ਸਰੀ: ਪੰਜਾਬੀ ਲੇਖਕ ਮੰਚ ਦੀ ਮਾਸਕ ਮੀਟਿੰਗ ਦਸ ਮਾਰਚ
ਨੂੰ ਜਰਨੈਲ ਸਿੰਘ ਆਰਟਿਸਟ ਤੇ ਜਰਨੈਲ ਸਿੰਘ ਸੇਖਾ ਦੀ ਸੰਚਾਲਣਾ ਹੇਠ, ਨਿਊਟਨ
ਲਾਇਬ੍ਰੇਰੀ ਸਰੀ ਵਿਖੇ ਹੋਈ। ਪਹਿਲੇ ਭਾਗ ਵਿਚ ਅਮ੍ਰਿਤ ਮਾਨ ਦੀ ਨਿਰੋਲ ਵਿਆਹ
ਦੀਆਂ ਰਸਮਾਂ ਰੀਤਾਂ ਨਾਲ ਸਬੰਧਤ ਪੁਸਤਕ 'ਕਸੁੰਭੜਾ ਅੱਜ ਖਿੜਿਆ' 'ਤੇ ਵਿਚਾਰ
ਚਰਚਾ ਹੋਈ। ਸੁਰਜੀਤ ਕਲਸੀ ਨੇ ਦੱਸਿਆ ਕਿ ਅਮ੍ਰਿਤ ਮਾਨ ਵਲੋਂ ਲਗਾਤਾਰ ਦੱਸ
ਸਾਲ ਸਿਰੜ ਤੇ ਲਗਨ ਨਾਲ ਕੀਤੀ ਮਿਹਨਤ ਦਾ ਨਤੀਜਾ ਹੈ ਅੱਜ ਸਾਢੇ ਪੰਜ ਸੌ ਸਫੇ
ਦੀ ਇਹ ਪੁਸਤਕ ਸਾਡੇ ਹੱਥਾਂ ਵਿਚ ਹੈ।
ਕੈਨੇਡਾ ਵਿਚ ਛਪੀ ਇਹ ਇਕੋ ਇਕ ਅਜੇਹੀ ਪੁਸਤਕ ਹੈ ਜਿਸ ਵਿਚ ਪੰਜਾਬੀ
ਵਿਆਹਾਂ ਨਾਲ ਸਬੰਧਤ ਹਰ ਰਸਮ, ਰੀਤ ਦੇ ਲੇਖ ਅਤੇ ਲੋਕ ਗੀਤ ਹਨ। ਸਾਧੂ
ਬਿਨਿੰਗ ਨੇ ਕਿਹਾ ਕਿ ਅਮ੍ਰਿਤ ਮਾਨ ਵੱਲੋਂ ਕੈਨੇਡਾ ਵਿਚ ਪੰਜਾਬ ਦੇ ਹਰ
ਇਲਾਕੇ ਵਿਚੋਂ ਆਈਆਂ ਔਰਤਾਂ ਕੋਲੋਂ ਲੋਕ ਗੀਤ ਇਕੱਠੇ ਕਰਨ ਕਰ ਕੇ ਇਸ ਪੁਸਤਕ
ਦੀ ਮਹੱਤਤਾ ਵਧ ਗਈ ਹੈ। ਇਨ੍ਹਾਂ ਲੋਕ ਗੀਤਾਂ ਨੂੰ ਪੜ੍ਹਨ ਨਾਲ ਇਹ ਗੱਲ ਵੀ
ਸਪਸ਼ਟ ਹੋ ਜਾਂਦੀ ਹੈ ਕਿ ਪੰਜਾਬੀ ਧਰਮਾਂ ਦਾ ਪ੍ਰਭਾਵ ਨਾ ਮਾਤਰ ਹੀ ਕਬੂਲਦੇ
ਹਨ। ਜਰਨੈਲ ਸਿੰਘ ਸੇਖਾ ਨੇ ਛਪਾਈ ਤੇ ਦਿੱਖ ਪੱਖੋਂ ਪੁਸਤਕ ਦੀ ਸਲਾਹੁਤਾ ਕਰਨ
ਦੇ ਨਾਲ ਕਿਹਾ ਕਿ ਖੋਜਾਰਥੀਆਂ ਲਈ ਇਹ ਅਨਮੋਲ ਖਜ਼ਾਨਾ ਹੈ। ਅਜਮੇਰ ਰੋਡੇ ਨੇ
ਕਿਹਾ ਕਿ ਲੋਕ ਗੀਤ ਸਾਡੇ ਸਭਿਆਚਾਰ ਦਾ ਦ੍ਰਿਸ਼ ਪੇਸ਼ ਕਰਦੇ ਹਨ। ਲੋਕ ਗੀਤਾਂ
ਵਿਚ ਅਸਲ ਕਾਵਿਕਤਾ ਹੁੰਦੀ ਹੈ। ਲੋਕ ਗੀਤ ਲੇਖਕਾਂ ਦਾ ਰਾਹ ਦਸੇਰਾ ਬਣ ਸਕਦੇ
ਹਨ। ਅਮ੍ਰਿਤ ਮਾਨ ਨੇ ਸਾਰੇ ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕਰਨ ਮਗਰੋਂ
