ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ(ਪਲੀ) ਵੱਲੋਂ
ਦਸਵਾਂ ਮਾਂ-ਬੋਲੀ ਦਿਨ 23 ਫਰਵਰੀ ਨੂੰ ਨੌਰਥ ਡੈਲਟਾ ਰੈਕ ਸੈਂਟਰ ਨੌਰਥ
ਡੈਲਟਾ ਵਿਖੇ ਮਨਾਇਆ ਗਿਆ। ਇਸ ਵਾਰ ਇਹ ਦਿਨ ਗਦਰ ਲਹਿਰ ਦੀ ਸ਼ਤਾਬਦੀ ਨੂੰ
ਸਮਰਪਿੱਤ ਕੀਤਾ ਗਿਆ। ਇਸ ਸਮਾਰੋਹ ਵਿਚ ਗ੍ਰੇਟਰ ਵੈਨਕੂਵਰ ਦੇ ਇਲਾਕੇ
ਵਿੱਚੋਂ ਦੋ ਸੌ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸਥਾਨਕ ਸਕੂਲਾਂ ਵਿਚ
ਪੰਜਾਬੀ ਪੜ੍ਹਦੇ ਵਿਦਿਆਰਥੀਆਂ ਦੀ ਵੀ ਚੋਖੀ ਗਿਣਤੀ ਸੀ।
ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਪੰਜਾਬੀ
ਸਬੰਧੀ ਮਹੱਤਵਪੂਰਨ ਅੰਕੜਿਆਂ ਦਾ ਵਿਸਥਾਰ ਵਿਚ ਜਿ਼ਕਰ ਕੀਤਾ। ਹੋਰ
ਮੁੱਦਿਆਂ ਦੇ ਨਾਲ ਨਾਲ ਉਨ੍ਹਾਂ ਦੱਸਿਆ ਕਿ ਹਰ ਸਾਲ ਵੱਡੀ ਗਿਣਤੀ ਵਿਚ
ਪੰਜਾਬੀ ਹਵਾਈ ਜਹਾਜ਼ਾਂ ਵਿਚ ਸਫਰ ਕਰਦੇ ਹਨ ਪਰ ਕੋਈ ਵੀ ਹਵਾਈ ਕੰਪਨੀ
ਪੰਜਾਬੀ ਸਵਾਰੀਆਂ ਦੀ ਸਹੂਲਤ ਲਈ ਕੋਈ ਵਿਸ਼ੇਸ਼ ਤਰੱਦਦ ਨਹੀਂ ਕਰਦੀਆਂ।
ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਹਾਜ਼ਾਂ ਵਿੱਚ ਪੰਜਾਬੀ ਅਖਬਾਰ,
ਰਸਾਲੇ ਅਤੇ ਪੰਜਾਬੀ ਜ਼ੁਬਾਨ ਵਿਚ ਸੂਚਨਾਵਾਂ ਆਦਿ ਦੇਣ ਬਾਰੇ ਏਅਰ ਲਾਈਨਾਂ
ਨੂੰ ਪ੍ਰੇਰਨਾ ਚਾਹੀਦਾ ਹੈ।
ਪ੍ਰਸਿੱਧ ਇਤਿਹਾਸਕਾਰ ਸੋਹਣ ਸਿੰਘ ਪੂਨੀ ਨੇ ਆਪਣੇ ਭਾਸ਼ਣ ਵਿਚ ਕਨੇਡਾ ਵਿਚ
ਪੰਜਾਬੀ ਬੋਲੀ ਨੂੰ ਗਦਰ ਲਹਿਰ ਦੀ ਦੇਣ ਬਾਰੇ ਗੱਲ ਕੀਤੀ। ਪੂਨੀ ਨੇ ਦੱਸਿਆ
ਕਿ ਕਨੇਡਾ ਵਿਚ 1908 ਵਿਚ ਗੁਰਦੁਆਰੇ ਵਿਚ ਪੰਜਾਬੀ ਪੜ੍ਹਾਉਣ ਦੀ ਸ਼ੁਰੂਆਤ
