ਪੰਜਾਬੀ
ਗੀਤ ਸੰਗੀਤ ਨੂੰ ਦੁਨੀਆਂ ਭਰ ਵਿੱਚ ਫੈਲਾਉਣ ਵਾਲੀਆਂ , ਪੰਜਾਬ ਦੀਆਂ ਸੰਗੀਤ
ਕੰਪਨੀਆਂ ਹੁਣ ‘ਪਾਇਰੇਸੀ ਲੱਕਵਾਗ੍ਰਸਤ’ ਹੋ ਗਈਆਂ ਹਨ ਅਤੇ ਇਹ ਹੁਣ ਆਪਣੇ ਬਚੇ ਖੁਚੇ
ਆਖਰੀ ਸਾਹ ਗਿਣ ਰਹੀਆਂ ਹਨ। ਇਹਨਾਂ ਦੀ ਇਹ ਦੁਰਗਤ ਨਕਲੀ ਸੀ.ਡੀ. ,
ਵੀ.ਸੀ.ਡੀ., ਡੀ.ਵੀ.ਡੀ ਬਣਾਉਣ ਵਾਲਿਆਂ ਅਤੇ ਇੰਟਰਨੈੱਟ ’ਤੇ ਅਣਗਿਣਤ
ਪੰਜਾਬੀ ਵੈਬਸਾਇਟਾਂ ਨੇ ਕੀਤੀ ਹੈ।
ਇੱਕ ਸਮਾਂ ਸੀ ਜਦੋਂ ਇਹਨਾਂ ਕੰਪਨੀਆਂ ਨੇ ਪੰਜਾਬ ਦੇ ਕਲਾਕਾਰਾਂ ਨੂੰ ਦਿੱਲੀ
,ਬੰਬਏ ਦੀਆਂ ਮਿਊਜ਼ਿਕ ਕੰਪਨੀਆਂ ਦੇ ‘ਮਾਇਆਜਾਲ’ ਵਿੱਚੋ ਛੁਡਵਾਕੇ,
ਉਹਨਾਂ ਦੇ ਆਪਣੇ ਹੀ ਘਰ ਵਿੱਚ ਯਾਨਿ ਪੰਜਾਬ ਵਿੱਚ , ਕਲਾਕਾਰਾਂ ਦੀ ਕਲਾ
ਨੂੰ ਜੱਗ ਜ਼ਾਹਿਰ ਕਰਨ ਵਾਲੇ ਚੰਗੇ ਚੰਗੇ ਪਲੇਟਫਾਰਮ ਬਣਾ ਦਿੱਤੇ ਸਨ। ਦਿੱਲੀ ਦੇ
‘ਦਰੀਆਂ ਗੰਜ਼’ ਦੀਆਂ ਸੜਕਾ ’ਤੇ ਰੁਲਦੀਆਂ ਪੰਜਾਬੀ ਸੁਰੀਲੀਆਂ ਆਵਾਜ਼ਾਂ ਨੂੰ ਇੱਜ਼ਤ
ਮਾਣ ਬਖ਼ਸਕੇ ਇੱਕ ਰੁੱਤਬਾ ਪ੍ਰਦਾਨ ਕਰਵਾਇਆ ਸੀ। ਓਸ ਵੇਲੇ ਬਾਹਰਲੀਆਂ ਸੰਗੀਤ
ਕੰਪਨੀਆਂ ਰਿਕਾਰਡ ਜਾਂ ਕੈਸੇਟ ਦੇ ਰੈਪਰ ’ਤੇ ਗਾਇਕ ਦੀ ਫੋਟੋ ਤੱਕ ਲਗਾਉਣ
ਨੂੰ ਵੀ ਬੋਝ ਸਮਝਦੀਆਂ ਸਨ ਅਤੇ ਗਾਉਣ ਵਾਲੇ ਨਾਂ ਵੀ ਟੁੱਟੀ ਫੁੱਟੀ ਪੰਜਾਬੀ ਵਿੱਚ
ਲਿਖਿਆ ਹੁੰਦਾ ਸੀ। ਪੰਜਾਬ ਵਾਲੀਆਂ ਸੰਗੀਤ ਕੰਪਨੀਆਂ ਨੇ ਆਪਣੇ ਮਹਿਬੂਬ ਕਲਾਕਾਰਾਂ
ਦੀਆਂ ਐਲਬਮਾਂ ਰੰਗਦਾਰ ਫੋਟੋਆਂ ਲਗਾ ਲਗਾ ਅਤੇ ਵੱਡੇ ਵੱਡੇ ਪੋਸਟਰ