ਕਿਹਾ ਕਿ ਮੈਂ ਹਮੇਸ਼ਾ ਕਾਗਜ਼ ਤੇ ਪੈੱਨ ਕੋਲ ਰਖਦੀ ਸਾਂ। ਜਿੱਥੋਂ ਵੀ ਮੈਨੂੰ
ਲੋਕ ਗੀਤ ਮਿਲਦਾ ਮੈਂ ਝਟ ਨੋਟ ਕਰ ਲੈਂਦੀ। ਉਸ ਨੇ ਦੱਸਿਆ ਕਿ ਵਿਆਹ ਦੀਆਂ
ਰੀਤਾਂ ਰਸਮਾਂ ਸਬੰਧੀ ਲੋਕ ਗੀਤ ਬਹੁਤਿਆਂ ਨੇ ਇਕੱਠੇ ਕੀਤੇ ਹੋਣਗੇ ਪਰ ਮੈਂ
ਇਹਨਾਂ ਰਸਮਾਂ, ਰੀਤਾਂ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਬਿਆਨ ਕੀਤਾ ਹੈ ਕਿ
ਇਹ ਰਸਮਾਂ ਕਿਉਂ ਹੋਂਦ ਵਿਚ ਆਈਆਂ।
ਨਛੱਤਰ ਸਿੰਘ ਬਰਾੜ ਦੀ ਜਨੇਰ ਪਿੰਡ ਦੇ ਇਤਿਹਾਸ ਨਾਲ ਸਬੰਧਤ ਖੋਜ ਪੁਸਤਕ,
'ਥੇਹ ਵਾਲਾ ਪਿੰਡ ਜਨੇਰ' ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਰੀਲੀਜ਼
ਹੋ ਚੁੱਕੀ ਹੈ, ਵੀ ਮੈਂਬਰਾਂ ਦੇ ਸਨਮੁਖ ਕੀਤੀ ਗਈ। ਇਸ ਪੁਸਤਕ ਉਪਰ ਵਿਚਾਰ
ਚਰਚਾ 16 ਮਾਰਚ ਨੂੰ ਉਹਨਾਂ ਦੇ ਗ੍ਰਹਿ ਵਿਖੇ ਹੋਵੇਗੀ। ਹਰਜੀਤ ਦੌਧਰੀਆ ਦੀ
ਸੰਪਾਦਿਤ ਅੰਗ੍ਰੇਜ਼ੀ ਪੁਸਤਕ 'ਡਾ. ਕੂਟਨਿਸ ਤੇ ਡਾ. ਨਾਰਮਨ' ਅਤੇ ਅਮਰਜੀਤ
ਚੰਦਨ ਦੀ ਵਾਰਤਕ ਪੁਸਤਕ ਵੀ ਮੈਂਬਰਾਂ ਨੂੰ ਦਿਖਾਈ ਗਈ।
ਜਰਨੈਲ ਸਿੰਘ ਆਰਟਿਸਟ ਵੱਲੋਂ ਪੰਜਾਬੀ ਲੇਖਕ ਮੰਚ ਦੇ ਚਾਲੀਵੇਂ ਸਥਾਪਨਾ
ਦਿਵਸ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ 24 ਮਾਰਚ ਨੂੰ ਨਿਊਟਨ ਰੈਕਰੀਏਸ਼ਨ
ਸੈਂਟਰ ਵਿਚ ਹੋਣ ਵਾਲੇ ਉਦਘਾਟਨੀ ਸਮਾਰੋਹ ਦੀ ਰੂਪ ਰੇਖਾ ਵੀ ਦੱਸੀ ਗਈ।
ਵਾਲੰਟੀਅਰਾਂ ਤੇ ਬਾਕੀ ਮੈਂਬਰਾਂ ਨੂੰ ਸਮੇਂ ਸਿਰ ਹਾਲ ਵਿਚ ਪਹੁੰਚਣ ਦੀ
ਬੇਨਤੀ ਵੀ ਕੀਤੀ ਗਈ।
ਜਰਨੈਲ ਸਿੰਘ ਸੇਖਾ ਨੇ ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ, 19 ਮਾਰਚ