ਭਾਈ ਬਲਵੰਤ ਸਿੰਘ ਅਤੇ ਹਾਕਮ ਸਿੰਘ ਬੱਠਲ ਨੇ ਕੀਤੀ। ਹਿੰਦੁਸਤਾਨ ਤੋਂ
ਬਾਹਰ ਪਹਿਲਾ ਪੰਜਾਬੀ ਅਖਬਾਰ ਸੁਦੇਸ਼ ਸੇਵਕ 1910 ਵਿਚ ਵੈਨਕੂਵਰ ਵਿਚ
ਸ਼ੁਰੂ ਹੋਇਆ ਅਤੇ ਭਾਈ ਮੁਨਸ਼ਾ ਸਿੰਘ ਦੁਖੀ ਦੀ ਕਿਤਾਬ ‘ਦੁਸ਼ਮਣ ਦੀ
ਖੋਜ-ਭਾਲ’ 1914 ਵਿਚ ਕਨੇਡਾ ਵਿਚ ਛਪਣ ਵਾਲੀ ਪਹਿਲੀ ਪੰਜਾਬੀ ਦੀ ਕਿਤਾਬ
ਸੀ। ਉਨ੍ਹਾਂ ਕਿਹਾ ਕਿ ਗਦਰ ਲਹਿਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ
ਖਾਹਿਸ਼ ਅਤੇ ਖਾਸ ਕਰਕੇ ਗਦਰ ਦੀ ਕਵਿਤਾ ਪੜ੍ਹਨ ਲਈ ਬਹੁਤ ਸਾਰੇ ਪੰਜਾਬੀਆਂ
ਨੇ ਗੁਰਮੁਖੀ ਲਿਪੀ ਸਿੱਖੀ।
ਸਾਧੂ ਬਿਨਿੰਗ ਨੇ ਆਪਣੀ ਤਕਰੀਰ ਵਿਚ ਫਿਕਰ ਜ਼ਾਹਿਰ ਕੀਤਾ ਕਿ ਪੰਜਾਬੀ
ਭਾਸ਼ਾ ਦੀ ਪੜ੍ਹਾਈ ਲਈ ਬੀ ਸੀ ਵਿਚ ਜਿਹੜੀਆਂ ਸੰਭਾਵਨਾਵਾਂ 1994 ਵਿਚ
ਪੈਦਾ ਹੋਈਆਂ ਸਨ ਅਸੀਂ ਉਨ੍ਹਾਂ ਤੋਂ ਪੂਰੀ ਤਰ੍ਹਾਂ ਫਾਇਦਾ ਨਹੀਂ ਲੈ ਰਹੇ।
ਉਨ੍ਹਾਂ ਨੇ ਸਕੂਲਾਂ ਵਾਸਤੇ ਸਲੇਬਸ ਤਿਆਰ ਕਰਨ ਲਈ ਸੈਕੂਲਰ ਲੀਹਾਂ ‘ਤੇ
ਚੱਲਣ ‘ਤੇ ਜ਼ੋਰ ਪਾਇਆ। ਕਨੇਡਾ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਸਬੰਧੀ
ਅਜੇ ਬਹੁਤ ਸਾਰੇ ਮਸਲੇ ਉਠਾਉਣ ਵਾਲੇ ਹਨ। ਏਥੇ ਲਿਖੇ ਜਾ ਰਹੇ ਪੰਜਾਬੀ
ਸਾਹਿਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਤੌਰ ’ਤੇ ਇਸ ਨੂੰ
ਕਨੇਡੀਅਨ ਸਾਹਿਤ ਦਾ ਹਿੱਸਾ ਨਹੀਂ ਸਮਝਿਆ ਜਾਂਦਾ। ਇਸ ਦਾ ਸਿਰਫ ਲੇਖਕਾਂ
ਨੂੰ ਹੀ ਨਹੀਂ ਆਮ ਪੰਜਾਬੀਆਂ ਨੂੰ ਵੀ ਹੋਣਾ ਚਾਹੀਦਾ ਹੈ।
ਜਸ ਲੇਹਲ ਨੇ ਸਲਾਈਡਾਂ ਨਾਲ ਪੇਸ਼ਕਾਰੀ ਵਿਚ ਬੀ ਸੀ ਦੇ ਸਕੂਲਾਂ ਵਿਚ
