ਆਰਮੀ ਅਫ਼ਸਰ ਸ. ਬਿੱਕਰ ਸਿੰਘ (ਪਿਤਾ) ਅਤੇ ਸ਼੍ਰੀਮਤੀ ਛਿੰਦਰ ਕੌਰ (ਮਾਤਾ) ਦੀ
ਲਾਡਲੀ, ਚਾਵਾਂ-ਪਿਆਰਾਂ ਨਾਲ ਪਾਲੀ ਬੇਟੀ ਬਾਰੇ ਨੰਵਬਰ 1986 ਵਿਚ ਪਠਾਨਕੋਟ ਵਿਖੇ
ਜਨਮ ਵਕਤ ਕੋਈ ਨਹੀ ਸੀ ਜਾਣਦਾ ਕਿ ਉਹ ਵੱਡੀ ਹੋ ਕੇ ਫਿਲਮੀ ਦੁਨੀਆਂ 'ਚ ਪ੍ਰਵੇਸ਼
ਕਰਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਂਓਂ ਵੀ ਚਮਕਾਵੇਗੀ। ਪਿਤਾ ਜੀ ਦੀ ਆਰਮੀ
ਵਿਚ ਡਿਯੂਟੀ ਹੋਣ ਕਰਕੇ ਉਸ ਦਾ ਭਾਰਤ ਦੇ ਕੋਨੇ-ਕੋਨੇ ਵਿਚ ਜਾਣਾ ਇਕ ਮਜਬੂਰੀ ਸੀ।
ਗੁਰਪ੍ਰੀਤ ਦੇ ਜਨਮ ਤੋਂ ਦੋ ਸਾਲਾਂ ਬਾਅਦ ਪਿਤਾ ਦੀ ਬਦਲੀ ਅਸਾਮ ਹੋ ਗਈ: ਜਿਸ ਕਾਰਨ
ਗੁਰਪ੍ਰੀਤ ਨੇ ਆਪਣੀ ਮੁੱਢਲੀ ਸਿਖਿਆ ਆਸਾਮ ਤੋਂ ਪ੍ਰਾਪਤ ਕੀਤੀ।
ਬਚਪਨ ਤੋਂ ਹੀ ਕਿਤਾਬਾਂ ਪੜਨ ਅਤੇ ਐਕਟਿੰਗ ਦਾ ਸ਼ੌਕ ਰੱਖਣ ਵਾਲੀ ਗੁਰਪ੍ਰੀਤ ਸਰਾਂ
ਨੇ ਬਚਪਨ ਵਿਚ ਹੀ ਲਿਖਣਾ ਅਤੇ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਸਕੂਲ ਵਿਚ ਜਦੋਂ
ਕੋਈ ਪ੍ਰੋਗਰਾਮ ਹੁੰਦਾ ਤਾਂ ਆਪਣੇ ਵਲੋਂ ਲਿਖੀ ਕਵਿਤਾ ਜਾਂ ਗ਼ਜ਼ਲ ਉਹ ਅਕਸਰ ਸਟੇਜ਼ ਤੇ
ਬੋਲਿਆ ਕਰਦੀ। ਨਾਲ-ਹੀ-ਨਾਲ ਅਦਾਕਾਰੀ ਵਿਚ ਵੀ ਉਸ ਦੀ ਖੂਬ ਰੁਚੀ ਬਣਦੀ ਗਈ।
ਅਧਿਆਪਕਾਂ ਤੇ ਕਲਾਸ-ਮੇਟ ਦੋਸਤਾਂ ਦੀ ਇਸ ਹੌਸਲਾ-ਹਫ਼ਜਾਈ ਨੇ ਉਸ ਨੂੰ ਜਾਣੋ ਖੰਭ ਲਾਈ
ਰੱਖੇ, ਜਿਨ੍ਹਾਂ ਖੰਭਾਂ ਸਦਕਾ ਉਹ ਉਡਾਣਾ ਭਰਦੀ-ਭਰਦੀ ਪੰਜਾਬੀ ਫਿਲਮਾਂ ਦੀ ਵਧੀਆ
ਲੇਖਿਕਾ ਅਤੇ ਅਦਾਕਾਰਾ ਬਣ ਗੁਜਰੀ।
