ਪੰਜਾਬੀ ਸਾਹਿਤ ਅਤੇ ਪੱਤਰਕਾਰਤਾ ਦੇ ਖੇਤਰ ਵਿਚ ਇੰਗਲੈਂਡ ਵਾਸੀ ਬਲਰਾਜ ਸਿੰਘ
ਸਿੱਧੂ ਇੱਕ ਜਾਣਿਆ-ਪਛਾਣਿਆ ਨਾਂ ਹੈ। ਆਪਣੀਆਂ
ਰਚਨਾਵਾਂ ਨਾਲ ਹਮੇਸ਼ਾ ਚਰਚਾ ਵਿਚ ਰਹਿਣ ਵਾਲਾ ਇਹ ਨੌਜਵਾਨ ਲੇਖਕ ਜਿੱਥੇ ਇੰਨ੍ਹੀ
ਦਿਨੀਂ ਗਾਇਕ ਅਮਰ ਸਿੰਘ ਚਮਕੀਲਾ ਦੀ ਜਿੰਦਗੀ ਬਾਰੇ ਇੱਕ ਨਾਵਲ ‘ਸ਼ਹੀਦ’ ਲਿਖ ਰਿਹਾ
ਹੈ, ਉਥੇ ਸਮਾਜ ਵਿਚ ਵਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਅਤੇ ਔਰਤ ਦੀ ਵੇਦਨਾ ‘ਤੇ
ਅਧਾਰਿਤ ਇੱਕ ਲਘੂ ਫ਼ਿਲਮ ‘ਜਿੰਦਰਾ’ਵੀ ਬਣਾ ਰਿਹਾ ਹੈ
ਜਿਸ ਦੀ ਸੂਟਿੰਗ ਬੀਤੇ ਦਿਨੀਂ ਅਮਲੋਹ ਅਤੇ ਇਸ ਦੇ ਆਸ ਪਾਸ ਕੀਤੀ ਗਈ।
ਇਸ ਫ਼ਿਲਮ ਦੀ ਕਹਾਣੀ ਤੇ ਸੰਵਾਦ ਲਿਖਣ ਦੇ ਨਾਲ ਨਾਲ ਬਲਰਾਜ ਨੇ ਇਸ ਅਦਾਕਾਰੀ
ਵੀ ਕੀਤੀ ਹੈ। ਬਤੌਰ ਨਾਇਕਾ ਰਾਜ ਧਾਲੀਵਾਲ ਨੇ ਇਸ
ਫ਼ਿਲਮ ‘ਜਿੰਦਰਾ’ ਵਿਚ ਬਲਰਾਜ ਸਿੱਧੂ ਨਾਲ ਕੰਮ ਕੀਤਾ ਹੈ।
ਇਸ ਫ਼ਿਲਮ ਤੋਂ ਪਹਿਲਾਂ ਰਾਜ ਨੇ ‘ਕੌਮ ਦੇ ਹੀਰੇ,
ਬਾਗੀ, ਬਰਫ਼,
47 ਟੂ 84, ਨਾਬਰ
ਅਤੇ ਮੂੰਡਿਆਂ ਤੋਂ ਬਚ ਕੇ ਰਹੀ’ ਫ਼ਿਲਮਾਂ ਅਤੇ ਅਨੇਕਾਂ ਲੜੀਵਾਰਾਂ ਵਿਚ
ਅਦਾਕਾਰੀ ਕਰ ਚੁੱਕੀ ਹੈ।
ਬਲਰਾਜ ਸਿੱਧੂ ਨੇ ਜਾਣਕਾਰੀ ਦਿੰਦੇ ਕਿਹਾ ਕਿ ਆਮ ਤੌਰ ‘ਤੇ ਸਾਡੀਆਂ ਫ਼ਿਲਮਾਂ ਵਿਚ
ਵਿਖਾਇਆ ਜਾਂਦਾ ਰਿਹਾ ਹੈ ਕਿ ਬਲਾਤਕਾਰ ਦੀ ਸ਼ਿਕਾਰ ਅਬਲਾ ਸਮਾਜ ਵਿਚ ਨਮੋਸ਼ੀ ਭਰੀ
ਜਿੰਦਗੀ ਜਿਉਣ ਨਾਲੋਂ ਆਤਮ ਹੱਤਿਆ ਕਰਨ ਨੂੰ ਤਰਜ਼ੀਹ ਦਿੰਦੀ ਹੈ।
ਜੇ ਨਹੀਂ ਕਰਦੀ ਤਾਂ ਉਸਦੀ ਜਿੰਦਗੀ ਨਰਕ ਬਣ ਜਾਂਦੀ ਹੈ।ਇਸ ਫ਼ਿਲਮ ਰਾਹੀਂ ਇਹ
