ਫ਼ਿਲਮ ਦੀਆਂ ਬਾਰੀਕੀਆਂ ਦੀ ਗੱਲ ਕਰਦਿਆਂ
ਸਭ ਤੋਂ ਪਹਿਲਾ ਗੱਲ ਕਰ ਲਈ ਜਾਏ ਕਿ ਇੱਕ ਉੱਚ-ਪੱਧਰ ਦੀ ਫ਼ਿਲਮ ਵਿੱਚ ਕੀ ਕੀ
ਹੁੰਦਾ ਹੈ?
ਇੱਕ ਉੱਚ-ਪੱਧਰ ਦੀ ਫ਼ਿਲਮ ਵਿੱਚ ਢੁਕਵੇਂ ਗੀਤ, ਜੋ ਫ਼ਿਲਮ ਦਾ ਅੰਗ ਹੋਣ, ਦੇਸੀ ਅਤੇ
ਆਧੁਨਿਕ ਸੰਗੀਤ, ਸੱਚਾ ਪਿਆਰ, ਸਭਿਅਕ ਹਾਸਾ-ਮਜ਼ਾਕ, ਅਖਾਣਾਂ-ਮੁਹਾਵਰਿਆਂ ਨਾਲ ਭਰਪੂਰ
ਸੰਵਾਦ, ਜ਼ਬਰਦਸਤ ਕੁੱਟ-ਮਾਰ, ਆਕਰਸ਼ਕ ਸੈੱਟ, ਦਿਲਚਸਪ ਰਹੱਸ ਅਤੇ ਖੂਬ ਮਨੋਰੰਜਨ
ਹੁੰਦਾ ਹੈ। ਆਮ ਤੌਰ ਤੇ ਫ਼ਿਲਮਾਂ ਵਿੱਚ ਕਹਾਣੀ ਲਗਾਤਾਰ ਚੱਲਦੀ ਰਹਿੰਦੀ ਹੈ, ਪਰ ਖ਼ਾਸ
ਫ਼ਿਲਮਾਂ ਵਿੱਚ ਹਰ 15 ਮਿੰਟ ਜਾਂ ਅੱਧੇ ਘੰਟੇ ਬਾਅਦ ਫ਼ਿਲਮ ਵਿੱਚ ਨਵਾਂ ਮੋੜ ਆਉਂਦਾ
ਹੈ, ਦੂਜੇ ਪਾਸੇ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਕਹਾਣੀ ਲਗਾਤਾਰ ਅੱਗੇ ਨੂੰ ਨਾ
ਚੱਲ ਕੇ ਪਿੱਛੇ ਨੂੰ ਚੱਲ ਪੈਂਦੀ ਹੈ। ਉੱਪਰ ਲਿਖੇ ਸਭ ਨੁਕਤੇ ਜੇਕਰ ਫ਼ਿਲਮ ਵਿੱਚ ਹੋਣ
ਤਾਂ ਦਰਸ਼ਕ ਫ਼ਿਲਮ ਦੇ ਆਖ਼ਰੀ ਸੀਨ ਤੱਕ ਕੁਰਸੀ ਨਾਲ ਜੁੜ ਕੇ ਬੈਠਾ ਰਹਿੰਦਾ ਹੈ ਅਤੇ
ਵੈਸੇ ਵੀ ਇਹੋ ਜਿਹੀਆਂ ਫ਼ਿਲਮਾਂ ਦੇ ਆਖ਼ਰੀ ਸੀਨ ਬਾਰੇ ਦਰਸ਼ਕ ਨੂੰ ਅੰਦਾਜ਼ਾ ਲਾਉਣਾ ਵੀ
ਔਖਾ ਹੀ ਹੁੰਦਾ ਹੈ।
ਇਸ ਤੋਂ ਇਲਾਵਾ ਹਾਲੀਵੁੱਡ ਫ਼ਿਲਮਾਂ ਵਿੱਚ ਵੀ ਕੁੱਝ ਨਿੱਕੀਆਂ ਨਿੱਕੀਆਂ ਗੱਲਾਂ
ਜਾਂ ਹੀਰੋ ਦੀਆਂ ਆਦਤਾਂ ਦਿਖਾਈਆਂ ਜਾਂਦੀਆਂ ਹਨ, ਜੋ ਫ਼ਿਲਮ ਦੇ ਅੰਤ ਵਿੱਚ
