|
ਦਲਜੀਤ ਅਮੀ ਵੱਲੋਂ ਫ਼ਿਲਮ ਵਰਕਸ਼ਾਪ
|
ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਚ ਬੀਤੇ ਦਿਨੀਂ ਇਕ ਰੋਜ਼ਾ ਫ਼ਿਲਮ
ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪ੍ਰਸਿਧ ਪੰਜਾਬੀ ਦਸਤਾਵੇਜ਼ੀ
ਫ਼ਿਲਮਕਾਰ, ਲੇਖਕ ਅਤੇ ਪ੍ਰਸਿੱਧ ਪੱਤਰਕਾਰ ਦਲਜੀਤ ਅਮੀ ਅਤੇ ਪ੍ਰਸਿੱਧ
ਚਿਤਰਕਾਰ ਮਲਕੀਤ ਸਿੰਘ ਪ੍ਰਮੁਖ ਹਸਤੀਆਂ ਵਜੋਂ ਸ਼ਾਮੂਲੀਅਤ ਕੀਤੀ।
ਦਲਜੀਤ ਅਮੀ ਨੇ ਪੰਜਾਬੀ ਪ੍ਰੇਮ ਕਥਾਵਾਂ ਦੇ ਹਵਾਲੇ ਨਾਲ ਪੰਜਾਬੀ ਬੰਦੇ
ਦੀ ਸਭਿਆਚਾਰਕ ਮਾਨਸਿਕਤਾ ਦੀਆਂ ਪਰਤਾਂ ਖੋਲ੍ਹਦਿਆਂ ਕਿਹਾ ਕਿ ਸਾਡੇ ਅਤੀਤ
ਵਿਚ ਸਾਝਾਂ ਅਤੇ ਮੁਹੱਬਤ ਹੈ ਪਰ ਸਾਡੇ ਫ਼ਿਲਮਕਾਰ ਜਦੋਂ ਇਹਨਾਂ ਕਥਾਵਾਂ ਤੇ
ਅਧਾਰਿਤ ਫ਼ਿਲਮਾਂ ਬਣਾਉਦੇ ਹਨ ਤਾਂ ਉਹਨਾਂ ਵਿਚ
ਸਿਰਫ਼ ਹਿੰਸਾ ਨੂੰ ਹੀ ਇਕ ਬਹੁਤ ਮਾਣਮੱਤੀ ਪੰਜਾਬੀ ਖ਼ਾਸੀਅਤ ਵਜੋਂ ਪੇਸ਼
ਕੀਤਾ ਜਾਂਦਾ ਹੈ। ਵੱਖ-ਵੱਖ ਫ਼ਿਲਮਾਂ ਦੇ ਕਲਿੱਪ ਦਿਖਾਉਂਦਿਆਂ ਬਾ-ਦਲੀਲ ਇਹ
ਸਾਬਤ ਕੀਤਾ ਗਿਆ ਕਿ ਫਿਲਮਾਂ ਵਿਚ ਪੇਸ਼ ਹੁੰਦਾ ਪ੍ਰੇਮੀ, ਨਾਇਕ ਨਹੀਂ ਸਗੋਂ
ਗੁੰਡਿਆਂ ਦੀ ਹੀ ਦੂਜੀ ਟੀਮ ਲਗਦਾ ਹੈ। ਇਹਨਾਂ ਵਿਚ ਔਰਤ ਨੂੰ ਜਾਗੀਰੂ
ਮਾਨਸਿਕਤਾ ਦੇ ਤਹਿਤ ਇਕ ਕਬਜ਼ੇ ਵਾਲੀ ਵਸਤ ਵਾਂਗ ਹੀ ਪੇਸ਼ ਕੀਤਾ ਜਾਂਦਾ ਹੈ।
ਉਹਨਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਫ਼ਿਲਮ ਬਨਾਉਣ
ਦੀ ਪ੍ਰਕਿਰਿਆ, ਪਿਠਵਰਤੀ ਸੰਗੀਤ, ਸਿਨੇਮੈਟੋਗ੍ਰਾਫ਼ੀ ਆਦਿ ਪੱਖਾਂ ਬਾਰੇ
ਦਿਲਚਸਪ ਗੱਲਾਂ ਦੱਸੀਆਂ। ਸੋਹਣੀ ਮਹੀਂਵਾਲ ਦੇ ਕਿੱਸੇ ਬਾਰੇ ਗੱਲ ਕਰਦਿਆਂ