ਨੂੰ 6.30 ਤੋਂ 8 ਵਜੇ ਸ਼ਾਮ, ਹੋ ਰਹੀ ਕਾਵਿ-ਸ਼ਾਮ ਬਾਰੇ ਜਾਣਕਾਰੀ ਦਿੱਤੀ,
ਜਿਸ ਵਿਚ ਮੰਚ ਮੈਂਬਰ ਸਾਧੂ ਬਿਨਿੰਗ ਅਤੇ ਜਸਬੀਰ ਕੌਰ ਮਾਨ ਕਾਵਿ ਪਾਠ
ਕਰਨਗੇ। ਸਾਰੇ ਮੈਂਬਰਾਂ ਨੂੰ ਹਾਜ਼ਰ ਹੋਣ ਲਈ ਬੇਨਤੀ ਕੀਤੀ ਗਈ।
ਉਸ ਤੋਂ ਮਗਰੋਂ ਮੈਂਬਰਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਗਈ ਕਿ ਮੰਚ ਦੇ
ਚਾਰ ਮੈਂਬਰਾਂ ਦੀ ਪੰਜਾਬੀ ਸਾਹਿਤ ਨੂੰ ਸਮੁੱਚੀ ਸਾਹਿਤਕ ਦੇਣ ਨੂੰ ਮੁਖ
ਰਖਦਿਆਂ ਵੱਖ ਵੱਖ ਜੱਥੇਬੰਦੀਆਂ ਵੱਲੋਂ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ
ਹੈ। ਯੂ.ਬੀ.ਸੀ. ਦੇ ਏਸ਼ੀਅਨ ਵਿਭਾਗ ਵੱਲੋਂ 'ਹਰਜੀਤ ਕੌਰ ਸਿੱਧੂ ਮੈਮੋਰੀਅਲ
ਅਵਾਰਡ' ਨਾਲ, 07 ਮਾਰਚ ਨੂੰ ਅਜਮੇਰ ਰੋਡੇ ਨੂੰ ਸਨਮਾਨਤ ਕੀਤਾ ਗਿਆ। ਰਾਈਟਰਜ਼
ਇੰਟਰਨੈਸ਼ਨਲ ਨੈਟਵਰਕ ਕੈਨੇਡਾ ਵੱਲੋਂ ' ਡਾਕਟਰ ਆਸ਼ਾ ਭਾਰਗਵਾ ਮੈਮੋਰੀਅਲ
ਅਵਾਰਡ' ਨਾਲ 23 ਮਾਰਚ ਨੂੰ ਸੁਰਜੀਤ ਕਲਸੀ ਨੂੰ ਰਿਚਮੰਡ ਵਿਚ ਸਨਮਾਨਤ ਕੀਤਾ
ਜਾਵੇਗਾ। ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਵੱਲੋਂ 27 ਅਪਰੈਲ ਨੂੰ
ਸਰੀ ਵਿਖੇ ਆਪਣੇ ਸਲਾਨਾ ਸਮਾਗਮ ਵਿਚ 'ਵਾਰਸ਼ਕ ਪੁਰਸਕਾਰ' ਨਾਲ ਨਦੀਮ ਪਰਮਾਰ
ਨੂੰ ਸਨਮਾਤ ਕੀਤਾ ਜਾਵੇਗਾ। ਪੰਜਾਬੀ ਲਿਖਾਰੀ ਸਭਾ ਕੈਲਗਰੀ ਆਪਣੇ ਸਲਾਨਾ
ਸਮਾਗਮ ਵਿਚ 25 ਮਈ 13 ਨੂੰ 'ਇਕਬਾਲ ਅਰਪਨ ਮੈਮੋਰੀਅਲ ਅਵਾਰਡ' ਨਾਲ ਮੰਗਾ
ਸਿੰਘ ਬਾਸੀ ਨੂੰ ਕੈਲਗਰੀ ਵਿਖੇ ਸਨਮਾਨਤ ਕਰਨ ਜਾ ਰਹੀ ਹੈ।
ਅਖੀਰਲੇ ਭਾਗ ਵਿਚ ਰਚਨਾਵਾਂ ਦਾ ਦੌਰ ਸ਼ੁਰੂ ਹੋਇਆ। ਅਮਜਰੀਤ ਕੌਰ ਸ਼ਾਂਤ ਨੇ