ਅਰਥ-ਭਰਪੂਰ ਨਿਕਲਦੀਆਂ ਹਨ। ਜਿਵੇਂ ਫ਼ਿਲਮ (ਨਾਮ) "Grudge Match" ਵਿੱਚ ਹੀਰੋ ਦਾ
ਘਰ ਵਿੱਚ ਟੀਵੀ ਨਾ ਰੱਖਣਾ ਅਤੇ ਅੰਤ ਵਿੱਚ ਘਰੇਲੂ ਟੀਵੀ ਤੇ ਦੁਸ਼ਮਣ ਬਨਾਮ ਦੋਸਤ ਨੂੰ
ਨੱਚਦੇ ਦੇਖਣਾ ਤੇ ਕਹਿਣਾ, "ਬਈ, ਇਸੇ ਕਰ ਕੇ ਮੈਂ ਟੀਵੀ ਨਹੀਂ ਖ਼ਰੀਦਦਾ ਸੀ", ਜਿਸ
ਕਰ ਕੇ ਫ਼ਿਲਮ ਅਖੀਰਲੇ ਮਿੰਟ ਵਿੱਚ ਵੀ ਹਾਸਰਸ ਭਰਪੂਰ ਹੋ ਗਈ।
ਹੁਣ ਸਵਾਲ ਪੈਦਾ ਹੁੰਦਾ ਹੈ ਕੀ ਫ਼ਿਲਮ "ਪੰਜਾਬ 1984" ਵਿੱਚ ਇਹ ਸਾਰੀਆਂ ਖ਼ੂਬੀਆਂ
ਸਨ?
ਜਵਾਬ ਹੋਵੇਗਾ। ਬਿਲਕੁਲ।
ਫ਼ਿਲਮ ਦੇ ਗੀਤ-ਸੰਗੀਤ ਨੇ ਤਾਂ ਫ਼ਿਲਮ ਦੇ ਜਨਤਕ ਹੋਣ ਤੋਂ ਪਹਿਲਾ ਹੀ ਯੂਟੂਬ ਰਾਹੀ
ਦਰਸ਼ਕਾਂ ਦਾ ਮਨ ਮੋਹ ਲਿਆ ਸੀ। ਇਸ ਤੋਂ ਇਲਾਵਾ ਫ਼ਿਲਮ ਵਿੱਚ ਸ਼ਿਵੇ ਦਾ ਕਹਿਣਾ: "ਮੈਂ
ਦੋ ਕੰਮ ਰੋਜ਼ ਕਰਦਾ, ਨਾਮ ਜਪਣਾ ਤੇ ਘਿਉ ਛਕਣਾ" ਅਤੇ ਹੋਰ ਅਦਾਕਾਰਾਂ ਵੱਲੋਂ
"ਮੈਂ ਮੰਗਾਂ ਦੇ ਨਾਲ ਹਾਂ, ਪਰ ਢੰਗਾਂ ਦੇ ਵਿਰੁੱਧ ਹਾਂ"...
"ਸ਼ਰੀਕ ਦਾ ਦਾਣਾ, ਢਿੱਡ ਦੁਖਦੇ ਵੀ ਖਾਣਾ" ...
"ਸ਼ਿਵਾ: ਮੈਨੂੰ ਇੰਨੀ ਤਾਂ ਤਸੱਲੀ ਹੋਵੇਗੀ ਕਿ ਤੂੰ ਸਾਹ ਲੈ ਰਹੀ ਹੈ,
ਜੀਤੀ: ਸਾਹ ਲੈਣ ਅਤੇ ਜੀਣ ਵਿੱਚ ਫ਼ਰਕ ਹੁੰਦਾ ਹੈ" ...
"ਇੱਕ ਛਲਾਂਗ ਮਾਰ ਖੂਹ ਵਿੱਚ ਡਿੱਗਿਆ ਤਾਂ ਜਾ ਸਕਦਾ,
ਪਰ 100 ਛਲਾਂਗਾਂ ਮਾਰ ਕੇ ਵੀ ਬਾਹਰ ਨਹੀਂ ਨਿਕਲਿਆ ਜਾ ਸਕਦਾ", ...
