ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ੩ ਅਗਸਤ ੨੦੧੩ ਦਿਨ
ਸ਼ਨਿੱਚਰਵਾਰ ੨-੦੦ ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ।
ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਦੇ ਹੋਏ ਸ਼ਮਸ਼ੇਰ
ਸਿੰਘ ਸੰਧੂ ਅਤੇ ਸੁਰਜੀਤ ਸਿੰਘ ਸੀਤਲ 'ਪੰਨੂੰ' ਹੋਰਾਂ ਨੂੰ ਪ੍ਰਧਾਨਗੀ ਮੰਡਲ
ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ
ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਜੱਸ ਚਾਹਲ ਨੇ ਇ. ਆਰ. ਐਸ.
ਸੈਣੀ ਹੋਰਾਂ ਨੂੰ ਸੱਦਾ ਦਿੱਤਾ ਜਿਹਨਾਂ ਨੇ ਕੀ-ਬੋਰਡ ਤੇ ਮੁਹਮੱਦ ਰਫ਼ੀ ਦਾ
ਇਕ ਗੀਤ ਗਾਕੇ ਅੱਜ ਦੀ ਸਭਾ ਦੀ ਸ਼ੁਰੂਆਤ ਸੰਗੀਤਮਈ ਬਣਾ ਦਿੱਤੀ।
ਰਫ਼ੀ ਅਹਮਦ ਹੋਰਾਂ ਆਪਣਾ ਉਰਦੂ ਲੇਖ 'ਸ਼ਾਮ' ਪੜ੍ਹਕੇ ਤਾਲੀਆਂ ਲੈ ਲਈਆਂ।
ਜਸਵੰਤ ਸਿੰਘ ਸੇਖੋਂ ਨੇ ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਪੂਰਦੀ ਅਪਣੀ ਇਸ
ਰਚਨਾ ਨਾਲ ਸਭਨੂੰ ਆਉਣ ਵਾਲੀ ਈਦ ਦੀ ਵਧਾਈ ਦਿੱਤੀ –
'ਸੋਹਣੀ ਔਲਾਦ ਮਿੱਠੜੇ ਮੇਵੇ, ਅੱਲਾ ਤਾਲਾ ਸਭ ਨੂੰ ਦੇਵੇ,
ਘਾਟ ਨਾ ਰਹਿੰਦੀ ਜੋ ਵੀ ਸੇਵੇ, ਚਿੱਟੀਆਂ ਝੱਗੀਆਂ ਪਾਈਆਂ ਨੇ।
ਸ਼ੁਭ-ਕਾਮਨਾ ਕਰੀਆਂ ਹਿੰਦੂ, ਸਿੱਖ, ਈਸਾਈਆਂ ਨੇ
ਈਦ ਮੁਬਾਰਕ, ਈਦ ਮੁਬਾਰਕ, ਸਭ ਨੂੰ ਅੱਜ ਵਧਾਈਆਂ ਨੇ'
