|
ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਮੇਜਰ
ਮਾਂਗਟ ਦਾ ਨਾਵਲ ਸਮੁੰਦਰ ਮੰਥਨ ਰਿਲੀਜ਼ ਕਰਦੇ ਹੋਏ |
ਪਟਿਆਲਾ - ਮੇਜਰ ਮਾਂਗਟ ਪੰਜਾਬੀ ਕਹਾਣੀ ਦਾ ਨਾਮਵਰ ਹਸਤਾਖਰ ਹੈ, ਜਿਸ
ਵਲੋਂ ਹੁਣ ਤੱਕ ਪੰਜ ਕਹਾਣੀ ਸੰਗ੍ਰਹਿ ਰਚੇ ਜਾ ਚੁੱਕੇ ਹਨ ਦੋ ਕਾਵਿ ਸੰਗ੍ਰਹਿ
ਅਤੇ ਮੁਲਾਕਾਤਾਂ ਦੀ ਪੁਸਤਕ। ਉਸਦੇ ਵਾਰਤਕ ਲੇਖ ਵੀ ਅਕਸਰ ਪੰਜਾਬੀ ਦੀਆਂ
ਨਾਮਵਰ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ। ਪਰੰਤੂ ਇਸ ਵਾਰ ਉਹ ਆਪਣੇ ਨਵੇਂ
ਨਾਵਲ ਸਮੁੰਦਰ ਮੰਥਨ ਨਾਲ ਪੇਸ਼ ਹੋਇਆ ਹੈ। ਇਹ ਮੇਜਰ ਮਾਂਗਟ ਦਾ ਪਲੇਠਾ ਨਾਵਲ
ਹੈ। ਜਿਸ ਨੂੰ 2013 ਦੇ ਪਹਿਲੇ ਨਾਵਲ ਵਜੋਂ ਲੋਕ ਗੀਤ ਪ੍ਰਕਾਸ਼ਨ ਅਤੇ
ਯੂਨੀਸਟਾਰ ਬੁਕਸ ਚੰਡੀਗੜ ਵਲੋਂ ਪ੍ਰਕਾਸ਼ਤ ਕੀਤਾ ਗਿਆ ਹੈ। ਇਸ ਨਾਵਲ ਦੀ ਕੀਮਤ
400 ਰੁਪਏ ਰੱਖੀ ਗਈ ਹੈ, ਜੋ 290 ਸਫਿਆਂ ਤੇ ਫੈਲਿਆ ਹੋਇਆ ਹੈ। ਇਸ ਨਾਵਲ ਦੀ
ਕਹਾਣੀ ਇੱਕ ਅਜਿਹੇ ਨੌਜਵਾਨ ਮਨਦੀਪ ਦੀ ਕਹਾਣੀ ਹੈ ਜੋ ਆਪਣੇ ਦੇਸ਼ ਦੇ ਹਾਲਾਤ
ਦਾ ਸ਼ਿਕਾਰ ਹੋ ਕੇ ਮੁਲਕ ਤੋਂ ਭਗੌੜਾ ਹੋਣ ਵਿੱਚ ਹੀ ਆਪਣੀ ਬੰਦ ਖਲਾਸੀ ਸਮਝਦਾ
ਹੈ। ਇਹ ਅੱਜ ਦੇ ਹਰ ਪੰਜਾਬੀ ਨੌਜਵਾਨ ਦੀ ਕਹਾਣੀ ਹੈ। ਇਸ ਨਾਵਲ ਵਿੱਚ ਜਿੱਥੇ
ਕਬੀਲਾ ਯੁੱਗ ਤੋਂ ਲੈ ਕੇ ਅੱਜ ਤੱਕ ਦੇ ਪੰਜਾਬ ਵਿੱਚ, ਆਏ ਬਦਲਾਅ ਤੇ ਉਨ੍ਹਾਂ
ਦਾ ਕਾਰਨਾਂ ਤੇ ਨਜ਼ਰਸਾਨੀ ਕੀਤੀ ਗਈ ਹੈ। ਉਥੇ ਰਾਜਨੀਤਕ ਗੰਧਲਾਪਣ, ਅੱਤਵਾਦ
