ਵਿਦਿਆਰਥੀਆਂ ਵਿਚ ਪੁਸਤਕ ਪਾਠਨ ਅਤੇ ਪੜਚੋਲਨ ਦੀ ਰੁਚੀ ਨੂੰ ਉਤਸ਼ਾਹਤ ਕਰਨ
ਦੇ ਉਦੇਸ਼ ਨਾਲ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਸਥਾਪਤ ‘ਪੁਸਤਕ ਕਲੱਬ’ ਦੀ
ਬੈਠਕ ਚੇਅਰਮੈਨ ਡਾ. ਸੁਮਨ ਲਤਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੁਸਤਕ
ਕਲੱਬ ਦੇ ਇੰਚਾਰਜ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਤੋਂ ਇਲਾਵਾ ਪ੍ਰੋ.
ਤਰਿੰਦਰ ਕੌਰ ਅਤੇ ਪ੍ਰੋ. ਮਨਪ੍ਰੀਤ ਕੌਰ ਮੌਜੂਦ ਸਨ। ਪਿਛਲੀ ਬੈਠਕ ਦੌਰਾਨ
ਪ੍ਰੋਫ਼ੈਸਰ ਸਹਿਬਾਨ ਦੁਆਰਾ ਸੁਝਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ
ਪਬਲੀਕੇਸ਼ਨ ਬਿਊਰੋ ਦੁਆਰਾ ਪ੍ਰਕਾਸ਼ਤ ਪੁਸਤਕ ‘ਵਾਰਤਕ ਵਿਵੇਕ’ ਨੂੰ ਪੜ੍ਹਨ ਅਤੇ
ਉਸ ਵਿਚ ਸ਼ਾਮਲ ਵਾਰਤਕ ਰਚਨਾਵਾਂ ’ਤੇ ਸਮੀਖਿਆਤਕ ਪਰਚੇ ਲਿਖਣ ਨੂੰ ਕਿਹਾ ਗਿਆ
ਸੀ।
ਵਿਦਿਆਰਥੀ ਮੈਂਬਰਾਂ ਵੱਲੋਂ ਪੁਸਤਕ ਪੜ੍ਹਨ ਦੇ ਨਾਲ-ਨਾਲ ਬੀ. ਏ. ਭਾਗ
ਪਹਿਲਾ ਦੀਆਂ ਵਿਦਿਆਰਥਣਾਂ ਰਾਜਿੰਦਰਪਾਲ ਕੌਰ, ਰਮਨਦੀਪ ਕੌਰ ਤੇ ਪਰਮਿੰਦਰ
ਕੌਰ ਅਤੇ ਬੀ. ਏ. ਭਾਗ ਦੂਜਾ ਦੀਆਂ ਸੁਖਦੀਪ ਕੌਰ, ਅਮਨਦੀਪ ਕੌਰ ਤੇ ਵੀਰਪਾਲ
ਕੌਰ ਵੱਲੋਂ ਆਪਣੀ ਸਾਹਿਤਕ ਅਤੇ ਆਲੋਚਨਾਤਮਿਕ ਬੁੱਧੀ ਅਨੁਸਾਰ ਵਾਰਤਕ ਪੁਸਤਕ
ਦੀਆਂ ਰਚਨਾਵਾਂ ਦੇ ਅਧਾਰਤ ਵੱਖ-ਵੱਖ ਸਿਰਲੇਖਾਂ ਤਹਿਤ ਪਰਚੇ ਪੇਸ਼ ਕੀਤੇ। ਬੀ.