ਸਵਰਨ ਸਿੰਘ ਸੰਧੂ ਹੋਰੀਂ ਚਾਰ ਸਾਲ ਬਾਅਦ ਫਿਰ ਸਾਡੇ ਵਿਚਕਾਰ ਹਨ।ਹੁਣ ਉਹ
ਪੱਕੇ ਤੌਰ ਤੇ ਕੈਨੇਡਾ ਆਪਣੇ ਬੇਟੇ ਕੋਲ ਆ ਗਏ ਹਨ।ਉਹਨਾਂ ਸਾਵਣ ਦੇ ਸੁਹਾਣੇ
ਮੌਸਮ ਬਾਰੇ ਪੰਜਾਬੀ ਗੀਤ ਗਾਕੇ ਸਭਾ ਦੀਆਂ ਤਾਲੀਆਂ ਲੁੱਟ ਲਈਆਂ।
ਸੁਰਜੀਤ ਸਿੰਘ ਸੀਤਲ 'ਪੰਨੂੰ' ਹੋਰਾਂ ਅਪਣੀਆਂ ਕੁਝ ਰੁਬਾਈਆਂ ਅਤੇ ਇਕ
ਗ਼ਜ਼ਲ ਸੁਣਾਕੇ ਖ਼ੁਸ਼ ਕਰ ਦਿੱਤਾ–
'ਗ਼ਰਜ਼ ਹੋਵੇ ਤਾਂ ਪਿਆਰ ਨਹੀਂ ਹੁੰਦਾ
ਬੇਈਮਾਨੀ ਨਾਲ ਵਪਾਰ ਨਹੀਂ ਹੁੰਦਾ।
ਅਨਹੋਏ ਦਾ ਤਿਆਗ ਨਹੀਂ 'ਪੰਨੂੰ'
ਆਤਮ-ਵਿਸ਼ਵਾਸ ਹੰਕਾਰ ਨਹੀਂ ਹੁੰਦਾ।'
ਪੈਰੀ ਮਾਹਲ ਨੇ ਸ਼ਹੀਦ ਉਧਮ ਸਿੰਘ ਬਾਰੇ ਸਭਾ ਨਾਲ ਰੋਚਕ ਸ਼ਬਦਾਂ ਵਿਚ
ਜਾਣਕਾਰੀ ਸਾਂਝੀ ਕੀਤੀ।
ਡਾ. ਮਨਮੋਹਨ ਸਿੰਘ ਬਾਠ ਨੇ ਇਹ ਹਿੰਦੀ ਫਿਲਮੀ ਗੀਤ ਤਰੱਨਮ ਵਿੱਚ ਗਾਕੇ
ਹਮੇਸ਼ਾ ਦੀ ਤਰਾਂ ਸਮਾਂ ਬਨ੍ਹ ਦਿੱਤਾ –
'ਐ ਫੂਲੋਂ ਕੀ ਰਾਣੀ ਬਹਾਰੋਂ ਕੀ ਮਲਿਕਾ
ਤੇਰਾ ਮੁਸਕੁਰਾਨਾ ਗ਼ਜ਼ਬ ਹੋ ਗਯਾ'
ਪਾਲੀ ਸਿੰਘ ਨੇ ਆਪਣੀ ਇਸ ਰਚਨਾ ਰਾਹੀਂ ਅਜੋਕੇ ਸਮਾਜ ਨੂੰ ਕੁਝ ਸਮਝਾਉਣ
ਦੀ ਕੋਸ਼ਿਸ਼ ਕੀਤੀ –
'ਆਸਥਾ ਰੱਖ ਸਭ ਸਕੂਨ 'ਚ ਗੁਜ਼ਰੇ
ਦੇਸੀ ਤੋਂ ਵਿਦੇਸ਼ੀ ਛਾਪ ਲਗਾਈ ਹੈ
ਦੇਸੀਆਂ ਦੇ ਦਿਲ ਵੀ ਵਿਦੇਸ਼ੀ ਜਾਪਣ
ਬੋਲਾਂ 'ਚੋਂ ਗ਼ੈਰਾਂ ਜਿਹੀ ਆਵਾਜ਼ ਆਈ ਹੈ'
ਮੋਹਤਰਮਾ ਪਰਵੀਨ ਅਹਮਦ ਨੇ ਉਰਦੂ ਦੀ ਇਸ ਨਜ਼ਮ ਨਾਲ ਬੁਲਾਰਿਆਂ ਵਿੱਚ ਹਾਜ਼ਰੀ
ਲਵਾਈ –
'ਰਹਮ ਤੂੰ ਕਰਦੇ ਮੌਲਾ, ਮੇਰੀ ਹਾਲਤ ਜ਼ਾਰ ਪਰ
ਸ਼ਫ਼ਾ ਤੂੰ ਮੁਝਕੋ ਦੇ ਦੇ...'
