ਟੋਰੋਂਟੋ - ਲੰਬਾ ਸਮਾਂ ਸੰਗੀਤ ਦੀ ਦੁਨੀਆ ਵਿੱਚ
ਜੱਦੋ-ਜਹਿਦ ਕਰਨ ਤੋਂ ਬਾਅਦ ਸੰਨੀ ਸਿ਼ਵਰਾਜ ਦੀ ਗੀਤਾਂ ਅਤੇ ਗਜ਼ਲਾਂ ਦੀ
ਪਲੇਠੀ ਐਲਬਮ ‘ਤੇਰੀ ਚੁੱਪ` ਨੂੰ ਅੱਜ ਮਿਸੀਸਾਗਾ ਦੇ ਲਖ਼ਨਊ ਬੈਂਕੁਅਟ ਹਾਲ
ਵਿੱਚ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਪੰਜਾਬੀ ਸਾਹਿਤ ਨਾਲ
ਜੁੜੀਆਂ ਨਾਮਵਾਰ ਸ਼ਖਸ਼ੀਅਤਾਂ ਦੀ ਹਾਜ਼ਰੀ ‘ਚ ਔਜਲਾ ਇੰਨੋਵੇਸ਼ਨਜ਼ ਵਲੋਂ
ਰੀਲੀਜ਼ ਕੀਤਾ ਗਿਆ। ਐਲਬਮ ਜਾਰੀ ਕਰਨ ਦੀ ਰਸਮ ਸੰਨੀ ਸਿ਼ਵਰਾਜ ਦੇ ਉਸਤਾਦ
ਰਜਿੰਦਰ ਸਿੰਘ ਰਾਜ, ਕਲਮ ਫਾਊਂਡੇਸ਼ਨ ਦੀ ਸਰਪ੍ਰਸਤ ਕੰਵਲਜੀਤ ਕੌਰ ਬੈਂਸ,
ਸੁਰਜਨ ਜ਼ੀਰਵੀ, ਡਾ: ਬਲਵਿੰਦਰ ਸਿੰਘ, ਪੂਰਨ ਸਿੰਘ ਪਾਂਧੀ, ਸੰਨੀ ਦੇ
ਪਿਤਾ ਜੀ, ਰਾਜਪਾਲ ਹੋਠੀ, ਨਿਰਮਾਤਾ ਤੇ ਨਿਰਦੇਸ਼ਕ ਮਨਦੀਪ ਔਜਲਾ, ਗਾਇਕ
ਹੈਰੀ ਸੰਧੂ, ਗੀਤਕਾਰ ਕੁਲਵਿੰਦਰ ਖਹਿਰਾ ਅਤੇ ਪਰਮਜੀਤ ਢਿੱਲੋਂ ਨੇ ਸਾਂਝੇ
ਤੌਰ ਤੇ ਨਿਭਾਈ।
ਕੈਨੇਡਾ ਆਉਣ ਤੋਂ ਬਾਅਦ ਸੰਨੀ ਨੇ ਸੰਗੀਤ ਦੇ ਖੇਤਰ `ਚ ਬਰੈਂਪਟਨ ਦੇ
ਮਸ਼ਹੂਰ ਸੰਗੀਤ ਮਾਸਟਰ ਰਜਿੰਦਰ ਸਿੰਘ ਰਾਜ ਜੀ ਨੂੰ ਉਸਤਾਦ ਧਾਰਿਆ ਅਤੇ
ਉਨ੍ਹਾਂ ਦੁਆਰਾ ਕਰਵਾਏ ਗਏ ਲਗਾਤਾਰ ਰਿਆਜ਼ ਨੇ ਹੀ ਉਸਦੇ ਗਲੇ ਨੂੰ
ਸੁਰੀਲਾਪਣ ਬਖਸ਼ਿਆ। ਉਹ ਸਾਫ਼ ਸੁਥਰੀ ਗਾਇਕੀ ਗਾਉਣ ਵਾਲਾ ਅਜਿਹਾ ਗਾਇਕ ਹੈ