ਪੰਜਾਬੀ ਦੀ ਪੜ੍ਹਾਈ ਦੀ ਸਥਿਤੀ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਆਪਣੀ ਖੋਜ
ਦਾ ਅਧਾਰ ਪਬਲਿਕ ਸਕੂਲ, ਪ੍ਰਾਈਵੇਟ ਸਕੂਲ ਅਤੇ ਗੁਰਦਾਆਰਿਆਂ ਨੂੰ ਬਣਾਇਆ।
ਉਨ੍ਹਾਂ ਨੇ ਪੜ੍ਹਾਈ ਲਈ ਲੋਂੜੀਦੀ ਖੋਜ, ਢੁੱਕਵਾਂ ਸਲੇਬਸ ਅਤੇ ਪੰਜਾਬੀ
ਅਧਿਆਪਕ ਤਿਆਰ ਕਰਨ ਦੀ ਲੋੜ ‘ਤੇ ਜੋ਼ਰ ਦਿੱਤਾ।
ਕਨੇਡੀਅਨ ਮਰਦਮਸ਼ੁਮਾਰੀ ਵਿਭਾਗ ਵਿਚ ਕੰਮ ਕਰਦੇ ਅਸ਼ੋਕ ਮਾਥੁਰ ਅਤੇ ਪੀਟਰ
ਲੀਆਂਗ ਨੇ ਆਪਣੀ ਸਲਾਈਡ ਪੇਸ਼ਕਾਰੀ ਵਿਚ ਕਨੇਡਾ ਵਿਚ ਪੰਜਾਬੀ ਬੋਲੀ ਦੀ
ਸਥਿਤੀ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਅੰਕੜਿਆ ਰਾਹੀਂ ਦਿਖਾਇਆ ਕਿ
ਪੰਜਾਬੀ ਕਨੇਡਾ ਵਿਚ ਤੀਜੀ ਵੱਡੀ ਬੋਲੀ ਹੈ; ਇਹ ਬੀ ਸੀ ਵਿਚ 193,000,
ਓਂਟੇਰੀਓ ਵਿਚ 174,000 ਅਤੇ ਅਲਬਰਟਾ ਵਿਚ 50,000 ਲੋਕਾਂ ਵੱਲੋਂ ਬੋਲੀ
ਜਾਂਦੀ ਹੈ। ਪੰਜਾਬੀ ਬੋਲਣ ਵਾਲੇ ਲੋਕ ਕਨੇਡਾ ਦੇ ਮਹਾਂਨਗਰਾਂ ਵਿਚ ਜਿ਼ਆਦਾ
ਰਹਿੰਦੇ ਹਨ। ਪੰਜਾਬੀ ਲੇਖਕ ਗਿਆਨ ਸਿੰਘ ਕੋਟਲੀ ਨੇ ਆਪਣੀ ਕਵਿਤਾ ‘ਇਹ ਤਾਂ
ਟੌਹਰ ਹੈ ਸਾਰੇ ਪੰਜਾਬੀਆਂ ਦੀ’ ਦਾ ਪਾਠ ਕੀਤਾ।
ਇਸ ਸਮਾਗਮ ਵਿਚ ਲੋਅਰ ਮੇਨਲੈਂਡ ਦੇ ਵੱਖ ਵੱਖ ਸਕੂਲਾਂ ਵਿਚ ਪੰਜਾਬੀ
ਪੜ੍ਹਦੇ 40 ਦੇ ਕਰੀਬ ਵਿਦਿਆਰਥੀਆਂ ਨੇ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ।
ਹਰਦੀਪ ਵਿਰਕ ਨੇ ਗੁਰਦਾਸ ਮਾਨ ਦੇ ਦੋ ਗੀਤ ਪੇਸ਼ ਕੀਤੇ। ਬੀਵਰ ਕਰੀਕ
ਐਲੀਮੈਂਟਰੀ ਸਕੂਲ ਦੇ ਪੰਜਵੀਂ ਕਲਾਸ ਦੇ ਬੱਚਿਆਂ ਨੇ ‘ਮਾਂ ਬੋਲੀ ਪੰਜਾਬੀ’