ਹਰਕੰਵਲਜੀਤ
ਸਾਹਿਲ ਨੇ ਅਪਣੀਆਂ ਕੁਝ ਕਵਿਤਾਵਾਂ ਸਾਂਝੀਆਂ ਕਰਕੇ ਵਾਹ-ਵਾਹ ਲੁੱੱਟ ਲਈ।
ਕਵਿਤਾ 'ਪ੍ਰਹਿਲਾਦ' ਵਿੱਚੋਂ –
'ਤੱਤੇ ਥੰਮ ਨੂੰ, ਜੱਫੀ ਪਾਉਣ'ਤੇ ਮਜਬੂਰ ਕੀਤਾ ਗਿਆ
ਤਾਂ, ਉਸਤੇ ਕੋਈ, ਕੀੜੀ ਨਹੀਂ ਸੀ ਦਿਖੀ
ਇਹ ਤਾਂ ਸੱਚ ਦੀ ਭੜਕ ਉੱਠੀ, ਮਹਾਂ ਤਪਸ਼ ਸੀ
ਜਿਨ੍ਹੇ ਥੱਮ ਦੀ, ਗੁਝੀ ਅਗਨ ਨੂੰ ਵੀ ਸਾੜਨ ਤੋਂ, ਬਾਗ਼ੀ ਕਰ ਦਿੱਤਾ…'
ਅਜਾਇਬ ਸਿੰਘ ਸੇਖੋਂ ਨੇ ੧੯੮੪ ਦੇ ਦੁਖਾਂਤ ਦਾ ਬਿਆਨ ਕਵਿਤਾ ਰਾਹੀਂ ਇਸ
ਤਰਾਂ ਕੀਤਾ –
'ਕਿੱਦਾਂ ਸੁਣਾਵਾਂ ਦੁੱਖੜੇ ਚੁਰਾਸੀ ਵਰ੍ਹੇ ਦੇ
ਸ਼ਬਦ ਨਹੀਂ ਲੱਭਦੇ ਬਿਆਨ ਕਰਨ ਲਈ
ਕਿਸੇ ਹੋਰ ਨਹੀਂ ਆਪਣਿਆਂ ਨੇ ਹੀ ਜੁਲਮ ਢਾਏ
ਆਪਣਿਆਂ ਨੂੰ ਹੀ ਖ਼ੁਸ਼ ਕਰਨ ਦੇ ਲਈ।'
ਡਾ. ਮਜ਼ਹਰ ਸੱਦੀਕੀ ਨੇ ਉਰਦੂ ਦਿਆਂ ਦੋ ਗ਼ਜ਼ਲਾਂ ਨਾਲ ਸਭਾ ਦੀ ਵਾਹ-ਵਾਹ
ਲੁੱਟ ਲਈ –
'ਦਿਲ ਨੇ ਕਬ ਸੋਚਨੇ ਕੀ ਮੋਹਲਤ ਦੀ
ਉਸਨੇ ਜੋ ਕੁਛ ਕਹਾ ਕੀਯਾ ਹਮਨੇ।
ਹਿਜਰ ਮੇਂ ਯੂੰ ਤੋ ਮਰਨਾ ਆਸਾਂ ਥਾ
ਫਿਰ ਭੀ ਜੀ ਕਰ ਦਿਖਾ ਦਿਯਾ ਹਮਨੇ।'
ਜਸਵੀਰ ਸਿੰਘ ਸਿਹੋਤਾ ਨੇ ਅਪਣੀ ਪੰਜਾਬੀ ਕਵਿਤਾ ਸਾਂਝੀ ਕਰਕੇ ਰੋਣਕ
ਵਧਾਈ।
ਹਰਨੇਕ ਸਿੰਘ ਬੱਧਨੀ ਨੇ ਅਪਣੀ ਇਹ ਗ਼ਜ਼ਲ ਸਾਂਝੀ ਕਰਕੇ ਵਾਹ-ਵਾਹ ਲੈ ਲਈ –
'ਦੁਨੀਆਂ ਦੇ ਸਾਰੇ ਕਰਜ਼ੇ, ਬੰਦਾ ਜੇ ਚਾਹੇ ਤਾਂ ਲਾਹ ਸਕਦਾ ਹੈ
ਲਹਿੰਦਾ ਨਾ ਪਰ ਕਰਜ਼ ਕਦੇ, ਦਿੱਤੀਆਂ ਮਾਵਾਂ ਦੀਆਂ ਦੁਆਵਾਂ ਦਾ'
ਬੀਬੀ ਰਜਿੰਦਰ ਕੌਰ ਚੋਹਕਾ ਹੋਰਾਂ ਇਕ ਕਵਿਤਾ ਰਾਹੀਂ ਸਮਾਜ ਉਸਾਰੀ ਦਾ
ਸੁਨੇਹਾ ਦਿੱਤਾ।
ਸੁਰਿੰਦਰ ਸਿੰਘ ਢਿਲੋਂ ਨੇ ਭੁਪਿੰਦਰ ਸਿੰਘ ਦੀ ਗਾਈ ਇਹ ਗ਼ਜ਼ਲ ਪੂਰੇ ਤਰੰਨਮ
ਨਾਲ ਗਾਕੇ ਬੈਹਜਾ-ਬੈਹਜਾ ਕਰਾਤੀ –
