ਇਹ ਚਰਚਾ ਅਕਸਰ ਹੀ ਛਿੜੀ ਰਹਿੰਦੀ ਹੈ ਕਿ ਪੰਜਾਬੀ ਗਾਇਕੀ ਵਿੱਚ ਮਨ ਨੂੰ ਸਕੂਨ
ਘੱਟ ਪਰ ਰੂਹ ਨੂੰ ਪੱਛਣ ਵਾਲੇ ਬੋਲਾਂ ਦਾ ਪਸਾਰਾ ਵਧੇਰੇ ਹੋ ਰਿਹਾ ਹੈ। ਗਾਇਕਾਂ ਦੇ
ਹੱਥਾਂ 'ਚ ਸਾਜ਼ਾਂ ਦੀ ਬਜਾਏ ਹਥਿਆਰ ਆ ਗਏ ਹਨ। ਬੋਲਾਂ ਵਿੱਚੋਂ ਵੀ ਪਾਕ ਮੁਹੱਬਤ
ਗਾਇਬ ਹੋ ਗਈ ਹੈ। ਹਰ ਕੋਈ ਸਿਰਫ ਤੇ ਸਿਰਫ ਗੋਲੀਆਂ ਦੀ ਬੁਛਾੜ ਕਰਕੇ ਕੁੜੀ ਨੂੰ
ਉਹਦੇ ਘਰਦਿਆਂ ਕੋਲੋਂ ਜ਼ਬਰੀ ਚੁੱਕ ਕੇ ਲਿਜਾਣ ਵਾਲੇ ਬੋਲ ਗਾ ਹੀ ਨਹੀਂ ਰਿਹਾ ਸਗੋਂ
ਗੀਤਾਂ ਦੇ ਫਿਲਮਾਂਕਣ ਵੀ ਇਸ ਤਰ੍ਹਾਂ ਦੇ ਬਣਾਏ ਜਾ ਰਹੇ ਹਨ ਜੋ ਨਵੇਂ ਖ਼ੂਨ ਨੂੰ
ਉਬਾਲਾ ਦੇਣ ਲਈ ਕਾਫੀ ਹਨ। ਪੰਜਾਬ ਦੀ ਨੌਜ਼ਵਾਨੀ ਨੂੰ ਕਿਰਤ ਸੱਭਿਆਚਾਰ ਨਾਲ ਜੁੜਨ
ਦੀ ਪ੍ਰੇਰਨਾ ਗੀਤਾਂ ਦੇ ਬੋਲਾਂ 'ਚੋਂ ਪਿਛਲੇ ਲੰਮੇ ਸਮੇਂ ਤੋਂ ਮਨਫ਼ੀ ਹੈ। ਟੇਢੇ
ਢੰਗ ਨਾਲ ਨਸਿ਼ਆਂ ਦੇ ਪ੍ਰਚਾਰ ਵਾਲੇ ਬੋਲ ਅਮਰਵੇਲ ਵਾਂਗ ਪਸਾਰਾ ਕਰਦੇ ਜਾ ਰਹੇ ਹਨ।
ਹਰ ਵਾਰ ਪੱਛਮ ਨੂੰ ਜਿੰਮੇਵਾਰ ਠਹਿਰਾ ਕੇ ਸੁਰਖਰੂ ਹੋ ਜਾਂਦੇ ਹਾਂ ਪਰ ਅਸੀਂ ਕਦੇ ਵੀ
ਠੰਡੇ ਦਿਮਾਗ ਨਾਲ ਨਹੀਂ ਸੋਚਿਆ ਕਿ ਉਸਾਰੂ ਗਾਉਣ ਵਾਲਿਆਂ ਨੂੰ ਆਪਣੇ ਚੇਤਿਆਂ 'ਚੋਂ
ਵਿਸਾਰ ਦੇਣ ਬਾਰੇ ਤਾਂ ਪੱਛਮ ਨੇ ਨਹੀਂ ਕਿਹਾ?