"ਗੁੜ ਗੁੜ ਆਖਣ ਤੇ ਮੂੰਹ ਥੋੜੀ ਮਿੱਠਾ ਹੋ ਜਾਂਦਾ", ...
"ਸ਼ਰਤ ਰਹੀ ਥਾਣੇਦਾਰਾਂ, ਜੇ ਮੈਂ ਚੀਕ ਪਿਆ ਤਾਂ ਮੈਂ ਆਪਣੇ ਪਿਉ ਦਾ ਨਹੀਂ,
ਜੇ ਤੂੰ ਮੇਰੀਆਂ ਚੀਕਾਂ ਨਾ ਕੱਢਵਾਂ ਸਕਿਆ ਤਾਂ ਤੂੰ ਆਪਣੇ ਪਿਉ ਦਾ ਨਹੀਂ" (ਅਤੇ
ਦੁਬਾਰਾ ਪੁਲੀ ਟੱਪਣ ਦੀ ਸ਼ਰਤ ਲਾਉਣੀ)
ਕਹਿ ਕੇ ਸੰਵਾਦ ਰੋਚਕ ਬਣਾਏ ਗਏ ਹਨ।
ਹਾਲਾਂਕਿ ਥਾਣੇਦਾਰ ਦਾ ਦਿਲਜੀਤ ਨੂੰ ਧਮਕਾਉਣਾ "... ਮਾੜੀ ਗਸ਼ਤੀ ਵਾਂਗੂ ਚੀਕਾਂ
ਮਾਰੇਗਾ" ਪਰਿਵਾਰਿਕ ਦਰਸ਼ਕਾਂ ਦੇ ਕੰਨਾਂ 'ਚ ਕੁੜੱਤਣ ਭਰਦੇ ਹਨ, ਪਰ ਸਾਨੂੰ ਇਹ ਨਹੀਂ
ਭੁੱਲਣਾ ਚਾਹੀਦਾ ਕਿ ਪੰਜਾਬੀ ਥਾਣੇਦਾਰ ਕਿਸ ਤਰ੍ਹਾਂ ਦੀ ਭਾਸ਼ਾ ਲਈ ਮਸ਼ਹੂਰ ਹਨ। ਫ਼ਿਲਮ
'ਦੇਸ ਹੋਇਆ ਪ੍ਰਦੇਸ' ਵਿੱਚ ਵੀ ਭੈਣ ਨੂੰ ਥਾਣੇਦਾਰ ਕਹਿੰਦਾ ਦਿਖਾਇਆ ਗਿਆ ਸੀ ਕਿ
"ਮਾਰ ਭਰਾ ਦੇ ਮੂੰਹ ਵਿੱਚ ਧਾਰ (ਪੇਸ਼ਾਬ ਦੀ)"। ਸੋ, ਇਸ ਤਰ੍ਹਾਂ ਦੇ ਸੰਵਾਦ ਸੀਨ
ਅਤੇ ਹਾਲਾਤ ਦੀ ਮੰਗ ਹੁੰਦੇ ਹਨ।
ਫ਼ਿਲਮ ਸੀਨ ਨੂੰ 1984 ਦੇ ਹਾਲਾਤ ਅਨੁਕੂਲ ਢਾਲਣ ਲਈ ਕਦੇ ਸੀਨ ਵਿੱਚ ਪਿਛਲੇ ਪਾਸੇ
ਤਾਂਗਾ ਜਾਂਦਾ ਅਤੇ ਕਿਤੇ ਥਾਣੇਦਾਰ ਦੀ ਜੀਪ ਅੱਗੇਓ ਅੰਬੈਸਡਰ ਕਾਰ ਨਿਕਲਦੇ ਦਿਖਾਇਆ
ਗਿਆ ਹੈ। ਵੱਡੇ ਬਜਟ ਦੀ ਹੋਣ ਕਰ ਕੇ ਤਕਨੀਕ ਪੱਖੋਂ ਫ਼ਿਲਮ ਵਿੱਚ ਕੋਈ ਵੀ ਕਮੀ ਨਹੀਂ
ਦਿਸਦੀ। ਹਿੰਦੂਆਂ ਨੂੰ ਮਾਰਦੇ ਸਮੇਂ ਕੈਮਰਾ ਜ਼ਮੀਨ ਤੇ ਡਿੱਗੀਆਂ ਮਾਂ ਦੀਆਂ ਐਨਕਾਂ