ਬਗੈਰਾ ਛਪਵਾਕੇ ਪੂਰੀ ਤਿਆਰੀ ਨਾਲ ਸ਼ਿੰਗਾਰ ਸ਼ਿੰਗਾਰ ਕੇ ਰਲੀਜ਼ ਕਰਨੀਆਂ ਸ਼ੁਰੂ
ਕੀਤੀਆਂ। ਪੋਸਟਰਾਂ , ਹੋਲਡਿੰਗ ਬੋਰਡਾਂ ਤੋਂ
ਗੱਲ ਗਾਣਿਆਂ ਦੇ ਵੀਡੀਓ ਬਣਨ ਤੱਕ ਅੱਪੜ ਗਈ ਅਤੇ ਪੰਜਾਬੀ ਗਾਇਕ ਟੀ.ਵੀ. ਚੈਨਲਾਂ
ਦਾ ਸ਼ਿੰਗਾਰ ਬਣਨ ਲੱਗੇ। ਪੰਜਾਬੀ ਗਾਇਕ , ਗਾਇਕਾਵਾਂ ਨੂੰ ਬੇਮਿਸਾਲ ਸ਼ੋਹਰਤ
ਮਿਲਣ ਲੱਗੀ ਅਤੇ ਉਹਨਾਂ ਦੇ ਸਰੋਤਿਆਂ ਨੇ ਉਹਨਾਂ ਨੂੰ ਹੱਥਾਂ ’ਤੇ ਚੁੱਕ ਲਿਆ।
ਦਿੱਲੀ ਜਾ ਕੇ , ਮੁਫ਼ਤ ਵਿੱਚ ਜਾਂ ਤੁਛ ਛਿੱਲੜਾਂ ਵਾਸਤੇ ਗਲਾ ਪੜਵਾਉਂਦੇ ਗਾਇਕਾਂ
ਨੂੰ ਉਹਨਾਂ ਦੀ ਕਲਾ ਦਾ ਚੰਗਾ ਮਿਹਨਤਾਨਾ ਮਿਲਣ ਲੱਗਾ। ਇਹ ਮਿਹਨਤਾਨਾ ਵੀ ਹਜ਼ਾਰਾਂ
ਤੋਂ ਸ਼ੁਰੂ ਹੋਕੇ ਜਲਦੀ ਹੀ ਲੱਖਾਂ ਵਿੱਚ ਬਦਲ ਗਿਆ। ਗਾਇਕ ਕਲਾਕਾਰਾਂ ਦੇ ਵਿਹੜਿਆਂ
ਵਿੱਚ ਵੀ ਵੈਸਪਾ ਸਕੂਟਰ ਦੀ ਥਾਂ ਤੇ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਆਣ
ਖਲੋਤੀਆਂ। ਨੱਬੇ ਦੇ ਦਹਾਕੇ ਵਿੱਚ ਇਸ ਪਾਸੇ ਖੂਬ ਤਰੱਕੀ ਹੋਈ।
ਵਪਾਰ ਦੇ ਮੌਕੇ ਦਾ ਫਾਇਦਾ ਚੁੱਕਣ ਵਾਸਤੇ ਧੜਾ ਧੜ ਮਿਊਜ਼ਿਕ ਕੰਪਨੀਆਂ
ਅਤੇ ਮਿਊਜ਼ਿਕ ਚੈਨਲ ਖੁੱਲ੍ਹ ਗਏ। ਮਿਊਜ਼ਿਕ ਚੈਨਲਾਂ ਵਾਲੇ ਪੰਜਾਬੀਆਂ
ਤੋਂ ਲੱਖਾਂ , ਕਰੋੜਾਂ ਰੁਪਏ ਬਟੋਰਕੇ ਅਤੇ ਬਦਲੇ ਵਿੱਚ ਲੱਚਰਤਾ , ਅਸ਼ਲੀਲ਼ਵਾਦ ਘਰਾਂ
ਵਿੱਚ ਚਲਦੇ ਟੈਲੀਵੀਜ਼ਨਾਂ ਉਪਰ ਪਰੋਸਦੇ ਰਹੇ। ਪੰਜਾਬ ਅਤੇ ਪੰਜਾਬੋਂ ਬਾਹਰਲੀਆਂ
