|
ਕਲਪਨਾ ਮੋਹਨ |
ਜੇ ਖ਼ੂਬਸੂਰਤੀ ਅਤੇ ਕਲਾ ਦੀ ਗੱਲ ਕਰੀਏ ਤਾਂ ਬਹੁਤ ਘੱਟ ਅਜਿਹੀਆਂ ਅਦਾਕਾਰਾ ਹਨ
ਜਿਨ੍ਹਾਂ ਦੇ ਨਾਅ ਇਸ ਗਿਣਤੀ ਵਿੱਚ ਆਉਂਦੇ ਹਨ। ਪਰ ਕਲਪਨਾ ਮੋਹਨ ਦਾ ਨਾਂਅ
ਇਸ ਦਰਜਾਬੰਦੀ ਵਿੱਚ ਵਿਸ਼ੇਸ਼ ਮੁਕਾਮ ਰਖਦਾ ਹੈ। ਬਹੁਤ ਛੋਟੀ ਹੀ ਸੀ ਜਦ ਉਸ ਬਾਰੇ
ਚਰਚਾ ਚੱਲਿਆ ਕਰਦੀ ਸੀ। ਪੂਰੀ ਜ਼ਿੰਦਗੀ ਤਲਵਾਰ ਦੀ ਧਾਰ ‘ਤੇ ਤੁਰਦੀ ਕਲਪਨਾ ਦੀਆਂ
ਅੱਖਾਂ ਦੀ ਬਨਾਵਟ ਪੰਜਾਬੀਆਂ ਦੇ ਮੁੱਛਾਂ ਵਾਲੇ ਗੰਡਾਸੇ ਵਰਗੀ ਸੀ। ਅੱਖਾਂ ਚਿਹਰੇ
ਦੀ ਕਸ਼ਿਸ਼ ਨੂੰ ਨਿਖ਼ਾਰ ਕੇ ਸੋਨੇ ‘ਤੇ ਸੁਹਾਗੇ ਦਾ ਕੰਮ ਕਰਿਆ ਕਰਦੀਆਂ ਸਨ।
ਦਰਸ਼ਕਾਂ ਦੇ ਮਨ ਵਿੱਚ ਇਹ ਸੁਆਲ ਵੀ ਉਸਲਵੱਟੇ ਲਿਆ ਕਰਦਾ ਸੀ ਕਿ “ਕੀ ਕਲਪਨਾ
ਦੀ ਮਾਂ ਉਸ ਨੂੰ ਨਿੱਕੀ ਹੁੰਦੀ ਨੂੰ ਕੱਚੇ ਦੁੱਧ ਨਾਲ ਨੁਹਾਉਂਦੀ ਰਹੀ ਹੈ ?”
ਇਸ ਮਿਕਨਾਤੀਸੀ ਕਸ਼ਿਸ਼ ਦੀ ਮਾਲਕ ਕਲਪਨਾ ਮੋਹਨ ਦਾ ਜਨਮ ਸ਼੍ਰੀਨਗਰ ਵਿੱਚ 18 ਜੁਲਾਈ
1946 ਨੂੰ ਪਿਤਾ ਅਵਾਨੀ ਮੋਹਨ ਦੇ ਘਰ ਹੋਇਆ। ਅਵਾਨੀ ਮੋਹਨ ਜੀ ਸੁਤੰਤਰਤਾ ਸੇਨਾਨੀ
ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਐਕਟਿਵ ਮੈਂਬਰ ਤੋਂ ਇਲਾਵਾ ਭਾਰਤ ਦੇ ਪਹਿਲੇ
ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਦੇ ਬਹੁਤ ਨੇੜਲੇ ਸਾਥੀ ਸਨ। ਕੱਥਕ ਦੀ
ਮਾਹਿਰ ਕਲਪਨਾ ਨੂੰ ਅਕਸਰ ਹੀ ਮਹਿਮਾਨਾਂ ਦੇ ਮਨਪ੍ਰਚਾਵੇ ਲਈ ਰਾਸ਼ਟਰਪਤੀ ਭਵਨ ਵਿੱਚ