ਤੇ ਰੱਖਣਾ, ਫ਼ਿਲਮ ਦਾ ਕਲਾਤਮਕ ਪੱਖ ਪੇਸ਼ ਕਰਦੀ ਹੈ। ਫ਼ਿਲਮ ਕਹਾਣੀ ਲਗਾਤਾਰ ਨਾ ਚੱਲ
ਕੇ ਤਿੰਨ ਹਿੱਸਿਆਂ ਵਿੱਚ ਵੰਡੀ ਗਈ ਹੈ। ਇੱਕ ਵਾਰ ਆਮ ਚੱਲਦੀ ਹੈ, ਫਿਰ ਸਿਪਾਹੀ ਆ
ਕੇ ਦੱਸਦਾ ਕਿ ਸ਼ਿਵੇ ਨਾਲ ਥਾਣੇ ਵਿੱਚ ਕੀ ਵਾਪਰਿਆ ਅਤੇ ਦੂਸਰੀ ਵਾਰ ਸ਼ਿਵੇ ਦਾ ਦੋਸਤ
ਦੱਸਦਾ ਹੈ ਕਿ ਉਨ੍ਹਾਂ ਨੇ ਭੱਜ ਕੇ ਕੀ ਕੀਤਾ। ਇਸ ਤਰ੍ਹਾਂ ਫ਼ਿਲਮ ਕਹਾਣੀ ਵੀ
ਸਲਾਹੁਣਯੋਗ ਹੈ।
ਜਿਵੇਂ ਕਿ ਉੱਪਰ ਦੱਸਿਆ ਗਿਆ ਕਿ ਹਾਲੀਵੁੱਡ ਫ਼ਿਲਮ ਵਿੱਚ ਕੁੱਝ ਨਿੱਕੀਆਂ
ਨਿੱਕੀਆਂ ਕੜੀਆਂ ਰੱਖੀਆਂ ਜਾਂਦੀਆਂ ਹਨ, ਜੋ ਕਿ ਫ਼ਿਲਮ ਦੇ ਅੰਤ ਵਿੱਚ ਹੋਰ ਕੜੀਆਂ
ਨਾਲ ਜੁੜਦੀਆਂ ਹਨ। ਇਸੇ ਤਰ੍ਹਾਂ ਫ਼ਿਲਮ "ਪੰਜਾਬ 1984" ਵਿੱਚ ਮਾਂ ਲਈ ਧੁੱਪ ਵਾਲੀਆਂ
ਐਨਕਾਂ ਭੇਜ ਕੇ ਆਪਣੇ ਜਿਉਂਦੇ ਹੋਣ ਦਾ ਸੁਨੇਹਾ ਭੇਜਣਾ, ਜੋ ਮਾਂ ਲਈ ਪਹਿਲਾ ਖ਼ਰੀਦ
ਕੇ ਦੇਣਾ ਚਾਹੁੰਦਾ ਸੀ। ਦੂਜਾ, ਆਖ਼ਰ ਬੱਚਾ ਗੂੰਗਾ ਹੀ ਕਿਉਂ ਲਿਆ ਗਿਆ? ਕਿਉਂਕਿ ਅੰਤ
ਵਿੱਚ ਸ਼ਿਵੇ ਨੇ ਜੈਕਾਰੇ ਬੁਲਾਉਣੇ ਸੀ ਅਤੇ ਉਸ ਸਮੇਂ ਗੂੰਗੇ ਬੱਚੇ ਨੇ ਹੀ ਜੈਕਾਰਾ
ਪੂਰਾ ਕਰ ਕੇ ਫ਼ਿਲਮ ਨੂੰ ਹੋਰ ਭਾਵੁਕ ਬਣਾਉਣਾ ਸੀ।
ਇਸੇ ਤਰ੍ਹਾਂ ਮਾਂ ਨੂੰ ਥਾਣੇਦਾਰ ਵੱਲੋਂ ਕੁੱਟਣ ਦੀ ਕੀ ਲੋੜ ਸੀ? ਲੋੜ ਬਿਲਕੁਲ
ਸੀ, ਕਿਉਂਕਿ ਫ਼ਿਲਮ ਦੇ ਅੰਤ ਵਿੱਚ ਜਦੋਂ ਥਾਣੇਦਾਰ ਸ਼ਿਵੇ ਤੇ ਭਾਰੀ ਪੈ ਜਾਂਦਾ ਹੈ
