ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 4 ਮਈ 2013 ਦਿਨ
ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ।
ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਦੇ ਹੋਏ ਸ਼ਮਸ਼ੇਰ
ਸਿੰਘ ਸੰਧੂ ਅਤੇ ਸਲਾਹੁਦੀਨ ਸਬਾ ਸ਼ੇਖ਼ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ
ਹੋਣ ਦੀ ਬੇਨਤੀ ਕੀਤੀ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ
ਕਿ ਸਭਾ ਵਲੋਂ ਪਰਵਾਨ ਕੀਤੀ ਗਈ। ਰੁਮੇਸ਼
ਆਨੰਦ ਹੋਰਾਂ ਸ਼ਮਸ਼ੇਰ ਸਿੰਘ ਸੰਧੂ ਨੂੰ ਫੁਲਾਂ ਦਾ ਗੁਲਦਸਤਾ ਦਿੰਦੇ ਹੋਏ
ਉਹਨਾਂ ਦੀ ਚੰਗੀ ਸੇਹਤ ਦੀ ਦੁਆ ਕੀਤੀ। ਜੱਸ ਚਾਹਲ ਨੇ ਸਭਾ ਦੇ ਪਹਿਲੇ
ਬੁਲਾਰੇ ਵਜੋਂ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਨੂੰ ਸੱਦਾ ਦਿੱਤਾ।
ਸ਼ਮਸ਼ੇਰ ਸਿੰਘ ਸੰਧੂ ਨੇ ਪਹਿਲੋਂ ਅਪਣੀ ਪੰਜਾਬ ਦੀ ਫੇਰੀ ਦੀਆਂ ਕੁਝ
ਖੱਟਿਆਂ-ਮਿੱਠਿਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਫਿਰ ਅਪਣੀ ਇਸ ਗ਼ਜ਼ਲ ਨਾਲ
ਅੱਜ ਦੇ ਸਾਹਿਤਕ ਦੌਰ ਦੀ ਸ਼ੁਰੂਆਤ ਕੀਤੀ–
'ਲੱਖ-ਲੱਖ ਸਲਾਮ ਕਰਦੇ ਤੇਰੇ ਅਸੀਂ ਸਰਾਂ ਨੂੰ
ਕੈਸੀ ਤੂੰ ਤਾਣ ਬਖਸ਼ੀ ਯਾਰਾ ਮੇਰੇ ਪਰਾਂ ਨੂੰ।
ਜੋੜੇ ਸੀ ਲੋਕ ਸਾਰੇ ਤੇ ਵਿਤਕਰੇ ਮਿਟਾਏ
ਚਿੜੀਆਂ ਨੇ ਬਾਜ਼ ਮਾਰੇ ਖੰਡੇ ਬਣਾ ਪਰਾਂ ਨੂੰ।
ਹਰਨੇਕ ਸਿੰਘ ਬੱਧਨੀ ਨੇ ਸਮਾਜਿਕ ਚੇਤਨਾ ਬਾਰੇ ਲਿਖੀ ਅਪਣੀ ਇਹ ਰਚਨਾ
ਸਾਂਝੀ ਕੀਤੀ –
'ਬਣਨਾ ਤਾਂ ਚਾਹੀਦਾ ਸੀ ਮਜ਼ਹਬ ਨੂੰ ਸੇਵਾਦਾਰ ਲੋਕਾਂ ਦਾ,
ਪਰ ਮਜ਼ਹਬ ਕਾਰਨ ਡੁਲਿਆ ਖ਼ੂਨ ਹਰ ਗਲੀ ਬਾਜ਼ਾਰ ਲੋਕਾਂ ਦਾ'
