ਫਿਲਮ ‘ਸਾਡਾ ਹੱਕ’ ਤੇ ਪਾਬੰਦੀ ਲਗਾ ਕੇ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਣ
ਵਾਲੀ ਪੰਜਾਬ ਸਰਕਾਰ ਨੇ ਇੱਕ ਤਰਾਂ ਪੰਜਾਬੀਆਂ ਦੇ ਦਿਲਾਂ ਤੇ ਸਿੱਧਾ ਵਾਰ ਕੀਤਾ ਹੈ।
ਕਿਉਂਕਿ ਇਸ ਫਿਲਮ ਦੁਆਰਾ ਉਹ ਕੁਝ ਦਿਖਾਇਆ ਗਿਆ ਹੈ ਜੋ ਪੰਜਾਬ ਨੇ ਆਪਣੇ ਨੰਗੇ
ਹੱਡਾਂ ਤੇ ਹੰਡਾਇਆ ਹੈ। ਪਤਾ ਨਹੀਂ ਪੰਜਾਬ ਸਰਕਾਰ ਦੀ ਐਸੀ ਕਿਹੜੀ ਮਜਬੂਰੀ ਹੈ ਜਿਸ
ਕਰਕੇ ਸੈਂਸਰ ਬੋਰਡ ਤੋਂ ਪਾਸ ਹੋਈ ਪੰਜਾਬ ਬਾਰੇ ਬਣੀ ਫਿਲਮ ਨੂੰ ਪੰਜਾਬ ਦੀ ਹੀ ਪੰਥਕ
ਸਰਕਾਰ ਨੇ ਬੈਨ ਕਰ ਦਿੱਤਾ ਹੈ। ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਸਰਕਾਰ ਦੇ
ਨੁਮਾਇੰਦੇ ਖੁਦ ਸਿਨੇਮਾ ਘਰਾਂ ਵਿੱਚ ਜਾ ਕੇ ਆਪ ਫਿਲਮ ਦੇਖਦੇ ਅਤੇ ਪੰਜਾਬ ਦੇ ਲੋਕਾਂ
ਨੂੰ ਪ੍ਰੇਰਤ ਕਰਦੇ। ਪਰ ਇਸ ਦੇ ਉਲਟ ਫਿਲਮ ਨੂੰ ਹੀ ਬੈਨ ਕਰ ਦਿਤਾ ਗਿਆ।
ਮੁੱਖ ਮੰਤਰੀ ਜੀ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਸ ਫਿਲਮ
ਨੂੰ ਦੇਖ ਕੇ ਪੰਜਾਬ ਦੇ ਹਾਲਾਤ ਦੁਬਾਰਾ ਖਰਾਬ ਹੋ ਸਕਦੇ ਹਨ।
ਪਰ ਕੀ ਅੱਜ ਪੰਜਾਬ ਦੇ ਹਾਲਾਤ ਸੁਖਾਵੇਂ ਹਨ?
ਇਸ ਬਾਰੇ ਵੀ ਕਈ ਸਵਾਲ ਪੈਦਾ ਹੁੰਦੇ ਹਨ। ਅੱਜ ਪੰਜਾਬ ਵਿੱਚ ਨਸਿ਼ਆਂ ਦਾ ਹੜ੍ਹ
ਆਇਆ ਹੋਇਆ ਹੈ। ਪੰਜਾਬ ਵਿੱਚ ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ ਹਨ। ਅੱਜ
ਪੰਜਾਬ ਵਿੱਚ ਧੀਆਂ ਭੈਣਾਂ ਦੀ ਇਜ਼ਤ ਸ਼ਰੇਆਮ ਰੋਲੀ ਜਾ ਰਹੀ ਹੈ। ਸਭਿਆਚਾਰ ਦੇ ਨਾਂ
ਤੇ ਪੰਜਾਬੀ ਬੋਲੀ ਤੇ ਵਿਰਸੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਤਾਕਤਵਰ ਲੋਕ
ਆਪਣੀ ਮਰਜ਼ੀ ਨਾਲ ਕੁਝ ਵੀ ਕਰ ਸਕਦੇ ਹਨ ਤੇ ਆਮ ਤਬਕਾ ਕੁਸਕ ਵੀ ਨਹੀਂ ਸਕਦਾ। ਕੀ ਇਹ
ਪੰਜਾਬ ਦੇ ਚੰਗੇ ਹਾਲਾਤਾਂ ਦੀਆਂ ਨਿਸ਼ਨੀਆਂ ਹਨ ?
