ਫ਼ਿਲਮ ‘ਜਵੈਲ ਥੀਫ’, ‘ਜਾਨੀ ਮੇਰਾ ਨਾਮ’, ‘ਪਰੇਮ ਪੁਜਾਰੀ’, ‘ਹਰੇ ਰਾਮਾ ਹਰੇ
ਕ੍ਰਿਸ਼ਨਾ’ ਵਰਗੀਆਂ ਚਰਚਿਤ ਫਿਲਮਾਂ ਦਰਸਕਾਂ ਲਈ ਪੇਸ਼ ਕਰਨ ਵਾਲੇ,
ਖ਼ੂਬਸੂਰਤ ਸੂਰਤ-ਸੀਰਤ ਵਾਲੇ, 100 ਤੋਂ ਵੱਧ ਫਿਲਮਾਂ ‘ਚ ਆਪਣੀ ਅਦਾਕਾਰੀ ਦਾ
ਜਲਵਾ ਬਿਖੇਰਨ ਵਾਲੇ ਅਤੇ 35 ਤੋਂ ਵੱਧ ਫਿਲਮਾਂ ਦਾ ਆਪਣੀ 1949 ਵਿੱਚ ਸਥਾਪਤ ਕੀਤੀ
‘ਨਵਕੇਤਨ ਇੰਟਰਨੈਸ਼ਨਲ ਕੰਪਨੀ’ ਰਾਹੀਂ ਨਿਰਮਾਣ ਕਾਰਜ ਨੇਪਰੇ ਚਾੜਨ ਵਾਲੇ ਬਾਲੀਵੁੱਡ
ਦੇ 88 ਸਾਲਾ ਸਦਾਬਹਾਰ ਅਭਿਨੇਤਾ ਦੇਵ ਆਨੰਦ ਦੀ ਜਦ ਵਸ਼ਿੰਗਟਨ ਮੇਫ਼ੇਅਰ ਹੋਟਲ ਲੰਡਨ
ਵਿੱਚ 4 ਦਸੰਬਰ ਨੂੰ ਹਾਰਟ ਅਟੈਕ ਨਾਲ ਅਚਾਨਕ ਮੌਤ ਹੋ ਗਈ,ਤਾਂ ਫ਼ਿਲਮ ਜਗਤ ਵਿੱਚ
ਮਯੂਸੀ ਦਾ ਆਲਮ ਬਣ ਗਿਆ । ਇਸ ਸਮੇ ਉਹਨਾਂ ਕੋਲ ਉਹਨਾਂ ਦਾ ਪੁੱਤਰ ਸੁਨੀਲ ਹੀ ਹਾਜ਼ਰ
ਸੀ ।
ਮੁਢਲੇ ਨਾਂਅ ਧਰਮ ਦੇਵ ਪਿਸ਼ੌਰੀ ਮੱਲ ਆਨੰਦ ਅਤੇ ਫ਼ਿਲਮੀ ਨਾਂਅ ਦੇਵ ਆਨੰਦ ਨੇ
1946 ‘ਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ‘ਹਮ ਏਕ ਹੈਂ’ ਫਿਲਮ ਤੋਂ ਕੀਤੀ । ਦੇਵ
ਆਨੰਦ ਦਾ ਅਸਲੀ ਨਾਂ ਧਰਮ ਦੇਵ ਪਿਸ਼ੌਰੀਮੱਲ ਆਨੰਦ ਸੀ। ਫਿਲਮ ‘ਜਿੱਦੀ’ 1947 ‘ਚ ਆਈ
ਅਤੇ ਉਹ ਸੁਪਰ ਸਟਾਰ ਬਣੇ। ਸੁਰੱਈਆ ਨਾਲ ਅਜਿਹੀ ਪਿਆਰ ਸਾਂਝ ਬਣੀ ਕਿ ਦੋਹਾਂ ਨੇ
‘ਵਿਦਿਆ’ (1948) ,‘ਜੀਤ’ (1949), ‘ਸ਼ੇਅਰ’ (1949),‘ਅਫ਼ਸਾਰ’(1950),‘ਨੀਲੀ’
(1950), ‘ਦੋ ਸਿਤਾਰੇ’ (1951), ‘ਸਨਮਾਨ’ (1951) ਫਿਲਮਾਂ ਵਿੱਚ ਇਕੱਠਿਆਂ ਕੰਮ