ਜੋ ਸਿਰਫ ਕੰਠ ਤੋਂ ਹੀ ਨਹੀਂ ਰੂਹ `ਚੋਂ ਗਾਉਂਦਾ ਹੈ। ਉਸਦੀ ਆਵਾਜ਼ ਵਿੱਚ
ਸੁਹਜ ਅਤੇ ਗਹਿਰਾਈ ਸਾਫ਼ ਝਲਕਦੀ ਹੈ। ਇਸ ਐਲਬਮ ਦੇ ਗੀਤਾਂ ਅਤੇ ਗਜ਼ਲਾਂ
ਨੂੰ ਸੁਹਣੇ ਅਤੇ ਸਭਿਆਚਾਰਕ ਸ਼ਬਦਾਂ ‘ਚ ਪਰੋਣ ਵਾਲੀ ਕਲਮ ਰਜਿੰਦਰ ਰਾਜ,
ਹਰਦਿਆਲ ਕੇਸ਼ੀ, ਮਨਦੀਪ ਔਜਲਾ, ਪਰਮਜੀਤ ਢਿੱਲੋਂ, ਕੁਲਵਿੰਦਰ ਖਹਿਰਾ,
ਉਂਕਾਰਪ੍ਰੀਤ, ਸਿਮਰਨਜੋਤ ਮਾਨ, ਰਿੰਪੀ ਜੱਸੋਵਾਲ ਅਤੇ ਸੁਰਿੰਦਰ ਸੋਹਲ ਦੀ
ਹੈ। ਇਸ ਮੌਕੇ ਗੱਲਬਾਤ ਕਰਦਿਆ ਗਾਇਕ ਸੰਨੀ ਸਿ਼ਵਰਾਜ ਨੇ ਕਿਹਾ ਕਿ ਇਹ
ਐਲਬਮ ਯਾਰਾਂ ਦੋਸਤਾ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹੀ ਹੈ। ਇਸ ਲਈ
ਇਸਨੂੰ ਯਾਰਾਂ ਦੋਸਤਾਂ ਵੱਲੋਂ ਹੀ ਰੀਲੀਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ
ਕਿ ਜਿੱਥੇ ਅੱਜ ਦੇ ਗਾਇਕ ਲੱਚਰ ਗਾਇਕੀ ਵੱਲ ਤੁਰ ਪਏ ਹਨ ਉੱਥੇ ਮੈਂ ਇਸ
ਐਲਬਮ ਵਿੱਚ ਕੇਵਲ ਸੱਭਿਆਚਾਰਕ ਅਤੇ ਪੰਜਾਬੀ ਵਿਰਸੇ ਨਾਲ ਸਬੰਧਤ ਗੀਤ ਅਤੇ
ਗ਼ਜ਼ਲਾਂ ਨੂੰ ਹੀ ਸਥਾਨ ਦਿੱਤਾ ਹੈ। ਪ੍ਰੋਗਰਾਮ ਦੌਰਾਨ ਪਰਮਜੀਤ ਢਿੱਲੋਂ
ਦੇ ਲਿਖੇ ਗੀਤ ‘ਪਿੰਡ ਮੇਰੇ ਦੀਆਂ ਮਾਵਾਂ’ ਦੀ ਮਨਦੀਪ ਸਿੰਘ ਔਜਲਾ ਵਲੋਂ
ਬੜੀ ਲਗਨ ਅਤੇ ਮਿਹਨਤ ਨਾਲ ਤਿਆਰ ਕੀਤੀ ਗਈ ਕਲਾਤਮਕ ਵੀਡੀਓ ਵੀ ਦਿਖਾਈ ਗਈ