ਇਸ ਵਿੱਚ ਅਸੀਂ ਵੀ ਕਾਫੀ ਹੱਦ ਤੱਕ ਜਿੰਮੇਵਾਰ ਸਾਬਤ ਹੋਵਾਂਗੇ ਜਦੋਂ ਅੰਦਰ ਝਾਕ
ਕੇ ਦੇਖਾਂਗੇ ਕਿ ਅਸੀਂ ਖੁਦ ਹੀ ਚੰਗਾ ਲਿਖਣ ਗਾਉਣ ਵਾਲਿਆਂ ਦਾ ਯੋਗ ਮੁੱਲ ਨਹੀਂ
ਪਾਇਆ। ਜੇ ਕਣਕ ਦੀ ਫਸਲ ਦੀ ਭਰਪੂਰ ਸਾਂਭ ਸੰਭਾਲ ਕੀਤੀ ਜਾਵੇ ਤਾਂ ਨਦੀਨ ਵੀ ਕੁਝ
ਨਹੀਂ ਵਿਗਾੜ ਸਕਦੇ। ਜੇਕਰ ਕਿਸਾਨ ਅਵੇਸਲਾ ਹੋ ਜਾਵੇ ਤਾਂ ਉਸ ਫਸਲ ਦਾ ਅੱਲ੍ਹਾ ਵੀ
ਬੇਲੀ ਨਹੀਂ ਹੁੰਦਾ। ਇਹੋ ਜਿਹਾ ਕੁਝ ਹੀ ਸੱਭਿਆਚਾਰਕ ਖੇਤਰ 'ਚ ਵਾਪਰ ਰਿਹਾ ਹੈ।
ਰੌਲਾ ਅਸੀਂ ਸੱਭਿਆਚਾਰ ਦੇ ਹੋ ਰਹੇ ਪਤਨ ਦਾ ਪਾਉਂਦੇ ਹਾਂ ਪਰ ਆਪਣੇ ਵਿਆਹਾਂ
ਸ਼ਾਦੀਆਂ 'ਤੇ ਬੁੱਕ ਉਹਨਾਂ ਹੀ ਗਵੱਈਆਂ ਨੂੰ ਕਰਦੇ ਹਾਂ ਜੋ ਆਪਹੁਦਰੀਆਂ ਕਰਕੇ ਸਾਡਾ
ਮੂੰਹ ਚਿੜਾਉਂਦੇ ਹਨ। ਚੰਗਾ ਗਾਉਣ ਵਾਲਿਆਂ ਨੂੰ ਇਸ ਕਰਕੇ ਵਿਸਾਰ ਛੱਡਦੇ ਹਾਂ ਕਿ
ਮੁੰਡੇ ਖੁੰਡੇ ਪਸੰਦ ਨਹੀਂ ਕਰਦੇ।
ਪਿਛਲੇ ਕੁਝ ਕੁ ਦਿਨਾਂ ਤੋਂ ਪੰਜਾਬੀ ਮਾਂ ਬੋਲੀ ਦਾ ਉਹ ਸਰਵਣ ਗਾਇਕ ਪੁੱਤਰ ਕਾਲੇ
ਪੀਲੀਏ ਵਰਗੀ ਭਿਆਨਕ ਬੀਮਾਰੀ ਨਾਲ ਇਕੱਲਾ ਹੀ ਲੜ ਰਿਹਾ ਹੈ ਜਿਸਦੇ ਆਪਣੇ ਲਿਖੇ ਤੇ
ਗਾਏ ਗੀਤ "ਲੋਕ ਗੀਤ" ਹੋ ਨਿੱਬੜੇ ਹਨ। ਹਾਂ ਜੀ, ਗੱਲ ਉਸੇ ਫਰੀਦਕੋਟੀਏ ਬਲਧੀਰ
ਮਾਹਲਾ ਦੀ ਕਰ ਰਿਹਾ ਹਾਂ ਜਿਸਦੀ ਗਾਈ ਲੋਰੀ "ਕੁੱਕੂ ਰਾਣਾ ਰੋਂਦਾ" ਸ਼ਾਇਦ ਹੀ ਕਿਸੇ
ਪੰਜਾਬੀ ਨੇ ਨਾ ਸੁਣੀ ਹੋਵੇ।
ਮਾਹਲਾ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਵੀ ਨਹੀਂ ਕਿ ਇਹਨਾਂ ਸਤਰਾਂ ਰਾਹੀਂ