ਕੀਤਾ । ਪਰ ਇੱਕ ਰਿਸ਼ਤੇ ‘ਚ ਨਾ ਬੱਝ ਸਕੇ ਅਤੇ ਸੁਰੱਈਆ ਨੇ ਸਾਰੀ ਉਮਰ ਵਿਆਹ ਹੀ ਨਾਂ
ਕਰਵਾਇਆ। ‘ਬਾਤ ਇੱਕ ਰਾਤ ਕੀ‘,‘ਸੀ ਆਈ ਡੀ‘,
‘ਪਾਕਟਮਾਰ‘(1956),‘ਕਾਲਾ ਪਾਨੀ’ (1958),‘ਬੰਬਈ ਕਾ ਬਾਬੂ ‘(1960),‘ਸ਼ਰਾਬੀ’
(1964), ‘ਜ਼ਾਲ’ (1952), ਫ਼ਿਲਮਾਂ ਕੀਤੀਆਂ । ਦੇਵਾ ਆਨੰਦ ਦੀ ਫ਼ਿਲਮੀ ਜੋੜੀ ਸੁਰੱਈਆ
ਤੋਂ ਇਲਾਵਾ ਕਲਪਨਾ ਕਾਰਤਿਕ (ਮੋਨਾ ਸਿੰਘ) ,ਨੂਤਨ, ਵਹੀਦਾ ਰਹਿਮਾਨ ਨਾਲ ਲੋਕਾਂ
ਵੱਲੋਂ ਬਹੁਤ ਪਸੰਦ ਕੀਤੀ ਜਾਂਦੀ ਸੀ। ਉਹ ਜ਼ੀਨਤ ਅਮਾਨ ਨੂੰ ਬਹੁਤ ਪਸੰਦ ਕਰਦੇ ਸਨ,
ਪਰ ਉਹਦੀ ਰਾਜ ਕਪੂਰ ਨਾਲ ਨੇੜਤਾ ਕਾਰਣ ਦੇਵ ਪਿਛਾਹ ਹਟ ਗਏ।
ਬਾਲੀਵੁੱਡ ਦੇ ਸਿਤਾਰੇ ਦੇਵ ਆਨੰਦ ਦਾ ਜਨਮ 26 ਸਤੰਬਰ 1923 ਨੂੰ ਗੁਰਦਾਸਪੁਰ
ਜ਼ਿਲੇ ਦੀ ਤਹਿਸੀਲ ਸ਼ਕਰਗੜ ਦੇ ਸਰਹੱਦੀ ਪਿੰਡ ਘਰੋਟਾ ‘ਚ ਵਕੀਲ ਪਿਸ਼ੌਰੀ ਮੱਲ ਆਨੰਦ ਦੇ
ਘਰ ਹੋਇਆ । ਦਸਵੀਂ ਤੱਕ ਦੀ ਪੜਾਈ ਡਲਹੌਜ਼ੀ ਤੋਂ, ਬੀ
ਏ ਧਰਮਸ਼ਾਲਾ ਅਤੇ ਲਾਹੌਰ ਤੋਂ ਕੀਤੀ । ਉਹ ਭਾਰਤੀ ਸਿਨੇਮਾ ਦੇ ਸਫਲ ਕਲਾਕਾਰ,
ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਰਹੇ । ਕੰਮ ਦੀ ਭਾਲ ‘ਚ ਮੁੰਬਈ ਆਏ ਦੇਵ ਆਨੰਦ ਕੋਲ
ਸਿਰਫ਼ 30 ਰੁਪਏ ਸਨ, ਜੋ ਜਲਦੀ ਹੀ ਖ਼ਤਮ ਹੋ ਗਏ ਤਾਂ 160 ਰੁਪਏ ਪ੍ਰਤੀ ਮਹੀਨੇ ਤੋਂ
ਕੰਮ ਦੀ ਸ਼ੁਰੂਆਤ ਕੀਤੀ। ਇਹਨਾਂ ਪੈਸਿਆਂ ਵਿੱਚੋਂ 45 ਰੁਪਏ ਉਹ ਘਰ ਭੇਜਿਆ ਕਰਦਾ ਸੀ।
ਸਭ ਤੋਂ ਪਹਿਲਾਂ ਉਨਾਂ ਨੂੰ .‘ਪ੍ਰਭਾਤ ਟਾਕੀਜ‘ ਦੀ ਇਕ ਫਿਲਮ ‘ਹਮ ਏਕ ਹੈਂ‘ ‘ਚ ਕੰਮ
