|
ਭਿੰਦਰ ਜਲਾਲਾਬਾਦੀ
ਨਾਲ ਜਸਵਿੰਦਰ ਬਰਾੜ |
‘ਕੰਨੀ ਸੋਨਾ ਦੋ ਮਾਸੇ ਵੇ ਕੰਨੀ ਸੋਨਾ ਦੋ ਮਾਸੇ,
ਇਕ ਪਾਸੇ ਰੱਖ ਸੋਹਣਿਆ ਵੇ ਨਹੀਂ ਨਿਭਣੀ ਦੋ ਪਾਸੇ’
ਵਰਗੇ ਗੀਤ ਗਾਉਣ ਵਾਲੀ ਜਸਵਿੰਦਰ ਬਰਾੜ, ਜਿਸ ਦੇ ਗਾਏ ਸਭਿਆਚਾਰਕ ਗੀਤਾਂ ਨੂੰ ਹਰ
ਉਮਰ ਦੇ ਲੋਕ ਪਿਆਰ ਕਰਦੇ ਹਨ। ਉੱਚੇ ਸੁਰ ਵਿੱਚ ਜੋਸ਼ ਨਾਲ ਗਾਉਣਾ, ਗੀਤ ਗਾਉਂਦਿਆਂ
ਵਿੱਚ-ਵਿੱਚ ਲੋਕ ਤੱਥਾਂ ਦੀ ਵਰਤੋਂ ਕਰਦਿਆਂ ਫਿਰ ਗੀਤ ’ਚ ਜਾ ਮਿਲਣਾ, ਐਸੀ
ਪੇਸ਼ਕਾਰੀ ਜਸਵਿੰਦਰ ਦੀ ਖਾਸੀਅਤ ਵੀ ਹੈ ਤੇ ਉਸਦਾ ਆਪਣਾ ਹੀ ਅੰਦਾਜ਼ ਹੈ। ਉਸ ਦੇ
ਗਾਏ ਜਾਣ ਵਾਲੇ ਗੀਤਾਂ ਦੇ ਵਿਸ਼ੇ ਸਮਾਜਿਕ ਹੁੰਦੇ ਹਨ। ਪੰਜਾਬੀ ਜੀਵਨ ਦਾ ਵਰਤੋਂ
ਵਿਹਾਰ ਜਸਵਿੰਦਰ ਦੇ ਗੀਤਾਂ ਵਿੱਚ ਪੂਰੀ ਭਾਅ ਮਾਰਦਾ ਹੈ।
ਜਸਵਿੰਦਰ ਬਰਾੜ ਬਾਰੇ ਮੈਨੂੰ ਕੋਈ 15, 16 ਸਾਲ ਪਹਿਲਾਂ ਪਤਾ ਲੱਗਾ ਜਦ ਮੇਰੇ
ਮਾਤਾ ਜੀ ਪੰਜਾਬ ਤੋਂ ਆਏ ਸਨ। ਇੱਕ ਦਿਨ ਟੈਲੀਵੀਯਨ ਉਪਰ ਜਸਵਿੰਦਰ ਦਾ ਗੀਤ ਚੱਲ
ਰਿਹਾ ਸੀ, ਮੇਰੇ ਬੀਜੀ ਨੇ ਮੈਨੂੰ ਦੱਸਿਆ ਕਿ ਆਹ ਕੁੜੀ ਬਹੁਤ ਸੁਹਣਾ ਗਾਉਂਦੀ ਏ। ਉਸ
ਪਿਛੋਂ ਮੈਂ ਵੀ ਜਸਵਿੰਦਰ ਬਰਾੜ ਨੂੰ ਸੁਣਨ ਲੱਗ ਪਈ ਤੇ ਮੈਨੂੰ ਜਸਵਿੰਦਰ ਦੇ ਕਈ
ਹਿੱਟ ਗੀਤਾਂ ਦਾ ਪਤਾ ਲੱਗਿਆ। ਤਿੰਨ ਕੁ ਹਫਤੇ ਪਹਿਲਾਂ ਜਸਵਿੰਦਰ ਬਰਾੜ
ਇੱਕ ਸ਼ੋਅ ਦੇ ਸੰਦਰਭ ਵਿੱਚ ਇਥੇ (ਲੰਡਨ) ਆਈ ਹੋਈ ਸੀ 'ਤੇ ਮੈਨੂੰ ਉਸਨੂੰ ਮਿਲਣ ਦਾ
ਮੌਕਾ ਮਿਲਿਆ। ਜਿਸ ਦਿਨ ਮੈਂ ਜਸਵਿੰਦਰ ਨੂੰ ਮਿਲੀ, ਉਸਨੂੰ ਦੇਖਦਿਆਂ ਸਾਰ ਹੀ ਮੈਂ
ਉਸਦੇ ਇੱਕ ਗੀਤ ਦਾ ਮੁਖੜਾ ਛੋਅ ਲਿਆ, ‘ਖੜ੍ਹ ਜਾ ਚੰਨਾ ਵੇ ਮੇਰੀ ਮਾਂ ਰੋਈ
ਜਾਂਦੀ ਆ, ਦੇ ਦਿਆਂ ਦਿਲਾਸਾ ਮੇਰੀ ਰੋਈ ਜਾਂਦੀ ਆ’ 'ਤੇ ਜਸਵਿੰਦਰ ਨੇ
ਅਗਲੀਆਂ ਲਾਈਨਾਂ ਮੇਰੇ ਨਾਲ ਕਹਿ ਦਿੱਤੀਆਂ ‘ਮੇਰੇ ਭਾਅ ਦੀ ਕਾਹਲ, ਤੈਨੂੰ ਦੇਰ
ਹੋਈ ਜਾਂਦੀ ਆ, ਖੜ੍ਹ ਜਾ ਚੰਨਾ ਵੇ ਮੇਰੀ ਮਾਂ ਰੋਈ ਜਾਂਦੀ ਆ।’ ਫਿਰ ਬੈਠ ਕੇ
ਉਸਦਾ ਗਾਇਆ ਮਿਰਜ਼ਾ, ਛੱਲਾ ਅਤੇ ਤੈਨੂੰ ਰੱਜ ਕੇ ਰੁਆਵਾਂ ਕਿਤੇ ਟੱਕਰੇਂ ਜੇ ’ਕੱਲਾ,
ਜਿਊਂਦੇ ਰਹਿਣ, ਸਾਰੇ ਗੀਤਾਂ ਬਾਰੇ ਗੱਲਾਂ ਹੋਈਆਂ। ਜਸਵਿੰਦਰ ਦੀ ਗਾਇਕੀ ਦੇ ਹੁਣ
ਤੱਕ ਦੇ ਸਫਰ ਬਾਰੇ ਮੇਰੇ ਵਲੋਂ ਪੁੱਛੇ ਗਏ ਸਵਾਲ-
ਸਵਾਲ – ਜਸਵਿੰਦਰ ਬਰਾੜ ਨੂੰ ਇਸ ਪੰਜਾਬ ਯਾਨਿ ਯੂ.ਕੇ. ਦੀ ਧਰਤੀ ’ਤੇ ਆ ਕੇ
ਕਿਵੇਂ ਲੱਗਾ?