ਜਵਾਬ ਬੜਾ ਸਰਲ ਤੇ ਛੋਟਾ ਹੈ ਨਹੀਂ! ਫਿਰ ਕਿਉਂ ਪੰਜਾਬ ਸਰਕਾਰ ਨੇ ਅਜਿਹਾ ਕਦਮ
ਚੁੱਕ ਕੇ ਪੰਜਾਬ ਦੇ ਲੋਕਾਂ ਨਾਲ ਵਿਸਵਾਸ ਘਾਤ ਕੀਤਾ ਹੈ ਇਸਦਾ ਜਵਾਬ ਅਜੇ ਭਵਿੱਖ ਦੇ
ਗਰਭ ਵਿੱਚ ਹੈ ਪਰ ਲੋਕ ਇਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਜਿਸ ਸਰਕਾਰ ਨੂੰ ਕੁਝ
ਸਮਾਂ ਪਹਿਲਾਂ ਚੁਣਿਆ ਸੀ ਉਹੀ ਸਰਕਾਰ ਅੱਜ ਸਾਡੇ ਹੱਕਾਂ ਤੇ ਪਾਬੰਦੀਆਂ ਲਾ ਕੇ
ਹਿਟਲਰ ਬਾਜ਼ੀ ਕਰ ਰਹੀ ਹੈ। ‘ਸਾਡਾ ਹੱਕ’ ਤੇ ਪਾਬੰਦੀ ਵਿਰੁਧ ਸਾਡੀ ਸ੍ਰੋਮਣੀ ਕਮੇਟੀ
ਅਤੇ ਪੰਥਕ ਲੀਡਰਾਂ ਦੀ ਚੁੱਪ ਹੋਰ ਵੀ ਘਾਤਕ ਹੈ। ਕਿਉਂਕਿ ਸਾਡੇ ਇਨਾਂ ਪੰਥਕ ਲੀਡਰਾਂ
ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਲੋਕਾਂ ਦੀ ਅਗਵਾਈ ਕਰਨੀ ਚਾਹੀਦੀ ਹੈ
ਨਾ ਕਿ ਚੁੱਪ ਧਾਰ ਕੇ ਸਰਕਾਰ ਦੇ ਫੈਸਲੇ ਦਾ ਸਿੱਧੇ ਰੂਪ ਵਿੱਚ ਸਵਾਗਤ ਕੀਤਾ ਜਾਵੇ।
ਇੱਥੇ ਮੈਂ ਇੱਕ ਗੱਲ ਹੋਰ ਵੀ ਕਰਨੀ ਚਾਹੁੰਦਾ ਹਾਂ ਕਿ ਸਾਡੇ ਵਿਦੇਸ਼ਾਂ ਵਿੱਚ ਬੈਠੇ
ਜੋ ਲੋਕ ਪਹਿਲਾਂ ਸਰਕਾਰ ਦੇ ਹਰ ਨਿੱਕੇ ਨਿੱਕੇ ਕੰਮ ਨੂੰ ਬੜਾ ਵਧਾ ਚੜਾ ਕੇ ਵਾਰ ਵਾਰ
ਵਧਾਈਆਂ ਜਾਂ ਸ਼ਲਾਘਾ ਦੇ ਪੁਲ ਬੰਨਦੇ ਰਹਿੰਦੇ ਹਨ ਹੁਣ ਕਿਉਂ ਚੁੱਪ ਧਾਰੀ ਬੈਠੇ ਹਨ।
ਹੁਣ ਵੀ ਕੋਈ ਨਾ ਕੋਈ ਬਿਆਨ ਤਾਂ ਦਾਗਣਾ ਚਾਹੀਦਾ ਸੀ ਕਿ ਪੰਜਾਬ ਸਰਕਾਰ ਨੇ ਫਿਲਮ
ਬੈਨ ਕਰਕੇ ਚੰਗਾ ਕੀਤਾ ਹੈ ਜਾਂ ਮਾੜਾ ਕੀਤਾ ਹੈ। ਪਰ ਗੱਲ ਉਹੀ ਕਿ ‘ਇੱਕ ਚੁੱਪ ਸੌ
ਸੁੱਖ’ ਇਨਾਂ ਹਲਕਾ ਪ੍ਰਧਾਨਾਂ ਜਾਂ ਪਾਰਟੀ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਵੀ
ਚੁੱਪ ਰਹਿਣ ਵਿੱਚ ਹੀ ਭਲੀ ਸਮਝੀ ਹੈ। ਪਰ ਦੁੱਖ ਹੁੰਦਾ ਹੈ ਅਜਿਹਾ ਦੇਖ ਸੁਣ ਕੇ ਜਾਂ
ਸੋਚ ਕੇ ਪੰਜਾਬ ਵਿੱਚ ਅੱਜ ਵੀ ਜਮਹੂਰੀਅਤ ਦਾ ਕਤਲ ਹੋ ਰਿਹਾ ਹੈ। ਇਹ ਹੋਰ ਵੀ ਦੁੱਖ
ਦੇਣ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਸਰਕਾਰ ਵੀ ਪੰਥਕ ਹੈ। ਜੇ ਕਾਂਗਰਸ ਦੀ ਸਰਕਾਰ
ਹੁੰਦੀ ਤਾਂ ਸ਼ਾਇਦ ਤਾਂ ਫਿਲਮ ਬੈਨ ਹੋਣ ਤੇ ਲੋਕ ਜਿਆਦਾ ਅਚੰਭਤ ਨਾ ਹੁੰਦੇ ਪਰ
ਅਕਾਲੀਆਂ ਦੀ ਸਰਕਾਰ ਨੇ ਅਜਿਹਾ ਕਰਕੇ ਇੱਕ ਤਰਾਂ ਨਾਲ ਪੰਜਾਬ ਦੇ ਲੋਕਾਂ ਖਾਸ ਕਰਕੇ
ਸਿੱਖ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਵਿੱਚ ਵੀ ਇਸ ਪ੍ਰਤੀ ਰੋਹ ਪਾਇਆ ਜਾ ਰਿਹਾ ਹੈ।
ਅਕਾਲੀ ਦਲ ਦੀ ਸਰਕਾਰ ਨਾਲ ਨੇੜਤਾ ਰੱਖਣ ਵਾਲੇ ਲੋਕ ਵੀ ਇਸ ਅਣਚਾਹੀ ਰੋਕ ਨਾਲ ਇੱਕ
ਤਰਾਂ ਨਾਲ ਭੌਚੱਕੇ ਜਿਹੇ ਰਹਿ ਗਏ ਹਨ। ਮੈਂ ਅੰਤ ਵਿੱਚ ਇਹੀ ਕਹਿ ਸਕਦਾ ਹਾਂ ਕਿ
ਪੰਜਾਬ ਸਰਕਾਰ ਜੋ ਵੀ ਫੈਸਲਾ ਲਿਆ ਹੈ ਇਹ ਫੈਸਲਾ ਪੰਜਾਬ ਦੇ ਬਹੁ ਗਿਣਤੀ ਲੋਕਾਂ ਦੇ
ਹੱਕ ਵਿੱਚ ਨਹੀਂ ਹੈ। ਪੰਜਾਬ ਦੇ ਬਹੁਗਿਣਤੀ ਲੋਕਾਂ ਦੀ ਸੋਚ ਦਾ ਗਲਾ ਘੁੱਟਦਾ ਨਜ਼ਰ
ਆ ਰਿਹਾ ਹੈ। ਇਸ ਕਰਕੇ ਪੰਜਾਬ ਸਰਕਾਰ ਨੂੰ ਇਸ ਫੈਸਲੇ ਤੇ ਜਲਦ ਤੋਂ ਜਲਦ ਵਿਚਾਰ
ਕਰਨਾ ਚਾਹੀਦਾ ਹੈ ਅਤੇ ਪ੍ਰੈਸ ਅਤੇ ਮੀਡੀਆ ਦੀ ਅਜਾਦੀ ਨੂੰ ਬਰਕਰਾਰ ਰੱਖਣਾ ਚਾਹੀਦਾ
ਹੈ।
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’,
ਇਟਲੀ
Mobile 0039 320 217 6490
bindachahal@gmail.com
Chahal_italy@yahoo.com |