ਕਰਨ ਦਾ ਮੌਕਾ ਮਿਲਿਆ। ਫਿਲਮ ‘ਜਿੱਦੀ‘ ‘ਚ ਦੇਵ ਆਨੰਦ ਨੇ ਮੁੱਖ ਭੂਮਿਕਾ ਨਿਭਾਈ। ਇਹ
ਫਿਲਮ 1948 ‘ਚ ਰਿਲੀਜ਼ ਹੋਈ । ਇਸ ਤੋਂ ਬਾਅਦ ਉਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ
ਦੇਖਿਆ। ਦੇਵ ਆਨੰਦ ਨੇ ਕਈ ਹਿੱਟ ਫਿਲਮਾਂ ਦਿੱਤੀਆਂ। ‘ਰਾਹੀ’, ‘ਆਂਧੀਆਂ’, ‘ਟੈਕਸੀ
ਡਰਾਈਵਰ’ ਦੇਵ ਆਨੰਦ ਦੀਆਂ ਹਿੱਟ ਫਿਲਮਾਂ ‘ਚ ਸ਼ਾਮਲ ਹਨ। ‘ਟੈਕਸੀ ਡ੍ਰਾਈਵਰ’ ਦੇ
ਸ਼ੂਟਿੰਗ ਸੈੱਟ ‘ਤੇ ਹੀ ਉਹਨਾਂ ਨੇ ਫ਼ਿਲਮ ਦੀ ਅਦਾਕਾਰਾ ਕਲਪਨਾ ਕਾਰਤਿਕ ਨਾਲ
ਚੁੱਪ-ਚੁਪੀਤੇ ਹੀ ਵਿਆਹ ਕਰਵਾ ਲਿਆ । ‘ਮੁਨੀਮ ਜੀ’, ‘ਸੀ. ਈ. ਓ.’ ਅਤੇ ‘ਪੇਇੰਗ
ਗੈਸਟ’ ਫਿਲਮਾਂ ਤੋਂ ਬਾਅਦ ਤਾਂ ਹਰ ਨੌਜਵਾਨ ਦੇਵ ਆਨੰਦ ਦੇ ਸਟਾਇਲ ਦਾ ਦੀਵਾਨਾ ਹੋ
ਗਿਆ।। ਉਸਦੀ ਚਾਲ ਢਾਲ ਦੀ ਨਕਲ ਹੋਣ ਲੱਗੀ।
1954
ਵਿੱਚ ਕਲਪਨਾਂ ਕਾਰਤਿਕ ਨਾਲ ਵਿਆਹ ਕਰਵਾਉਣ ਵਾਲੇ ਐਕਟਰ, ਡਾਇਰੈਕਟਰ,
ਪ੍ਰੋਡਿਊਸਰ ਦੇਵ ਆਨੰਦ ਨੂੰ 1958 ‘ਚ ਫਿਲਮ
“ਕਾਲਾ ਪਾਨੀ” ਲਈ ਬੇਹਤਰੀਨ ਕਲਾਕਾਰ ਦਾ ਐਵਾਰਡ ਮਿਲਿਆ। ਉਨਾਂ ਦੀ ਪਹਿਲੀ ਰੰਗੀਨ
ਫਿਲਮ “ਗਾਈਡ 1965 ‘ਚ” ਪ੍ਰਦਰਸ਼ਤ ਹੋਈ। ਜਿਸ ਨੇ ਸਰਵੋਤਮ ਫ਼ਿਲਮ ਅਤੇ ਸਰਵੋਤਮ
ਨਿਰਦੇਸ਼ਕ ਸਮੇਤ 5 ਹੋਰ ਪੁਰਸਕਾਰ ਹਾਸਲ ਕੀਤੇ। ਆਤਮਕਥਾ ਰੋਮਾਂਸਿੰਗ ਵਿਦ ਲਾਈਫ 2007
‘ਚ” ਪ੍ਰਕਾਸ਼ਤ ਹੋਈ। ਜਿਸ ਵਿੱਚ ਬੇ-ਬਾਕ ਹੋ ਕੇ ਉਹਨਾਂ ਨੇ ਉਹਨਾਂ ਸੱਭ ਅਭਿਨੇਤਰੀਆਂ
ਦੇ ਨਾਂਅ ਸਪੱਸ਼ਟ ਤੌਰ ‘ਤੇ ਲਿਖੇ, ਜਿਨਾਂ ਨਾਲ ਉਹਦੇ