ਆਪਣੀ ਛੋਟੇ ਬਹਿਰ ਦੀ ਗ਼ਜ਼ਲ 'ਘੂਕ ਸੁੱਤੇ ਲੇਖ ਲੰਮੀਆਂ ਤਾਣ ਕੇ, ਕੀ ਕਰੋਗੇ
ਦਰਦ ਮੇਰਾ ਜਾਣ ਕੇ', ਸੁਣਾਈ, ਜਿਸ ਨੂੰ ਮੈਂਬਰਾਂ ਵੱਲੋਂ ਸਲਾਹਿਆ ਗਿਆ।
ਸੁਰਜੀਤ ਕਲਸੀ ਨੇ ਮਿਸਰ ਦੀ ਯਾਤਰਾ ਨਾਲ ਸਬੰਧਤ ਆਪਣੀ ਕਵਿਤਾ 'ਸੁਨਹਿਰੀ
ਰੇਤ' ਸੁਣਾਈ। ਉਸ ਨੇ ਇਹ ਵੀ ਦੱਸਿਆ ਕਿ ਪੈਰਾਮਿਡਾਂ ਵਿਚਲੀਆਂ ਕਬਰਾਂ ਵਿਚ
ਵੀ ਔਰਤ ਨਾਲ ਵਿਤਕਰਾ ਕੀਤਾ ਗਿਆ ਹੈ। ਇਸ ਉਪਰ ਭਰਪੂਰ ਬਹਿਸ ਹੋਈ। ਇੰਦਰਜੀਤ
ਸਿੰਘ ਧਾਮੀ ਨੇ ਡਾਰਵਿਨ ਦੀ ਥਿਉਰੀ 'ਵਿਕਾਸ' ਨੂੰ ਵਿਗਿਆਨਿਕ ਆਧਾਰ ਬਣਾ ਕੇ
ਲਿਖੀ ਕਵਿਤਾ 'ਗੁਰੂ ਲਾਧੋ ਰੇ' ਸੁਣਾਈ। ਇਸ ਉਪਰ ਵੀ ਚੰਗੀ ਵਿਚਾਰ ਚਰਚਾ
ਹੋਈ। ਨਛੱਤਰ ਸਿੰਘ ਬਰਾੜ ਨੇ ਆਪਣੀ ਨਵੀਂ ਛਪੀ ਪੁਸਤਕ 'ਥੇਹ ਵਾਲਾ ਪਿੰਡ
ਜਨੇਰ' ਵਿਚੋਂ ਇਕ ਘਟਨਾ ਸੁਣਾ ਕੇ ਦੱਸਿਆ ਕਿ ਕਿਵੇਂ ਕਈ ਇਤਿਹਾਸਕਾਰ ਇਤਿਹਾਸ
ਨੂੰ ਤਰੋੜ ਮਰੋੜ ਕੇ ਪੇਸ਼ ਕਰਦੇ ਹਨ। ਰੂਪਿੰਦਰ ਰੂਪੀ ਨੇ ਕੌਮਾਂਤਰੀ ਨਾਰੀ
ਦਿਵਸ ਨੂੰ ਸਮਰਪਤ, ਔਰਤ ਦੀਆਂ ਜੀਵਨ ਪੀੜਾਂ ਨੂੰ ਬਿਆਨ ਕਰਦੀ ਕਵਿਤਾ ਪੜ੍ਹੀ।
ਹਰੀ ਸਿੰਘ ਤਾਤਲਾ ਦੀ ਕਵਿਤਾ 'ਅਚੇਤ ਵਿਚ' 'ਤੇ ਵੀ ਵਿਚਾਰ ਸਾਂਝੇ ਕੀਤੇ ਗਏ।
ਜਗਜੀਤ ਸੰਧੂ ਨੇ 'ਬਿਨ ਸਿਰ ਨਾਵਿਉਂ' ਤੇ 'ਡਾਇਰੀ ਵਿਚਲੀ ਉਂਗਲ' ਦੋ
ਦਾਰਸ਼ਨਿਕ ਕਵਿਤਾਵਾਂ ਸੁਣਾਈਆਂ। ਅਖੀਰ ਵਿਚ ਨਦੀਮ ਪਰਮਾਰ ਨੇ ਆਪਣੀ ਨਵੀਂ
ਉਰਦੂ ਗ਼ਜ਼ਲ 'ਉਮਰ ਕੇ ਮੋੜ ਪਰ ਮਾਜ਼ੀ ਕੋ ਸਦਾਏਂ ਦੇਣਾ, ਬੁਝ ਗਈ ਆਗ ਕੋ ਜੈਸੇ
ਹੋ ਹਵਾਏਂ ਦੇਣਾ।' ਗ਼ਜ਼ਲ ਪੜ੍ਹੀ ਤੇ ਸਲਾਹੀ ਗਈ।
ਰੁਪਿੰਦਰ ਰੂਪੀ ਅਤੇ ਕੁਲਵੰਤ ਸਿੱਧੂ ਦਾ ਮੰਚ ਦੇ ਮੈਂਬਰ ਬਣਨ 'ਤੇ ਸੁਆਗਤ
ਕੀਤਾ ਗਿਆ।