ਉਸਦੀਆਂ ਪ੍ਰਾਪਤੀਆਂ ਦਾ ਵਾਸਤਾ ਪਾਇਆ ਜਾਵੇ। ਬਲਧੀਰ ਮਾਹਲਾ ਉਹ ਗਾਇਕ ਹੈ ਜਿਸਨੇ
ਉਸਤਾਦ ਯਮਲਾ ਜੀ ਤੋਂ ਬਾਦ ਉਹਨਾਂ ਦੇ ਸਾਜ਼ ਤੂੰਬੀ ਨੂੰ ਸੁਰਾਂ ਵਾਲੀ ਇਲੈਕਟਰਾਨਿਕ
ਤੂੰਬੀ ਦਾ ਰੂਪ ਪ੍ਰਦਾਨ ਕੀਤਾ। ਉਸਨੇ "ਸੁਰੀਲੀ" ਨਾਮਕ ਉਸ ਤੂੰਬੀਨੁਮਾ ਸਾਜ਼ ਦਾ
ਨਿਰਮਾਣ ਕੀਤਾ ਜਿਸ ਨੂੰ ਦੇਸ਼ ਵਿਦੇਸ਼ ਵਿੱਚ ਅੰਤਾਂ ਦਾ ਮਾਣ ਸਨਮਾਨ ਮਿਲਿਆ। ਜਿੱਥੇ
ਵੀ ਸੁਰੀਲੀ ਦੀ ਟੁਣਕਾਰ ਪਈ, ਉਥੇ ਹੀ ਸੰਗੀਤ ਪ੍ਰੇਮੀਆਂ ਦੀ ਭਰਵੀਂ ਦਾਦ ਮਿਲੀ।
ਮਾਹਲਾ ਦੀ ਜ਼ਿੰਦਗੀ ਭਰ ਦੀ ਕਮਾਈ "ਕੁੱਕੂ ਰਾਣਾ ਰੋਂਦਾ" ਲੋਰੀ ਰੂਪੀ ਗੀਤ, ਘੋੜੀ
"ਮਾਂ ਦਿਆ ਸੁਰਜਣਾ" ਸਮੇਤ ਸ਼ਾਇਰ ਸੁਰਜੀਤ ਪਾਤਰ, ਗੁਰਭਜਨ ਗਿੱਲ, ਅੰਮ੍ਰਿਤਾ
ਪ੍ਰੀਤਮ ਜੀ ਸਮੇਤ ਉੱਚ ਕੋਟੀ ਦੇ ਸ਼ਾਇਰਾਂ ਦੇ ਗੀਤ ਹੀ ਬਣੇ ਹਨ। ਮਾਹਲੇ ਨੂੰ ਇਹਨਾਂ
ਗੀਤਾਂ ਬਦਲੇ ਸਨਮਾਨ ਬਥੇਰੇ ਮਿਲੇ, ਤਾੜੀਆਂ ਬਹੁਤ ਮਿਲੀਆਂ, ਸ਼ਾਬਾਸ਼ ਬਹੁਤ ਮਿਲੀ
ਪਰ ਅਫਸੋਸ ਕਿ ਲੱਕੜ ਦੀਆਂ ਸ਼ੀਲਡਾਂ ਰੋਟੀ ਦੀ ਥਾਂ 'ਤੇ ਢਿੱਡ ਦੀ ਭੁੱਖ ਨਹੀਂ
ਮਿਟਾਉਂਦੀਆਂ। ਸ਼ਾਬਾਸ਼ ਜਾਂ ਤਾੜੀਆਂ ਬਦਲੇ ਘਰ ਦਾ ਖਰਚਾ ਚਲਾਉਣ ਲਈ ਸਮਾਨ ਨਹੀਂ
ਖਰੀਦਿਆ ਜਾ ਸਕਦਾ। ਇਹ ਕਹਾਣੀ ਸਿਰਫ ਮਾਹਲੇ ਦੀ ਹੀ ਨਹੀਂ ਸਗੋਂ ਬਹੁਤ ਸਾਰੇ ਫ਼ਨਕਾਰ
ਗੁੰਮਨਾਮ ਜਿ਼ੰਦਗੀ ਜੀਅ ਕੇ ਇਸ ਜਹਾਨੋਂ ਚਲਦੇ ਬਣੇ ਹਨ ਤੇ ਬਹੁਤ ਸਾਰੇ ਸਾਡੀ ਅਤੇ
ਸਰਕਾਰਾਂ ਦੀ ਅਣਦੇਖੀ ਦਾ ਸਿ਼ਕਾਰ ਹੋ ਕੇ ਤਿਲ ਤਿਲ ਮਰਨ ਲਈ ਮਜ਼ਬੂਰ ਹਨ। ਮਾਹਲੇ ਨੇ
ਬਚਪਨ ਤੋਂ ਲੈ ਕੇ ਹੁਣ ਤੱਕ ਸਮਾਜਿਕ ਜਿੰਮੇਵਾਰੀ ਦਾ ਪੱਲਾ ਘੁੱਟ ਕੇ ਫੜ੍ਹਿਆ ਹੋਇਆ