ਜਵਾਬ - ਇਹ ਪੰਜਾਬ ਵੀ ਮੈਨੂੰ ਓਸ ਪੰਜਾਬ ਵਰਗਾ ਲੱਗਿਆ, ਜਿਥੋਂ ਆਪਾਂ ਸਾਰੇ
ਆਏ ਹਾਂ। ਸਰੋਤਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਮੈਨੂੰ ਇਥੇ ਆ ਕੇ ਬਹੁਤ ਵਧੀਆ
ਲੱਗਾ।
ਸਵਾਲ - ਜਸਵਿੰਦਰ ਜੀ, ਇਹ ਦੱਸੋ ਕਿ ਜਸਵਿੰਦਰ ਦੇ ਅੰਦਲੀ ਗਾਇਕਾ ਕਦੋਂ ਕੁ
ਜਾਗੀ ਸੀ?
ਜਵਾਬ – ਮੈਂ ਝੂਠ ਨਹੀਂ ਕਹਾਂਗੀ, ਮੈਨੂੰ ਗਾਉਣ ਦਾ ਕੋਈ ਖਾਸ ਸ਼ੌਕ ਨਹੀਂ
ਸੀ। ਪਰ ਮੈਂ ਕਦੇ-ਕਦੇ ਸਕੂਲ ਦੀ ਬਾਲਸਭਾ ਵਿੱਚ ਲੰਬੀ ਹੇਕ ਲਾ ਕੇ ਇੱਕ ਧਾਰਮਿਕ ਗੀਤ
ਗਾਇਆ ਕਰਦੀ ਸੀ। ਉਹੀ ਗੀਤ ਕੋਈ ਛੋਟਾ-ਮੋਟਾ ਪ੍ਰੋਗਰਾਮ ਹੋਣਾ ਤਾਂ ਮੈਨੂੰ ਵੱਡਿਆਂ
ਨੇ ਉਤਸ਼ਾਹ ਦੇ ਕੇ ਗਾਉਣ ਲਾ ਦੇਣਾ ਤੇ ਫਿਰ ਇਨਾਮ ਵਜੋਂ ਮੈਨੂੰ ਥੋੜ੍ਹੇ ਪੈਸੇ ਦੇ
ਦੇਣਾ। ਇਨਾਮ ਵਾਲੇ ਪੈਸੇ ਲੈ ਕੇ ਮੈਨੂੰ ਚੰਗਾ ਲੱਗਣਾ ਕਿ ਚਲੋ ਦੋ ਟਾਈਮ ਦਾ ਖਾਣਾ
ਘਰ ਆ ਗਿਆ। ਮੇਰੀ ਜ਼ਰੂਰਤ ਨੇ ਹੀ ਮੈਨੂੰ ਇਸ ਗਾਇਕੀ ਲਾਈਨ ਵਿੱਚ ਲਿਆਂਦਾ। ਜੋ ਬਾਅਦ
ਵਿੱਚ ਮੇਰਾ ਜਨੂੰਨ ਬਣ ਗਿਆ, ਜਿਥੇ ਮੈਂ ਅੱਜ ਤੱਕ ਗਾਇਕੀ ਦੇ ਸਭਿਆਚਰਕ ਪੱਖ ਨੂੰ
ਮੁੱਖ ਰੱਖਿਆ।
ਸਵਾਲ – ਮੈਂ ਸੁਣਿਐ ਕਿ ਤੁਹਾਡੀ ਗਾਇਕੀ ਪ੍ਰਤੀ ਤੁਹਾਡੇ ਪ੍ਰੀਵਾਰ ਦਾ ਰਵੱਈਆ
ਹਮੇਸ਼ਾ ਹਾਂ-ਪੱਖੀ ਰਿਹਾ, ਪਰ ਕੁਝ ਕੁ ਰਿਸ਼ਤੇਦਾਰਾਂ ਵਲੋਂ ਤੁਹਾਨੂੰ ਵਿਰੋਧ ਵੀ
ਸਹਿਣਾ ਪਿਆ। ਇਸ ਸਥਿਤੀ ਨੂੰ ਜਸਵਿੰਦਰ ਨੇ ਕਿਵੇਂ ਸੰਭਾਲਿਆ?