ਜੋ ਸਰੋਤਿਆਂ ਨੇ ਬੇਹੱਦ ਸਰਾਹੀ। ਸੰਨੀ ਸਿ਼ਵਰਾਜ ਦੇ ਗੀਤਾਂ ਅਤੇ ਗਜ਼ਲਾਂ
ਦੀ ਐਲਬਮ ‘ਤੇਰੀ ਚੁੱਪ` ਆਈ ਟਿਊਨ ਤੇ ਵੀ ਉਪਲੱਭਧ ਹੈ ਜੋ ਇੰਟਰਨੈੱਟ
ਰਾਹੀਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਇਸੇ ਹੀ ਸਮਾਰੋਹ `ਚ ਸ਼ਾਇਰਾ ਸਿਮਰਨਜੋਤ ਮਾਨ ਦਾ ਪਲੇਠਾ ਗ਼ਜ਼ਲ ਸੰਗ੍ਰਹਿ
‘ਗੂੰਗੀ ਚੀਖ਼’ ਵੀ ਲੋਕ ਅਰਪਣ ਕੀਤਾ ਗਿਆ। ਕਿਤਾਬ ਦੀ ਘੁੰਡ ਚੁਕਾਈ ਦੀ
ਰਸਮ ਨਾਮਵਾਰ ਸ਼ਾਇਰਾ ਸੁਰਜੀਤ, ਰੇਡੀਉ ਸਰਗਮ ਦੇ ਸੰਚਾਲਕ ਡਾ: ਬਲਵਿੰਦਰ,
ਰੇਡੀਉ ਹੋਸਟ ਸੰਦੀਪ ਕੌਰ, ਗਾਇਕ ਸੰਨੀ ਸਿ਼ਵਰਾਜ ਅਤੇ ਨਿਰਮਾਤਾ/ਨਿਰਦੇਸ਼ਕ
ਮਨਦੀਪ ਔਜਲਾ ਨੇ ਕੀਤੀ। ਸੰਨੀ ਸਿ਼ਵਰਾਜ ਜੋ ਆਪ ਖੁਦ ਸਿਮਰਨ ਦੀ ਸ਼ਾਇਰੀ
ਦਾ ਕਾਇਲ ਹੈ, ਨੇ ਖਾਸ ਤੋਰ ਤੇ ਇਸ ਗ਼ਜ਼ਲ ਸੰਗ੍ਰਹਿ ਨੂੰ ਆਪਣੀ ਐਲਬਮ ਦੇ
ਨਾਲ ਹੀ ਰੀਲੀਜ਼ ਕਰਨ ਉਪਰਾਲਾ ਕੀਤਾ ਤਾਂ ਜੋ ਸਿਮਰਨ ਦੀ ਸ਼ਇਰੀ ਨੂੰ
ਢੁੱਕਵੇਂ ਤਰੀਕੇ ਦੇ ਨਾਲ ਸਰੋਤਿਆਂ ਦੇ ਰੂਬਰੂ ਕੀਤਾ ਜਾ ਸਕੇ। ਸਿਮਰਨ ਦੇ
ਗ਼ਜ਼ਲ ਸੰਗ੍ਰਹਿ ਬਾਰੇ ਬੋਲਦਿਆਂ ਰੇਡੀਉ ਹੋਸਟ ਸੰਦੀਪ ਕੌਰ ਨੇ ਦੱਸਿਆ ਕਿ
ਇਨ੍ਹਾਂ ਗ਼ਜ਼ਲਾਂ ਦੀ ਰਚਨਾ ਉਸਨੇ ਆਪਣੇ ਇਟਲੀ ਪ੍ਰਵਾਸ ਦੌਰਾਨ ਅਤੇ ਵਤਨ
ਪਰਤਣ ਤੋਂ ਬਾਅਦ ਕੀਤੀ। ਸਿਮਰਨ ਮਾਨ ਨੇੇ ਇਸ ਗ਼ਜ਼ਲ ਸੰਗ੍ਰਹਿ ‘ਚ ਰੂਹ