ਅਜਾਇਬ ਸਿੰਘ ਸੇਖੋਂ ਨੇ ਅਪਣੀ ਇਕ ਕਹਾਣੀ ਸਾਂਝੀ ਕਰਕੇ ਸਭਾ ਦੀ ਵਾਹ-ਵਾਹ
ਲੈ ਲਈ।
ਬਲਜਿੰਦਰ ਸੰਘਾ ਨੇ ਪੰਜਾਬੀ ਲਿਖਾਰੀ ਸਭਾ ਦੇ ਜਨਰਲ ਸਕੱਤਰ ਵਜੋਂ ਸਭਾ ਵਲੋਂ
25 ਮਈ ਨੂੰ 1-30 ਤੇ ਵਾਈਟਹਾਰਨ ਕਮਿਊਨਿਟੀ ਹਾਲ ਵਿੱਚ ਕੀਤੇ ਜਾ ਰਹੇ
ਸਾਲਾਨਾ ਸਮਾਗਮ ਲਈ ਰਾਈਟਰਜ਼ ਫੋਰਮ ਨੂੰ ਸੱਦਾ ਦਿੱਤਾ ਅਤੇ ਅਪਣੀ ਖ਼ੂਬਸੂਰਤ
ਕਵਿਤਾ "ਜ਼ਿੰਦਗੀ" ਸੁਣਾਈ।
ਸੁਰਜੀਤ ਸਿੰਘ ਸੀਤਲ, ਪੰਨੂੰ ਹੋਰਾਂ ਅਪਣੀਆਂ ਕੁਝ ਰੁਬਾਈਆਂ ਅਤੇ ਇਕ ਗ਼ਜ਼ਲ
ਸੁਣਾਈ–
'ਜੇ ਕੋਈ ਤੋੜ ਕੇ ਕਿੱਕਰ ਨਾਲੋਂ ਖਾਣੀਆਂ ਚਾਹੇ ਦਾਖਾਂ
ਅਕਲ ਓਸਦੀ ਨੂੰ ਮੈਂ 'ਪੰਨੂੰਆਂ' ਫੇਰ ਭਲਾ ਕੀ ਆਖਾਂ।
ਸਾਰੇ ਜਾਨਣ ਕਿ ਇੱਕ ਰੱਬ ਹੀ ਸਭ ਨੂੰ ਦੇਵਣ ਵਾਲਾ,
ਫਿਰ ਵੀ ਬਾਬੇ, ਢੀਠਾਂ ਵਾਂਗਰ ਵੰਡਦੇ ਜਾਵਣ ਦਾਤਾਂ।'
ਪਿਛਲੇ ਮਹੀਨੇ ਦੀ ਰਿਪੋਰਟ ਵਿੱਚ ਗਲਤੀ ਨਾਲ ਉਹਨਾਂ ਦੀ ਰਚਨਾ ਨੂੰ
'ਮੰਜ਼ੂਰ' ਦੀ ਰਚਨਾ ਲਿਖ ਦਿੱਤਾ ਗਿਆ ਸੀ, ਜਿਸ ਦਾ ਸਾਨੂੰ ਅਫ਼ਸੋਸ ਹੈ।
ਬੀਬੀ ਇੰਦਰਜੀਤ ਕੌਰ ਮਾਨ ਨੇ, ਜੋ ਕਿ ਪੰਜਾਬ ਵਿੱਚ ਪ੍ਰਿੰਸੀਪਲ ਸਨ,
ਪਹਿਲੀ ਵਾਰੀ ਸਭਾ ਵਿੱਚ ਸ਼ਿਰਕਤ ਕਰਦਿਆਂ ਅਪਣੀ ਕਵਿਤਾ 'ਸਭ ਕੁਝ ਵਿਕਿਆ ਹੈ'
ਸਾਂਝੀ ਕੀਤੀ –
'ਇੱਕ ਆਦਮੀ ਨਹੀਂ ਵਿਕਿਆ
ਸਾਰਾ ਜਹਾਨ ਵਿਕਿਆ ਹੈ
ਆਮ ਜਨਤਾ ਨੂੰ ਇਨਸਾਫ਼ ਕਿਥੋਂ ਮਿਲਣਾ
ਦੇਸ਼ ਦੀ ਸਰਕਾਰ ਦਾ ਇੱਕ-ਇੱਕ ਇਨਸਾਨ ਵਿਕਿਆ ਹੈ'
ਤਾਰਿਕ ਮਲਿਕ ਨੇ ਅਪਣੇ ਖ਼ਾਸ ਅੰਦਾਜ਼ ਵਿੱਚ ਉਰਦੂ ਸ਼ਾਇਰਾਂ ਦੇ ਕੁਝ ਸ਼ਿਅਰ
ਸੁਣਾਕੇ ਵਾਹ-ਵਾਹ ਲਈ।
ਜਸਵੀਰ ਸਿੰਘ ਸਿਹੋਤਾ ਨੇ ਇਸ ਦੁਨੀਆਂ ਨੂੰ ਬੇਹਤਰ ਬਨਾਣ ਦੀ ਗੱਲ ਕਰਦਿਆਂ
ਇਹ ਅਪੀਲ ਕੀਤੀ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਲਈ
ਕੁਝ ਚੰਗਾ ਛੱਡ ਕੇ ਜਾਈਏ, ਜਿਵੇਂ ਕਿ ਸਾਫ਼-ਸੁਥਰਾ ਵਾਤਾਵਰਣ। ਇਸ ਲਈ ਸਾਨੂੰ
ਬਿਜਲੀ ਅਤੇ ਪਾਣੀ ਦੀ ਬਚਤ ਕਰਨੀ ਚਾਹੀਦੀ ਹੈ ਅਤੇ ਹਵਾ, ਪਾਣੀ 'ਤੇ ਧਰਤੀ
ਨੂੰ ਪ੍ਰਦੂਸ਼ਤ ਨਹੀਂ ਕਰਨਾ ਚਾਹੀਦਾ।
ਅਵਤਾਰ ਸਿੰਘ 'ਪਾਲੀ' ਨੇ ਬੱਚਿਆਂ ਦੀ ਛੋਟੀ ਉਮਰ ਵਿੱਚ ਹੀ ਰੁਜ਼ਗਾਰ ਕਰਨ
ਦੀ ਮਜ਼ਬੂਰੀ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਭਨੂੰ 'ਚਿਲਡਰਨ ਫਾਊਂਡੇਸ਼ਨ'
ਵਲੋਂ ਅੱਜ ਸ਼ਾਮ ਨੂੰ ਕਰਵਾਏ ਜਾ ਰਹੇ ਚੈਰਿਟੀ ਸ਼ੋ ਵਿੱਚ ਪਹੁੰਚਣ ਦਾ ਸੱਦਾ
ਦਿੱਤਾ।
ਜੱਸ ਚਾਹਲ ਨੇ ਅਪਣੀ ਹਿੰਦੀ ਗ਼ਜ਼ਲ ਨਾਲ ਬੁਲਾਰਿਆਂ ਵਿੱਚ ਹਾਜ਼ਰੀ ਲਵਾਈ –
'ਗ਼ਮ ਸਹ ਚੁਕੇ ਜੋ ਸਹਨੇ ਥੇ ਹਮਨੇ ਜ਼ਮਾਨੇ ਕੇ
ਲੋ ਆ ਗਏ ਦਿਨ ਅਪਨੇ ਭੀ ਹੰਸਨੇ ਹਸਾਨੇ ਕੇ'
ਇ. ਗੁਰਦਿਆਲ ਸਿੰਘ ਖੈਹਰਾ ਨੇ ਹਾਸ ਰਸ ਦੀ ਇਕ ਕਵਿਤਾ ਨਾਲ ਸਭਾ ਦਾ ਦਿਲ
ਪਰਚਾਇਆ।
ਡਾ. ਮੁੰਹੱਮਦ ਮੋਇਨੁੱਦੀਨ ਨੇ ਕੁਝ ਅੱਲਾਮਾ ਇਕਬਾਲ ਦੇ ਤੇ ਕੁਝ ਅਪਣੇ ਉਰਦੂ
ਦੇ ਸ਼ੇਅਰ ਸੁਣਾ ਕੇ ਖ਼ੁਸ਼ ਕਰ ਦਿੱਤਾ।
ਪਰਮਿੰਦਰ ਗਰੇਵਾਲ ਹੋਰਾਂ ਕੁਝ ਉਰਦੂ ਸ਼ੇਅਰ ਸਾਂਝੇ ਕੀਤੇ। ਉਪਰੰਤ ਚੰਗੀ
ਸੇਹਤ ਰੱਖਣ ਲਈ ਸੋਚ-ਸਮਝ ਕੇ ਸਹੀ ਚੀਜਾਂ ਹੀ ਖਾਣ ਦੀ ਸਲਾਹ ਦਿੱਤੀ।
ਜਸਵੰਤ ਸਿੰਘ ਸੇਖੋਂ ਨੇ ਅਪਣੀ ਇਹ ਰਚਨਾ ਗਾਕੇ ਪਖੰਡੀ ਰਾਗੀਆਂ ਤੋਂ ਸਚੇਤ
ਕੀਤਾ –
'ਹਜੂਰੀਂ ਗੁਰ ਦੀ ਕੀਰਤਨ ਕਰਗੇ, ਦੋ ਤਿੰਨ ਬੈਗ ਮਾਇਆ ਨਾਲ ਭਰਗੇ
ਸਾਂਭੀ ਮਾਇਆ ਕਰੀ ਤਿਆਰੀ, ਉਡਾਰੀ ਫਤਿਹ ਬੁਲਾ ਕੇ ਮਾਰੀ
ਪਹਿਲਾਂ ਹੀ ਅਰਦਾਸਾਂ ਤੋਂ,
ਸੰਗਤ ਆਣ ਭੋਗ ਤੇ ਜੁੜਗੀ, ਮਾਇਆ ਵਧਗੀ ਆਸਾਂ ਤੋਂ'
ਸਰੂਪ ਸਿੰਘ ਮੰਡੇਰ ਨੇ ਇਹ ਜਾਨਕਾਰੀ ਸਾਂਝੀ ਕਰਦਿਆਂ ਕਿ ਉਹ ਜੋੜਾਂ ਦੇ