ਜਵਾਬ – ਕੁਝ ਕੁ ਨਹੀਂ, ਲਗਪਗ ਸਾਰੇ ਰਿਸ਼ਤੇਦਾਰਾਂ ਵਲੋਂ ਹੀ ਮੇਰੇ ਗਾਇਕੀ
ਦੇ ਖੇਤਰ ਵਿੱਚ ਆਉਣ ਕਰਕੇ ਵਿਰੋਧ ਕੀਤਾ ਗਿਆ ਸੀ। ਮੈਂ ਉਪਰ ਵੀ ਦੱਸਿਆ ਕਿ ਇਸ ਲਾਈਨ
ਵਿੱਚ ਮੈਂ ਆਪਣੇ ਪਰਿਵਾਰ ਦੀਆਂ ਲੋੜਾਂ ਕਰਕੇ ਆਈ, ਮੈਨੂੰ ਰੋਜ਼ੀ ਮਿਲੀ। ਮੇਰਾ
ਮੰਨਣਾ ਕਿ ਸੰਗੀਤ ਦੀ ਵਰਤੋਂ ਸਹੀ ਢੰਗ ਨਾਲ ਹੋਵੇ ਤੇ ਇਹ ਖੇਤਰ ਮਾੜਾ ਨਹੀਂ।
ਲੱਚਰਤਾ ਤੋਂ ਦੂਰ ਰਹਿ ਕੇ ਗਾਇਆ ਜਾਵੇ ਤਾਂ ਸੰਗੀਤ ਜਿਹਾ ਸਰੂਰ ਨਹੀਂ। ਅੱਜਕਲ੍ਹ
ਉਨ੍ਹਾਂ ਵਿਰੋਧ ਕਰਨ ਵਾਲਿਆਂ ਬਾਰੇ ਸੋਚ ਕੇ ਅਕਸਰ ਮੇਰੇ ਦਿਮਾਗ ਵਿੱਚ ਸਵਾਲ ਖਹਿਣ
ਲੱਗ ਜਾਂਦੇ ਨੇ ਕਿ ‘ਮੈਨੂੰ ਵਰਜ ਕੇ ਕੀ ਫਾਇਦਾ ਹੋਇਆ ਹੋਊ?’ ਇਹ ਵੀ ਸੋਚ ਆਉਂਦੀ ਹੈ
ਕਿ ਜੇ ਮੈਂ ਡਰ ਕੇ ਗਾਉਣਾ ਛੱਡ ਦਿੰਦੀ ਤਾਂ ਮੈਨੂੰ ਮੇਰੀ ਹਸਰਤ ਨੂੰ ਮਾਰਨਾ ਪੈਣਾ
ਸੀ ਤੇ ਮੇਰੀ ਰੋਜ਼ੀ ਵਿੱਚ ਵੀ ਅਟਕ ਪੈਣੀ ਸੀ।
ਸਵਾਲ - ਜਸਵਿੰਦਰ ਬਰਾੜ ਹੁਣ ਇੱਕ ਸਥਾਪਿਤ ਕਲਾਕਾਰ ਹੈ। ਇਸ ਵਿਕਾਸ ਵਿੱਚ
ਪਰਿਵਾਰ ਤੋਂ ਇਲਾਵਾ ਹੋਰ ਕਿਸ ਨੇ ਮਦਦ ਕੀਤੀ?
ਜਵਾਬ – ਭਿੰਦਾ ਡੱਬਵਾਲੀ ਤੇ ਗੋਇਲ ਮਿਊਜ਼ਿਕ ਕੰਪਨੀ ਅਤੇ ਅਮਰ ਆਡੀਓ ਵਾਲੇ
ਪਿੰਕੀ ਧਾਲੀਵਾਲ ਹੋਰਾਂ ਦੀ ਮਦਦ ਸਦਕਾ ਮੇਰੀ ਪਛਾਣ ਬਣੀ, ਜਿਨ੍ਹਾਂ ਦੀ ਮੈਂ ਰਿਣੀ
ਹਾਂ।
ਸਵਾਲ - ਇੱਕ ਔਰਤ ਹੋ ਕੇ ਗਾਇਕੀ ਦੇ ਖੇਤਰ ਵਿੱਚ ਵਿਚਰਦਿਆਂ ਬਾਹਰਲੇ ਮਾਹੌਲ
ਵਿੱਚ ਕਦੇ ਕੋਈ ਮੁਸ਼ਕਿਲ ਪੇਸ਼ ਆਈ ਕਿ ਸਭ ਨਾਰਮਲ ਚੱਲਦਾ ਰਿਹਾ?
ਜਵਾਬ - ਮੇਰੇ ’ਤੇ ਅੱਜ ਤੱਕ ਉੱਪਰ ਵਾਲੇ ਦੀ ਬੜੀ ਮੇਹਰ ਰਹੀ। ਸਰੋਤਿਆਂ
ਵਲੋਂ ਹਮੇਸ਼ਾ ਵਧੀਆ ਹੁੰਗਾਰਾ ਮਿਲਿਆ। ਇੱਕ-ਅੱਧ ਘਟਨਾ ਨੂੰ ਛੱਡ ਕੇ ਮੈਨੂੰ ਸੁਣਨ
ਵਾਲਿਆਂ ਵਲੋਂ ਬਹੁਤ ਪਿਆਰ ਸਤਿਕਾਰ ਮਿਲਿਆ।
ਸਵਾਲ - ਕੀ ਗੀਤ ਤੁਸੀਂ ਆਪ ਸਿਲੈਕਟ ਕਰਦੇ ਹੋ?