ਹੈ ਪਰ ਉਸਨੂੰ ਮਿਲਿਆ ਕੀ?? ਇਹੀ ਸਵਾਲ ਸਾਨੂੰ ਗੰਦ ਮੰਦ ਗਾਉਣ ਵਾਲੇ ਵੀ ਕਰਨਗੇ ਕਿ
ਜਿਹੜੇ ਚੰਗਾ ਗਾਉਂਦੇ ਸੀ, ਤੁਸੀਂ ਉਹਨਾਂ ਲਈ ਕੀ ਕੀਤਾ??? ਨਮੋਸ਼ੀ ਤੋਂ ਬਿਨਾਂ
ਦਿੱਤਾ ਕੀ ਹੈ?? ਫਿਰ ਸਾਡੇ ਕੋਲ ਵੀ ਕੋਈ ਜਵਾਬ ਨਹੀਂ ਹੋਵੇਗਾ।
ਬਲਧੀਰ ਮਾਹਲਾ ਬੜੇ ਫ਼ਖਰ ਨਾਲ ਦੱਸਦੈ ਕਿ ਜੇਕਰ ਉਸਦੀ ਜੀਵਨ ਸਾਥਣ ਉਸ ਦੇ ਮੋਢੇ
ਨਾਲ ਮੋਢਾ ਲਾ ਕੇ ਨਾ ਤੁਰਦੀ ਤਾਂ ਮਾਹਲਾ ਕਾਫੀ ਸਮਾਂ ਪਹਿਲਾਂ ਇਸ ਜਹਾਨੋਂ ਰੁਖਸਤ
ਹੋ ਜਾਣਾ ਸੀ। ਉਸਦੇ ਬੋਲਾਂ 'ਚ ਦਰਦ ਹੈ, ਸਿ਼ਕਵਾ ਹੈ ਪਰ ਉਹ ਅਜੇ ਵੀ ਪੰਜਾਬੀ ਮਾਂ
ਬੋਲੀ ਦੀਆਂ ਮੀਢੀਆਂ ਗੁੰਦਣ ਦੇ ਵਾਸਤੇ ਪਾਉਣ ਵਾਲਿਆਂ 'ਚੋਂ ਹੈ। ਇਹਨਾਂ ਲਫ਼ਜ਼ਾਂ
ਰਾਹੀਂ ਪੰਜਾਬੀ ਮਾਂ ਬੋਲੀ ਨੂੰ ਚਾਹੁਣ ਵਾਲੇ ਸਭ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ
ਕਰਨੀ ਚਾਹਾਂਗਾ ਕਿ ਕਾਲਾ ਪੀਲੀਆ ਬਲਧੀਰ ਮਾਹਲੇ ਦੇ ਪਰਿਵਾਰ ਦੀਆਂ ਖੁਸ਼ੀਆਂ 'ਤੇ
ਕਾਲਖ ਨਾ ਮਲ ਜਾਵੇ। ਆਉ ਉਸ ਫਨਕਾਰ ਦੀ ਜੀਵਨ ਜੋਤ ਬਲਦੀ ਰੱਖਣ ਲਈ ਤਿਲ ਫੁੱਲ ਹਿੱਸਾ
ਪਾਈਏ। ਜਿਸ ਵੀ ਕਿਸੇ ਵੀਰ ਨੇ ਮਾਹਲੇ ਦੇ ਦਿਲ ਦਾ ਦਰਦ ਜਾਨਣਾ ਹੋਇਆ ਤਾਂ ਮੋਬਾਈਲ
ਨੰਬਰ 91153-00030 ਰਾਹੀਂ ਜਾਣ ਸਕਦੈ। ਪੰਜਾਬੀਓ! ਮਰਨ ਤੋਂ ਬਾਦ ਤਾਂ ਮੇਲੇ ਲਾਉਣ
ਵਾਲੇ ਬਥੇਰੇ ਬਹੁੜ ਪੈਂਦੇ ਹਨ, ਆਓ ਸਮੇਂ ਦੀਆਂ ਲੋਆਂ ਦੇ ਝੰਬੇ ਬੂਟੇ ਨੂੰ ਸਮੇਂ
ਸਿਰ ਹੀ ਓਟ ਆਸਰਾ ਦੇਈਏ ਤਾਂ ਜੋ ਉਸਦਾ ਮਨੋਬਲ ਨਾ ਟੁੱਟੇ।
|