ਤਾਂ ਥਾਣੇਦਾਰ ਕਹਿੰਦਾ ਹੈ "ਤੈਨੂੰ ਕੁੱਟ ਕੇ ਇੰਨਾ ਸੁਆਦ ਨਹੀਂ ਆਇਆ, ਜਿੰਨਾ ਤੇਰੀ
ਮਾਂ ਦੀ ਢੂਈ ਸੇਕ ਕੇ" ਇਹ ਸੁਣ ਸ਼ਿਵਾ ਮੁੜ ਸੁਰਜੀਤ ਹੋ ਜਾਂਦਾ ਹੈ ਅਤੇ ਪੂਰੇ ਜੋਸ਼
ਵਿੱਚ ਆ ਕੇ ਥਾਣੇਦਾਰ ਨੂੰ ਮਾਰ ਦਿੰਦਾ ਹੈ। ਹੁਣ ਆਮ ਫ਼ਿਲਮਾਂ ਵਿੱਚ ਤਾਂ ਹੀਰੋ
ਆਉਂਦਾ ਹੈ ਅਤੇ ਵਿਲਨ ਨੂੰ ਕੁੱਟ ਕੁੱਟ ਮਾਰ ਦਿੰਦਾ ਹੈ, ਪਰ ਇੱਥੇ ਆਪਾਂ ਖ਼ਾਸ ਫ਼ਿਲਮ
ਦੀ ਗੱਲ ਕਰ ਰਹੇ ਹਾਂ। ਜਿਸ ਦਾ ਹਰ ਸੀਨ ਮਿਹਨਤ ਨਾਲ ਬਣਾਇਆ ਗਿਆ ਹੈ, ਭਾਵ ਫ਼ਿਲਮ
ਵਿੱਚ ਪਹਿਲੇ ਸੀਨ ਦੀ ਕੜੀਆਂ ਪਿਛਲੇ ਸੀਨਾਂ ਨਾਲ ਜੁੜਦੀਆਂ ਹਨ। ਇੱਥੋਂ ਤੱਕ
ਥਾਣੇਦਾਰ ਦਾ ਸ਼ਿਵੇ ਨੂੰ ਫੜਨਾ ਵੀ ਦਿਲਚਸਪ ਤਰੀਕੇ ਨਾਲ ਦਿਖਾਇਆ ਗਿਆ ਹੈ, ਸ਼ਿਵਾ
ਰੇਡੀਉ ਤੇ ਗਾਣੇ ਸੁਣ ਰਿਹਾ ਹੁੰਦਾ ਹੈ, ਥਾਣੇਦਾਰ ਆ ਕੇ ਰੇਡੀਉ ਸਟੇਸ਼ਨ ਬਦਲ ਦਿੰਦਾ
ਹੈ, ਜਿਸ ਤੇ ਇੱਕ ਕਾਂਡ ਦੀ ਖ਼ਬਰ ਸੁਣਾਈ ਜਾ ਰਹੀ ਹੁੰਦੀ ਹੈ, ਜਿਸ ਕੇਸ ਵਿੱਚ ਸ਼ਿਵੇ
ਨੂੰ ਫੜਿਆ ਜਾਂਦਾ ਹੈ। ਫ਼ਿਲਮ ਵਿੱਚ ਰਹੱਸ ਰੱਖਣ ਲਈ ਸ਼ਿਵੇ ਦੇ ਗੋਲੀਆਂ ਮਾਰ ਦਿੱਤੀਆਂ
ਅਤੇ ਕੁੱਝ ਸਮੇਂ ਤੱਕ ਨਹੀਂ ਦੱਸਿਆ ਗਿਆ ਕਿ ਉਹ ਜੀਵਿਤ ਹੈ ਜਾਂ ਮਰ ਗਿਆ। ਇਹ ਰਹੱਸ
ਦਰਸ਼ਕਾਂ ਨੂੰ ਫ਼ਿਲਮ ਨਾਲ ਜੋੜੀ ਰੱਖਣ ਵਿੱਚ ਕਾਮਯਾਬ ਰਿਹਾ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੀ ਦੀ ਸਾਰੀ ਫ਼ਿਲਮ ਆਪਸੀ ਰਿਸ਼ਤਿਆਂ ਦੀ ਨਾਜ਼ੁਕਤਾ