ਜਵਾਬ - ਇਹ ਸਾਡਾ ਟੀਮ ਵਰਕ ਹੈ। ਸੰਗੀਤਕਾਰ ਸਚਿਨ ਅਹੂਜਾ ਵੀਰਜੀ ਵੀ ਗੀਤ
ਸਿਲੈਕਟ ਕਰਨ ਵਿੱਚ ਮਦਦ ਕਰਦੇ ਹਨ ਅਤੇ ਪਰਿਵਾਰ ਵਿੱਚ ਬੈਠ ਕੇ ਵੀ ਸਲਾਹ ਕਰੀਦੀ ਹੈ
ਕਿ ਇਸ ਗੀਤ ਦਾ ਅੱਛਾ ਹੁੰਗਾਰਾ ਮਿਲ ਸਕਦਾ ਹੈ। ਮੇਰੀ ਤਰਫੋਂ ਗੀਤ ਦੇ ਬੋਲ ਵਧੀਆ
ਹੋਣ ਤੇ ਬੋਲਾਂ ਵਿੱਚ ਸੁਨੇਹਾ ਹੋਵੇ, ਇਸ ਚੀਜ਼ ’ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ
ਹੈ।
ਸਵਾਲ - ਕੀ ਗੀਤ ਲਿਖਣ ਵਾਲੇ ਤੁਹਾਡੇ ਤੱਕ ਖੁਦ ਪਹੁੰਚ ਕਰਦੇ ਹਨ ਜਾਂ ਕਦੇ
ਆਪ ਵੀ ਤੁਸੀਂ ਕਿਸੇ ਤੋਂ ਗੀਤ ਆਖ ਕੇ ਲੈਂਦੇ ਹੋ?
ਜਵਾਬ - ਆਪ ਵੀ ਪਹੁੰਚ ਕਰ ਲਈਦੀ ਏ। ਜਿਵੇਂ ਕਈ ਗੀਤਕਾਰਾਂ ਨੂੰ ਵਿਸ਼ਾ ਦੱਸ
ਕੇ ਲਿਖਵਾ ਲਈਦਾ ਗੀਤ। ਕੁਝ ਗੀਤਕਾਰ ਆਪ ਵੀ ਪਹੁੰਚ ਕਰ ਲੈਂਦੇ ਨੇ। ਗੀਤ ਬਾਰੇ ਮੇਰੇ
ਵਲੋਂ ਸਪੱਸ਼ਟ ਕੀਤਾ ਜਾਂਦਾ ਕਿ ਗੀਤ ਸਾਡੇ ਸਭਿਆਚਾਰ ਦੇ ਮੇਚ ਦੇ ਹੋਣ ਤੇ ਮੈਨੂੰ
ਗੀਤ ਗਾਉਂਦਿਆਂ ਬੁਰਾ ਮਹਿਸੂਸ ਨਾ ਹੋਵੇ।
ਸਵਾਲ - ਤੁਸਾਂ ਹਾਲ ਹੀ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਵਲੋਂ ਹੇਜ਼ (ਲੰਡਨ)
ਵਿੱਚ ਕਰਵਾਏ ਗਏ ਮੇਲੇ ’ਚ ਬੜੀ ਜ਼ਬਰਦਸਤ ਪ੍ਰੀਫੋਰਮੈਂਸ ਦਿੱਤੀ। ਉਥੇ ਵੱਡੀ ਗਿਣਤੀ
ਵਿੱਚ ਪਹੁੰਚੇ ਦਰਸ਼ਕਾਂ ਦੇ ਮਿਲੇ ਹਾਂ-ਪੱਖੀ ਹੁੰਗਾਰੇ ਨਾਲ ਕਿਵੇਂ ਮਹਿਸੂਸ ਕਰਦੇ
ਹੋ?
ਜਵਾਬ – ਇਸ ਮੇਲੇ ਦੌਰਾਨ ਸਰੋਤਿਆਂ ਦਾ ਆਰਾਮ ਨਾਲ ਬੈਠ ਕੇ ਮੇਰੇ ਗੀਤ
ਸੁਣਨਾ ਮੈਨੂੰ ਬਹੁਤ ਚੰਗਾ ਲੱਗਿਆ। ਉਨ੍ਹਾਂ ਦਾ ਪਿਆਰ ਦੇਖ ਕੇ ਮੇਰਾ ਦਿਲ ਆਖਦਾ ਏ
ਕਿ ਅਗਰ ਇਸ ਤਰ੍ਹਾਂ ਦੇ ਹੋਰ ਵੀ ਪੰਜ-ਸੱਤ ਮੇਲੇ ਹੁੰਦੇ ਤਾਂ ਮੈਂ ਗਾਉਂਦੀ ਨਾ
ਥੱਕਦੀ। ਇਸ ਮੇਲੇ ਦੇ ਪ੍ਰਬੰਧਕਾਂ ਦਾ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਦਾ ਪ੍ਰਬੰਧ
ਕਾਬਲੇ ਤਾਰੀਫ ਸੀ ਤੇ ਸਾਰੇ ਗਰੁੱਪ ਨੇ ਮੈਨੂੰ ਬਹੁਤ ਇੱਜ਼ਤ ਦਿੱਤੀ।
ਸਵਾਲ - ਤੁਹਾਡੇ ਗਾਉਣ ਢੰਗ ਦੀ ਇੱਕ ਵਿਲੱਖਣਤਾ ਹੈ ਕਿ ਤੁਸੀਂ ਗੀਤ
ਗਾਉਂਦਿਆਂ ਵਿੱਚ-ਵਿੱਚ ਰੁਕ ਕੇ ਟੋਟਕੇ ਸਟੇਜ ਉਪਰ ਬੋਲਦੇ ਹੋ, ਜਿਸ ਨਾਲ ਦਰਸ਼ਕ
ਵਾਹ-ਵਾਹ ਕਰ ਉੱਠਦੇ ਹਨ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ?
