ ਹੋਰਾਂ ਅਪਣੀ ਗ਼ਜ਼ਲ 'ਆਂਸੁਏ-ਕਿਤਾਬ' ਪੜਕੇ ਇਕ
ਸ਼ਾਇਰਾ ਦਾ ਦਰਦ ਸਾਂਝਾ ਕੀਤਾ –
'ਸੋਚ ਮੇਂ ਅਹਲੇ-ਕਲਮ ਕੇ ਦਰਦੇ-ਮਾਹਤਾਬ ਹੋਤੇ ਹੈਂ
ਵਗਰਨਾ ਗਿਰਤੇ ਹੁਏ ਆਂਸੂ ਭੀ ਇਕ ਕਿਤਾਬ ਹੋਤੇ ਹੈਂ।
'ਗ਼ਜ਼ਲ' ਗ਼ਮ ਸ਼ਨਾਸ ਸੂਰਤੋਂ ਮੇਂ ਢਲ ਜਾਤੇ ਹੈਂ ਜੋ
ਅਹਦੇ-ਵਫ਼ਾ ਮੇਂ ਤਹਰੀਰ ਵੋ ਕਿਤਾਬੇ-ਨਿਸਾਬ ਹੋਤੇ ਹੈਂ'
ਜੱਸ ਚਾਹਲ ਨੇ ਅਪਣੀ ਹਿੰਦੀ ਗ਼ਜ਼ਲ ਨਾਲ ਸਭਾ ਦੀ ਵਾਹ-ਵਾਹ ਲੁੱਟ ਲਈ –
'ਜਬ ਨਜ਼ਰ ਸੇ ਨਜ਼ਰ ਮਿਲੀ ਹੋਗੀ
ਦਿਲ ਨੇ ਕੁਛ ਬਾਤ ਤੋ ਕਹੀ ਹੋਗੀ'
ਨਈਮ ਖ਼ਾਨ ਨੇ ਅਪਣੇ ਲਿਖੇ ਇਸ ਪਹਿਲੇ ਉਰਦੂ ਸ਼ੇਅਰ ਨਾਲ ਤਾੜੀਆਂ ਲੈ ਲਈਆਂ
–
'ਮੈਂ ਤਨਹਾ ਥਾ, ਮੈਂ ਤਨਹਾ ਹੂੰ, ਮੈ ਤਨਹਾ ਰਹੂੰਗਾ
ਦਿਲ ਸ਼ਿਕਨ ਸਹੀ ਮਗਰ ਨਾ ਬੇ-ਆਸਰਾ ਰਹੂੰਗਾ'
ਰਾਈਟਰਜ਼
ਫੋਰਮ ਦੀ ਟੀਮ ਨੂੰ ਇਸ ਗੱਲ ਦਾ ਮਾਨ ਹੈ ਕਿ ਇਸ ਸਾਹਿਤਕ ਸੋਹਬਤ ਦਾ ਅਸਰ ਕਿਸ
ਤਰਾਂ ਨਵੇਂ ਲਿਖਾਰੀ ਪੈਦਾ ਕਰ ਰਿਹਾ ਹੈ।
ਡਾ. ਮਜ਼ਹਰ ਸੱਦੀਕੀ ਨੇ ਅਮਤੁਲ ਖ਼ਾਨ ਨੂੰ ਵਧਾਈ ਦਿਂਦੇ ਹੋਏ ਅਪਣੀ ਤਾਜ਼ਾ ਲਿਖੀ
ਖ਼ੂਬਸੂਰਤ ਉਰਦੂ ਗ਼ਜ਼ਲ ਨਾਲ ਵਾਹ-ਵਾਹ ਲੁੱਟ ਲਈ –
'ਮੇਰੇ ਬੇਜਾਨ ਲਫ਼ਜ਼ੋਂ ਕੋ ਦੁਬਾਰਾ ਜ਼ਿੰਦਗ਼ਾਨੀ ਦੇ
ਮੇਰੇ ਅਸ਼ਆਰ ਕੋ ਸ਼ੀਰੀਂ ਸੁਖ਼ਨ ਹੁਸਨੇ ਮੁਹਾਨੀ ਦੇ'
ਰਣਜੀਤ ਸਿੰਘ ਮਿਨਹਾਸ ਹੋਰਾਂ ਸਭਾ ਵਿੱਚ ਪਹਿਲੀ ਵਾਰੀ ਸ਼ਿਰਕਤ ਕਰਦਿਆਂ
੧੯੮੪ ਦੇ ਦੰਗਿਆਂ ਤੇ ਲਿਖੀ ਅਪਣੀ ਕਵਿਤਾ ਗਾਕੇ ਸਭਾ ਨੂੰ ਅਪਣਾ ਲੋਹਾ ਮਨਵਾ
ਦਿੱਤਾ –
'ਕਨੂੰਨ ਦਿਆਂ ਰਖਵਾਲਿਆਂ ਦੇ ਕੰਨ ਬੰਦ ਨੇ
ਤਾਂਹੀਓਂ ਅਪਰਾਧੀਆਂ ਦੇ ਹੌਂਸਲੇ ਬੁਲੰਦ ਨੇ
ਦਿੱਲੀ ਵਿੱਚ ਗੈਂਗਰੇਪ ਕਿਹੜਾ ਨਵੀਂ ਗੱਲ ਹੈ
ਹੁਣ ਕਿਹੜੀ ਗੱਲੋਂ ਮੱਚ ਗਿਆ ਤਰਥੱਲ ਹੈ
ਚੁਰਾਸੀ ਦੇ ਬਲਾਤਕਾਰੀ ਦੱਸੋ ਕਿੱਤੇ ਬੰਦ ਨੇ?