ਇਸ ਦੇ ਵਿਭਿੰਨ ਪ੍ਰਤੀਕਾਂ ਨੂੰ ਪਰਤੱਖ ਕੀਤਾ। ਦਿਲਚਸਪ ਗੱਲ ਇਹ ਰਹੀ ਕਿ
ਇਕ ਪਾਸੇ ਅਮੀ ਵੱਲੋਂ ਸੋਹਣੀ ਮਹੀਵਾਲ ਬਾਰੇ ਗੱਲ ਕੀਤੀ ਜਾ ਰਹੀ ਸੀ ਅਤੇ
ਨਾਲ-ਨਾਲ ਸ. ਮਲਕੀਤ ਸਿੰਘ ਵੱਲੋਂ ਸੋਹਣੀ ਨੂੰ ਕੈਨਵਸ ਉਤੇ ਉਤਾਰਿਆ ਜਾ
ਰਿਹਾ ਸੀ। ਵਿਦਿਆਰਥੀਆਂ ਲਈ ਇਹ ਬੜਾ ਦਿਲਚਸਪ ਮੰਜ਼ਰ ਸੀ। ਇਸ ਪੇਟਿੰਗ ਦਾ
ਸਿਰਲੇਖ ਸੀ ‘ਸੋਹਣੀ ਤੇ ਬੁੱਧ’। ਬਾਅਦ ਵਿਚ
ਉਹਨਾਂ ਨੇ ਵਿਦਿਆਰਥੀਆਂ ਨਾਲ ਪੇਂਟਿੰਗ ਦੀਆਂ ਬਾਰੀਕੀਆਂ ਤੇ ਰੰਗਾਂ ਬਾਰੇ
ਚਰਚਾ ਕੀਤੀ।
ਵਰਕਸ਼ਾਪ ਦੇ ਅੰਤ ਵਿਚ ਵਿਦਿਆਰਥੀਆਂ ਨੂੰ ਚਾਰਟਾਂ ਤੇ ਕੁਝ ਵੀ ਪੇਂਟ
ਕਰਨ ਜਾਂ ਲਿਖਣ ਲਈ ਕਿਹਾ ਗਿਆ ਅਤੇ ਵਿਦਿਆਰਥੀਆਂ ਦੀਆਂ ਰਚਨਾਵਾਂ ਤੇ ਚਰਚਾ
ਕੀਤੀ ਗਈ। ਸ਼ਾਮ ਨੂੰ ਵਰਕਸ਼ਾਪ ਦੇ ਅੰਤ ਵਿਚ ਕਾਲਜ ਪਿ੍ਰੰਸੀਪਲ ਡਾ. ਲਾਭ
ਸਿੰਘ ਖੀਵਾ ਨੇ ਮੀਡੀਆ ਅਤੇ ਦਸਤਾਵੇਜ਼ੀ ਫ਼ਿਲਮ ਜਗਤ ਅਤੇ ਕਲਾ ਜਗਤ ਵਿਚੋਂ
ਆਈਆਂ ਪ੍ਰਮੁੱਖ ਹਸਤੀਆਂ ਤੇ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ
ਤਰਾਂ ਦੀਆਂ ਵਰਕਸ਼ਾਪਾਂ ਪੂਰੇ ਪੰਜਾਬ ਵਿਚ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ
ਤਾਂ ਜੋ ਨੌਜਵਾਨਾਂ ਵਿਚ ਮੀਡੀਆ ਸਾਖ਼ਰਤਾ ਆ ਸਕੇ ਤੇ ਸਭਿਆਚਾਰ ਨੂੰ ਤੇ
ਮੀਡੀਆ ਨੂੰ ਸਮੇਂ ਦੇ ਹਾਣ ਦੇ ਹੋ ਕੇ ਸਮਝਿਆ ਜਾ ਸਕੇ। ਇਸ ਮੌਕੇ ਪ੍ਰੋ.
ਪਰਦੀਪ ਸਿੰਘ, ਪ੍ਰੋ ਜਸਪਾਲ ਸਿੰਘ ਬਰਾੜ, ਪ੍ਰੋ. ਸਮਰਾਟ ਖੰਨਾ ਅਤੇ ਪ੍ਰੋ.
ਰਵਿੰਦਰ ਸਿੰਘ ਘੁੰਮਣ ਅਤੇ ਹੋਰ ਕਾਲਜਾਂ ਤੋ ਆਏ ਡੈਲੀਗੇਟ ਤੇ ਰਿਸਰਚ
ਸਕਾਲਰ ਵੀ ਹਾਜ਼ਰ ਸਨ।