ਪੇਸ਼ ਕਰਦੀ ਹੈ। ਜਿੱਥੇ ਮਾਂ-ਪੁੱਤ ਦੇ ਪਿਆਰ ਨੂੰ ਦਰਸਾਉਂਦੀ ਹੈ, ਉੱਥੇ ਪਿਉ ਦੇ
ਵਿਛੋੜੇ ਵਿੱਚ ਪੁੱਤ ਦਾ ਕਹਿਣਾ "ਮੇਰੇ ਬਾਪੂ ਦਾ ਮੁੜ੍ਹਕਾ ਇਸ ਮਿੱਟੀ ਵਿੱਚ ਹੈ,
ਮੇਰਾ ਬਾਪੂ ਨੂੰ ਗੱਲ ਲਾਉਣ ਨੂੰ ਦਿਲ ਕਰਦਾ" ਉਸ ਦੇ ਝੱਲਾਪਣ ਨੂੰ ਬਾਖ਼ੂਬੀ
ਦਿਖਾਉਂਦਾ ਹੈ।
ਆਮ ਤੌਰ ਤੇ ਅਜਿਹੀਆਂ ਫ਼ਿਲਮਾਂ ਵਿੱਚ ਬਹੁਤ ਸਾਰੇ ਸਵਾਲ (ਕਿਰਦਾਰ) ਅਣਜਵਾਬੀ ਹੀ
ਰਹਿ ਜਾਂਦੇ ਹਨ। ਜਿਵੇਂ "ਮਿੱਟੀ" ਫ਼ਿਲਮ ਵਿੱਚ ਹੀਰੋ ਮਾਰੇ ਗਏ ਅਤੇ ਵਿਲਨ ਬੱਚ ਗਏ।
ਹਾਲਾਂਕਿ "ਪੰਜਾਬ 1984" ਵਿੱਚ ਮੰਤਰੀ ਦੇ ਬਚਣ ਦੀ ਆਸ ਸੀ, ਪਰ ਬੜੇ ਹੀ ਦਿਲਚਸਪ
ਢੰਗ ਨਾਲ ਸਾਰੇ ਬੁਰੇ (ਚੰਗੇ ਵੀ) ਬੰਦੇ ਅਤੇ ਉਨ੍ਹਾਂ ਦੇ ਸਾਥੀ ਵੀ ਮਾਰ ਦਿੱਤੇ ਗਏ।
ਲੈ ਦੇ ਕੇ ਜੀਤੀ ਦੇ ਭਵਿੱਖ ਤੇ ਸਵਾਲੀਆ ਚਿੰਨ੍ਹ ਲੱਗਣ ਦੀ ਆਸ ਸੀ ਕਿ ਉਸ ਦਾ ਕੀ
ਬਣੇਗਾ? ਪਰ ਉਸ ਨੂੰ ਵੀ ਚੂੜਾ ਲਾਉਂਦੀ ਦਿਖਾ ਕੇ ਕੋਈ ਵੀ ਸਵਾਲ ਬਾਕੀ ਰਹਿਣ ਨਹੀਂ
ਦਿੱਤਾ ਗਿਆ। ਜ਼ਿਕਰ ਯੋਗ ਹੈ ਕਿ "ਦੇਸ ਹੋਇਆ ਪ੍ਰਦੇਸ" ਵਿੱਚ ਗੁਰਦਾਸ ਮਾਨ ਨੂੰ ਸਿਰਫ਼
ਭੱਜਦਾ ਅਤੇ ਲੁਕਦਾ ਹੀ ਦਿਖਾਇਆ ਗਿਆ ਸੀ, ਪਰ ਮਰਿਆ ਨਹੀਂ।
ਫ਼ਿਲਮ ਬਾਈਕਾਟੀਆਂ ਦਾ ਕਹਿਣਾ ਹੈ ਕਿ ਫ਼ਿਲਮ "ਪੰਜਾਬ 1984" ਨਾ ਹੋ ਕਿ "ਬਦਲਾ
