(ਸਰੀ) ਲੋਕ-ਲਿਖਾਰੀ ਸਾਹਿਤ ਸਭਾ ਉੱਤਰੀ ਅਮਰੀਕਾ ਦੀ ਸਲਾਨਾ ਮੀਟਿੰਗ
ਪਿਛਲੇ ਐਤਵਾਰ ਦਿਸਬੰਰ 30,2012 ਨੂੰ ਸੁਖਵਿੰਦਰ ਕੌਰ ਦੇ ਗ੍ਰਹਿ ਵਿਖੇ, ਸਰੀ
ਵਿਚ ਹੋਈ। ਮੀਟਿੰਗ ਦੀ ਅਰਭੰਤਾ ਸਿੱਖ ਅਰਦਾਸ ਨਾਲ ਕੀਤੀ ਗਈ। ਇਸ ਤੋਂ ਉਪਰੰਤ
ਨਵੇਂ ਮੈਬਰਾਂ, ਹਾਜ਼ਰ ਮੈਬਰਾਂ ਅਤੇ ਗੈਰ-ਹਾਜ਼ਰ ਮੈਬਰਾਂ ਬਾਰੇ ਜਾਣ-ਪਹਿਚਾਣ
ਕਰਵਾਈ ਗਈ। ਸੁਖਵਿੰਦਰ ਕੌਰ ਨੇ ਸੰਖੇਪ ਵਿਚ ਸਭਾ ਦੇ ਇਤਹਾਸ ,ਸਰਗਰਮੀਆ ਅਤੇ
ਮਾਇਕ ਸਥਿਤੀ ਬਾਰੇ ਚਾਨਣਾ ਪਾਇਆ। ਕਾਰਵਾਈ ਨੂੰ ਅੱਗੇ ਤੋਰਦਿਆਂ ਕੁਝ
ਵਿਚਾਰ-ਵਟਾਂਦਰੇ ਹੋਏ, ਜਿਸ ਵਿਚ ਸਾਰਿਆ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।
ਇਸ ਵਿਚ ਮੁੱਖ ਨੁਕਤੇ ਸਨ-ਹੋਰ ਮੈਬਰਾਂ ਦੀ ਭਰਤੀ,ਮੀਟਿੰਗ ਵਾਸਤੇ ਆਉਣ ਵਾਲੇ
ਸਮੇਂ ਵਿਚ ਜਗਾਹ ਦਾ ਪ੍ਰਬੰਧ, ਸਭਾ ਦੇ ਮੈਬਰਾਂ ਦੀ ਇਕ ਸਾਂਝੀ ਕਿਤਾਬ ਜਾਂ
ਸਲਾਨਾ ਰਸਾਲਾ, ਸਲਾਨਾ ਸਮਾਗਮ ਅਤੇ ਮੈਬਰਾਂ ਜਾਂ ਗੈਰ ਮੈਬਰ ਲੇਖਕਾਂ ਦੀਆਂ
ਕਿਤਾਬਾਂ ਦੇ ਰੀਲੀਜ਼ ਸਮਾਗਮ।
ਸੁਖਦੀਪ ਸਿੰਘ ਦਾ ਨਵਾ ਛਪਿਆ ਨਾਵਲ ‘ਸਰਕਾਰੀ ਸਾਜਿਸ਼’ ਹਾਜ਼ਰ ਲੇਖਕਾਂ ਅਤੇ
ਸਰੋਤਿਆ ਨੂੰ ਭੇਟ ਕੀਤਾ ਗਿਆ। ਇਸ ਦੇ ਨਾਲ ਹੀ ਅਨਮੋਲ ਕੌਰ ਦੇ ਨਾਵਲ ‘ਹੱਕ
ਲਈ ਲੜਿਆ ਸੱਚ’ ਬਾਰੇ ਦੱਸਿਆ ਗਿਆ ਕਿ ਨਾਵਲ ਛਪ ਚੁੱਕਾ ਹੈ ਤੇ ਪਾਠਕਾਂ ਦੀ
ਨਜ਼ਰ ਕਰਨ ਲਈ, ਰੀਲੀਜ਼ ਸਮਾਗਮ ਬਾਰੇ ਜਾਣਕਾਰੀ ਆਉਣ ਵਾਲੇ ਦਿਨਾਂ ਵਿਚ ਮੀਡੀਏ
ਰਾਹੀ ਦੇ ਦਿਤੀ ਜਾਵੇਗੀ।
ਫਿਰ ਰਚਨਾਵਾਂ ਦਾ ਦੌਰ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਪ੍ਰਸਿੱਧ ਲੇਖਕ
ਹਰਚੰਦ ਸਿੰਘ ਬਾਗੜੀ ਜੋ ਵਿਸ਼ੇਸ਼ ਸੱਦੇ ‘ਤੇ ਮੀਟਿੰਗ ਵਿਚ ਸ਼ਾਮਲ ਹੋਏ, ਉਹਨਾਂ