ਤੋਂ ਰੂਹ ਤੱਕ ਜਾਗਦੇ, ਸੁਲ਼ਗਦੇ, ਪਿਆਰ ਲਰਜ਼ਦੇ, ਕਦੇ ਜਵਾਬ ਬਣਦੇ ਕਦੇ
ਸੁਆਲ ਕਰਦੇ, ਆਦਿ ਤੋਂ ਅੰਤ ਤੱਕ ਗੁਝੇ ਅਹਿਸਾਸਾਂ ਦੀ ‘ਗੂੰਗੀ ਚੀਖ਼’ ਨੂੰ
ਆਪਣੀ ਕਲਮ ਰਾਹੀਂ ਪੇਸ਼ ਕੀਤਾ ਹੈ। ਉਨ੍ਹਾਂ ਸਿਮਰਨ ਦੀਆਂ ਗ਼ਜ਼ਲਾਂ ‘ਚੋਂ
ਉਸਦੇ ਸੂਖਮ ਭਰੇ ਅਹਿਸਾਸਾਂ ਦੀਆਂ ਕੁਝ ਕੁ ਵੰਨਗੀਆਂ ਸਰੋਤਿਆਂ ਨਾਲ
ਸਾਂਝੀਆਂ ਕੀਤੀਆਂ ਜਿਵੇਂ ‘ਹਮਸਫ਼ਰ ਹੋਇਓ ਤੂੰ ਮੈਂ ਭਟਕਣ ਤੋਂ ਰਸਤਾ ਬਣ
ਗਈ, ਚੀਖ਼ ਸਾਂ ਗੂੰਗੀ ਮੈਂ, ਤੁੰ ਗਾਇਆ ਤਾਂ ਨਗਮਾਂ ਬਣ ਗਈ’ ਅਤੇ ‘ਜੀਹਤੋਂ
ਡਰਦਾ ਸੀ ਦੀਵਾ, ਉਹੀ ਗੱਲ ਹੋ ਗਈ, ਹਵਾ ਰਾਤ ਹਨੇਰਿਆਂ ਦੇ ਵੱਲ ਹੋ ਗਈ’।
ਸੰਦੀਪ ਨੇ ਕਿਹਾ ਕਿ ਜਦੋਂ ਸਿਮਰਨ ਨੇ ਇਹ ਸ਼ੇਅਰ ਲਿਖਿਆ ਹੋਣੈ ਸ਼ਾਇਦ
ਉਦੋਂ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਸ ਗੂੰਗੀ ਚੀਖ਼ ਨੂੰ ਨਗਮਾਂ ਹੋਣਾ
ਕਦੋਂ ਨਸੀਬ ਹੋਣਾ ਏ। ਤੇ ਅੱਜ ਸੰਨੀ ਸਿ਼ਵਰਾਜ ਨੇ ਸਿਮਰਨ ਦੀ ਗ਼ਜ਼ਲ
‘ਦੀਵਾ’ ਨੂੰ ਅਵਾਜ ਦੇ ਕੇ ਆਪਣੀ ਇਸ ਪਲੇਠੀ ਐਲਬਮ ‘ਤੇਰੀ ਚੁੱਪ’ ਦਾ
ਸਿ਼ੰਗਾਰ ਬਣਾਇਆ ਹੈ। ਟੋਰੋਂਟੋ ਦੇ ਸਰੋਤੇ ਸਾਹਿਤ ਸਭਾਵਾਂ ਦੀਆਂ
ਮਹਿਫ਼ਲਾਂ ‘ਚ ਅਕਸਰ ਸੰਨੀ ਸਿ਼ਵਰਾਜ ਨੂੰ ਸਿਮਰਨ ਦੀਆਂ ਗ਼ਜ਼ਲਾਂ ਗਾਉਂਦੇ
ਸੁਣਦੇ ਰਹਿੰਦੇ ਹਨ।