ਪੇਸ਼ ਕੀਤੀ। ਛੇਵੀਂ ਕਲਾਸ ਦੇ ਬੱਚਿਆਂ ਨੇ ‘ਚੰਗਾ ਬੱਚਾ’ ਅਤੇ ‘ਫੁੱਲਾਂ
ਦਾ ਗੁਲਦਸਤਾ’ ਕਵਿਤਾਵਾਂ ਸੁਣਾਈਆਂ। ਸੱਤਵੀ ਕਲਾਸ ਦੇ ਬੱਚਿਆਂ ਨੇ ‘ਅਸੀਂ
ਪੰਜਾਬੀ ਕਿਓਂ ਪੜ੍ਹਦੇ ਹਾਂ’ ਕਵਿਤਾ ਦਾ ਪਾਠ ਕੀਤਾ। ਨੌਰਥ ਡੈਲਟਾ
ਸੈਕੰਡਰੀ ਸਕੂਲ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਹਰਲੀਨ ਧਾਮੀ ਨੇ ‘ਪਹਿਲੇ
ਸ਼ਬਦ’ ਕਵਿਤਾ ਪੜ੍ਹੀ ਅਤੇ ਗੁਰਲੀਨ ਧਾਮੀ ਨੇ ਔਰਤਾਂ ਨਾਲ ਹੁੰਦੇ ਧੱਕੇ
ਬਾਰੇ ਆਪਣਾ ਲੇਖ ਪੜਿਆ। ਪ੍ਰਿੰਸਿਸ ਮਾਰਗਰੇਟ ਸਕੂਲ ਦੇ ਬੱਚਿਆਂ ਨੇ ‘ਅੱਜ
ਦੀ ਆਵਾਜ਼, ਪਗੜੀ, ਮਾਂ, ਅਤੇ ਪੰਜਾਬੀ ਬੋਲੀ’ ਕਵਿਤਾਵਾਂ ਸੁਣਾਈਆਂ।
ਇਮਰੋਜਪਾਲ ਮੌੜ ਨੇ ਗ਼ਜ਼ਲ ਅਤੇ ਰਿੱਕ ਮੌੜ ਨੇ ‘ਬੀਬਾ ਰਾਣਾ’ ਕਵਿਤਾ
ਸੁਣਾਈ।
ਇਸ ਸਮਾਰੋਹ ਦੌਰਾਨ ਬੀ ਸੀ ਵਿਚ ਪੰਜਾਬੀ ਦੀ ਪੜਾਈ ਸਕੂ਼ਲਾਂ ਵਿਚ ਚਾਲੂ
ਕਰਵਾਉਣ ਲਈ ਪਾਏ ਯੋਗਦਾਨ ਬਦਲੇ ਕੁਝ ਸਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ
ਗਿਆ। ਇਹ ਸ਼ਖਸ਼ੀਅਤਾਂ ਹਨ: ਇੰਦਰ ਮੇਟ੍ਹ, ਅੰਮ੍ਰਿਤ ਮਾਨ, ਰਜਿੰਦਰ ਪੰਧੇਰ
ਅਤੇ ਪਾਲ ਬਿਨਿੰਗ। ਇੰਦਰ ਮੇਟ੍ਹ ਨੇ ਪ੍ਰਸ਼ਨ ਉਠਾਇਆ ਕਿ ਕਨੇਡਾ ਵਿਚ
ਅੰਗ੍ਰੇਜ਼ੀ ਅਤੇ ਫਰਾਂਸੀਸੀ ਭਾਸ਼ਾ ਮੁਖ ਭਾਸ਼ਵਾਂ ਕਿਓਂ ਬਣੀਆਂ ਅਤੇ
ਪੰਜਾਬੀ ਤੇ ਮੈਂਡਰਿਨ ਵਰਗੀਆਂ ਭਾਸ਼ਾਵਾਂ ਦੂਜੀਆਂ ਭਾਸ਼ਾਵਾਂ ਕਿਓਂ
ਬਣੀਆਂ? ਉਨ੍ਹਾਂ ਨੇ ਇਤਿਹਾਸ ਨੂੰ ਘੋਖਣ ਦੀ ਲੋੜ ‘ਤੇ ਜ਼ੋਰ ਦਿੱਤਾ।
ਰਜਿੰਦਰ ਪੰਧੇਰ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਇਸ ਗੱਲ ਦੀ ਮਿਸਾਲ ਹਨ ਕਿ
