‘ਅਜੋਕੇ ਦੌਰ ਵਿਚ ਮਨੁੱਖੀ ਕਦਰਾਂ ਕੀਮਤਾਂ ਨੂੰ ਸਾਂਭ ਕੇ ਹੀ ਸਹੀ
ਪੰਜਾਬੀ ਨੌਜਵਾਨ ਬਿੰਬ ਦੀ ਸਿਰਜਣਾ ਸੰਭਵ ਹੋ ਸਕਦੀ ਹੈ ਅਤੇ ਕਥਨੀ ਤੇ
ਕਰਨੀ ਵਿਚ ਸਮਤੋਲ ਹੋਣਾ ਇਸ ਦਾ ਲਾਜ਼ਮੀ ਤੱਤ ਹੈ।’ ਇਨ੍ਹਾਂ ਭਾਵਪੂਰਤ
ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ‘ਪੰਜਾਬੀ
ਨੌਜਵਾਨ ਬਿੰਬ ਦੀ ਨਿਰਮਾਣਕਾਰੀ-ਮੀਡੀਆ, ਸਾਹਿਤ ਅਤੇ ਸਭਿਆਚਾਰ ਦੇ ਹਵਾਲੇ
ਨਾਲ’ ਵਿਸ਼ੇ ’ਤੇ ਇਕ ਰੋਜ਼ਾ ਸੈਮੀਨਾਰ ਵਿਚ ਮੁੱਖ ਮਹਿਮਾਨ ਐਸ. ਕੇ.
ਆਹਲੂਵਾਲੀਆ ਸੇਵਾਮੁਕਤ ਆਈ. ਏ. ਐਸ. ਉਪ ਕੁਲਪਤੀ ਗੁਰੂ ਕਾਂਸ਼ੀ
ਯੂਨੀਵਰਸਿਟੀ ਦਮਦਮਾ ਸਾਹਿਬ ਨੇ ਕੀਤਾ।
ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ
ਪ੍ਰੋਫ਼ੈਸਰ ਡਾ. ਸੁਰਜੀਤ ਸਿੰਘ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ
ਲੋਕਧਾਰਾ ਦੇ ਵਿਦਵਾਨ ਡਾ. ਜੀਤ ਸਿੰਘ ਜੋਸ਼ੀ ਪ੍ਰੋਫ਼ੈਸਰ ਪੰਜਾਬੀ
ਯੂਨੀਵਰਸਿਟੀ ਖੇਤਰੀ ਕੇਂਦਰ ਬਠਿੰਡਾ ਸ਼ਾਮਲ ਹੋਏ। ਮਹਿਮਾਨਾਂ ਨਾਲ ਜਾਣ
ਪਛਾਣ ਕਰਾਉਣ ਅਤੇ ਜੀ ਆਇਆਂ ਨੂੰ ਕਹਿਣ ਦੀ ਰਸਮ ਕਾਲਜ ਦੇ
ਪ੍ਰਿੰਸੀਪਲ ਡਾ. ਲਾਭ ਸਿੰਘ ਖੀਵਾ ਨੇ
ਨਿਭਾਉਂਦਿਆਂ ਕਿਹਾ ਕਿ ਸ਼ੁੱਧ ਪੇਂਡੂ ਖਿੱਤੇ ਦੇ ਵਿਦਿਆਰਥੀਆਂ ਵਿਚ ਸਮਾਜਕ
ਅਤੇ ਅਕਾਦਮਿਕ ਜਗਿਆਸਾ ਪੈਦਾ ਕਰਨਾ ਤੇ ਫ਼ਿਰ ਇਸ ਨੂੰ
ਤ੍ਰਿਪਤ ਕਰਨਾ ਹੀ ਅਜਿਹੇ ਸੈਮੀਨਾਰਾਂ ਦਾ ਮਕਸਦ ਹੈ। ਪੰਜਾਬੀ
ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋਫ਼ੈਸਰ ਡਾ. ਰਾਜੇਸ਼