'ਤੁਮ ਪੂਛੋ ਔਰ ਮੈਂ ਨਾ ਬਤਾਊਂ ਏਸੇ ਤੋ ਹਾਲਾਤ ਨਹੀਂ
ਏਕ ਜ਼ਰਾ-ਸਾ ਦਿਲ ਟੂਟਾ ਹੈ ਔਰ ਤੋ ਕੋਈ ਬਾਤ ਨਹੀਂ।'
ਤਾਰਿਕ ਮਲਿਕ ਨੇ ਕੁਝ ਸ਼ੇਅਰ ਅਤੇ 'ਅਫ਼ਜਾਲ ਨਵੀਦ' ਦੀ ਇਹ ਗ਼ਜ਼ਲ ਸਾਂਝੀ
ਕੀਤੀ –
'ਵੋ ਕਿਸੀ ਸਹਰ ਕਾ ਕਿਸੀ ਸ਼ਾਮ ਕਾ ਨਹੀਂ ਰਹਤਾ
ਜੋ ਤੇਰਾ ਹੋ ਵੋ ਕਿਸੀ ਕਾਮ ਕਾ ਨਹੀਂ ਰਹਤਾ।'
ਜਗਦੀਸ਼ ਸਿੰਘ ਚੋਹਕਾ ਨੇ ਆਪਣੇ ਵਿਚਾਰ ਪੇਸ਼ ਕੀਤੇ।
ਜਗਜੀਤ ਸਿੰਘ ਰਾਹਸੀ ਨੇ ਉਰਦੂ ਦੇ ਕੁਝ ਸ਼ੇਅਰ ਅਤੇ ਰਫ਼ੀ ਦਾ ਗਾਇਆ ਗਾਣਾ
ਤਰੱਨਮ ਵਿੱਚ ਗਾਕੇ ਤਾਲਿਆਂ ਲੈ ਲਈਆਂ –
'ਆਜ ਕੀ ਰਾਤ ਬੜੀ ਸ਼ੋਖ ਬੜੀ ਨਟਖਟ ਹੈ
ਆਜ ਤੋ ਤੇਰੇ ਬਿਨਾਂ ਨੀਂਦ ਨਹੀਂ ਆਏਗੀ।'
ਪ੍ਰਭਦੇਵ ਸਿੰਘ ਗਿੱਲ ਨੇ ਕੁਝ ਪੰਜਾਬੀ ਸ਼ੇਅਰਾਂ ਨਾਲ ਬੁਲਾਰਿਆਂ ਵਿੱਚ
ਹਾਜ਼ਰੀ ਲਵਾਈ।
ਰੋਮੇਸ਼ ਆਨੰਦ ਹੋਰਾਂ ਸ਼ਮਸ਼ੇਰ ਸਿੰਘ ਸੰਧੂ ਨੂੰ ਚੰਗੀ ਸੇਹਤ ਦੀਆਂ ਦੁਆਂਵਾਂ
ਫੁਲਾਂ ਦੇ ਬੁਕੇ ਰਾਹੀਂ ਦਿੱਤੀਆਂ।
ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀਆਂ ਦੋ ਗ਼ਜ਼ਲਾਂ ਸੁਣਾ ਕੇ ਵਾਹ-ਵਾਹ ਲਈ–
੧-'ਬੀਤੇ ਦਿਨਾਂ ਨੂੰ ਗਿਣ ਗਿਣ ਰੋਂਦਾ ਰਹੇਗਾ ਜਿਹੜਾ
ਵਾਧੂ ਦਾ ਪਾਕੇ ਬੈਠਾ ਬੰਦਾ ਉਹ ਜਾਣ ਝੇੜਾ।
ਹੱਥਾਂ ਤੇ ਹੱਥ ਰਖੀ ਵੇਲਾ ਨਾ ਜੋ ਪਛਾਣੇ
ਬਦਲੇਗਾ ਫੇਰ ਆਕੇ ਉਸਦੇ ਨਸੀਬ ਕਿਹੜਾ।
੨-'ਆਵੀਂ ਤੂੰ ਯਾਰ ਮੇਰੇ ਬੋਲੇ ਨੇ ਕਾਂ ਬਨੇਰੇ
ਜੀਵਨ 'ਚ ਰੰਗ ਭਰਦੇ ਰੀਝਾਂ ਦੇ ਐ ਚਤੇਰੇ।
ਹਾਂ ਕੌਣ ਕੀ ਤੇ ਕਿਸਦਾ ਜੀਂਦਾ ਹਾਂ ਕਿਸ ਲਈ ਮੈਂ
ਸਾਰੇ ਜਵਾਬ ਤੂੰ ਹੀ ਕੁਛ ਵੀ ਨਾ ਪਾਸ ਮੇਰੇ।
ਸੁਖਵਿੰਦਰ ਸਿੰਘ ਤੂਰ ਹੋਰਾਂ ਸ਼ਿਵ ਬਟਾਲਵੀ ਦਾ ਗੀਤ ਤਰੱਨਮ ਵਿੱਚ ਗਾਕੇ
ਖੁਸ਼ ਕੀਤਾ –
