ਪੰਜਾਬੀ ਸਾਹਿਤ ਸਭਾ, ਕੈਲੀਫੋਰਨੀਆ (ਸਟਾਕਟਨ ਯੂਨਿਟ) ਦੀ ਦੇਖ ਰੇਖ ਵਿਚ
ਸੱਤ ਜੁਲਾਈ ਦੋ ਹਜ਼ਾਰ ਤੇਰਾਂ ਨੂੰ ਕਰਵਾਈ ਗਈ ਪੰਜਵੀਂ ਅਮਰੀਕੀ ਪੰਜਾਬੀ
ਕਹਾਣੀ ਕਾਨਫਰੰਸ ਨੂੰ ਚਿੰਤਕਾਂ, ਕਹਾਣੀਕਾਰਾਂ ਅਤੇ ਵੱਡੀ ਗਿਣਤੀ ਵਿਚ
ਦਰਸ਼ਕਾਂ ਨੇ ਹੁੰਗਾਰਾ ਭਰਿਆ। ਕਾਨਫਰੰਸ ਦੇ ਆਰੰਭ ਵਿਚ ਹੁਸਨਬੀਰ ਸਿੰਘ ਨੇ
ਸ਼ਾਹ ਹੁਸੈਨ, ਸ਼ਿਵ ਕੁਮਾਰ ਬਟਾਲਵੀ ਅਤੇ ਹੋਰ ਭਾਵਪੂਰਕ ਲੋਕ ਗੀਤਾਂ ਨਾਲ
ਸੁਹਣਾ ਰੰਗ ਬੰਨ੍ਹਿਆਂ। ਸਭਾ ਦੇ ਪ੍ਰਧਾਨ ਹਰਜਿੰਦਰ ਪੰਧੇਰ ਨੇ ਆਏ ਮਹਿਮਾਨਾਂ
ਦਾ ਸਵਾਗਤ ਕੀਤਾ ਅਤੇ ਅਜਮੇਰ ਸਿੱਧੂ, ਸੁਰਿੰਦਰ ਸੋਹਲ ਆਦਿ ਵੱਲੋਂ ਮਿਲੇ
ਸੰਦੇਸ਼ ਸਾਂਝੇ ਕੀਤੇ। ਪਹਿਲੇ ਸੈਸ਼ਨ ਵਿਚ ਡਾ. ਜਸਵਿੰਦਰ ਸਿੰਘ ਅਤੇ ਡਾ.
ਧਨਵੰਤ ਕੌਰ ਨੇ ਖੋਜ ਪੱਤਰ ਪੜ੍ਹੇ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਡਾ.
ਜਸਵਿੰਦਰ ਸਿੰਘ, ਡਾ. ਧਨਵੰਤ ਕੌਰ, ਪਿਆਰਾ ਸਿੰਘ ਕੁੱਦੋਵਾਲ, ਇੰਦਰ ਸਿੰਘ
ਖਾਮੋਸ਼ ਅਤੇ ਹਰਮਹਿੰਦਰ ਸਿੰਘ ਚਾਹਲ ਸ਼ਾਮਲ ਹੋਏ। ਇਸ ਸੈਸ਼ਨ ਦੌਰਾਨ ਸਭ ਤੋਂ
ਪਹਿਲਾਂ ਪ੍ਰੋ. ਹਰਭਜਨ ਸਿੰਘ, ਸੁਰਿੰਦਰ ਸੋਹਲ, ਹਰਜਿੰਦਰ ਪੰਧੇਰ ਵੱਲੋਂ
ਸੰਪਾਦਤ ਕਹਾਣੀ ਸੰਗ੍ਰਹਿ ‘ਪਰਵਾਸ ਤੋਂ ਆਵਾਸ ਵੱਲ: ਉਤਰੀ ਅਮਰੀਕੀ
ਪੰਜਾਬੀ ਕਹਾਣੀਆਂ’ ਨੂੰ ਪ੍ਰਧਾਨਗੀ ਮੰਡਲ ਤੋਂ ਇਲਾਵਾ, ਹਾਜ਼ਰ
ਕਹਾਣੀਕਾਰਾਂ ਨੇ ਰੀਲੀਜ਼ ਕੀਤਾ। ਇਸ ਪੁਸਤਕ ਵਿਚ ਉਤਰੀ ਅਮਰੀਕੀ ਖੇਤਰ ਦੇ ਬਾਈ
ਕਹਾਣੀਕਾਰਾਂ ਦ ਇਕ ਇਕ ਕਹਾਣੀ ਸ਼ਾਮਲ ਹੈ।
ਡਾ. ਜਸਵਿੰਦਰ ਸਿੰਘ ਨੇ ਆਪਣੇ ਖੋਜ ਪੱਤਰ ‘ਆਵਾਸ ਤੋਂ ਪਰਵਾਸ ਵੱਲ:
ਸਭਿਆਚਾਰਕ ਸਿਆਸਤ ਦੀ ਬਿਰਤਾਂਤਕਾਰੀ’ ਵਿਚ ਉਤਰੀ ਅਮਰੀਕੀ ਪੰਜਾਬੀ
ਕਹਾਣੀ ਵਿਚ ਸਭਿਆਚਾਰਕ ਸ਼ਨਾਖਤਾਂ, ਸਪੇਸ, ਸੰਘਰਸ਼ ਅਤੇ ਬਹੁ-ਸਭਿਆਚਾਰਕ
ਪ੍ਰਸੰਗਾਂ ਵਿਚ ਪੇਸ਼ ਹੋ ਰਹੇ ਨਵੇਂ ਸਰੋਕਾਰ ਅਤੇ ਦ੍ਰਿਸ਼ਟੀਕੋਣਾਂ ਦੀ
ਨਿਸ਼ਾਨਦੇਹੀ ਕੀਤੀ। ਇਹ ਕਹਾਣੀ ਘਰ, ਪਰਿਵਾਰ, ਸਾਕਾਦਾਰੀ ਅਤੇ ਹੋਰ ਸਭਿਆਚਾਰਕ
ਮਸਲਿਆਂ ਨੂੰ ਹੁਣ ਭਾਰਤੀ ਪਰੰਪਰਕ ਅੰਤਰ-ਮੁਖਤਾਵਾਂ ਤੋਂ ਨਹੀਂ ਪੇਸ਼ ਕਰ ਰਹੀ,
ਸਗੋਂ ਇਹ ਸੂਝਵਾਨ ਕਹਾਣੀਕਾਰ ਇਨ੍ਹਾਂ ਨਿੱਜੀ ਮਸਲਿਆਂ ਨੂੰ ਉਤਰੀ ਅਮਰੀਕੀ
ਸਭਿਆਚਾਰਕ-ਸਿਆਸੀ ਪਰਿਵੇਸ਼ ਵਿਚ ਉੱਦਾਤ ਪੰਜਾਬੀ ਕੀਮਤਾਂ ਨਵੀਆਂ
ਅੰਤਰ-ਦ੍ਰਿਸ਼ਟੀਆਂ ਅਤੇ ਉਸਾਰੂ ਦਿਸ਼ਟੀਕੋਣ ਤੋਂ ਪੇਸ਼ ਕਰ ਰਹੇ ਹਨ। ਇਨ੍ਹਾਂ
ਕਹਾਣੀਆਂ ਵਿਚ ਇਕ ਅਹਿਮ ਪਰਵਰਗ ਉਨ੍ਹਾਂ ਕਹਾਣੀਆਂ ਦਾ ਹੈ ਜੋ ਬਹੁ-ਸਭਿਆਚਾਰਕ
ਲੋਕ-ਪੱਖੀ ਅੰਤਰ-ਦ੍ਰਿਸ਼ਟੀਆਂ ਤੋਂ ਇਨ੍ਹਾਂ ਮੁਲਕਾਂ ਦੀਆਂ ਸਭਿਆਚਾਰਕ ਸਮਕਾਲੀ
ਜੀਵਨ ਸਥਿਤੀਆਂ ਅਤੇ ਇਸ ਦੇ ਪਿਛੋਕੜ ਵਿਚ ਕੰਮ ਕਰਦੀ ਸਿਆਸਤ ਨੂੰ ਬਾਖੂਬੀ
ਪੇਸ਼ ਕਰਦੀਆਂ ਹਨ।
ਡਾ. ਧਨਵੰਤ ਕੌਰ ਨੇ ਆਪਣੇ ਖੋਜ ਪੱਤਰ ‘ਪਰਵਾਸ ਤੋਂ ਆਵਾਸ ਵੱਲ:
ਪੰਜਾਬੀ ਸ਼ਨਾਖਤਾਂ ਦੀ ਨਵਨਿਰਮਾਣਕਾਰੀ ਦਾ ਪ੍ਰਵਚਨ’ ਵਿਚ ਇਸ ਪੁਸਤਕ ਦੇ
ਹਵਾਲੇ ਨਾਲ ਪੰਜਾਬੀ ਪਰਵਾਸੀਆਂ ਦੀਆਂ ਨਵੀਆਂ ਸ਼ਨਾਖਤਾਂ ਪ੍ਰਤੀ ਚੇਤਨਤਾ,
ਸੰਘਰਸ਼, ਉਲਝਣਾਂ, ਅੰਤਰ-ਵਿਰੋਧਾਂ ਅਤੇ ਨਵੀਆਂ ਸੰਭਾਵਨਾਵਾਂ ਬਾਰੇ ਖਾਸ ਚਰਚਾ
ਕੀਤੀ। ਉਸ ਨੇ ਮੂਲ ਸਭਿਆਚਾਰਕ ਘਾੜਤਾਂ ਜਿਵੇਂ ਘਰ, ਵਿਆਹ, ਪਰਿਵਾਰ,
ਸਾਕਾਦਾਰੀ, ਜੈਂਡਰ ਸਬੰਧਾਂ ਆਦਿ ਬਾਰੇ ਇਨ੍ਹਾਂ ਕਹਾਣੀਆਂ ਵਿਚੋਂ ਉਭਰਦੇ