ਸੰਗੀਤ ਕੰਪਨੀਆਂ ਵਿੱਚ ਕਲਾਕਾਰਾਂ ਨੂੰ ਰਿਕਾਰਡ ਕਰਨ ਵਾਸਤੇ ਰੱਸਾਕਸੀ ਵੀ ਚਲਦੀ ਰਹੀ
ਜਿਸਦਾ ਸਿੱਧਾ ਫਾਇਦਾ ਕਲਾਕਾਰਾਂ ਨੂੰ ਪੁੱਜਦਾ ਗਿਆ। ਪੰਜਾਬ ਦੀਆਂ ਸੰਗੀਤ ਕੰਪਨੀਆਂ
ਨਵੇਂ ਨਵੇਂ ਕਲਾਕਾਰ ਲੋਕਾਂ ਦੇ ਸਨਮੁੱਖ ਪੇਸ਼ ਕਰਦੀਆਂ ਗਈਆਂ ਅਤੇ ਪੰਜਾਬੋਂ ਬਾਹਰ
ਵਾਲੇ ਪੈਸੇ ਦੇ ਜ਼ੋਰ ਨਾਲ ਪੱਕੀ ਪਕਾਈ ਖੀਰ ਖਾਂਦੇ ਰਹੇ। ਬੇਸ਼ੱਕ ਇਹ ਲੁੱਕਣ ਮੀਚੀ
ਵਾਲੀ ਖੇਡ ਜਿਹੀ ਕਈ ਵਰ੍ਹੇ ਚੱਲੀ ਪਰੰਤੂ ਫਿਰ ਵੀ ਸਭ ਦੇ ਘਰ ਦਾ ਚੁੱਲ੍ਹਾ ਕੈਸੇਟਾਂ
ਵੇਚ ਵੇਚ ਵਧੀਆ ਬਲਦਾ ਰਿਹਾ।
ਉਹਨਾਂ ਵੇਲਿਆਂ ਵਿੱਚ ਭਾਵੇਂ ਕੈਸੇਟਾਂ ਦੀ ਪਾਇਰੇਸੀ ਵੀ ਹੋਇਆ
ਕਰਦੀ ਸੀ ਪਰੰਤੂ ਵੱਡੀ ਮਾਰ ਸੀ.ਡੀ. ਦੇ ਆਉਣ ਨਾਲ ਪੈਣ ਲੱਗੀ। ਪਾਇਰੇਸੀ ਨੇ
ਕੰਪਨੀਆਂ ਦੇ ਮੁਨਾਫ਼ੇ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਿਸਦਾ ਨੁਕਸਾਨ ਕਲਾਕਾਰ
ਅਤੇ ਕੰਪਨੀ ਦੋਹਾਂ ਨੂੰ ਉਠਾਉਣਾ ਪਿਆ। ਕਲਾਕਾਰਾਂ ਦੇ ਆਸਮਾਨ ਨੂੰ ਛੋਂਹਦੇ
ਮਿਹਨਤਾਨੇ ਮੁੜ ਭੋਇੰ ਨਾਲ ਆਣ ਲੱਗੇ ਅਤੇ ਪੰਜਾਬ ਦੀਆਂ ਸੌ ਤੋਂ ਵੀ ਵੱਧ ਸੰਗੀਤ
ਕੰਪਨੀਆਂ ਇੱਕ ਇੱਕ ਕਰਕੇ , ਪਾਇਰੇਸੀ ਦੀ ਮਾਰ ਨਾ ਝੱਲਦੀਆਂ ਬੰਦ ਹੋਣ
ਲੱਗੀਆਂ।
ਅੱਜ ਪੰਜਾਬ ਦੇ ਕਲਾਕਾਰ ਆਪਣੀਆਂ ਐਲਬਮਾਂ ਨੂੰ ਰਲੀਜ਼ ਕਰਵਾਉਣ
ਵਾਸਤੇ ਮੁੜ ਤੋਂ ਦਿੱਲੀ ਜਾਂ ਬੰਬਈਆਂ ਸੰਗੀਤ ਕੰਪਨੀਆਂ ਦੇ ‘ਵੇਟਿੰਗ ਹਾਲ’ ਵਿੱਚ ਜਾ
ਬੈਠਣ ਅਤੇ ਆਪਣੀ ਸ਼ੋਹਰਤ ਨੂੰ ਬਰਕਰਾਰ ਰੱਖ਼ਣ ਵਾਸਤੇ ਨਾਂ ਅਤੇ ਨਾਮਾਂ ਦੋਨੋਂ ਲੁਟਾਉਣ