ਵਿਖਾਉਣ ਦਾ ਯਤਨ ਕੀਤਾ ਗਿਆ ਹੈ ਕਿ ਬਲਾਤਕਾਰ ਦੀ ਸ਼ਿਕਾਰ ਔਰਤ ਨੂੰ ਸਮਾਜ ਵਿਚ ਸਨਮਾਨ
ਨਾਲ ਜਿਉਂਣ ਦਾ ਹੱਕ ਕਿਉਂ ਨਹੀਂ ਮਿਲਦਾ।ਸਾਡੀ ਇਹ ਫ਼ਿਲਮ ਆਮ ਫ਼ਿਲਮਾਂ ਤੋਂ ਬਹੁਤ ਹੱਟ
ਕੇ,ਸਮਾਜ ਦੇ ਇੱਕ ਗੰਭੀਰ ਵਿਸ਼ੇ ਦੇ ਹੱਲ ਦੀ ਪੇਸ਼ਕਾਰੀ ਕਰਦੀ ਹੈ।
ਇਸ ਨੂੰ ਬਣਾਉਣ ਦਾ ਮਕਸਦ ਦਿਨੋਂ ਦਿਨ ਵਧ ਰਹੀਆਂ ਇੰਨ੍ਹਾਂ ਘਟਨਾਵਾਂ ਨੂੰ
ਰੋਕਣ ਅਤੇ ਪੀੜਤਾਂ ਨੂੰ ਸਮਾਜ ਵਿਚ ਉਨ੍ਹਾਂ ਦਾ ਹੱਕ ਦਿਵਾਉਣ ਦਾ ਯਤਨ ਹੈ”।
ਜਿਕਰਯੋਗ ਹੈ ਕਿ ਬਲਰਾਜ ਸਿੰਘ ਸਿੱਧੂ ਮੂਲ ਰੂਪ ‘ਚ ਜਗਰਾਵਾਂ ਸ਼ਹਿਰ ਤੋਂ ਹੈ ਅਤੇ
ਪਿਛਲੇ ਕਈ ਸਾਲਾਂ ਤੋਂ ਇੰਗਲੈਂਡ ਰਹਿ ਰਿਹਾ ਹੈ।
ਲੇਖਣੀ ਵਿਚ ਉਸਦੀ ਕਲਮ ਨਿੱਡਰਤਾ ਤੇ ਬੇਬਾਕ ਹੋ ਕੇ ਲਿਖਦੀ ਹੈ।ਦੇਸ਼-ਵਿਦੇਸ਼ਾਂ ਵਿਚ
ਬਲਰਾਜ ਬੜੀ ਦਿਲਚਸਪੀ ਨਾਲ ਪੜ੍ਹਿਆ ਜਾਣ ਵਾਲਾ ਲੇਖਕ ਹੈ।ਸ਼ਹਿਜਾਦੀ ਡਾਇਨਾ ਦੀ
ਜਿੰਦਗੀ ‘ਤੇ ਅਧਾਰਤ ਨਾਵਲ ‘ਅੱਗ ਦੀ ਲਾਟ’,
ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਨਾਲ ਸਬੰਧਤ ਕਹਾਣੀ ਸੰਗ੍ਰੀਹ ‘ਮੋਰਾਂ ਦਾ
ਮਹਾਰਾਜਾ’, 1730 ਤੋਂ 1740 ਦੇ ਸਮੇਂ ਦੀ ਇੱਕ ਸੱਚੀ ਇਸ਼ਕ ਕਹਾਣੀ ‘ਤੇ ਅਧਾਰਤ ਨਾਵਲ
‘ਮਸਤਾਨੀ’ ,ਔਰਤ ਮਰਦ ਸਬੰਧਾਂ ਦੀ ਬਾਤ ਪਾਉਂਦਾ ਕਹਾਣੀ ਸੰਗ੍ਰਹਿ ‘ਨੰਗੀਆਂ
ਅੱਖੀਆਂ’ਅਤੇ ਹੋਰ ਅਨੇਕਾਂ ਲਿਖਤਾਂ ‘ਤਪ’, ਵਸਤਰ, ਜੁਗਨੀ
ਆਦਿ ਲਿਖ ਚੁੱਕਿਆ ਬਲਰਾਜ ਇੱਕ ਵਧੀਆਂ ਗੀਤਕਾਰ ਵੀ ਹੈ।
ਵੱਖ ਵੱਖ ਨਾਮੀ ਗਾਇਕਾਂ ਦੀ ਆਵਾਜ਼ਾਂ ਵਿਚ ਉਸਦੇ ਲਿਖੇ ਕੋਈ 50 ਤੋਂ ਵੱਧ
ਗੀਤ ਰਿਕਾਰਡ ਹੋਏ ਹਨ।