ਕਨੂੰਨ ਦਿਆਂ ਰਖਵਾਲਿਆਂ ਦੇ ਕੰਨ ਬੰਦ ਨੇ।'
ਜਸਵੀਰ ਸਿੰਘ ਸਿਹੋਤਾ ਹੋਰਾਂ ਅਪਣੀ ਇਕ ਕਵਿਤਾ ਸਾਂਝੀ ਕਰਕੇ ਖ਼ੁਸ਼ ਕੀਤਾ।
ਕਰਾਰ ਬੁਖ਼ਾਰੀ ਨੇ ਅਪਣੀ ਖ਼ੂਬਸੂਰਤ ਉਰਦੂ ਰੁਬਾਈ ਅਤੇ ਗ਼ਜ਼ਲ ਨਾਲ ਇਕ ਵਾਰੀ ਫਿਰ
ਰੌਣਕ ਲਾ ਦਿੱਤੀ –
'ਗੁਲ ਕੇ ਬਦਲੇ ਮੇਂ ਖ਼ਾਰ ਦੇਤੇ ਹੈਂ
ਕਯਾ ਹਮੇਂ ਦੋਸਤ ਯਾਰ ਦੇਤੇ ਹੈਂ
ਜੋ ਭੀ ਗ਼ੈਰੋਂ ਸੇ ਬਚ ਨਿਕਲਤਾ ਹੈ
ਉਸਕੋ ਅਪਨੇ ਹੀ ਮਾਰ ਦੇਤੇ ਹੈਂ'
ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀ ਇਹ ਗ਼ਜ਼ਲ ਸੁਣਾ ਕੇ ਤਾੜੀਆਂ ਲਈਆਂ –
'ਯਾਦ ਤੇਰੀ ਦਾ ਹਰਦਮ ਹਾਰ ਬਣਾਈਦਾ
ਧਾਗੇ ਦੀ ਥਾਂ ਗ਼ਮ 'ਤੇ ਹੌਕਾ ਪਾਈਦਾ।
ਸੁਪਨੇ ਵਿੱਚ ਵੀ ਮਿਲਨਾ ਸੁਪਨਾ ਹੋਇਆ ਹੈ
ਦਸਾਂ ਤੈਨੂੰ ਕਿਸ ਵਿਧ ਹਾਲ ਜੁਦਾਈ ਦਾ।
ਪੁਛਣ ਲੋਕੀਂ ਮੈਥੌਂ ਹਾਲ ਉਦਾਸੀ ਦਾ
ਆਲੇ ਟਾਲੇ ਕਰਕੇ ਪਰਦਾ ਪਾਈਦਾ।'
ਰਫ਼ੀ ਅਹਿਮਦ ਹੋਰਾਂ ਅਮਤੁਲ ਮਤੀਨ ਨੂੰ ਮੁਬਾਰਕਬਾਦ ਦਿਂਦੇ ਹੋਏ ਕਿਹਾ ਕਿ
ਉਹ ਉਹਨਾਂ ਤੋਂ ਨੇੜ ਭਵਿਖ ਵਿੱਚ ਹੋਰ ਵੀ ਕਿਤਾਬਾਂ ਦੀ ਉਮੀਦ ਰਖਦੇ ਹਨ।
ਹਰਕੰਵਲਜੀਤ ਸਿੰਘ ਸਾਹਿਲ ਨੇ ਅਪਣੀਆਂ ਤਿਨ ਕਵਿਤਾਵਾਂ ਸਾਂਝੀਆਂ ਕੀਤੀਆਂ।
ਕਵਿਤਾ 'ਹੁਣ'–
'ਦਿਨ ਦੇ ਚਾਨਣ ਵੀ, ਤਾਰਿਆਂ ਦੀ ਲੋਅ
ਲੱਖ ਹਜਾਰਾਂ ਸਾਲ ਪੁਰਾਣੀ –
ਸੂਰਜ ਦਾ ਚਾਨਣ ਵੀ, ਕਈ ਮਿੰਟ ਪੁਰਾਣਾ-
ਆਪਣਾ ਹੀ ਦੀਵਾ ਬਾਲ, ਇਹ ਚਾਨਣ ਤੇਰੇ 'ਹੁਣ' ਦਾ ਹੈ'
ਬੀਬੀ ਸੁਰਿੰਦਰ ਗੀਤ ਹੋਰਾਂ ਅਪਣੇ ਇਸ ਬਹੁਤ ਹੀ ਪਿਆਰੇ ਗੀਤ ਨਾਲ ਸਮਾਂ
ਬਨ੍ਹ ਦਿੱਤਾ –
'ਮੁਸ਼ਕਿਲ ਬੜਾ ਹੈ ਜੀਣਾ ਆਪੇ ਤੋਂ ਦੂਰ ਜਾਕੇ
ਅਪਣੇ ਹੀ ਪੇਟ ਖਾਤਿਰ ਆਪਣਾ ਹੀ ਮਾਸ ਖਾਕੇ।