ਵਾਸਤੇ ਮਜਬੂਰ ਹਨ।
ਪੰਜਾਬੀ ਸਰੋਤਾ ਅੱਜ ਵੀ ਗੀਤ ਸੰਗੀਤ ਸੁਣਦਾ ਹੈ ਲੇਕਿਨ ਉਸਨੂੰ ਮੁਫ਼ਤ ਜਾਂ ਬਹੁਤ
ਘੱਟ ਪੈਸੇ ਖਰਚਕੇ ਭੂਸ ਪੂਰਾ ਕਰਨ ਦੇ ਰਾਸਤੇ ਲੱਭ ਗਏ ਹਨ। ਡੇਢ ਸੌ ਦੇ ਕਰੀਬ
ਗਾਣਿਆਂ ਦੀ ‘ਪਾਇਰੇਟਡ ਐਮ ਪੀ ਥਰੀ’ ਉਸਨੂੰ ਪੰਦਰਾਂ ਰੁਪਏ ਵਿੱਚ ਮਿਲ ਜਾਂਦੀ ਹੈ।
ਜਿਸਦੇ ਇੱਕ ਗਾਣੇ ਦੀ ਅੰਦਾਜ਼ਨ ਕੀਮਤ ਮੁਸ਼ਕਿਲ ਨਾਲ ਦਸ ਪੈਸੇ ਬੈਠਦੀ ਹੈ। ਦੂਜੇ ਪਾਸੇ
ਕੰਪਨੀਆਂ ਅੱਠ ਜਾਂ ਦਸ ਗਾਣਿਆਂ ਦੀ ਸੀ.ਡੀ. ਪੰਜਾਹ ਤੋਂ ਪਚੱਤਰ ਰੁਪਏ ਵਿੱਚ ਵੇਚਣ
ਵਾਸਤੇ ਮਜਬੂਰ ਹਨ ਕਿਉਂਕਿ ਉਹਨਾਂ ਨੇ ਰਿਕਾਰਡਿੰਗ , ਵੀਡੀਓ ਅਤੇ ਚੈਨਲ ਪਬਲੀਸਿਟੀ
ਦੇ ਖਰਚੇ ਵੀ ਕੀਤੇ ਹੁੰਦੇ ਹਨ। ਕੰਪਨੀ ਦਾ ਇੱਕ ਗਾਣਾ ਸੁਨਣ ਵਾਲੇ ਨੂੰ ਲਗਭਗ ਅੱਠ
ਦਸ ਰੁਪਏ ਵਿੱਚ ਪੈਂਦਾ ਹੈ। ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਏਨਾਂ ਵੱਡਾ ਆਰਥਿਕ
ਫ਼ਰਕ ਹਰੇਕ ਬੰਦੇ ਨੂੰ ਡੁਪਲੀਕੇਟ ਸੀ.ਡੀ. ਖਰੀਦਣ ਵਾਸਤੇ ਮਜਬੂਰ ਕਰ ਦਿੰਦਾਂ ਹੈ।
ਕੁੱਝ ਪੜ੍ਹੇ ਲਿਖੇ ਲੋਕ ਇਹ ਦਸ ਵੀਹ ਪੈਸੇ ਪ੍ਰਤੀ ਗਾਣਾ ਵੀ ਖਰਚਣ ਦੀ ਲੋੜ ਨਹੀਂ
ਸਮਝਦੇ ਉਹਨਾਂ ਨੂੰ ਇੰਟਰਨੈਟ ਤੇ ਪੀ. ਜ਼ੈਡ ਟੈਨ ਜਾਂ ਯੂ ਟਿਊਬ ਵਰਗੀਆਂ
ਅਣਗਿਣਤ ਵੈਬਸਾਇਟਾਂ ਮੁਫ਼ਤ ਗਾਣੇ ਸੁਣਾਉਣ ਵਾਸਤੇ ਹਾਜ਼ਿਰ ਹਨ। ਰੱਬ ਜਾਣੇ ਇਹਨਾਂ
ਵੈਬਸਾਇਟਾਂ ਚਲਾਉਣ ਵਾਲਿਆਂ ਨੂੰ ਕਲਾਕਾਰਾਂ ਅਤੇ ਕੰਪਨੀਆਂ ਦੇ ਪੇਟ ਵਿੱਚ ਲੱਤ