ਰਾਜ ਫ਼ਿਲਮਜ਼ ਦੇ ਬੈਨਰ ਹੈਠ ਬਣਨ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਨਿਰਭੈ ਧਾਲੀਵਾਲ
ਤੇ ਪੁਨੀਤ ਧਾਲੀਵਾਲ ਨੇ ਸਾਂਝੇ ਤੌਰ ‘ਤੇ ਕੀਤਾ ਹੈ।
ਬਲਰਾਜ ਸਿੱਧੂ, ਰਾਜ ਧਾਲੀਵਾਲ,
ਕਿਰਨਪ੍ਰੀਤ ਕੌਰ, ਜੋਬਨ ਧਾਲੀਵਾਲ,
ਰਛਪਾਲ ਸਿੰਘ, ਬਲਜੀਤ ਕੌਰ,
ਹਰਗੁਣ ਈਮਾਨ ਸੋਮਲ, ਤੀਰਥ ਸਿੰਘ, ਜਗਦੀਪ
ਸਿੰਘ ਅਤੇ ਨਾਜ਼ਰ ਸਿੰਘ ਇਸ ਫ਼ਿਲਮ ‘ਚ ਕੰਮ ਕਰਨ ਵਾਲੇ ਅਹਿਮ ਕਲਾਕਾਰ ਹਨ।
ਫ਼ਿਲਮ ਦਾ ਸੰਗੀਤ ਹਰਪ੍ਰੀਤ ਅਨਾੜੀ ਨੇ ਤਿਆਰ ਕੀਤਾ ਹੈ।
ਇਸ ਫ਼ਿਲਮ ਬਾਰੇ ਇੱਕ ਹੋਰ ਸੱਚਾਈ ਇਹ ਵੀ ਹੈ ਕਿ ਇਸ ਫ਼ਿਲਮ ਰਾਹੀਂ ਬਲਰਾਜ
ਸਿੱਧੂ ਨੇ ਕਲਾ ਦਾ ਸ਼ੌਕ ਰੱਖਣ ਵਾਲੇ ਨਵੇ ਚਿਹਰਿਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ
ਹੈ। ਫ਼ਿਲਮ ਦੀ ਸਾਰੀ ਤਕਨੀਕੀ ਟੀਮ ਪਟਿਆਲਾ
ਯੂਨੀਵਰਸਿਟੀ ਨਾਲ ਜੁੜੇ ਨੌਜਵਾਨਾਂ ਦੀ ਹੈ ਜੋ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਨਾਲ
ਜੁੜੇ ਹੋਏ ਹਨ। ਇਸ ਬਾਰੇ ਬਲਰਾਜ ਸਿੱਧੂ ਦਾ ਕਹਿਣਾ
ਹੈ ਕਿ ਨਵੇਂ ਯੁਵਕਾਂ ਨੂੰ ਆਪਣੀ ਕਲਾ ਮੌਕਾ ਮਹੁੱਈਆਂ ਕਰਵਾਉਣ ਦੇ ਮਕਸਦ ਨਾਲ
ਉਨ੍ਹਾਂ ਨੇ ਇਹ ਰਿਸਕ ਹੱਸ ਕੇ ਲਿਆ ਹੈ।
ਫ਼ਿਲਮ ਦੀ ਪੋਸਟ ਪ੍ਰੋਡਕਸ਼ਨ ਇੰਗਲੈਂਡ ਵਿਚ ਹਾਲੀਵੁੱਡ ਫ਼ਿਲਮ ‘ਬਲੈਕ ਪ੍ਰਿੰਸ਼’ ਕਰ
ਚੁੱਕੇ ਮਨੋਜ ਰਿੱਕੀ ਵਲੋਂ ਕੀਤੀ ਜਾ ਰਹੀ ਹੈ।ਸਿਨਮੈਟੋਗ੍ਰਾਫੀ ਹਰਪ੍ਰੀਤ ਸਿੰਘ ਦੀ
ਹੈ। ਗੋਪੀ ਆਲਮਪੁਰੀਆ ਇਸਦੇ ਡੀ ਓ ਪੀ ਹਨ।
ਸੁਰਜੀਤ ਜੱਸਲ ( ਫ਼ਿਲਮ ਜਰਨਲਿਸਟ)
Surjit.jassal@gmail.com
|