ਨਵੇਂ ਪਾਸਾਰਾਂ ਨੂੰ ਤਾਰਕਿਕ ਢੰਗ ਨਾਲ ਉਭਾਰਿਆ। ਉਸ ਅਨੁਸਾਰ ਇਹ ਕਹਾਣੀਆਂ
ਇਕ ਪਾਸੇ ਸਾਡੀਆਂ ਨਾਂਹਪੱਖੀ, ਰੱਚੜ, ਫਜੂਲ ਰਵਾਇਤਾਂ ਨੂੰ ਵਿਅੰਗ ਹੇਠ ਲਿਆ
ਰਹੀਆਂ ਹਨ ਅਤੇ ਦੂਜੇ ਪਾਸੇ ਉਤਮ ਪੰਜਾਬੀ ਕੀਮਤਾਂ ਅਤੇ ਸ਼ਨਾਖਤਾਂ ਨੂੰ
ਇਨ੍ਹਾਂ ਮੁਲਕਾਂ ਦੇ ਬਹੁ-ਸਭਿਆਚਾਰਕ ਸੰਦਰਭਾਂ ਵਿਚ ਨਵਾਂ ਰੂਪ ਪ੍ਰਦਾਨ ਕਰ
ਰਹੀਆਂ ਹਨ।
ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਸਿੱਧ ਲੇਖਕ ਪਿਆਰਾ ਸਿੰਘ ਕੁੱਦੋਵਾਲ
(ਟਰਾਂਟੋ, ਕੈਨੇਡਾ) ਨੇ ਉਤਰੀ ਅਮਰੀਕੀ ਪੰਜਾਬੀ ਕਹਾਣੀ ਦੀਆਂ ਸ਼ਾਨਦਾਰ
ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ। ਉਸ ਨੇ ਪੰਜਾਬੀ ਸਾਹਿਤ ਸਭਾ,
ਕੈਲੀਫੋਰਨੀਆ ਵੱਲੋਂ ਲਗਾਤਾਰ ਕਹਾਣੀ-ਸੰਗ੍ਰਹਿ ਸੰਪਾਦਤ ਕਰਨ ਅਤੇ
ਸ਼ਾਨਦਾਰ ਕਾਨਫਰੰਸਾਂ ਦੀ ਲੜੀ ਜਾਰੀ ਰੱਖਣ ਦੀ ਭਰਵੀਂ ਤਾਰੀਫ ਕੀਤੀ। ਇਸ ਸੈਸ਼ਨ
ਦਾ ਮੰਚ ਸੰਚਾਲਨ ਪ੍ਰੋ. ਹਰਭਜਨ ਸਿੰਘ ਨੇ ਆਪਣੇ ਮਖਸੂਸ ਅੰਦਾਜ਼ ਵਿਚ ਕੀਤਾ।
ਕਹਾਣੀ ਦਰਬਾਰ ਵਾਲੇ ਦੂਸਰੇ ਸੈਸ਼ਨ ਵਿਚ ਪੰਜ ਕਹਾਣੀਕਾਰਾਂ ਨੇ ਕਹਾਣੀਆਂ
ਪੜ੍ਹੀਆਂ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਿੰਸੀਪਲ ਵੀਰ ਸਿੰਘ
ਰੰਧਾਵਾ, ਡਾ. ਜਸਵਿੰਦਰ ਸਿੰਘ, ਡਾ. ਧਨਵੰਤ ਕੌਰ, ਪਿਆਰਾ ਸਿੰਘ ਕੁੱਦੋਵਾਲ,
ਹਰਜਿੰਦਰ ਪੰਧੇਰ ਸ਼ਾਮਲ ਹੋਏ। ਵਿਰਜੀਨੀਆ ਤੋਂ ਆਏ ਹਰਮਹਿੰਦਰ ਸਿੰਘ ਚਾਹਲ ਨੇ
‘ਮਮਤਾ’, ਪਿਆਰਾ ਸਿੰਘ ਕੁੱਦੋਵਾਲ ਨੇ ‘ਚੈੱਕ ਵਾਲੀ ਰਜਾਈ’,
ਹਰਜਿੰਦਰ ਪੰਧੇਰ ਨੇ ਸੁਰਜੀਤ ਕੌਰ (ਕੈਨੇਡਾ) ਦੀ ਕਹਾਣੀ ‘ਜੁਗਨੂੰ’,