ਪਿਆਰ ਸਬੰਧ ਰਹੇ । ਦੇਵ ਆਨੰਦ ਨੂੰ 2000 ਵਿੱਚ ਪਦਮ ਭੂਸ਼ਣ ਅਤੇ 2002 ‘ਚ ਦਾਦਾ
ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ‘ਫ਼ਿਲਮ ਫ਼ੇਅਰ
ਐਵਾਰਡ‘ :1955 ਵਿੱਚ ਫ਼ਿਲਮ ‘ਮੁਨੀਮ ਜੀ‘ ਲਈ ,1958 ਵਿੱਚ ‘ਕਾਲਾ ਪਾਣੀ ਲਈ‘,1959
‘ਚ ‘ਲਵ ਮੈਰਿਜ਼ ਲਈ’, 1960 'ਚ ‘ਕਾਲਾ ਬਜ਼ਾਰ’ ਲਈ,
1961‘ਚ ‘ਹਮ ਦੋਨੋ’ ਲਈ, 1966 “ਚ ਗਾਈਡ”
ਲਈ, ਮਿਲੇ। ਸਟਾਰ ਸਕਰੀਨ ਲਾਈਫ਼ ਟਾਈਮ ਅਚੀਵਮੈਂਟ ਐਵਾਰਡ-1966,
ਮੁੰਬਈ ਅਕੈਡਮੀ ਆਫ਼ ਮੂਵਿੰਗ ਪੁਰਸਕਾਰ -1997,ਭਾਰਤੀ ਸਿਨੇਮਾਂ ਲਈ ਵਿਸ਼ੇਸ਼
ਯੋਗਦਾਨ ਲਈ 2000 ਵਿੱਚ ਨਿਊਯਾਰਕ ਵਿਖੇ ਹੈਲੇਰੀ ਕਲਿੰਟਨ ਵੱਲੋਂ,2001 “ਚ ਸਟਾਕਹੋਮ
ਵਿਖੇ ਅਤੇ 2010 ਕੌਮੀ ਗੌਰਵ ਵਜੋਂ ਸਨਮਾਨ ਹਾਸਲ
ਕਰਨ ਵਾਲੇ ਦੇਵ ਆਨੰਦ ਰੁਮਾਂਟਿਕ ਹੀਰੋ ਵਜੋਂ ਜਾਣੇ ਜਾਂਦੇ ਸਨ। ਇਥੋਂ ਤੱਕ ਕਿ ਦੇਵ
ਨੇ ਰਾਜਨੀਤੀ ਦੀ ਗੱਲ ਕਰਦਿਆਂ ਸ਼੍ਰੀਮਤੀ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਦਾ
ਵੀ ਵਿਰੋਧ ਕੀਤਾ ਸੀ। ਪਰ ਇਹ ਗੱਲ ਬਹੁਤ ਦੁਖਦਾਈ ਰਹੀ ਕਿ ਉਸਦੀ ਅੰਤਿਮ ਵਿਦਾਇਗੀ
ਮੌਕੇ ਬਹੁਤ ਹੀ ਘੱਟ ਫ਼ਿਲਮੀ ਕਲਾਕਾਰ ਹਾਜ਼ਰ ਹੋਏ। ਅੱਜ ਉਹ ਆਪਣੀ ਜ਼ਿੰਦਾ ਅਦਾਕਾਰੀ
ਜ਼ਰੀਏ ਜ਼ਿੰਦਾ ਹੈ, ਅਤੇ ਕੱਲ ਵੀ ਇਸ ਦੇ ਸਹਾਰੇ ਜ਼ਿੰਦਾ ਹੋਣ ਦਾ ਅਹਿਸਾਸ ਹੁੰਦਾ
ਰਹੇਗਾ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਸੰਪਰਕ;98157-07232
|