ਦਾ ਸੰਤਾਪ ਨਿੱਘਰ ਰਿਹਾ ਜੀਵਨ ਪੱਧਰ ਵੀ ਬਿਆਨਿਆ ਗਿਆ ਹੈ। ਇਸ ਨਾਵਲ ਵਿੱਚ
ਅੱਜ ਦੇ ਗਲੋਬਲੀ ਦੌਰ ਦੇ ਸਮੁੰਦਰ ਨੂੰ ਬਾਖੂਬੀ ਬਿਆਨਿਆ ਗਿਆ ਹੈ, ਜਿਸ
ਅਨੇਕਾਂ ਸੰਸਕ੍ਰਿਤੀਆਂ, ਭਾਸ਼ਾਵਾਂ ਰਹੁ ਰੀਤਾਂ ਅਤੇ ਵਿਰਾਸਤ ਦੀਆਂ ਨਦੀਆਂ
ਗਰਕ ਹੋ ਰਹੀਆਂ ਹਨ। ਜਿਸ ਬਾਰੇ ਬਿਆਨ ਕਰਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ
ਸਿੰਘ ਸੇਖਾ ਨਾਵਲ ਦੇ ਮੁੱਖਬੰਧ ਵਿੱਚ ਲਿਖਦਾ ਹੈ:-
“ਮਨਦੀਪ ਜਿਹੜਾ ਪਹਿਲਾਂ ਪ੍ਰਤੀਕਾਤਮਕ ਰੂਪ ਵਿੱਚ ਇੱਕ ਚੋਅ ਸੀ ਮਾਂਗਟ ਨੇ
ਉਸ ਨੂੰ ਨਦੀ ਬਣਾ ਕੇ ਸੰਸਾਰ ਸਮੁੰਦਰ ਵਲ ਤੋਰ ਦਿੱਤਾ ਹੈ”
ਮੇਜਰ ਮਾਂਗਟ ਖੁਦ ਇਸ ਬਾਰੇ ਲਿਖਦਾ ਹੈ:-
“ਵੈਸੇ ਤਾਂ ਸਾਰੀ ਦੁਨੀਆਂ ਹੀ ਸੰਸਾਰੀਕਰਨ ਦੇ ਸਮੁੰਦਰ ਵਿੱਚ ਲੀਨ ਹੋਣ
ਜਾ ਰਹੀ ਹੈ। ਖੇਤਰੀ ਭਾਸ਼ਾਵਾਂ, ਲੋਕ ਸੱਭਿਆਚਾਰ ਦੀਆਂ ਨਿੱਕੀਆਂ ਨਿੱਕੀਆਂ
ਨਦੀਆਂ ਸਭ ਇਸ ਵਿਰਾਟ ਰੂਪ ਵਿੱਚ ਸਮਾਉਣ ਲਈ ਕਾਹਲੀਆਂ ਹਨ”
ਇਹ ਨਾਵਲ ਇਤਹਾਸ ਤੇ ਵਿਰਾਸਤ ਦਾ ਖਜ਼ਾਨਾ ਹੈ। ਸਾਡੇ ਵਿਸਰ ਚੁੱਕੇ ਸ਼ਬਦ
ਅਤੇ ਕਿੱਤੇ ਇਸ ਵਿੱਚ ਸੰਭਾਲੇ ਗਏ ਹਨ । ਦਰਅਸਲ ਇਹ ਸਾਡੀ ਵਿਰਾਸਤ ਦਾ
ਸ਼ਾਬਦਿਕ ਅਜਾਇਬ ਘਰ ਹੈ। ਇਸ ਕਰਕੇ 29ਵੀਂ ਪੰਜਾਬੀ ਵਿਕਾਸ ਵਿਰਾਸਤ ਕਾਨਫਰੰਸ
ਸਮੇਂ ਵਿਦਵਾਨਾਂ ਦੀ ਭਰਪੂਰ ਹਾਜ਼ਰੀ ਵਿੱਚ ਇਸ ਦਾ ਲੋਕ ਅਰਪਣ ਕੀਤਾ ਜਾਣਾ ਹੋਰ
ਵੀ ਅਹਿਮ ਗੱਲ ਬਣ ਜਾਂਦੀ ਹੈ। ਇਸ ਮੌਕੇ ਬੋਲਦਿਆਂ ਮੇਜਰ ਮਾਂਗਟ ਨੇ
ਗਲੋਬਲੀ ਪਰਿਪੇਖ ਵਿੱਚ ਪੰਜਾਬੀ ਵਿਰਾਸਤ ਬਾਰੇ ਆਪਣੇ ਵਿਚਾਰ ਰੱਖੇ ਕਿ