ਜਵਾਬ- ਮੈਨੂੰ ਆਦਤ ਹੈ ਕਿ ਗੀਤ ਨਾਲ ਰਿਲੇਟ ਕਰਦੇ ਕੁਝ ਲੋਕ ਤੱਥ ਬੋਲਣ ਦੀ,
ਜਿਨ੍ਹਾਂ ਵਿੱਚ ਕੁਝ ਸਿੱਖਣ ਵਾਲਾ ਹੁੰਦਾ, ਕਦੇ ਹਸਾਉਣ ਵਾਲੀਆਂ ਗੱਲਾਂ ਵੀ ਕਰਦੀ
ਹਾਂ। ਬਾਕੀ ਸਰੋਤਿਆਂ ਦਾ ਮੰਨੋਰੰਜਨ ਕਰਨਾ ਸਾਡਾ ਫਰਜ਼ ਹੁੰਦਾ ਤੇ ਦੂਜਾ ਇਹ ਵੀ
ਖਿਆਲ ਰੱਖਿਆ ਜਾਂਦਾ ਕਿ ਕਹਿਣ ਵਾਲੀਆਂ ਗੱਲਾਂ ਵਿੱਚ ਕੋਈ ਉਦੇਸ਼ ਹੋਵੇ।
ਸਵਾਲ - ਗਾਇਕਾ ਜਸਵਿੰਦਰ ਬਰਾੜ ਨੂੰ ਹੱਲਾਸ਼ੇਰੀ ਦੇਣ ਵਾਲੇ ਅਤੇ ਲੱਤਾਂ
ਖਿੱਚਣ ਵਾਲੇ ਲੋਕਾਂ ਬਾਰੇ, ਮੈਂ ਜਸਵਿੰਦਰ ਦਾ ਤਜ਼ਰਬਾ ਜਾਨਣਾ ਚਾਹਾਂਗੀ?
ਜਵਾਬ - ਮੈਨੂੰ ਸਟੇਜ ’ਤੇ ਪ੍ਰੀਫੋਰਮ ਕਰਦਿਆਂ ਦਰਸ਼ਕਾਂ ਵਲੋਂ ਬੜੀ
ਹੱਲਾਸ਼ੇਰੀ ਮਿਲਦੀ ਹੈ। ਉਸ ਵਕਤ ਇੱਕ ਡਰ ਵੀ ਨਾਲ ਤੁਰ ਰਿਹਾ ਹੁੰਦਾ ਤੇ ਮੈਂ ਅੰਦਰ
ਰੱਬ ਨੂੰ ਯਾਦ ਕਰਦੀ ਰਹਿੰਦੀ ਹਾਂ। ਦੂਸਰੀ ਗੱਲ ਦਾ ਜਵਾਬ (ਥੋੜ੍ਹਾ ਹੱਸ ਕੇ) ਕੋਈ
ਸ਼ੱਕ ਨਹੀਂ, ਲੱਤਾਂ ਖਿੱਚਣ ਵਾਲੇ ਹਾਲੇ ਵੀ ਹੈਗੇ ਨੇ।
ਸਵਾਲ – ਮੈਂ ਤੁਹਾਨੂੰ ਕਹਿੰਦਿਆਂ ਸੁਣਿਆ ਕਿ ਸਾਡੇ ਸਭ ਦੇ ਸਤਿਕਾਰਤ ਗਾਇਕ
ਸਵ: ਕੁਲਦੀਪ ਮਾਣਕ ਸਾਹਿਬ ਦੀ ਗਾਇਕੀ ਤੋਂ ਤੁਸੀਂ ਪ੍ਰਭਾਵਿਤ ਰਹੇ ਹੋ? ਉਨ੍ਹਾਂ ਦੀ
ਹਾਜ਼ਰੀ ’ਚ ਗਾਉਣ ਦਾ ਵੀ ਤੁਹਾਨੂੰ ਮੌਕਾ ਮਿਲਿਆ। ਮਾਣਕ ਸਾਹਿਬ ਤੋਂ ਇਲਾਵਾ ਕਿਸੇ
ਹੋਰ ਗਾਇਕ ਜਾਂ ਗਾਇਕਾ ਨੂੰ ਆਪਣਾ ਰੋਲ ਮਾਡਲ ਸਮਝਦੇ ਹੋ?