ਜੱਟ ਦਾ" ਹੋਣਾ ਚਾਹੀਦਾ ਸੀ, ਭਾਵ ਫ਼ਿਲਮ ਨਾਮ ਢੁਕਵਾਂ ਨਹੀਂ। ਦੂਜੇ ਪਾਸੇ ਇਹ ਕਿਹਾ
ਜਾ ਰਿਹਾ ਹੈ ਕਿ ਪੰਜਾਬੀ ਸਿਨੇਮਾ ਹਾਲੇ ਬਾਲ ਅਵਸਥਾ ਵਿੱਚ ਹੈ। ਫਿਰ ਅਸੀਂ ਬਾਲ
ਅਵਸਥਾ ਵਾਲੇ ਸਿਨੇਮੇ ਕੋਲੋਂ ਵੱਡੀਆਂ ਵੱਡੀਆਂ ਆਸਾਂ ਕਿਵੇਂ ਲਾ ਰਹੇ ਹਾਂ? ਕਿ
ਖਾੜਕੂ ਪੱਖ ਪੇਸ਼ ਨਹੀਂ ਕੀਤਾ ਗਿਆ, ਪੰਜਾਬ ਦੀਆਂ ਮੰਗਾਂ ਨਹੀਂ ਦੱਸੀਆਂ ਗਈਆਂ।
ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹੋ ਜਿਹੇ ਗੰਭੀਰ ਵਿਸ਼ਿਆਂ ਵਾਲੀਆਂ
ਫ਼ਿਲਮਾਂ ਤੇ ਇੱਕ ਦਿਨ ਪਹਿਲਾ ਬੈਨ ਵੀ ਲੱਗ ਜਾਂਦਾ ਹੈ। ਮਤਲਬ ਇਹੋ ਜਿਹੀ ਫ਼ਿਲਮ
ਬਣਾਉਣਾ ਵੱਡਾ ਜੋਖ਼ਮ ਹੈ। ਇਸੇ ਕਰ ਕੇ ਇਹ ਪ੍ਰੋਜੈਕਟ ਦੋ ਸਾਲ ਠੰਢੇ ਬਸਤੇ ਵਿੱਚ ਪਿਆ
ਰਿਹਾ। ਕਿਉਂਕਿ ਇੱਕ ਪਾਸੇ ਰਾਜਨੇਤਾ ਨਾਰਾਜ਼ ਹੋ ਸਕਦੇ ਹਨ, ਦੂਜੇ ਪਾਸੇ ਕੱਟੜ ਬਨਾਮ
ਪੱਕੇ ਵਿਰੋਧੀ ਅਤੇ ਤੀਜੇ ਪਾਸੇ ਆਮ ਦਰਸ਼ਕ। ਪਰ ਜਿੱਥੇ "ਪੰਜਾਬ 1984" ਆਮ ਦਰਸ਼ਕਾਂ
ਦੀਆਂ ਉਮੀਦਾਂ ਤੇ ਪੂਰੀ ਪੂਰੀ ਉੱਤਰਦੀ ਹੈ, ਉੱਥੇ ਵਿਰੋਧੀਆਂ ਕੋਲ ਵੀ ਬਹੁਤਾ ਕੁੱਝ
ਕਹਿਣ ਨੂੰ ਨਹੀਂ ਹੈ। ਰਾਜ ਨੇਤਾ ਵੀ ਚੁੱਪ ਰਹੇ।
ਫ਼ਿਲਮ ਨਾਮ ਦੀ ਦੁਬਾਰਾ ਗੱਲ ਕਰਦਿਆਂ, ਪੰਜਾਬੀ ਸਿਨੇਮੇ ਵਿੱਚ ਤਾਂ ਹਾਲੇ ਤੱਕ ਇਹ
ਪਤਾ ਨਹੀਂ ਲੱਗ ਸਕਿਆ ਕਿ ਫ਼ਿਲਮ "ਜੱਟ ਏਅਰਵੇਜ਼" ਦਾ ਨਾਮ "ਜੱਟ ਏਅਰਵੇਜ਼" ਕਿਉਂ ਸੀ?
ਫਿਰ "ਪੰਜਾਬ 1984" ਤੇ ਕਿੰਤੂ ਕਿਉਂ?