ਨੇ ਆਪਣੀਆਂ ਦੋ ਰਚਨਾਵਾਂ ਸਾਂਝੀਆਂ ਕੀਤੀਆਂ। ਸਰੀ ਦੇ ਹਰਮਨ ਪਿਆਰੇ ਲੇਖਕ
ਕੁਲਵੀਰ ਸਿੰਘ ‘ਡਨਸੀਵਾਲ’ ਨੇ ਦੋ ਰਚਨਾਵਾਂ, ਮੌਜੂਦਾ ਸਮਾਜਿਕ ਹਾਲਾਤਾਂ ਨੂੰ
ਵਰਨਣ ਕਰਦੀਆਂ ਸੁਣਾਈਆਂ। ਇਸ ਤੋਂ ਬਾਅਦ ਅਵਤਾਰ ਸਿੰਘ ਆਦਮਪੁਰੀ ਨੇ ‘ਰੱਬ
ਅਤੇ ਬੰਦੇ ਦੀ ਵਾਰਤਾਲਾਪ’ ਅਤੇ ‘ਪ੍ਰਾਹੁਣੇ’ ਦੋ ਹਾਸ-ਰਸ ਕਵਿਤਾਵਾਂ ਪੇਸ਼
ਕੀਤੀਆਂ ਤੇ ਇਸ ਦੇ ਨਾਲ ਹੀ ਹਰਚੰਦ ਸਿੰਘ ਬਾਗੜੀ ਨੇ ਇਕ ਹੋਰ ਕਵਿਤਾ ਹਾਸ-ਰਸ
ਵਾਲੀ ਸੁਣਾਈ, ਜਿਸ ਦੀ ਲਾਈਨ ਹੈ ‘ਘਰ ਰਹਿ ਕੇ ਹੁਣ ਮੈ ਵਗਾਰਾਂ ਜੋਗਾ ਰਹਿ
ਗਿਆ’।ਫਿਰ ਅਨਮੋਲ ਕੌਰ ਨੇ ਆਪਣੀ ਨਵੀ ਲਿਖੀ ਕਹਾਣੀ ‘ਇਕ ਹੋਰ ਅਫ਼ਸਾਨਾ’ ਐਸੇ
ਅੰਦਾਜ਼ ਵਿਚ ਸੁਣਾਈ ਕਿ ਸਭ ਨੇ ਮਹਿਸੂਸ ਕੀਤਾ ਜਿਵੇ ਕਹਾਣੀ ਦੇ ਪਾਤਰਾਂ ਨਾਲ
ਹੀ ਬੈਠੇ ਹੋਈਏ।
ਨੌਜਵਾਨ ਪ੍ਰਸਿੱਧ ਲੇਖਕ ਸੁਖਦੀਪ ਸਿੰਘ ਬਰਨਾਲਾ ਨੇ ਆਪਣੀਆਂ ਸਿੱਖੀ ਅਤੇ
ਸਿੱਖ ਸੰਘਰਸ਼ ਨਾਲ ਸੰਬਧਿਤ ਜੁਝਾਰੂ ਰੰਗ ਵਾਲੀਆਂ ਤਿੰਨ ਕਵਿਤਾਵਾਂ ਪੇਸ਼
ਕੀਤੀਆਂ। ਸੁਖਵਿੰਦਰ ਕੌਰ ਨੇ ਆਪਣੀ ਕਵਿਤਾ ‘ਦਿੱਲੀ ਦਾ ਬੂਹਾ’ ਸੁਣਾ ਕੇ
ਮੌਜ਼ੂਦਾ ਸਮੇਂ ਦੀ ਲੋੜ ‘ਤੇ ਚਾਨਣਾ ਪਾਇਆ।ਗੁਰਮੁਖ ਸਿੰਘ ‘ਮੋਹਕਮਗੜ੍ਹ’ ਨੇ
ਆਪਣੀ ਪੁਸਤਕ ‘ਪੰਜਾ ਪਾਣੀਆਂ ਸੀ ਮਿੱਟੀ’ ਵਿਚੋਂ ਦੋ ਕਵਿਤਾਵਾਂ ਸਾਂਝੀਆਂ ਕਰ
ਕੇ ਦੁਨਿਆਵੀ ਰਿਸ਼ਤਿਆ ਦੀ ਮਹੱਤਤਾ ਅਤੇ ਡੂੰਘਾਈ ਨੂੰ ਬਿਆਨ ਕੀਤਾ। ਗੁਰਸਿਮਰਨ
ਸਿੰਘ ਨੇ ਤਰਨੰਮ ਵਿਚ ਗੀਤ ਪੇਸ਼ ਕੀਤਾ, ਜਿਸ ਵਿਚ ਪੰਜਾਬੀਆਂ ਨੂੰ ਆਪਣੇ ਘਰ-
ਬਾਰ ਅਤੇ ਵਿਰਸਾ ਸੰਭਾਲਣ ਲਈ ਵੰਗਾਰ ਪਾਈ ਕਿ ਜੇ ਸਮੇਂ ਸਿਰ ਨਾ ਜਾਗੇ ਤਾਂ
ਸਭ ਕੁਝ ਤਬਾਹ ਹੋ ਜਾਵੇਗਾ।
ਉਪਰੋਕਤ ਮੈਬਰਾਂ ਤੋਂ ਇਲਾਵਾ ਹਾਜ਼ਰੀ ਭਰਨ ਵਾਲਿਆਂ ਦੇ ਨਾਮ ਹਨ-ਸ੍ਰ.