ਦਰਦ ਦਾ ਵੀ ਇਲਾਜ ਕਰਦੇ ਹਨ, ਅਪਣੀ ਰਚਨਾ 'ਸਿਹਤ ਸਿੱਖਿਆ' ਗਾਕੇ ਸੁਣਾਈ –
'ਭੁੱਖ ਪਿਆਸ ਨੀਂਦ ਤਾਈਂ ਮਾਰਨਾ ਨਹੀਂ ਚਾਹੀਦਾ
ਰੋਈ ਵੇਲ ਚਾਹ ਨਾਲ ਸਾਰਨਾ ਨਹੀਂ ਚਾਹੀਦਾ
ਰੱਖੋ ਨਾ ਵਰਤ, ਨਾ ਹੀ ਖਾa ਰੱਜ ਜੀ
ਇਥੋਂ ਹੀ ਬਿਮਾਰੀਆਂ ਦਾ ਮੁੱਢ ਜਾਂਦਾ ਬੱਝ ਜੀ'
ਹਰਕੰਵਲਜੀਤ ਸਾਹਿਲ ਨੇ ਅਪਣੀ ਕਵਿਤਾ ਦੀ ਨਵੀਂ ਛਪੀ ਕਿਤਾਬ 'ਜੋ ਕੁਛ
ਕਹਿਣਾ' ਰਾਈਟਰਜ਼ ਫੋਰਮ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਨੂੰ ਭੇਂਟ ਕੀਤੀ ਅਤੇ
ਆਪਣੀ ਇਕ ਕਵਿਤਾ ਸੁਣਾਈ।
ਆਪਣੇ ਹੀ ਅੰਦਰੋਂ
ਉਧਲ ਗਈ ਰੇਸ਼ਮਾਂ ਦੇ
ਮਗਰ ਮਗਰ ਭੱਜਦਾ ਰਿਹਾ
ਉਮਰ ਭਰ ਅਚੇਤ।
ਜਾਵੇਦ ਨਿਜ਼ਾਮੀ ਨੇ ਅਪਣੀਆਂ ਛੋਟੀਆਂ-ਛੋਟੀਆਂ ਉਰਦੂ ਨਜ਼ਮਾਂ ਨਾਲ ਵਾਹ-ਵਾਹ
ਲੁੱਟ ਲਈ –
1-'ਸਤਾਨੇ ਮੇਂ ਜਿਨਕੋ ਲਮਹਾ ਲਗਾ ਥਾ
ਮਨਾਨੇ ਮੇਂ ਉਨਕੋ ਜ਼ਮਾਨੇ ਲਗੇ ਹੈਂ।'
2-'ਕੋਈ ਬਾਤ ਨਹੀਂ ਕਰਤੇ ਹੈਂ ਕਯਾ ਬਾਤ ਹੈ
ਕਯਾ ਕੋਈ ਕਸੂਰ ਹਮਸੇ ਸਰਕਾਰ ਹੁਆ ਹੈ।'
ਐਡਮਿੰਟਨ ਤੋਂ ਆਏ ਡਾ. ਮਜ਼ਹਰ ਸੱਦੀਕੀ ਨੇ, ਅਪਣੀ ਖ਼ੂਬਸੂਰਤ ਉਰਦੂ ਸ਼ਾਇਰੀ
ਨਾਲ ਤਾਲੀਆਂ ਲੁੱਟ ਲਈਆਂ–
'ਜਬ ਤਕ ਲੋਗ ਖ਼ੁਦ ਸ਼ਨਾਸ ਨ ਥੇ
ਜੀ ਰਹੇ ਥੇ ਮਗਰ ਉਦਾਸ ਨ ਥੇ।
ਲੋਗ ਲੋਗੋਂ ਕੀ ਬਾਤ ਸੁਨਤੇ ਥੇ
ਜਬ ਮਕਾਂ ਇਤਨੇ ਪਾਸ-ਪਾਸ ਨ ਥੇ।'
ਜਤਿੰਦਰ ਸਿੰਘ ਸਵੈਚ ਨੇ ਅਪਣੀ ਇਕ ਕਵਿਤਾ ਨਾਲ ਬੁਲਾਰਿਆਂ ਵਿੱਚ ਹਾਜ਼ਰੀ
ਲਵਾਈ।
ਜਸਵੰਤ ਸਿੰਘ ਹਿੱਸੋਵਾਲ ਨੇ ਇੰਡਿਆ ਦੇ ਸਿਸਟਮ ਦੀ ਗੱਲ ਕਰਦੇ ਹੋਏ ਕੁਝ
ਲਾਭਵੰਦ ਨੁਸਖੇ ਸਾਂਝੇ ਕੀਤੇ ਕਿ ਓਥੇ ਕੰਮ ਕਿਵੇਂ ਕਰਵਾਏ ਜਾ ਸਕਦੇ ਹਨ।
ਸਲਾਹੁਦੀਨ ਸਬਾ ਸ਼ੇਖ਼ ਹੋਰਾਂ ਅਪਣੀਆਂ ਖ਼ੂਬਸੂਰਤ ਨਜ਼ਮਾਂ ਸੁਣਾਈਆਂ –
੧-'ਤਯ ਤੋ ਯੇ ਥਾ, ਅਬ ਪਯਾਰ ਨਾ ਕਰੇਂਗੇ
