|
ਕਹਾਣੀ ਵਿਚਾਰ ਮੰਚ ਟੋਰਾਂਟੋ
|
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਇਕੱਤਰਤਾ 25 ਜਨਵਰੀ
2013, ਦਿਨ ਸ਼ੁੱਕਰਵਾਰ ਨੂੰ ਮਿਸੀਸਾਗਾ ਵਿਚ 22ਵੀਂ
ਮੰਜਿਲ ਤੇ ਸਥਿਤ ਬਲਰਾਜ ਚੀਮਾ ਜੀ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਦਾ
ਸਮਾਂ ਸ਼ਾਮ 4 ਵਜੇ ਦਾ ਰਖਿਆ ਗਿਆ ਸੀ। ਮੌਸਮ ਬਹੁਤ ਖਰਾਬ ਸੀ, ਬਰਫ਼ ਪੈ
ਰਹੀ ਸੀ ਤੇ ਸੜਕਾਂ ਤੇ ਡਰਾਈਵ ਕਰਨਾ ਮੁਹਾਲ ਸੀ। ਟਰੈਫਿਕ ਇੰਨਾ ਕਿ ਜਿਹੜਾ
ਸਫ਼ਰ ਪੰਦਰਾਂ ਮਿਨਟਾਂ ਵਿਚ ਤੈਅ ਹੁੰਦਾ ਸੀ, ਅਜ ਉਸਨੂੰ ਡੇਢ ਘੰਟਾ ਲਗ
ਗਿਆ। ਸਭ ਤੋਂ ਦੂਰ ਰਹਿੰਦੀ ਨਾਮਵਰ ਕਹਾਣੀਕਾਰਾ ਮਿਨੀ ਗਰੇਵਾਲ ਨੇ ਇਹੋ
ਜਿਹੇ ਮੌਸਮ ਵਿਚ ਜਦੋਂ ਸਭ ਤੋਂ ਪਹਿਲਾਂ ਚੀਮਾ ਸਾਹਿਬ ਦੇ ਬੂਹੇ ਦਸਤਕ
ਦਿਤੀ ਤਾਂ ੳਨ੍ਹਾਂ ਦੇ ਮੂੰਹੋਂ ਸੁਭਾਵਿਕ ਹੀ ਨਿਕਲਿਆ- ‘ਇਹਨੂੰ ਕਹਿੰਦੇ
ਨੇ ਕਹਾਣੀ-ਪਿਆਰ’!
ਖੈਰ, ਹੌਲੀ ਹੌਲੀ ਸਾਰੇ ਇਕੱਤਰ ਹੋਣ ਲਗੇ। ਸੁਰਜੀਤ ਕੌਰ, ਪਰਵੀਨ ਕੌਰ
ਤੁੱਲੀ, ਕੁਲਜੀਤ ਮਾਨ, ਨੀਰੂ ਅਸੀਮ, ਸੁਰਜਨ ਜੀਰਵੀ, ਤਲਤ ਜ਼ਹਿਰਾ,
ਬਲਜਿੰਦਰ ਗੁਲਾਟੀ ਤੇ ਉਨ੍ਹਾਂ ਦੇ ਪਤੀ ਮਨਮੋਹਨ ਸਿੰਘ ਗੁਲਾਟੀ, ਸੁਖਮਿੰਦਰ
ਰਾਮਪੁਰੀ ਤੇ ਪਿਆਰਾ ਸਿੰਘ ਕੁੱਦੋਵਾਲ ਨੇ ਇਸ ਮੀਟਿੰਗ ਵਿਚ ਹਿੱਸਾ ਲਿਆ।
ਬਲਬੀਰ ਸੰਘੇੜਾ ਤੇ ਮੇਜਰ ਮਾਂਗਟ ਹੋਰਾਂ ਦੀ ਗੈਰਹਾਜਰੀ ਖਟਕਦੀ ਰਹੀ।
ਇਸ ਬੈਠਕ ਦੌਰਾਨ ਚਾਹ-ਪਾਣੀ ਦੇ ਨਾਲ ਨਾਲ ਚੀਮਾ ਸਾਹਿਬ ਦੇ ਬਾਈਵੇਂ
ਮੰਜ਼ਿਲ ਤੋਂ ਦਿਸਦੇ ਜੀ. ਟੀ. ਏ.