ਜਵਾਬ - ਸਵ: ਮਾਣਕ ਸਾਹਿਬ ਦੀ ਗਾਇਕੀ ਤੋਂ ਮੈਂ ਬਹੁਤ ਪ੍ਰਭਾਵਿਤ ਰਹੀ ਹਾਂ।
ਉਨ੍ਹਾਂ ਦਾ ਉਹ ਬਾਂਹ ਕੱਢ ਕੇ ਗਾਉਣ ਵਾਲਾ ਅੰਦਾਜ਼, ਮੈਨੂੰ ਏਨਾ ਕੁ ਚੰਗਾ ਲੱਗਦਾ
ਸੀ ਕਿ ਮੈਂ ਖੁਦ ਵੀ ਇਹ ਤਰੀਕਾ ਅਖਤਿਆਰ ਕਰ ਲਿਆ। ਉਨ੍ਹਾਂ ਨੇ ਹੀ ਮੈਨੂੰ ਲੋਕਗੀਤ
ਗਾਉਣ ਦੀ ਸਲਾਹ ਦਿੱਤੀ ਸੀ। ਜਗਮੋਹਣ ਕੌਰ ਹੋਰਾਂ ਦਾ ਪੇਸ਼ਕਾਰੀ ਢੰਗ ਵੀ ਮੇਰੇ ਮਨ
ਨੂੰ ਬਹੁਤ ਖਿੱਚ ਪਾਉਂਦਾ ਸੀ। ਸੋ ਮੈਂ ਇਨ੍ਹਾਂ ਦੋਹਾਂ ਕਲਾਕਾਰਾਂ ਦੀ ਰੀਸ ਕਰਦੀ
ਰਹੀ ਹਾਂ।
ਸਵਾਲ – ਤੁਹਾਡਾ ਗਾਇਆ ਗੀਤ ‘ਛੱਲਾ’ ਦਰਦ ਦੀ ਵੇਦਨਾ ਨੂੰ ਤਿੱਖਾ ਕਰਦਾ, ਮਨ
ਵਿੱਚ ਦ੍ਰਿਸ਼ ਉਲੀਕਦਾ ਤੁਰਿਆ ਜਾਂਦਾ ਹੈ? ਕਿਉਂਕਿ ਤੁਸੀਂ ਛੱਲੇ ਦੀ ਪ੍ਰੀਭਾਸ਼ਾ ਵੀ
ਬਕਾਇਦਾ ਦੱਸ ਕੇ ਗੀਤ ਸ਼ੁਰੂ ਕਰਦੇ ਹੋ? ਇਸ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ?
ਜਵਾਬ - ਪਹਿਲਾਂ ਮੈਨੂੰ ਵੀ ਗਾਏ ਜਾਣ ਵਾਲੇ ਇਸ ‘ਛੱਲੇ’ ਬਾਰੇ ਗਿਆਨ ਨਹੀਂ
ਸੀ। ਜਦ ਲਹਿੰਦੇ ਪੰਜਾਬ ਦੇ ਕਿਸੇ ਲੇਖਕ ਨੇ ਅਸਲ ਕਹਾਣੀ ਲਿਖ ਕੇ ‘ਛੱਲੇ’ ਦਾ ਦਰਦ
ਬਿਆਨ ਕੀਤਾ ਤੇ ਮੈਨੂੰ ਪੜ੍ਹ ਕੇ ਇਸ ਬਾਰੇ ਜਾਣਕਾਰੀ ਮਿਲੀ ਤਾਂ ਮੈਂ ‘ਛੱਲੇ’ ਦੇ
ਬਾਪ ਦਾ ਦਰਦ ਆਪਣੇ ਅੰਦਰ ਸਮਾ ਕੇ ਇਹ ਗੀਤ ਸਟੇਜ ’ਤੇ ਗਾਇਆ। ਮੈਂ ਉਸ ਦਿਨ ਪਹਿਲੀ
ਵਾਰ ਮੈਂ ਲੋਕਾਂ ਨੂੰ ਗੀਤ ਸੁਣ ਕੇ ਹੰਝੂ ਪੂੰਜਦੇ ਦੇਖਿਆ। ਅੱਜਕੱਲ੍ਹ ਇਹ ਮੇਰਾ ਗੀਤ
ਬਹੁਤ ਸਲਾਹਿਆ ਜਾਣ ਲੱਗਾ। ਵੈਸੇ ‘ਮਿਰਜ਼ਾ’ ‘ਛੱਲਾ’ ਅਤੇ ‘ਬੋਲ ਮਿੱਟੀ ਦਿਆ ਬਾਵਿਆ’
ਗੀਤ ਮੇਰੀ ਪਛਾਣ ਦੇ ਚਿੰਨ੍ਹ ਹਨ।
ਸਵਾਲ - ਪਿਆਰ ਮੁਹੱਬਤ ਦੀ ਸਾਂਝ ਨੂੰ ਜਸਵਿੰਦਰ ਬਰਾੜ ਗਾ ਕੇ ਬਾਖੂਬੀ
ਨਿਭਾਇਆ ਹੈ। ਕੀ ਮੁਹੱਬਤ ਬਿਨਾ ਜ਼ਿੰਦਗੀ ਨਕਾਰਾ ਹੈ ਮੰਨਦੇ ਹੋ?
ਜਵਾਬ - ਕੁਝ ਲੋਕ ਮੁਹੱਬਤ ਦਾ ਨਾਂ ਸੁਣ ਕੇ ਹੀ ਨੀਵੀਂ ਪਾ ਲੈਦੇ ਨੇ।
ਮੈਨੂੰ ਮੁਹੱਬਤ ਹੈ ਮੇਰੇ ਪਰਿਵਾਰ ਨਾਲ, ਮੇਰੇ ਗੀਤਾਂ ਨਾਲ। ਮੈਂ ਸਟੇਜ ਉਪਰ ਬੇਸੁੱਧ
ਹੋ ਕੇ ਗਾਉਂਦੀ ਹਾਂ। ਪਤਾ ਨਹੀਂ ਕਿਉਂ ਕੁਝ ਲੋਕ ਅੱਜ ਤੱਕ ਇਸ਼ਕ ਮੁਹੱਬਤ ਦੇ ਇੱਕੋ
ਹੀ ਤਰ੍ਹਾਂ ਦੇ ਅਰਥ ਲਈ ਬੈਠੇ ਨੇ। ਰੱਬ ਨਾਲ ਵੀ ਇਸ਼ਕ ਕੀਤਾ ਜਾ ਸਕਦਾ ਏ।
ਨਾਂਹ-ਪੱਖੀ ਸੋਚ ਬਦਲ ਲਈ ਜਾਵੇ ਤਾਂ ਮੁਹੱਬਤ ਦੇ ਅਰਥ ਸਮਝ ਆ ਜਾਣਗੇ।
ਸਵਾਲ – ਕੀ ਜਸਵਿੰਦਰ ਹੁਣ ਤੱਕ ਦੀਆਂ ਪ੍ਰਾਪਤੀਆਂ ਤੋਂ ਸੰਤੁਸ਼ਟ ਹੈ, ਜਾਂ
ਸੁਪਨਿਆਂ ਦੀ ਜਦੋਜਹਿਦ ਜਾਰੀ ਹੈ?