'ਸਿਖ਼ਰ ਦੁਪਹਿਰ ਸਿਰ ਤੇ, ਮੇਰਾ ਢਲ ਚਲਿਆ ਪਰਛਾਂਵਾਂ'
ਜੱਸ ਚਾਹਲ ਨੇ ਅਪਣੀ ਹਿੰਦੀ ਗ਼ਜ਼ਲ ਨਾਲ ਅੱਜ ਦੇ ਸਾਹਿਤਕ ਦੌਰ ਦੀ ਸਮਾਪਤੀ
ਕੀਤੀ –
'ਤਨਹਾ' ਤੋ ਤੰਗ ਹੈ ਇਸ ਤੰਗ-ਦਿਲ ਜ਼ਮਾਨੇ ਸੇ
ਆਓ ਦਿਖਲਾਏਂ ਕਿ, ਪਯਾਰ ਸੇ ਜੀਏਂ ਕੈਸੇ'
ਇਹਨਾਂ ਤੋਂ ਇਲਾਵਾ ਅਮਰੀਕ ਸਿੰਘ ਸਰੋਆ, ਸੁਰਿੰਦਰ ਰਨਦੇਵ ਅਤੇ ਮੋਹਨ
ਸਿੰਘ ਮਿਨਹਾਸ ਹੋਰਾਂ ਵੀ ਸਭਾ ਦੀ ਰੌਣਕ ਵਧਾਈ।
ਰਾਈਟਰਜ਼
ਫੋਰਮ ਵਲੋਂ ਕੈਨੇਡਾ ਡੇ ਸਮਾਗਮਾਂ ਦੀ ਲਗਾਤਾਰਤਾ ਵਿਚ ਜਸਵੰਤ ਸਿੰਘ ਸੇਖੋਂ,
ਜਸਵੀਰ ਸਿੰਘ ਸਿਹੋਤਾ ਅਤੇ ਪ੍ਰਭਦੇਵ ਸਿੰਘ ਗਿੱਲ ਦਾ ਸਭਾ ਦੇ ਮਾਨਯੋਗ ਮੈਂਬਰ
ਵਜੋਂ ਸਾਂਝ, ਲਗਣ ਅਤੇ ਸੇਵਾਵਾਂ ਲਈ ਸਰਟੀਫੀਕੇਟ ਆਫ ਐਪਰੀਸੀਏਸ਼ਨ ਨਾਲ ਸਨਮਾਨ
ਕੀਤਾ ਗਿਆ।
ਰਾਈਟਰਜ਼ ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ
ਕੀਤਾ ਗਿਆ ਸੀ।
ਸ਼ਮਸ਼ੇਰ ਸਿੰਘ ਸੰਧੂ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕੀਤਾ।ਜੱਸ
ਚਾਹਲ ਨੇ ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ
ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ
ਪਹਿਲੇ ਸ਼ਨਿੱਚਰਵਾਰ ੭ ਸਤੰਬਰ ੨੦੧੩ ਨੂੰ ੨-੦੦ ਤੋਂ ੫-੩੦ ਵਜੇ ਤਕ ਕੋਸੋ ਦੇ
ਹਾਲ ੧੦੨-੩੨੦੮, ੮ ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੰਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ)
ਨਾਲ ੪੦੩-੨੮੫-੫੬੦੯, ਸਲਾਹੁਦੀਨ ਸਬਾ ਸ਼ੇਖ਼ (ਮੀਤ ਪ੍ਰਧਾਨ) ਨਾਲ
੪੦੩-੫੪੭-੦੩੩੫ ਜਾਂ ਜੱਸ ਚਾਹਲ (ਜਨਰਲ ਸਕੱਤਰ) ਨਾਲ ੪੦੩-੬੬੭-੦੧੨੮ ਤੇ
ਸੰਪਰਕ ਕਰ ਸਕਦੇ ਹੋ।