ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਤ ਗੁਰੂ ਤੇਗ ਬਹਾਦਰ ਕੌਮੀ
ਸਦਭਾਵਨਾ ਚੇਅਰ ਦੇ ਮੁਖੀ ਪ੍ਰੋਫ਼ੈਸਰ ਡਾ. ਬਲਤੇਜ ਸਿੰਘ ਮਾਨ ਵੱਲੋਂ ਪੰਜਾਬੀ
ਯੂਨੀਵਰਸਿਟੀ ਕਾਲਜ, ਜੈਤੋ ਵਿਖੇ ਸਦਭਾਵਨਾ ਵਰਕਸ਼ਾਪ ਲਾਈ ਗਈ ਜਿਸ ਵਿਚ
ਵਿਦਿਆਰਥੀਆਂ ਨੂੰ ਭਾਰਤ ਦੇਸ਼ ਦੀ ਖ਼ਾਸੀਅਤ ‘ਅਨੇਕਤਾ ਵਿਚ ਏਕਤਾ’ ਬਾਰੇ ਖੁੱਲ
ਕੇ ਵਿਚਾਰ ਚਰਚਾ ਵਿਚ ਭਾਗ ਲੈਣ ਦਾ ਸੱਦਾ ਦਿੱਤਾ ਗਿਆ ਅਤੇ ਵਿਦਿਆਰਥੀਆਂ ਨੇ
ਇਸ ਵਿਚ ਉਤਸ਼ਾਹ ਸਹਿਤ ਭਾਗ ਲਿਆ। ਉਨ੍ਹਾਂ
ਡਾ. ਮਾਨ ਵੱਲੋਂ ਉਠਾਏ ਪ੍ਰਸ਼ਨਾਂ ਦੇ ਆਪਣੀ ਲਿਆਕਤ ਅਤੇ ਬੁੱਧੀ ਅਨੁਸਾਰ
ਬਿਹਤਰ ਜੁਆਬ ਦਿੱਤੇ ਅਤੇ ਵਿਚਾਰ-ਚਰਚਾ ਨੂੰ ਸਜੀਵ ਕੀਤਾ।
ਇਸ ਵਰਕਸ਼ਾਪ ਦਾ ਮਕਸਦ ਜਿੱਥੇ ਕੌਮੀ ਸਦਭਾਵਨਾ ਪ੍ਰਤੀ ਵਿਦਿਆਰਥੀਆਂ ਨੂੰ
ਉਤਸ਼ਾਹਤ ਕਰਨਾ ਸੀ ਉਥੇ ਉੱਚ ਸਿਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ
ਸ਼ਖ਼ਸੀਅਤ ਉਸਾਰੀ ਨੂੰ ਹੋਰ ਪ੍ਰਬਲ ਕਰਨਾ ਸੀ।
ਅਮਰੀਕਾ ਵਿਖੇ ਸਫ਼ਲ ਅਤੇ ਭਰਪੂਰ ਜੀਵਨ ਜਿਉਂ ਰਹੇ ਪ੍ਰਵਾਸੀ ਭਾਰਤੀ ਪਰਮਪਾਲ
ਸਿੰਘ ਨੇ ਆਪਣੇ ਜੀਵਨ ਆਦਰਸ਼ ਦੀਆਂ ਉਦਾਹਰਣਾਂ ਪੇਸ਼ ਕਰਦਿਆਂ ਵਿਦਿਆਰਥੀਆਂ ਨੂੰ
ਭਵਿੱਖ ਦੀਆਂ ਚੁਣੌਤੀਆਂ ਬਾਰੇ ਸੁਚੇਤ ਕੀਤਾ ਅਤੇ ਅਕਾਦਮਿਕ ਮਿਹਨਤ ਤੇ ਉੱਚੇ
ਮਨੋਬਲ ਨਾਲ ਸਮਾਜ ਵਿਚ ਆਪਣਾ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ।
ਪ੍ਰੋ. ਸ਼ਿਲਪਾ ਕਾਂਸਲ ਨੇ ਵਰਕਸ਼ਾਪ ਦਾ ਸੰਚਾਲਨ ਕੀਤਾ ਅਤੇ ਪ੍ਰਿੰਸੀਪਲ
ਡਾ. ਸੁਮਨ ਲਤਾ ਨੇ ਆਏ ਮਹਿਮਾਨਾਂ ਦਾ ਧਨਵਾਦ ਕੀਤਾ।
ਪ੍ਰੋਫ਼ੈਸਰ ਸਹਿਬਾਨ ਡਾ. ਪਰਮਿੰਦਰ ਸਿੰਘ ਤੱਗੜ, ਡਾ. ਊਸ਼ਾ ਜੈਨ, ਡਾ. ਕਰਮਜੀਤ
ਸਿੰਘ, ਡਾ. ਰੂਪਕਮਲ ਕੌਰ, ਮਨਪ੍ਰੀਤ ਕੌਰ, ਤਰਿੰਦਰ ਕੌਰ, ਹਰਮਨਦੀਪ ਸਿੰਘ,
ਰਵਨੀਤ ਗਿੱਲ, ਸੁਪਿੰਦਰਪਾਲ ਸਿੰਘ ਅਤੇ ਆਸ਼ਾ ਰਾਣੀ ਨੇ ਵਿਦਿਆਰਥੀਆਂ ਨਾਲ਼
ਸ਼ਾਮਲ ਰਹਿ ਕੇ ਵਰਕਸ਼ਾਪ ਵਿਚ ਗਹਿਰੀ ਦਿਲਚਸਪੀ ਦਿਖਾਈ।
ਵਰਕਸ਼ਾਪ ਦੌਰਾਨ ਹੋਈ ਵਿਚਾਰ-ਚਰਚਾ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਜਾਰੀ ਪ੍ਰਮਾਣ ਪੱਤਰਾਂ ਨਾਲ਼ ਸਨਮਾਨਤ
ਕੀਤਾ ਗਿਆ। ਗੁਰੂ ਤੇਗ਼ ਬਹਾਦਰ ਕੌਮੀ
ਸਦਭਾਵਨਾ ਚੇਅਰ ਵੱਲੋਂ ਡਾ. ਮਾਨ ਨੇ ਕਾਲਜ ਲਈ ਪੁਸਤਕਾਂ ਦੇ ਸੈੱਟ ਅਤੇ
ਸਨਮਾਨ ਨਿਸ਼ਾਨੀ ਭੇਟ ਕੀਤੀ।