ਲਗਦੀ ਬੜੀ ਹੈ ਰੌਣਕ ਤੇਰੇ ਮਹਾਂ ਨਗਰ ਵਿੱਚ
ਆ ਵੇਖ ਤੂੰ ਵਿਰਾਨਾ ਸਾਡੇ ਘਰਾਂ 'ਚ ਆਕੇ'
ਰਵੀ ਜਨਾਗਲ ਨੇ ਮਸ਼ਹੂਰ ਫਿਲਮੀ ਗਾਯਕ ਮੱਨਾਡੇ ਦੇ ਨਿਧਨ ਤੇ ਅਫ਼ਸੋਸ
ਕਰਦਿਆਂ ਉਹਨਾਂ ਦਾ ਇਕ ਹਿੰਦੀ ਗੀਤ ਤਰੰਨਮ ਵਿਚ ਗਾਕੇ ਤਾੜੀਆਂ ਲੈ ਲਈਆਂ।
ਜਗਜੀਤ ਸਿੰਘ ਰਾਹਸੀ ਨੇ ਹਮੇਸ਼ਾ ਦੀ ਤਰਾਂ ਉਰਦੂ ਦੇ ਕੁਝ ਸ਼ੇ'ਰ ਸੁਣਾਏ ਅਤੇ
ਸਭਾ ਦੀ ਸੰਗੀਤ ਭਰੀ ਸਮਾਪਤੀ ਲਈ ਮੋਹੱਮਦ ਰਫ਼ੀ ਦਾ ਇਕ ਹਿੰਦੀ ਫਿਲਮੀ ਗਾਣਾ
ਗਾਕੇ ਵਾਹ-ਵਾਹ ਲੁੱਟ ਲਈ'
ਰਮਨਜੀਤ ਸਿੱਧੂ, ਜੋ ਰੇਡੀਓ ਰੈਡ ਐਫ. ਐਮ. ਦੇ ਰਿਪੋਰਟਰ ਹਨ, ਵੀ ਇਸ
ਸਮਾਗਮ ਦੀ ਰਿਪੋਰਟਿੰਗ ਲਈ ਹਾਜ਼ਰ ਸਨ।
ਇਹਨਾਂ ਤੋਂ ਇਲਾਵਾ ਮੋਹਨ ਸਿੰਘ ਮਿਨਹਾਸ ਅਤੇ ਅਵਤਾਰ ਸਿੰਘ ਪਾਲੀ ਹੋਰਾਂ
ਵੀ ਸਭਾ ਦੀ ਰੌਣਕ ਵਧਾਈ।
ਰਾਈਟਰਜ਼ ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ
ਗਿਆ ਸੀ।
ਸ਼ਮਸ਼ੇਰ ਸਿੰਘ ਸੰਧੂ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕੀਤਾ।ਜੱਸ
ਚਾਹਲ ਨੇ ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ
ਪਹਿਲੇ ਸ਼ਨਿੱਚਰਵਾਰ ੭ ਦਸੰਬਰ ੨੦੧੩ ਨੂੰ ੨-੦੦ ਤੋਂ ੫-੩੦ ਵਜੇ ਤਕ ਕੋਸੋ ਦੇ
ਹਾਲ ੧੦੨-੩੨੦੮, ੮ ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੰਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ)
ਨਾਲ ੪੦੩-੨੮੫-੫੬੦੯, ਸਲਾਹੁਦੀਨ ਸਬਾ ਸ਼ੇਖ਼ (ਮੀਤ ਪ੍ਰਧਾਨ) ਨਾਲ
੪੦੩-੫੪੭-੦੩੩੫ ਜਾਂ ਜੱਸ ਚਾਹਲ (ਜਨਰਲ ਸਕੱਤਰ) ਨਾਲ ੪੦੩-੬੬੭-੦੧੨੮ ਤੇ
ਸੰਪਰਕ ਕਰ ਸਕਦੇ ਹੋ।