ਮਾਰਕੇ ਕੀ ਮਿਲਦਾ ਹੈ ਜਿਹੜਾ ਇਹ ਐਲਬਮ ਰਲੀਜ਼ ਹੋਣ ਤੋਂ ਦੋ ਕੁ ਘੰਟਿਆਂ ਦੇ
ਅੰਦਰ ਅੰਦਰ ਹੀ ਪੂਰੀ ਦੁਨੀਆਂ ਦੇ ਸਰੋਤਿਆਂ/ਦਰਸ਼ਕਾਂ ਵਾਸਤੇ ‘ਮੁਫ਼ਤ ਸੰਗੀਤ ਭੰਡਾਰ’
ਖੋਹਲ ਦਿੰਦੇ ਹਨ।
ਹੁਣ ਇਸ ਵੱਖ਼ ਵੱਖ਼ ਤਰ੍ਹਾਂ ਦੀ ਹੋ ਰਹੀ ਪਾਇਰੇਸੀ ਦੇ ਘਾਤਕ ਨਤੀਜੇ
ਨਿਕਲਣੇ ਸ਼ੁਰੂ ਹੋ ਗਏ ਹਨ। ਪੰਜਾਬ ਅਤੇ ਪੰਜਾਬੋਂ ਬਾਹਰਲੀਆਂ ਕੰਪਨੀਆਂ ਨੇ ਪੰਜਾਬੀ
ਕਲਕਾਰਾਂ ਦੀਆਂ ਐਲਬਮਾਂ ਰਿਕਾਰਡ ਜਾਂ ਰਲੀਜ਼ ਕਰਨੀਆਂ ਤਕਰੀਬਨ ਬੰਦ
ਕਰ ਦਿੱਤੀਆਂ ਹਨ। ਜੇ ਇੱਕ ਅੱਧੀ ਐਲਬਮ ਨਜ਼ਰ ਆਉਂਦੀ ਵੀ ਹੈ ਤਾਂ ਉਹ ਸਿਰਫ਼
ਕਲਾਕਾਰ ਦੇ ਆਪਣੇ ਪੱਲਿਓ ਲੱਗੇ ਪੈਸੇ ਦਾ ਨਤੀਜਾ ਹੈ। ਮਿਊਜ਼ਿਕ ਸ਼ਾਪਾ
ਵਾਲਿਆਂ ਨੇ , ਮੰਦੇ ਦੀ ਮਾਰ ਨਾ ਸਹਾਰਦੇ ਹੋਏ , ਮਜਬੂਰਨ ਆਪਣੇ ਧੰਦੇ ਬਦਲ ਲਏ ਹਨ।
ਕੀ ਸਾਡੇ ਵਧੀਆ ਵਧੀਆ ਕਲਾਕਾਰ ਗਾਉਣਾ ਛੱਡ ਬੈਠੇ ਹਨ ?
ਨਹੀਂ
! ਵਧੀਆਂ ਕਲਾਕਾਰ ਅੱਜ ਵੀ ਗਾਉਣਾ ਲੋਚਦੇ ਹਨ ਪਰੰਤੂ ਪਾਇਰੇਸੀ ਦੀ ਮਾਰ ਨਾਲ
‘ਲੱਕਵਾਗ੍ਰਸਤ ਸੰਗੀਤ ਕੰਪਨੀਆਂ’ ਆਪਣਾ ਘਰ ਫੂਕ ਫੂਕ ਹੋਰ ਤਮਾਸ਼ਾ ਵੇਖਣ ਤੋਂ ਅਸਮਰੱਥ
ਹੋ ਚੁੱਕੀਆਂ ਹਨ ਜਾਂ ਆਪਣੇ ਘਰ ਫੂਕ ਬੈਠੀਆਂ ਹਨ। ਕੰਪਨੀਆਂ ਦੀ ਇਸ ਕਮਜ਼ੋਰੀ ਦਾ
ਫਾਇਦਾ ਹੁਣ ਮਹਿੰਗੀਆਂ ਜ਼ਮੀਨਾਂ ਵੇਚਕੇ ਸ਼ੌਕ ਪੂਰਣ ਵਾਲੇ ਜਾਂ ਐਨ.ਆਰ.ਆਈ . ਮੋਟੇ
ਪੈਸੇ ਵਾਲੇ ‘ਬੇਸੁਰੇ, ਬੇਤਾਲੇ, ਬੇਢੰਗੇ ਜਿਹੇ ਕਲਾਕਾਰ’ ਖੂਬ ਚੁੱਕ ਰਹੇ ਹਨ। ਜਿਸ