ਦੇ ਨਜਾਰੇ ਮਾਣੇ ਗਏ। ਸਾਹਿਤ-ਸਿਰਜਣਾ, ਸਾਹਿਤਕਾਰ, ਨਵਾਂ ਰਚਿਆ ਜਾਣ ਵਾਲਾ
ਸਾਹਿਤ, ਸਾਹਿਤਕ ਜੁਗਾੜਬੰਦੀਆਂ, ਦੇਸ ਵਿਚ ਹੋਣ ਵਾਲੇ ਰੂਬਰੂ ਤੇ ਉਨ੍ਹਾਂ
ਦੀ ਅਸਲੀਅਤ ਆਦਿ ਬਾਰੇ ਭਰਪੂਰ ਚਰਚਾ ਹੋਈ। ਉਪਰੰਤ ਕਹਾਣੀਆਂ ਦਾ ਦੌਰ ਸ਼ੁਰੂ
ਹੋਇਆ। ਸੁਰਜਨ ਜੀਰਵੀ ਨੂੰ ਪ੍ਰਧਾਨ ਥਾਪਿਆ ਗਿਆ ਤੇ ਅਜ ਦੀ ਕਾਰਵਾਈ ਦੀ
ਮੁਖੀ ਤਲਤ ਜਾਹਿਰਾ ਸੀ। ਕੁਲਜੀਤ ਮਾਨ ਨੇ ਕੋਆਰਡੀਨੇਟਰ ਦੀ ਜਿੰਮੇਵਾਰੀ
ਨਿਭਾਈ। ਸਭ ਤੋਂ ਪਹਿਲੀ ਕਹਾਣੀ-‘ਹਾਲੀ ਲੋੜ ਸੀ’, ਪਰਵੀਨ ਨੇ ਪੜ੍ਹੀ।
ਦੂਜੀ ਕਹਾਣੀ ‘ਜੁਗਨੂੰ’- ਸੁਰਜੀਤ ਕੌਰ ਨੇ ਪੜ੍ਹੀ। ਸੁਖਮਿੰਦਰ ਰਾਮਪੁਰੀ
ਆਪਣੀ ਜੀਵਨੀ ਲਿਖ ਰਹੇ ਹਨ, ਉਨ੍ਹਾਂ ਨੇ ਇਸ ਦਾ ਇਕ ਚੈਪਟਰ ਪੜ੍ਹ ਕੇ
ਸੁਣਾਇਆ। ਤਲਤ ਜ਼ਹਿਰਾ ਨੇ ਇੰਟਰਟੈਕਸਟਚੁਅਲ ਟੈਕਨੀਕ ਨਾਲ ਲਿਖੀ ਆਪਣੀ
ਕਹਾਣੀ ‘ਕਾਕਰੋਚ ਕੀ ਕਥਾ’ ਪੜ੍ਹੀ ।
ਉਪਸਥਿਤ ਸੱਜਣਾਂ ਨੇ ਸਾਰੀਆਂ ਕਹਾਣੀਆਂ ਤੇ ਆਪਣੇ ਆਪਣੇ ਵਿਚਾਰ ਪ੍ਰਗਟ
ਕੀਤੇ । ਭਰਪੂਰ ਚਰਚਾ ਹੋਈ ਤੇ ਕੁਲ ਮਿਲਾ ਕੇ ਇਹ ਸਾਰੀਆਂ ਕਹਾਣੀਆਂ ਵਧੀਆ
ਸਾਬਿਤ ਹੋਈਆਂ । ਲੇਖਕਾਂ ਨੇ ਸਾਰੇ ਸੁਝਾਵਾਂ ਨੂੰ ਸਿਰ ਮੱਥੇ ਕਬੂਲ ਕੀਤਾ
ਤੇ ਇਨ੍ਹਾਂ ਅਨੁਸਾਰ ਆਪਣੀਆਂ ਕਹਾਣੀਆਂ ਵਿਚ ਰੱਦੋ ਬਦਲ ਕਰਨ ਦਾ ਵਾਇਦਾ
ਕੀਤਾ ।
ਕੁਲਜੀਤ ਮਾਨ ਦੇ ਨਾਵਲ ‘ਕਿਟੀ ਮਾਰਸ਼ਲ’ ਦੀ ਆਮਦ ਦਾ ਉਪਸਥਿਤ ਲੇਖਕਾਂ
ਦੁਆਰਾ ਤਾੜੀਆਂ ਮਾਰ ਕੇ ਭਰਵਾਂ ਸਵਾਗਤ ਕੀਤਾ ਗਿਆ । ਸੁਖਮਿੰਦਰ ਰਾਮਪੁਰੀ
ਦੀ ਨਵੀਂ ਕਾਵਿ-ਪੁਸਤਕ ‘ਤੁਹਾਨੂੰ ਕਿਵੇਂ ਲਗਦੀ ਹੈ’ ਦਾ ਵੀ ਭਰਪੂਰ ਸਵਾਗਤ
ਹੋਇਆ । ਪੀਜ਼ਾ ਦਾ ਆਨੰਦ ਮਾਣ ਕੇ ਪੰਜਾਬੀ
ਸਾਹਿਤ ਦੇ ਇਹ ਰਸੀਏ ਚੀਮਾ ਸਾਹਿਬ ਦਾ ਧੰਨਵਾਦ ਕਰਕੇ ਇਕ ਦੂਜੇ ਨਾਲ ਅਗਲੀ
ਕਹਾਣੀ ਵਿਚਾਰ ਮੰਚ ਮੀਟਿੰਗ ਵਿਚ ਮਿਲਣ ਦਾ ਵਾਇਦਾ ਕਰਕੇ ਅੱਧੀ ਰਾਤ ਨੂੰ
ਆਪਣੇ ਆਪਣੇ ਘਰਾਂ ਨੂੰ ਤੁਰ ਪਏ ।