ਨਵਨੀਤ ਕੌਰ ਪੰਨੂ ਨੇ ‘ਮੋਹ-ਪਿਆਰ’ ਅਤੇ ਤ੍ਰਿਪਤ ਭੱਟੀ ਨੇ
‘ਖੁਨਾਮੀ’ ਤੇ ‘ਹੱਕ’ ਕਹਾਣੀਆਂ ਪੜ੍ਹੀਆਂ। ਇਸ ਸੈਸ਼ਨ ਦਾ ਮੰਚ
ਸੰਚਾਲਨ ਮਨਦੀਪ ਗੋਰਾ ਨੇ ਖੂਬਸੂਰਤ ਕਾਵਿਕ ਅੰਦਾਜ਼ ਵਿਚ ਕੀਤਾ।
ਕਵੀ ਦਰਬਾਰ ਵਾਲੇ ਤੀਸਰੇ ਸੈਸ਼ਨ ਵਿਚ 25 ਨਾਮਵਰ ਸ਼ਾਇਰਾਂ ਨੇ ਰਚਨਾਵਾਂ
ਪੇਸ਼ ਕੀਤੀਆਂ। ਪ੍ਰਧਾਨਗੀ ਮੰਡਲ ਵਿਚ ਸੁਖਵਿੰਦਰ ਕੰਬੋਜ, ਸੁਰਿੰਦਰ ਸੀਰਤ,
ਕੇਵਲ ਕਲੋਟੀ, ਹਰਬੰਸ ਸਿੰਘ ਜਗਿਆਸੂ, ਦਿਲ ਨਿੱਜਰ ਸ਼ਾਮਲ ਹੋਏ। ਪ੍ਰਧਾਨਗੀ
ਮੰਡਲ ਤੋਂ ਇਲਾਵਾ ਤਾਰਾ ਸਿੰਘ ਸਾਗਰ, ਮਨਦੀਪ ਗੋਰਾ, ਵਿੱਕੀ ਹੀਰ, ਡਾ.
ਤਜਿੰਦਰ ਸਿੰਘ ਸੰਧੂ, ਰਜਵਿੰਦਰ ਕੌਰ ਢਿੱਲੋਂ, ਰਾਜਬੀਰ ਕੌਰ ਸੇਖੋਂ, ਮੱਖਣ
ਲੁਹਾਰ, ਅਸ਼ੋਕ ਭੌਰਾ, ਰਾਠੀ ਸੂਰਾਪੁਰੀ, ਰਮੇਸ਼ ਬੰਗੜ, ਬਿੰਨਾ ਸਿੰਘ ਸਾਗਰ,
ਹਜੂਰਾ ਸਿੰਘ ਹਜ਼ੂਰ ਆਦਿ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਜਸਵੰਤ ਸ਼ਾਦ ਨੇ ਇਸ
ਸੈਸ਼ਨ ਦਾ ਮੰਚ ਸੰਚਾਲਨ ਕਰਦਿਆਂ ਖੂਬ ਰੰਗ ਬੰਨ੍ਹਿਆਂ।
ਇਸ ਮੌਕੇ ਤੇ ਤ੍ਰਿਪਤ ਭੱਟੀ ਦੀ ਮਿੰਨੀ ਕਹਾਣੀ ਦੀ ਪੁਸਤਕ ‘ਖੁਨਾਮੀਆਂ
ਹੀ ਖੁਨਾਮੀਆਂ’, ਕਮਲ ਬੰਗਾ ਦੀ ਕਾਵਿ-ਪੁਸਤਕ ‘ਜਹਾਨ ਅੰਦਰ’, ਅਵਤਾਰ
ਸਿੰਘ ਪ੍ਰੇਮ ਦੀ ਪੁਸਤਕ ‘ਇਨਸਾਨੀਅਤ ਦੇ ਪਹਿਰੇਦਾਰ’ ਵੀ ਰੀਲੀਜ਼
ਕੀਤੀਆਂ ਗਈਆਂ। ਕਾਨਫਰੰਸ ਦੌਰਾਨ ਡਾ. ਜਸਵਿੰਦਰ ਸਿੰਘ, ਡਾ. ਧਨਵੰਤ ਕੌਰ,
ਪਿਆਰਾ ਸਿੰਘ ਕੁੱਦੋਵਾਲ, ਅਮਰਜੀਤ ਚਾਹਲ, ਹਰਮਹਿੰਦਰ ਚਾਹਲ ਨੂੰ ਉਨ੍ਹਾਂ
ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਪੰਜਾਬੀ ਮਾਂ-ਬੋਲੀ ਦੀ ਨਿਰੰਤਰ ਸੇਵਾ ਲਈ
ਸਨਮਾਨਿਤ ਕੀਤਾ।