ਨਾਲ ਸਾਡੇ ਅਮੀਰ ਸਭਿਆਚਾਰ ਦਾ ਅਕਸ਼ ਦਿਨੋ ਦਿਨ ਬਿਗੜਦਾ ਜਾ ਰਿਹਾ ਹੈ। ਗੀਤਕਾਰੀ
ਵਿੱਚ ਆਇਆ ਨਿਘਾਰ ਸਾਡੀ ‘ਮਾਂ ਬੋਲੀ ਪੰਜਾਬੀ’ ਨਾਲ ਸ਼ਰੇਆਮ ਧੱਕਾ ਜਾਂ ਸ਼ਬਦੀ
ਬਲਾਤਕਾਰ ਜਿਹਾ ਕਰਦਾ ਨਜ਼ਰ ਆਉਂਦਾ ਹੈ। ਜੇ ਸਾਲ ਦੋ ਸਾਲ ਹੋਰ ,ਇਹੋ ਹਾਲ ਹੀਲਾ ਰਿਹਾ
ਤਾਂ ਪੰਜਾਬੀ ਗੀਤਾਂ ਅਤੇ ਭੋਜਪੁਰੀ ਗੀਤਾਂ ਵਿੱਚ ਬਹੁਤਾ ਫ਼ਰਕ ਨਹੀਂ ਰਹਿ ਜਾਵੇਗਾ।
ਜੇ ਦੂਰ ਅੰਦੇਸ਼ੀ ਨਾਲ ਨਜ਼ਰ ਦੌੜਾਈਏ ਤਾਂ ਪੰਜਾਬੀਆਂ ਨੂੰ ਇਸਦੇ ਘਾਤਕ ਤੋਂ ਘਾਤਕ
ਸਿੱਟੇ ਭੁਗਤਣੇ ਪੈਣਗੇ। ਪੰਜਾਬੀ ਚੈਨਲਾਂ ਨੂੰ ਵੇਖਣ ਜਾਂ ਪੰਜਾਬੀ ਗੀਤਾਂ ਦੀਆਂ
ਸੀ.ਡੀ. ਬਗੈਰਾ ਨੂੰ ਬੱਚਿਆਂ ਅਤੇ ਧੀਆਂ ਭੈਣਾਂ ਦੀ ਪਹੁੰਚ ਤੋਂ ਦੂਰ ਰੱਖਣਾ ਪਿਆ
ਕਰੇਗਾ। ਹੁਣ ਸੱਚਮੁੱਚ ਹੀ ਪੰਜਾਬੀ ਗੀਤਾਂ ਅਤੇ ਪੰਜਾਬੀ ਵੀਡੀਓਜ਼ ’ਤੇ
ਤੁਰੰਤ ਸੈਂਸਰ ਲੱਗਣ ਵਰਗੀ ਲੋੜ ਮਹਿਸੂਸ ਹੋਣ ਰਹੀ ਹੈ।
‘ਪਾਇਰੇਸੀ ਲੱਕਵਾਗ੍ਰਸਤ’ ਪੰਜਾਬੀ ਗੀਤ ਸੰਗੀਤ ਦੀ ਰਹਿਨੁੰਮਾਈ ਕਰਦੀਆਂ ‘ਸੁੰਦਕ
ਰਹੀਆਂ’ ਸੰਗੀਤਕ ਕੰਪਨੀਆਂ ਅਤੇ ਪੰਜਾਬੀ ਗੀਤ ਸੰਗੀਤ ਦੀ ਹੋ ਰਹੀ ਦਰੁਗਤ ਨੂੰ ਹਾਲੇ
ਵੀ ਬਚਾਇਆ ਜਾ ਸਕਦਾ ਹੈ ਬਸ਼ਰਤੇ ਪੰਜਾਬੀ ਗੀਤ ਸੰਗੀਤ ਨੂੰ ਪਿਆਰ ਕਰਨ ਵਾਲੀਆਂ ਸਭ
ਧਿਰਾਂ ਅਤੇ ਪੰਜਾਬ ਸਰਕਾਰ ਸੁਹਿਰਦਤਾ ਨਾਲ ਕੋਈ ਠੋਸ ਉਪਰਾਲੇ ਕਰਨ ਨੂੰ ਪਹਿਲ ਦੇਣ।
ਲੇਖਕ : ਜਰਨੈਲ ਘੁਮਾਣ
ਫੋਨ ਨੰਬਰ : +91-98885-05577
|