ਪੰਜਾਬ ਦੇ ਜਿਲ੍ਹਾ ਮੋਗਾ ਦੀ ਰਹਿਣ ਵਾਲੀ ਗੁਰਪ੍ਰੀਤ ਸਰਾਂ ਨੇ ਆਪਣੀ ਅਗਲੀ
ਉਚੇਰੀ ਸਿੱਖਿਆ, ਭਾਵ ਐਮ.ਏ. ਲਟਰੇਚਰ ਤੇ ਐਮ.ਏ. ਥੀਏਟਰ ਦੀ ਡਿਗਰੀ, ਇੰਡੀਅਨ
ਥੀਏਟਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਇੰਡੀਅਨ ਥੀਏਟਰ ਵਿੱਚ
ਪੜ੍ਹਾਈ ਕਰਦੇ ਸਮੇਂ ਗੁਰਪ੍ਰੀਤ ਸਰਾਂ ਨੇ 'ਗਗਨ ਮੈਂ ਥਾਲੁ', 'ਕਣਕ ਦੀ ਬੱਲੀ',
'ਇਸ਼ਕ ਰੂਹਾਨੀ', 'ਲੋਹਾਕੁੱਟ' ਅਤੇ 'ਟਰੋਜਨ ਵੋਮੈਨ' ਆਦਿ ਜਿਹੇ ਦਰਜਨਾਂ ਨਾਟਕ
ਖੇਡ੍ਹਕੇ ਥੀਏਟਰ ਖੇਤਰ 'ਚ ਖੂਬ ਨਾਮਨਾ ਖੱਟਿਆ।
ਪਾਸ ਆਉਟ ਹੋਣ ਤੋਂ ਬਆਦ ਗੁਰਪ੍ਰੀਤ ਸਰਾਂ ਨੂੰ ਪਹਿਲੀ ਬ੍ਰੇਕ ਹਾਲੀਵੁਡ ਫਿਲਮ
'ਵਿਸਟ ਇਜ਼ ਵਿਸਟ' ਵਿੱਚ ਮਿਲੀ। ਇਸ ਫਿਲਮ ਵਿੱਚ ਉਸ ਨੇ ਉਮਪੁਰੀ ਸਾਹਿਬ ਦੀ ਬੇਟੀ ਦਾ
ਕਿਰਦਾਰ ਅਦਾ ਕੀਤਾ। ਇਹ ਫਿਲਮ ਇੰਗਲੈਂਡ ਵਿੱਚ ਰੀਲੀਜ਼ ਕੀਤੀ ਗਈ।
ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਪੰਜਾਬੀ ਫਿਲਮਾਂ ‘ਜੱਟਾਂ ਦੀਆਂ ਦਿਲਦਾਰੀ’ਤੇ
‘ਦੀਪੋ’ਖੁਦ ਲਿਖੀਆਂ ਤੇ ਬਤੌਰ ਨਾਇਕਾ ਭੂਮਿਕਾ ਵੀ ਨਿਭਾਈ। ਇਨ੍ਹਾਂ ਦੋਨ੍ਹਾਂ
ਫਿਲਮਾਂ ਦੀ ਡਾਇਰੈਕਸ਼ਨ ‘‘ਬਿੱਟੂ ਸੰਧੂ ਜੀ ਨੇ ਕੀਤੀ: ਜੋ ਕਿ ਟੀ-ਸੀਰੀਜ਼ ਕੰਪਨੀ
ਵਿੱਚ ਦਰਸ਼ਨ ਕੁਮਾਰ ਜੀ ਨਾਲ ਬਤੌਰ ਡਾਇਰੈਕਟਰ ਐਂਡ ਪ੍ਰੋਡਿਊਸਰ ਕੰਮ ਕਰ ਚੁੱਕੇ ਹਨ।
ਅਗਸਤ 2016 ਵਿੱਚ ਗੁਰਪ੍ਰੀਤ ਸਰਾ ਨੇ ਇਕ ਨਵੇਂ ਉਭਰਦੇ ਗਾਇਕ-ਕਲਾਕਾਰ ਵੀਰ ਜਸ
ਵੀਰ ਦੀ ਐਲਬਮ ‘ਇਸ਼ਕ ਇਸ਼ਕ’ ਦੇ ਵੀਡੀਉ ਟਰੈਕ ਦੀ ਨਿਰਦੇਸ਼ਨਾ ਵੀ ਕੀਤੀ ਜੋ ਪੰਜਾਬ ਦੇ