ਪੰਜਾਬੀ ਸਿੱਖ ਕੇ ਬੇਹਤਰ ਨੌਕਰੀ ਮਿਲ ਸਕਦੀ ਹੈ। ਪਾਲ ਬਿਨਿੰਗ ਨੇ ਕਿਹਾ
ਕਿ ਮੇਰੇ ਅੰਦਰ ਮਾਂ-ਬੋਲੀ ਦੀ ਸੇਵਾ ਕਰਨ ਦਾ ਜਜ਼ਬਾ ਹੈ ਅਤੇ ਮੈਂ ਕਰੀ
ਜਾਨਾ। ਅੰਮ੍ਰਿਤ ਮਾਨ ਨੇ ਆਪਣੀ ਨਵੀਂ ਛਪੀ ਕਿਤਾਬ ‘ਕੁਸੰਭੜਾ ਅੱਜ ਖਿੜਿਆ’
ਪਲੀ ਨੂੰ ਭੇਂਟ ਕੀਤੀ। ਪੰਜਾਬੀ ਲੇਖਕ ਅਜਮੇਰ ਰੋਡੇ ਨੇ ਕਿਤਾਬ ਬਾਰੇ ਕੁਝ
ਸ਼ਬਦ ਕਹੇ।
ਅੰਤ ਵਿਚ ਬਲਵੰਤ ਸਿੰਘ ਸੰਘੇੜਾ ਨੇ ਆਏ ਮਹਿਮਾਨਾਂ ਦੇ ਨਾਲ ਨਾਲ ਪੰਜਾਬੀ
ਮੀਡੀਏ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਮਾਇਕ ਸਹਾਇਤਾ ਲਈ ਸੁੱਖੀ
ਬਾਧ ਮੋਟਰਜ਼, ਪਰਮਜੀਤ ਸਿੰਘ ਸੰਧੂ, ਹਾਕਮ ਸਿੰਘ ਭੁੱਲਰ, ਰਾਏ ਬੈਂਸ ਅਤੇ
ਦੀਪਕ ਬਿਨਿੰਗ ਫਾਊਂਡੇਸ਼ਨ ਦਾ ਧੰਨਵਾਦ ਕੀਤਾ। ਇਸ ਸਮਾਗਮ ਨੂੰ ਸਿਰੇ
ਚੜ੍ਹਾਉਣ ਲਈ ਪਲੀ ਦੇ ਮੈਂਬਰ: ਸਾਧੂ ਬਿਨਿੰਗ, ਪਾਲ ਬਿਨਿੰਗ, ਪਰਵਿੰਦਰ
ਧਾਰੀਵਾਲ, ਰਜਿੰਦਰ ਪੰਧੇਰ, ਰਮਿੰਦਰਜੀਤ ਧਾਮੀ, ਰਣਬੀਰ ਜੌਹਲ, ਹਰਮੋਹਨਜੀਤ
ਪੰਧੇਰ, ਸੁਖਵੰਤ ਹੁੰਦਲ, ਜਸ ਲੇਹਲ, ਦਯਾ ਜੌਹਲ ਅਤੇ ਹੋਰ ਬਹੁਤ ਸਾਰੇ
ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ।
ਸਮਾਗਮ ਦਾ ਸੰਚਾਲਨ ਪ੍ਰਭਜੋਤ ਕੌਰ ਸਿੰਘ, ਜੋ ਕਨੇਡਾ ਵਿਚ ਜੰਮੀ ਪਲ਼ੀ
ਵਿਦਿਆਰਥਣ ਹੈ, ਨੇ ਬਹੁਤ ਹੀ ਵਧੀਆ ਨਿਭਾਇਆ ਅਤੇ ਆਪਣੀ ਬੋਲੀ ਅਤੇ ਲਿਆਕਤ
ਨਾਲ ਸਭ ਨੂੰ ਪ੍ਰਭਾਵਤ ਕੀਤਾ। ਉਸ ਦੇ ਇਸ ਕੰਮ ਵਿਚ ਪਲੀ ਦੀ ਸਕੱਤਰ
ਪਰਵਿੰਦਰ ਧਾਰੀਵਾਲ ਨੇ ਮਹੱਤਵਪੂਰਨ ਰੋਲ ਨਿਭਅਇਆ।