ਪ੍ਰੋਗਰਾਮ ਦੀ ਸਟੇਜ ਦਾ ਸੰਚਾਲਨ ਐਲਬਮ ਦੇ ਨਿਰਮਾਤਾ ਤੇ ਨਿਰਦੇਸ਼ਕ ਮਨਦੀਪ
ਸਿੰਘ ਔਜਲਾ ਨੇ ਬਾਖ਼ੂਬੀ ਕੀਤਾ। ਅੱਜ ਦੇ ਸਮਾਰੋਹ ਨੂੰ ਉਸਤਾਦ ਰਜਿੰਦਰ
ਰਾਜ, ਡਾ: ਬਲਵਿੰਦਰ, ਸਪਾਂਸਰ ਰਾਜਪਾਲ ਹੋਠੀ ਅਤੇ ਸੰਨੀ ਸਿ਼ਵਰਾਜ ਨੇ
ਸੰਬੋਧਨ ਕੀਤਾ। ਉਪਰੰਤ ਸੰਨੀ ਸਿ਼ਵਰਾਜ ਨੇ ਆਪਣੀ ਇਸ ਐਲਬਮ ‘ਚ ਕੁਝ ਕੁ
ਚੋਣਵੇਂ ਗੀਤ ਅਤੇ ਗ਼ਜ਼ਲਾਂ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਮਨਦੀਪ
ਸਿੰਘ ਔਜਲਾ ਨੇ ਸਟੇਜ ਤੋਂ ਕਲਮ ਫਾਊਂਡੇਸ਼ਨ, ਕਲਮਾਂ ਦਾ ਕਾਫਲਾ,
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਅਤੇ ਕਹਾਣੀ ਵਿਚਾਰ ਮੰਚ ਦੇ ਨਾਲ ਨਾਲ
ਸਮੂਹ ਮੀਡੀਏ ਅਤੇ ਖਾਸ ਕਰਕੇ ਰੇਡੀਉ ਸਰਗਮ, ਰੇਡੀਉ ਫੁੱਲਕਾਰੀ, ਮੁਲਾਕਾਤ
ਰੇਡੀਉ ਅਤੇ ਟੀਵੀ ਦਾ ਅੱਜ ਦੇ ਇਸ ਪ੍ਰੋਗਰਾਮ ‘ਚ ਸਿ਼ਰਕਤ ਕਰਨ ਅਤੇ ਸਫਲ
ਬਣਾਉਣ ‘ਚ ਪਾਏ ਯੋਗਦਾਨ ਕਰਕੇ ਧੰਨਵਾਦ ਕੀਤਾ। ਕਲਮ ਫਾਊਂਡੇਸ਼ਨ ਦੇ ਸਮੂਹ
ਅਹੁਦੇਦਾਰਾਂ ਨੇ ਆਪਣੇ ਮਾਣਮੱਤੇ ਮੈਂਬਰ ਸੰਨੀ ਸਿ਼ਵਰਾਜ ਨੂੰ ਪਲੈਕ ਦੇ ਕੇ
ਉਸ ਦੀ ਹੌਸਲਾ ਅਫ਼ਜ਼ਾਈ ਕੀਤੀ। ਪ੍ਰੋਗਰਾਮ ਦੀ ਫੋਟੋਗਰਾਫ਼ੀ ਕੋਮਲਦੀਪ ਨੇ
ਅਤੇ ਵੀਡੀਉ ਕਵਰੇਜ਼ ਔਜਲਾ ਇੰਨੋਵੇਸ਼ਨਜ਼ ਅਤੇ ਪੰਜਾਬੀ ਵਿਰਾਸਤ ਟੀ.ਵੀ.
(ਪੀਵੀ ਟੀ.ਵੀ.) ਦੀ ਟੀਮ ਨੇ ਕੀਤੀ।