ਕਾਫੀ ਸਾਰੇ ਚੈਨਲਾਂ ਤੇ ਬਹੁ-ਚਰਚਿਤ ਹੈ। ਇਕ ਮੁਲਾਕਾਤ ਦੌਰਾਨ ਗੁਰਪ੍ਰੀਤ ਸਰਾਂ ਨੇ
ਕਿਹਾ, 'ਐਕਟਿੰਗ, ਰਾਈਟਿੰਗ ਅਤੇ ਡਾਇਰੈਕਸ਼ਨ ਮੇਰੇ ਸ਼ੌਕ ਹਨ।'
ਗੁਰਪ੍ਰੀਤ ਸਰਾਂ ਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ ਪੰਜਾਬੀ ਫਿਲਮਾਂ ਵਿੱਚ
ਸੂਝਵਾਨ ਕਿਰਦਾਰ ਕਰਨ ਦੀ ਚਾਹਵਾਨ ਹੈ। ਇਸ ਤੋਂ ਇਲਾਵਾ ਉਹ ਖੁਦ ਲੇਖਿਕਾ ਹੋਣ ਦੇ
ਨਾਤੇ ਸਮਾਜ ਨੂੰ ਸਹੀ ਸੇਧ ਦੇਣ ਵਾਲੀਆਂ ਫਿਲਮਾਂ ਲਿਖਣਾ ਪਸੰਦ ਕਰਦੀ ਹੈ। ਆਪਣੀ
‘ਦੀਪੋ’ਫਿਲਮ ਦੇ ਜ਼ਰੀਏ ਵੀ ਉਸ ਵਲੋਂ ਕਈ ਸਮਾਜਿਕ-ਕੁਰੀਤੀਆਂ ਨੂੰ ਛੋਹਿਆ ਗਿਆ ਹੈ।
ਸਮਾਜ ਦੀ ਦੋ-ਪਾਸੜ ਸੋਚ ਨੂੰ ਇਸ ਕਹਾਣੀ ਰਾਹੀਂ ਦਰਸਾਇਆ ਗਿਆ ਹੈ।
ਆਪਣੇ ਭਵਿੱਖ ਦੇ ਨਿਸ਼ਾਨੇ ਸਾਂਝੇ ਕਰਦਿਆਂ ਸਰਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ
ਵਿੱਚ ਜਲਦੀ ਹੀ ਉਸ ਦੀਆਂ ਲਿਖੀਆਂ ਫਿਲਮਾਂ ‘‘ਦ ਲਿਪਸ’‘‘ਉਡੀਕ ਤੇ ਸਰਹੱਦ’ ਦਰਸ਼ਕਾਂ
ਨੂੰ ਵੇਖਣ ਨੂੰ ਮਿਲਣਗੀਆਂ।
ਸ਼ਾਲ੍ਹਾ! ਫਿਲਮੀ ਦੁਨੀਆਂ 'ਚ ਸਰਗਰਮੀ ਨਾਲ ਆਪਣੇ ਅਕਸ ਦੀ ਹੋਂਦ ਬਣਾ ਰਹੀ,
ਹਸੂ-ਹਸੂ ਕਰਦੇ ਚਿਹਰੇ ਵਾਲੀ ਖੂਬਸੂਰਤ ਮੁਟਿਆਰ ਗੁਰਪ੍ਰੀਤ ਸਰਾਂ ਦਾ ਹਰ ਸੁਪਨਾ
ਸਾਕਾਰ ਹੋਵੇ, ਓਸ ਪਰਵਰਦਗਾਰ ਦੇ ਦਰ ਤੇ ਜੋਦੜੀ, ਅਰਦਾਸ ਹੈ, ਮੇਰੀ!
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ: ਗੁਰਪ੍ਰੀਤ ਸਰਾਂ (9872966914)
|