ਏ. ਭਾਗ ਪਹਿਲਾ ਦੀ ਅਮਨਦੀਪ ਕੌਰ ਨੇ ‘ਕਿਵੇਂ ਰੁਕ ਸਕਦਾ ਹੈ ਔਰਤਾਂ ਦਾ
ਸੋਸ਼ਨ’ ਵਿਸ਼ੇਸ਼ ਵਿਸ਼ੇ ਨੂੰ ਲੈ ਕੇ ਅਖ਼ਬਾਰੀ ਅਤੇ ਇੰਟਰਨੈੱਟ ਅੰਕੜਿਆਂ ਦੇ
ਅਧਾਰਤ ਆਪਣਾ ਪਰਚਾ ਪੇਸ਼ ਕੀਤਾ ਜਿਸ ਵਿਚ ਔਰਤ ਅਤੇ ਮਰਦ ਦੇ ਹੱਕਾਂ ਵਿਚ
ਸਮਤੋਲ ਬਣਾਉਂਦਿਆਂ ਦਿੱਲੀ ਬਲਾਤਕਾਰ ਕਾਂਡ ਤੋਂ ਬਾਅਦ ਪੈਦਾ ਹੋਈ ਚੇਤਨਾ ਅਤੇ
ਸਰਕਾਰ ਵੱਲੋਂ ਸ਼ੁਰੂ ਕੀਤੀ ਚੌਕਸੀ ਮੁਹਿੰਮ ਦੀ ਗ਼ਲਤ ਅਨਸਰਾਂ ਵੱਲੋਂ ਬਠਿੰਡਾ
ਕਾਂਡ ਵਾਂਗ ਗੁੰਮਰਾਹਕੁਨ ਵਰਤੋਂ ਨੂੰ ਰੋਕਣ ਦੀ ਲੋੜ ’ਤੇ ਜ਼ੋਰ ਦਿੱਤਾ।
ਡਾ. ਪਰਮਿੰਦਰ ਸਿੰਘ ਤੱਗੜ ਨੇ ਪਰਚਿਆਂ ’ਤੇ ਟਿੱਪਣੀਆਂ ਕਰਦਿਆਂ
ਪਰਚਾ-ਵਕਤਾਵਾਂ ਦੀ ਸ਼ਲਾਘਾ ਕੀਤੀ ਅਤੇ ਉਸਾਰੂ ਸੁਝਾਅ ਵਿਦਿਆਰਥੀਆਂ ਨਾਲ
ਸਾਂਝੇ ਕੀਤੇ। ਡਾ. ਸੁਮਨ ਲਤਾ ਨੇ ਵਿਦਿਆਰਥੀਆਂ ਦੀ ਕਾਰਗ਼ੁਜ਼ਾਰੀ ’ਤੇ ਤਸੱਲੀ
ਪ੍ਰਗਟਾਉਂਦਿਆਂ ਪੁਸਤਕ ਜਗਤ ਦੀਆਂ ਚੋਟੀ ਦੀਆਂ ਪੁਸਤਕਾਂ ਪੜ੍ਹਨ ਦਾ ਸੁਨੇਹਾ
ਦਿੱਤਾ। ਬੈਠਕ ਦਾ ਸੰਚਾਲਨ ਜਨਰਲ ਸਕੱਤਰ ਅਰਸ਼ਨੂਰ ਕੌਰ ਨੇ ਕੀਤਾ ਅਤੇ ਧੰਨਵਾਦ
ਦੀ ਰਸਮ ਪ੍ਰਧਾਨ ਕਰਮਜੀਤ ਕੌਰ ਨੇ ਨਿਭਾਈ। ਬੈਠਕ ਦੇ ਦੂਜੇ ਹਿੱਸੇ ਵਿਚ ਨਵੇਂ
ਸੈਸ਼ਨ ਲਈ ਸਰਵਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿਚ ਬੀ. ਏ. ਭਾਗ ਦੂਜਾ ਦੀ
ਵਿਦਿਆਰਥਣ ਸੁਖਦੀਪ ਕੌਰ ਪ੍ਰਧਾਨ ਅਤੇ ਬੀ. ਕਾਮ ਭਾਗ ਪਹਿਲਾ ਦੀ ਈਸ਼ਾ ਜਨਰਲ
ਸਕੱਤਰ ਦੇ ਅਹੁਦੇ ਲਈ ਚੁਣੇ ਗਏ।