ਜਵਾਬ- ਮੇਰੇ ਸੁਪਨੇ ਹਾਲੇ ਪੂਰੇ ਨਹੀਂ ਹੋਏ। ਜੋ ਮੈਂ ਐਗਰੀਮੈਂਟ ਦੇ ਅਧੀਨ
ਕਰ ਨਹੀਂ ਸਕੀ, ਉਹ ਕਰਨਾ ਚਾਹੁੰਦੀ ਹਾਂ। ਗਾਇਕੀ ਖੇਤਰ ਵਿੱਚ ਮੇਰਾ ਅਜੇ ਤੇ ਸੌ
ਵਿੱਚੋਂ ਸਾਢੇ ਨੜੱਨਵੇਂ ਫੀਸਦੀ ਕੰਮ ਕਰਨ ਵਾਲਾ ਪਿਆ ਹੈ ਜਿਸ ਵਾਸਤੇ ਜਦੋਜਹਿਦ ਜਾਰੀ
ਹੈ। ਸਰੋਤਿਆਂ ਤੋਂ ਮਿਲਣ ਵਾਲੇ ਪਿਆਰ ਨਾਲ ਸੰਤੁਸ਼ਟ ਹਾਂ।
ਸਵਾਲ - ਹੁਣ ਦੀ ਅਤੇ ਪਹਿਲੀ ਗਾਇਕੀ ਵਿੱਚ ਤੁਹਾਨੂੰ ਕੋਈ ਫਰਕ ਲੱਗਦੈ?
ਜਵਾਬ - ਬਹੁਤ ਫਰਕ ਹੈ। ਉਦੋਂ ਮੰਨੋਰੰਜਨ ਦੇ ਹੋਰ ਸਾਧਨ ਘੱਟ ਸਨ। ਗਾਇਕ
ਕਲਾਕਾਰ ਦੇ ਕੱਪੜਿਆਂ ਦਾ ਨਹੀ, ਸਾਜਾਂ ਦਾ ਮੁੱਲ ਪੈਂਦਾ ਸੀ। ਗੀਤ ਦੇ ਬੋਲ ਧਿਆਨ
ਨਾਲ ਸੁਣੇ ਜਾਂਦੇ ਸਨ। ਲੋਕਾਂ ਨੂੰ ਮੂੰਗੀ ਦੀ ਦਾਲ ਤੇ ਚੱਟਣੀ ਨੂੰ ਨਹੀਂ ਭੁੱਲਣਾ
ਚਾਹੀਦਾ। ਹੁਣ ਵਾਲੇ ਗਾਇਕ ਵੀ ਸਮੇਂ ਅਨੁਸਾਰ ਵਧੀਆ ਗਾ ਰਹੇ ਹਨ, ਤਰੱਕੀਆਂ ਕਰਨ।
ਸਵਾਲ - ਤੁਹਾਡਾ ਗਾਇਆ ਗੀਤ ਮਿਰਜ਼ਾ ਬਹੁਤ ਮਕਬੂਲ ਹੋਇਆ, ਇਸ ਗੀਤ ਨੂੰ ਸੁਣ
ਕੇ ਲੋਕ ਅਕਸਰ ਕਹਿੰਦੇ ਸੁਣੇ ਜਾਂਦੇ ਹਨ ਕਿ ਜਸਵਿੰਦਰ ਵਿੱਚੋਂ ਉਨ੍ਹਾਂ ਨੂੰ ਸਵ:
ਗਾਇਕਾ ਜਗਮੋਹਣ ਕੌਰ ਤੇ ਕਦੇ ਗੁਰਮੀਤ ਬਾਵਾ ਜੀ ਦੀ ਝਲਕ ਪੈਂਦੀ ਹੈ, ਕੀ ਤੁਹਾਨੂੰ
ਵੀ ਇੰਵੇਂ ਪ੍ਰਤੀਤ ਹੁੰਦਾ?
ਜਵਾਬ – ਅਗਰ ਮੇਰੀ ਤੁਲਨਾ ਗੁਰਮੀਤ ਬਾਵਾ ਜੀ ਜਾਂ ਜਗਮੋਹਣ ਕੌਰ ਹੋਰਾਂ ਨਾਲ
ਕੀਤੀ ਜਾਂਦੀ ਹੈ ਤੇ ਮੇਰੇ ਵਾਸਤੇ ਮਾਣ ਵਾਲੀ ਗੱਲ ਹੈ। ਅਕਸਰ ਸਰੋਤੇ ਜੱਜ ਹੁੰਦੇ
ਨੇ, ਮੈਨੂੰ ਸੁਣ ਕੇ ਚੰਗਾ ਲੱਗਿਆ।
ਸਵਾਲ - ਸੰਗੀਤ ਜਗਤ ਵਿੱਚ ਰਹਿ ਕੇ ਜਸਵਿੰਦਰ ਦੇ ਭਵਿੱਖ ਦੀਆਂ ਕੀ ਯੋਜਨਾਵਾਂ
ਹਨ?