ਕਿਵੇਂ ਪੰਜਾਬੀ ਵਿਰਾਸਤ ਦੀ ਟ੍ਰਾਂਸਫਰਮੇਸ਼ਨ, ਪਰਵਾਸ ਵਿੱਚ ਜੰਮੀ
ਪਲ਼ੀ ਪੀੜ੍ਹੀ ਵਿੱਚ ਹੋਏ। ਜਿਸ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ।
ਨਾਵਲ ‘ਸਮੁੰਦਰ ਮੰਥਨ’ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ
ਡਾ: ਜਸਵਾਲ ਸਿੰਘ ਵਲੋਂ ਰਿਲੀਜ਼ ਕੀਤਾ ਗਿਆ। ਉਸ ਵਕਤ ਉਨ੍ਹਾਂ ਦੇ ਨਾਲ ਡਾ:
ਬਲਵੀਰ ਕੌਰ (ਡਾਇਰੈਕਟਰ ਭਾਸ਼ਾ ੜਿਭਾਗ) ਡਾ: ਜਸਵੀਰ ਕੌਰ (ਭਾਸ਼ਾ ਵਿਕਾਸ
ਵਿਭਾਗ ਮੁੱਖੀ) ਡਾ: ਮਹਿੰਦਰ ਕੌਰ ਗਿੱਲ, ਗੁਲਜ਼ਾਰ ਸਿੰਘ ਸੰਧੂ ਤੇ ਹੋਰ
ਨਾਮਵਰ ਵਿਦਵਾਨ ਵੀ ਸ਼ਾਮਲ ਸਨ।
ਇਸ ਮੌਕੇ ਗੁਰੂ ਤੇਗ ਬਹਾਦਰ ਆਡੀਟੋਰੀਅਮ ਵਿਦਵਾਨਾਂ ਲੇਖਕਾਂ ਵਿਦਿਆਰਥੀਆਂ
ਤੇ ਪਾਠਕਾਂ ਨਾਲ ਖਚਾਖਚ ਭਰਿਆਂ ਹੋਇਆਂ ਸੀ ਜਿਨਾਂ ਵਿੱਚ ਦੁਨੀਆਂ ਭਰ ਤੋਂ
ਪਹੁੰਚੇ ਡੈਲੀਗੇਟਸ ਵੀ ਸਨ। ਕੁੱਝ ਨਾਮ ਇਸ ਪ੍ਰਕਾਰ ਸਨ ਡਾ: ਰਘਵੀਰ
ਸਿੰਘ ਸਿਰਜਣਾ, ਰਜਨੀਸ਼ ਬਹਾਦਰ ਸਿੰਘ, ਡਾ: ਬਲਦੇਵ ਸਿੰਘ ਧਾਲੀਵਾਲ, ਯੋਗਰਾਜ
ਸਿੰਘ, ਡਾ: ਸੁਰਜੀਤ ਸਿੰਘ ਬਰਾੜ, ਸੰਤੋਖ ਸਿੰਘ ਸੰਤੋਖ, ਲਾਲ ਸਿੰਘ ਸੰਘੇੜਾ,
ਡਾ: ਸੁਖਦੇਵ ਸਿੰਘ ਸਿਰਸਾ, ਬਲਵੀਰ ਕੌਰ ਸੰਘੇੜਾ, ਦਰਸ਼ਨ ਧੀਰ, ਮਨਦੀਪ ਕੌਰ,
ਐਨਾ ਚਾਵਲਾ, ਸੁਖਪਾਲ ਕੌਰ ਡਾ: ਅਮਰਜੀਤ ਕੌਰ, ਡਾ: ਪ੍ਰਮਿੰਦਰ ਕੌਰ, ਰਾਜਪਾਲ
ਸਿੰਘ ਸੰਧੂ ਤੇ ਸੈਂਕੜੇ ਹੋਰ ਵਿਦਵਾਨ ਜਿਨਾਂ ਦੇ ਨਾਮ ਲਿਖਣਾ ਸੰਭਵ ਨਹੀਂ।
ਹੁਣ ਪੰਜਾਬੀ ਪਾਠਕ ਨਾਵਲ ‘ਸਮੁੰਦਰ ਮੰਥਨ’ ਨੂੰ ਪੜ੍ਹ ਸਕਣਗੇ।