ਸੁਰਜੀਤ ਸਿੰਘ {ਸਾਬਕਾ ਡਾਇਰੈਕਟਰ ਲੋਕ ਲਿਖਾਰੀ ਸਾਹਿਤ ਸਭਾ}, ਰਣਜੀਤ ਕੌਰ
ਸੰਘੇੜਾ, ਇਕਬਾਲ ਸਿੰਘ ਥਿਆੜਾ, ਰਣਵੀਰ ਕੌਰ, ਜਗਬੀਰ ਕੌਰ, ਨਾਮਪ੍ਰੀਤ ਸਿੰਘ
ਅਤੇ ਇਕਬੀਰ ਸਿੰਘ।ਮਨਦੀਪ ਸਿੰਘ ਵਰਨਣ, ਮਾਸਟਰ ਮਨਜੀਤ ਸਿੰਘ ਦਿਉਲ ਅਤੇ
ਗੁਰਦੇਵ ਸਿੰਘ ਸੱਧੇਵਾਲੀਆਂ ਨੇ ਫੋਨ ‘ਤੇ ਹਾਜ਼ਰੀ ਲਗਵਾਈ। ਕੁਝ ਮੈਬਰ ਭਾਰਤ
ਗਏ ਹੋਣ ਕਾਰਨ ਹਾਜ਼ਰ ਨਹੀ ਹੋ ਸਕੇ,ਜਿਹਨਾ ਵਿਚੋਂ ਪ੍ਰੋ. ਗੁਰਵਿੰਦਰ ਸਿੰਘ
ਧਾਲੀਵਾਲ ਅਤੇ ਹਰਭਜਨ ਸਿੰਘ ਬੈਂਸ ਹੁਰਾਂ ਦੀ ਗੈਰਹਾਜ਼ਰੀ ਖਾਸ ਤੌਰ ਤੇ
ਮਹਿਸੂਸ ਹੁੰਦੀ ਰਹੀ।
ਸਾਹਿਤਕ ਦੌਰ ਦੀ ਸਮਾਪਤੀ ਤੋਂ ਬਾਅਦ ਰਣਜੀਤ ਕੌਰ ਸੰਘੇੜਾ,ਨਾਮਪ੍ਰੀਤ
ਸਿੰਘ, ਜਗਬੀਰ ਕੌਰ, ਸੁਖਦੀਪ ਸਿੰਘ ਅਤੇ ਰਣਵੀਰ ਕੌਰ ਨੇ ਹਰਮੋਨੀਅਮ ਨਾਲ
ਵਾਰੀ ਵਾਰੀ ਗੁਰਬਾਣੀ ਸ਼ਬਦ ਗਾਇਨ ਕੀਤੇ।ਨਾਮਪ੍ਰੀਤ ਸਿੰਘ ਅਤੇ ਗੁਰਸਿਮਰਨ
ਸਿੰਘ ਨੇ ਤਬਲੇ ‘ਤੇ ਸਾਥ ਦਿੱਤਾ। ਬਾਅਦ ਦੁਪਹਰਿ ਤਿੰਨ ਵਜੇ ਤੋਂ ਅੱਠ ਵਜੇ
ਤਕ ਚੱਲੀ ਇਸ ਮੀਟਿੰਗ ਦੀ ਬਹੁਤ ਹੀ ਖੁਸ਼ ਮਹੌਲ ਵਿਚ ਸਮਾਪਤੀ ਹੋਈ ਅਤੇ ਨਵੇ
ਸਾਲ ਲਈ ਸ਼ੁਭ ਇਛਾਵਾਂ ਨਾਲ ਫਿਰ ਜੁੜ ਬੈਠਣ ਲਈ ਸਭ ਨੇ ਉਤਸ਼ਾਹ ਪ੍ਰਗਟ ਕੀਤਾ। |