ਸ਼ਰਮਾ ਨੇ ਮੁੱਖ ਵਿਸ਼ੇ ’ਤੇ ਆਪਣਾ ਕੁੰਜੀਵਤ ਭਾਸ਼ਣ ਪੇਸ਼ ਕਰਦਿਆਂ ਕਿਹਾ ਕਿ
ਅਜੋਕੇ ਕਥਿਤ ਚਕਾਚੌਂਧ ਵਾਲੇ ਦੌਰ ਵਿਚ ਨੌਜਵਾਨ ਵਰਗ ਦਾ ਅੱਖਾਂ ਖੋਲ੍ਹ ਕੇ
ਚੱਲਣਾ ਬੜਾ ਲਾਜ਼ਮੀ ਹੈ ਕਿਉਂਕਿ ਉਨ੍ਹਾਂ ਦੇ ਇਰਦ-ਗਿਰਦ ਨਿਜ਼ਾਮ ਨੇ ਮੀਡੀਆਈ
ਸਾਧਨਾਂ ਦੇ ਜ਼ਰੀਏ ਯੋਜਨਾ ਬੱਧ ਢੰਗ ਨਾਲ ਇਕ ਘਾਤਕ ਜਾਲ ਵਿਛਾਇਆ ਹੋਇਆ ਹੈ
ਅਤੇ ਜਿਸ ਨੂੰ ਹੋਰ ਸੰਘਣਾ ਕਰਨ ਦੇ ਯਤਨ ਜਾਰੀ ਹਨ, ਇਸ ਤੋਂ ਸੁਚੇਤ ਹੋ ਕੇ
ਹੀ ਨੌਜਵਾਨ ਆਪਣਾ ਬਿੰਬ ਸਿਰਜ ਸਕਦਾ ਹੈ। ਡਾ. ਜੀਤ ਸਿੰਘ ਜੋਸ਼ੀ ਨੇ
ਸਭਿਆਚਾਰਕ ਮੁੱਲਾਂ ਦੇ ਨਜ਼ਰੀਏ ਤੋਂ ਅਜੋਕੀ ਗੀਤਕਾਰੀ ’ਤੇ ਕਟਾਖ਼ਸ ਕੀਤਾ।
ਮੰਚ ਸੰਚਾਲਨ ਸੈਮੀਨਾਰ ਦੇ ਕੋਆਰਡੀਨੇਟਰ ਪ੍ਰੋ. ਰਵਿੰਦਰ ਸਿੰਘ ਘੁੰਮਣ ਨੇ
ਬਾਖ਼ਬੀ ਨਿਭਾਇਆ।
ਸੈਮੀਨਾਰ ਦੇ ਤਕਨੀਕੀ ਸੈਸ਼ਨ ਦੇ ਮੁੱਖ ਵਕਤਾ ‘ਡੇ ਐਂਡ ਨਾਈਟ’ ਟੀਵੀ
ਚੈਨਲ ਦੇ ਖ਼ਬਰ ਆਲੋਚਕ ਅਤੇ ਦਸਤਾਵੇਜ਼ੀ ਫ਼ਿਲਮਕਾਰ ਦਲਜੀਤ ਅਮੀ ਸਨ।
ਪ੍ਰਧਾਨਗੀ ਪ੍ਰਸਿਧ ਪੰਜਾਬੀ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੇ ਕੀਤੀ।
ਵਿਸ਼ੇਸ਼ ਮਹਿਮਾਨ ਵਜੋਂ ਚਿਤਰਕਾਰ ਮਲਕੀਤ ਸਿੰਘ ਚੰਡੀਗੜ੍ਹ ਮੌਜੂਦ ਸਨ।
ਦਲਜੀਤ ਅਮੀ ਨੇ ‘ਪੰਜਾਬੀ ਸਿਨੇਮਾ, ਸਮਾਜ ਅਤੇ ਨੌਜਵਾਨ-ਭੁਗਤ ਭੋਗ ਤੋਂ
ਸੰਗਤ ਰਾਹੀਂ ਸੰਵਾਦ ਤੱਕ’ ਗੰਭੀਰ ਵਿਸ਼ੇ ’ਤੇ ਬੜੀ ਸਰਲ ਭਾਸ਼ਾ ਵਿਚ ਆਪਣਾ
ਪਰਚਾ ਪੇਸ਼ ਕੀਤਾ। ਉਨ੍ਹਾਂ ‘ਅੰਨ੍ਹੇ ਘੋੜੇ ਦਾ ਦਾਨ’ ਵਰਗੀਆਂ ਫ਼ਿਲਮਾਂ
ਨੌਜਵਾਨਾਂ ਨੂੰ ਘੱਟ ਪਸੰਦ ਆਉਣ ਦੇ ਕਾਰਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ
ਅਜੋਕੇ ਦੌਰ ਦਾ ਪੰਜਾਬੀ ਗੀਤ-ਸੰਗੀਤ ਅਤੇ ਪੰਜਾਬੀ ਫ਼ਿਲਮਾਂ ਵਿਚ ਪੰਜਾਬੀ
ਨੌਜਵਾਨ ਦਾ ਜੋ ਅਕਸ ਉਭਾਰਿਆ ਜਾ ਰਿਹਾ ਹੈ ਉਹ ਨੌਜਵਾਨ ਪੀੜ੍ਹੀ ਨੂੰ
ਗੁੰਮਰਾਹ ਕਰਨ ਵਾਲਾ ਹੈ। ਪ੍ਰੋ. ਅਜਮੇਰ ਔਲਖ ਨੇ ਆਪਣੇ ਬੇਬਾਕ ਅਤੇ ਠੇਠ
ਅੰਦਾਜ਼ ਵਿਚ ਪਰੰਪਰਾ ਵਿਚ ਪਏ ਨਾਇਕਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੇ
ਆਦਰਸ਼ਾਂ ਦੀ ਰੌਸ਼ਨੀ ਵਿਚ ਆਪਣਾ ਬਿੰਬ ਸਿਰਜਣ ਦਾ ਸੁਨੇਹਾ ਦਿੱਤਾ।
ਵਿਦਿਆਰਥੀਆਂ ਨੇ ਸੁਆਲ-ਜੁਆਬ ਦੀ ਪ੍ਰਕਿਰਿਆ ਰਾਹੀਂ ਵਿਚਾਰ-ਚਰਚਾ ਨੂੰ
ਸਜੀਵ ਕੀਤਾ। ਸੈਮੀਨਾਰ ਦੀ ਸਫ਼ਲਤਾ ਲਈ ਡਾ. ਜਸਪਾਲ ਸਿੰਘ ਬਰਾੜ, ਪ੍ਰੋ.
ਸ਼ੈਫ਼ੀ ਕਾਂਸਲ, ਪ੍ਰੋ. ਹਰਮਨਦੀਪ ਸਿੰਘ, ਪ੍ਰੋ. ਪਰਦੀਪ ਸਿੰਘ, ਪ੍ਰੋ.
ਕਿਰਨਦੀਪ ਕੌਰ ਤੇ ਪ੍ਰੋ. ਬਲਬੀਰ ਕੌਰ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਸ਼ਾਮਲ
ਡੈਲੀਗੇਟਾਂ ਵਿਚ ਯੂਨੀਵਰਸਿਟੀ ਕਾਲਜ ਜੈਤੋ ਦੇ ਡਾ. ਸੁਭਾਸ਼ ਕੁਮਾਰ,
ਯੂਨੀਵਰਸਿਟੀ ਕਾਲਜ ਘਨੌਰ (ਪਟਿਆਲਾ) ਦੇ ਡਾ. ਤਗਿੰਦਰ ਕੁਮਾਰ ਸਮੇਤ
ਪੰਜਾਬੀ ਯੂਨੀਵਰਸਿਟੀ ਦੇ ਕਈ ਖੋਜਾਰਥੀ ਮੌਜੂਦ ਸਨ।
ਤਸਵੀਰ : ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਹੋਏ ਸੈਮੀਨਾਰ ਮੌਕੇ ਮੁੱਖ
ਮਹਿਮਾਨ ਐਸ. ਕੇ. ਆਹਲੂਵਾਲੀਆ ਦਾ ਸਵਾਗਤ ਕਰਦਿਆਂ ਪਿ੍ਰੰਸੀਪਲ ਡਾ. ਲਾਭ
ਸਿੰਘ ਖੀਵਾ, ਡਾ. ਜੀਤ ਸਿੰਘ ਜੋਸ਼ੀ, ਡਾ. ਰਾਜੇਸ਼ ਸ਼ਰਮਾ ਅਤੇ ਡਾ. ਸੁਰਜੀਤ
ਸਿੰਘ।