ਜਵਾਬ – ਵਾਹਿਗੁਰੂ ਸਾਥ ਦੇਵੇ, ਸਰੋਤਿਆਂ ਦਾ ਪਿਆਰ ਮਿਲਦਾ ਰਹੇ ਤਾਂ ਮੈਂ
ਬਹੁਤ ਕੁਝ ਕਰਨਾ ਚਾਹੁੰਦੀ ਹਾਂ। ਇੱਕ ਗੀਤ ਦਾ ਜ਼ਿਕਰ ਕਰਨਾ ਚਾਹਾਂਗੀ ਜੋ ਜਲਦ ਹੀ ਆ
ਰਿਹਾ, ਜਿਸ ਵਿੱਚ ਇੱਕ ‘ਮੁੱਲ ਦੀ ਔਰਤ’ ਦੇ ਦੁਖਾਂਤ ਦਾ ਵਰਨਣ ਹੈ। ਉਮੀਦ ਹੈ ਕਿ
ਸਰੋਤੇ ਅੱਛਾ ਹੁੰਗਾਰਾ ਦੇਣਗੇ।
ਸਵਾਲ - ਮੌਜੂਦਾ ਦੌਰ ਦੇ ਭੱਖਦੇ ਸਮਾਜਿਕ ਮਸਲੇ ਦੀ ਗੱਲ ਕਰਦਾ ਤੁਹਾਡਾ
ਤਾਜ਼ਾ ਗੀਤ ਯੂ ਟਿਊਬ ’ਤੇ ਵੱਡੀ ਗਿਣਤੀ ਵਿੱਚ ਸੁਣਿਆ ਜਾ ਰਿਹਾ ਹੈ ਅਤੇ ਹਰ ਜਗ੍ਹਾ
ਇਸ ਗੀਤ ਦੇ ਚਰਚੇ ਹੋ ਰਹੇ ਹਨ। ਇਸ ਬਾਰੇ ਕੁਝ ਦੱਸੋ?
ਜਵਾਬ – ਮੇਰੇ ਇਸ ਨਵੇਂ ਗੀਤ ‘ਐਸ.ਵਾਈ.ਐੱਲ. ਬਾਅਦ ਵਿੱਚ ਰੋਕ ਲੈਣਾ,
ਪਹਿਲਾਂ ਰੋਕ ਲਉ ਕਿਸਾਨਾਂ ਦੀਆਂ ਖੁਦਕੁਸ਼ੀਆਂ’ ਨੂੰ ਲਾਲੀ ਦਾਦੂ ਮਾਜ਼ਰੇ ਵਾਲੇ ਨੇ
ਲਿਖਿਆ, ਸਚਿਨ ਅਹੂਜਾ ਦਾ ਸੰਗੀਤ ਹੈ ਅਤੇ ਪੀ.ਟੀ.ਸੀ. ਦਾ ਅਹਿਮ ਰੋਲ ਹੈ ਇਸ ਗੀਤ
ਨੂੰ ਸਰੋਤਿਆਂ ਤੱਕ ਪਹੁੰਚਾਉਣ ਦਾ। ਇਹ ਮਸਲਾ ਬਹੁਤ ਗੰਭੀਰ ਹੈ ਜੋ ਇਸ ਗੀਤ ਦਾ
ਵਿਸ਼ਾ ਹੈ ਤੇ ਇਸ ’ਤੇ ਗੌਰ ਕੀਤਾ ਜਾਣਾ ਜ਼ਰੂਰੀ ਹੈ। ਉਮੀਦ ਹੈ ਕਿ ਅੱਛਾ ਹੁੰਗਾਰਾ
ਮਿਲੇਗਾ।
ਸਵਾਲ – ਅੰਤ ਵਿੱਚ ਆਪਣੇ ਚਾਹੁਣ ਵਾਲਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ?
ਜਵਾਬ - ਚਾਹੁਣ ਵਾਲਿਆਂ ਨੂੰ ਮੇਰਾ ਕਹਿਣਾ ਹੈ ਕਿ ਜਿਵੇਂ ਹੁਣ ਤੱਕ ਮੈਨੂੰ
ਏਨਾ ਪਿਆਰ ਦਿੱਤਾ, ਇਵੇਂ ਹੀ ਮੇਰੀ ਗਾਇਕੀ ਨੂੰ ਪਿਆਰ ਕਰਦੇ ਰਹਿਣ। ਜੇ ਮੇਰੇ ਕੋਲੋਂ
ਕੋਈ ਗਲਤੀ ਹੋ ਗਈ ਹੋਵੇ ਤਾਂ ਛੇਤੀ ਮੁਆਫ ਕਰ ਦੇਣ, ਲੰਬਾ ਸਮਾਂ ਨਾ ਲਾਉਣ।
ਸ਼ੁਕਰੀਆ ਜਸਵਿੰਦਰ ਜੀ! ਤੁਹਾਡੇ ਦ੍ਰਿੜ ਇਰਾਦੇ ਕਾਇਮ ਰਹਿਣ ਤੇ ਆਪਣੀ ਸੁਥਰੀ
ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ’ਚ ਵੱਸਦੇ ਰਹੋ।
bjalalabadi@hotmail.co.uk
|