ਦਿਲਜੀਤ ਨੇ ਆਪਣੀ ਅਦਾਕਾਰੀ ਦਾ ਲੋਹਾ ਤਾਂ ਫ਼ਿਲਮ "ਲੋਇਨ ਔਫ ਪੰਜਾਬ" ਵਿੱਚ ਹੀ
ਮਨਵਾ ਲਿਆ ਸੀ। ਕਿਉਂਕਿ ਉਸ ਫ਼ਿਲਮ ਵਿੱਚ ਹਰ ਤਰ੍ਹਾਂ ਦਾ ਰੋਲ ਸੀ। ਪਰ ਲਗਾਤਾਰ ਉਸ
ਦੀਆਂ ਹਾਸਰਸ ਫ਼ਿਲਮਾਂ ਦੇ ਚੁਲਬੁਲੇ ਰੋਲਾਂ ਤੋਂ ਬਾਅਦ ਦਰਸ਼ਕਾਂ ਨੇ ਦਿਲਜੀਤ ਨੂੰ ਇਸ
ਫ਼ਿਲਮ ਵਿੱਚ ਵੱਖਰੇ ਰੂਪ ਵਿੱਚ (ਸੰਪੂਰਨ ਅਦਾਕਾਰ ਵਜੋਂ) ਦੇਖਿਆ।
ਸੋ, ਫ਼ਿਲਮ ਸੰਬੰਧੀ ਉੱਪਰ ਲਿਖੀਆਂ ਦਲੀਲਾਂ ਅਤੇ ਤੱਥਾਂ ਕਰ ਕੇ ਦਾਅਵੇ ਨਾਲ ਕਿਹਾ
ਜਾ ਸਕਦਾ ਹੈ ਕਿ ਲੀਕ ਤੋਂ ਹੱਟ ਕੇ ਬਣੀ ਇਹ ਫ਼ਿਲਮ ਭਵਿੱਖ ਵਿੱਚ ਕੋਈ ਨਾ ਕੋਈ ਐਵਾਰਡ
ਜ਼ਰੂਰ ਜਿੱਤੇਗੀ। ਜੇ ਫ਼ਿਲਮ 'ਦੇਸ ਹੋਇਆ ਪ੍ਰਦੇਸ' ਵਾਂਗ ਰਾਸ਼ਟਰੀ ਐਵਾਰਡ ਨਹੀਂ ਜਿੱਤ
ਸਕੀ ਤਾਂ ਪੀਟੀਸੀ ਐਵਾਰਡ ਤਾਂ ਪੱਕਾ ਹੈ। ਫ਼ਿਲਮ "ਪੰਜਾਬ 1984" ਨੇ ਪੰਜਾਬੀ ਸਿਨੇਮੇ
ਵਿੱਚ ਇੱਕ ਨਵਾਂ ਮੋੜ ਤਾਂ ਲਿਆਂਦਾ ਹੀ ਹੈ, ਨਾਲ ਦੀ ਨਾਲ ਫ਼ਿਲਮ ਮੀਲ ਪੱਥਰ ਵੀ ਸਿੱਧ
ਹੋਵੇਗੀ। ਹੋਰ ਅਦਾਕਾਰਾਂ-ਨਿਰਮਾਤਾਵਾਂ ਲਈ ਵੀ ਨਵੇਂ ਰਾਹ ਖੋਲ੍ਹੇ ਹਨ। ਉਮੀਦ ਹੈ ਕਿ
ਦਿਲਜੀਤ ਅਤੇ ਅਨੁਰਾਗ ਦੀ ਹਿੱਟ ਜੋੜੀ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਗੰਭੀਰ ਅਤੇ
ਸੰਜੀਦਾ ਵਿਸ਼ੇ ਵਾਲੀਆਂ ਫ਼ਿਲਮਾਂ ਦਰਸ਼ਕਾਂ ਦੀ ਕਚਹਿਰੀ ਵਿੱਚ ਲਿਆਉਂਦੇ ਰਹਿਣਗੇ ਅਤੇ
ਪੰਜਾਬੀ ਸਿਨੇਮੇ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣਗੇ। ਰੱਬ ਇਹ ਜੋੜੀ ਸਦਾ
ਸਲਾਮਤ ਰੱਖੇ।
ਸੰਪਰਕ: info@JattSite.com |