ਦੇਖਾ ਇਕ ਮਾਹਜ਼ਬੀਂ ਕੋ ਦਿਲ ਸਰਂਡਰ ਹੋ ਗਯਾ'
੨-'ਹਮੇਂ ਕਯਾ ਖ਼ਬਰ ਮਝਧਾਰੋਂ ਕੀ, ਨੌਖ਼ੇਜ਼ ਜਵਾਨੀ ਹੈ ਅਭੀ
ਰਫ਼ਤਾ-ਰਫ਼ਤਾ ਖੂਗਰ ਹੋਗੀ ਕਸ਼ਤੀ ਦਰਿਯਾ ਮੇਂ ਉਤਰੀ ਹੈ ਅਭੀ'
ਡਾ. ਮਨਮੋਹਨ ਸਿੰਘ ਬਾਠ ਦੇ ਤਰੱਨਮ ਵਿੱਚ ਗਾਏ ਇਸ ਹਿੰਦੀ ਫਿਲਮੀ ਗੀਤ
ਨਾਲ ਤਾਲੀਆਂ ਦੇ ਵਿੱਚਕਾਰ ਅੱਜ ਦੀ ਇਕੱਤਰਤਾ ਦੀ ਸਮਾਪਤੀ ਕੀਤੀ ਗਈ –
'ਸਦਕੇ ਉਤਰ ਰਹੇ ਹੈਂ, ਤੁਮ ਪਰ ਯੇ, ਆਸਮਾਂ ਸੇ
ਬੂੰਦੇਂ ਨਹੀਂ, ਸਿਤਾਰੇ, ਟਪਕੇ ਹੈਂ, ਕਹਕਸ਼ਾਂ ਸੇ'
ਇਹਨਾਂ ਤੋਂ ਇਲਾਵਾ ਹਰਬਖ਼ਸ਼ ਸਿੰਘ ਸਰੋਆ, ਮੋਹਨ ਸਿੰਘ ਮਿਨਹਾਸ, ਪ੍ਰਭਦੇਵ
ਸਿੰਘ ਗਿੱਲ, ਬੀਬੀ ਜੋਗਿੰਦਰ ਗਰੇਵਾਲ, ਜਗੀਰ ਸਿੰਘ ਘੁੱਮਣ, ਜਰਨੈਲ ਸਿੰਘ
ਤੱਗੜ, ਅਤੇ ਪੈਰੀ ਮਾਹਲ ਹੋਰਾਂ ਵੀ ਸਭਾ ਦੀ ਰੌਣਕ ਵਧਾਈ।
ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ
ਸੀ।
ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭਦਾ ਧੱਨਵਾਦ ਕਰਦੇ ਹੋਏ ਅਗਲੀ ਇਕਤਰਤਾ
ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ
ਪਹਿਲੇ ਸ਼ਨਿੱਚਰਵਾਰ 1 ਜੂਨ 2013 ਨੂੰ 2-੦੦ ਤੋਂ 5-੦੦ ਵਜੇ ਤਕ ਕੋਸੋ ਦੇ
ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੰਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ)
ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਮੀਤ ਪ੍ਰਧਾਨ) ਨਾਲ 403-
547-0335 ਜਾਂ ਜੱਸ ਚਾਹਲ (ਜਨਰਲ ਸਕੱਤਰ) ਨਾਲ 403-667-0128 ਜਾਂ ਜਤਿੰਦਰ
ਸਿੰਘ ਸਵੈਚ ਪ੍ਰਬੰਧ ਸਕੱਤਰ ਨਾਲ 403-903-5601 ਤੇ ਸੰਪਰਕ ਕਰ ਸਕਦੇ ਹੋ।