ਬੁਲਾਇਆ ਜਾਂਦਾ ਸੀ। ਭੂਰੀਆਂ ਅਤੇ ਤਿੱਖੇ ਕੋਇਆਂ ਵਾਲੀਆਂ ਅੱਖਾਂ ਦੇ ਵਾਰ ਬਹੁਤ ਦਿਲ
ਚੀਰਵੇਂ ਹੋਇਆ ਕਰਦੇ ਸਨ ।
ਇੱਕ ਵਾਰ ਇੱਥੇ ਹੀ ਹੋਰਨਾਂ ਪ੍ਰਮੁੱਖ ਹਸਤੀਆਂ ਦੇ ਨਾਲ ਬਲਰਾਜ ਸਾਹਨੀ ਅਤੇ ਉਰਦੂ
ਲੇਖਕ ਇਸਮਤ ਚੁਗਤਾਈ ਵੀ ਇੱਥੇ ਸਨ। ਜਿੰਨ੍ਹਾਂ ਨੇ ਕਲਪਨਾ ਮੋਹਨ ਨੂੰ ਬਹੁਤ ਹੌਂਸਲਾ
ਦਿੱਤਾ ਅਤੇ ਮੁੰਬਈ ਆਉਂਣ ਲਈ ਕਿਹਾ। ਉਹ ਉਹਨਾਂ ਦੇ ਹੌਂਸਲੇ ਨਾਲ ਹੀ ਮੁੰਬਈ ਜਾ
ਪਹੁੰਚੀ। ਬਲਰਾਜ ਸਾਹਨੀ ਨੇ ਉਸ ਨੂੰ ਕਈ ਪ੍ਰੋਡਿਊਸਰਾਂ ਅਤੇ ਡਾਇਰੈਕਟਰਾਂ ਨਾਲ
ਮਿਲਾਇਆ। ਸਾਰੇ ਉਸ ਦੀ ਪ੍ਰਭਾਵਸ਼ਾਲੀ ਦਿੱਖ ਤੋਂ ਬਹੁਤ ਪ੍ਰਭਾਵਿਤ ਹੋਏ । ਪਰ ਪਹਿਲੀ
ਜ਼ਿਕਰਯੋਗ ਬ੍ਰੇਕ 1962 ਵਿੱਚ ਫ਼ਿਲਮ “ਪ੍ਰੌਫ਼ੈਸਰ” ਨਾਲ ਮਿਲੀ। ਭਾਂਵੇਂ ਕਿ ਪਹਿਲੀ
ਫ਼ਿਲਮ ਨਾਟੀ ਬੁਆਏ ਸੀ । ਇਸ ਫ਼ਿਲਮ ਵਿੱਚ ਨਾਮਵਰ ਅਦਾਕਾਰ ਸ਼ਮੀ ਕਪੂਰ ਨਾਲ ਨਿਭਾਇਆ
ਗੀਤ :“ ਖੁੱਲ੍ਹੀ ਪਲਕ ਮੇਂ ਝੂਠਾ ਗੁੱਸਾ ” ਅੱਜ ਵੀ ਫ਼ਿਲਮ ਜਗਤ ਵਿੱਚ ਮੀਲ ਪੱਥਰ
ਹੈ। ਉਸ ਦੇ ਰੁਮਾਂਟਿਕ ਕਿੱਸੇ ਜਿੱਥੇ ਸ਼ਮੀ ਕਪੂਰ ਨਾਲ ਚਰਚਾ ਵਿੱਚ ਰਹੇ ਉੱਥੇ ਦੇਵਾ
ਅਨੰਦ ਨਾਲ ਵੀ ਨਾਅ ਬੋਲਦਾ ਰਿਹਾ। ਦੇਵਾ ਆਨੰਦ ਨਾਲ ਕੀਤੀ ਫ਼ਿਲਮ ਤੀਨ ਦੇਵੀਆਂ ਵਿੱਚ
ਨੰਦਾ ਅਤੇ ਸਿੰਮੀ ਗਰੇਵਾਲ ਨਾਲ ਕਲਪਨਾ ਵੀ ਸ਼ਾਮਲ ਸੀ । ਫ਼ਿਲਮ “ਪ੍ਰੋਫ਼ੈਸਰ
(1962)”, “ਨੌਟੀ ਬੁਆਇ (1962)”, “ਸਹੇਲੀ (1965)”, “ਤੀਨ ਦੇਵੀਆਂ
(1965)”,“ਤਸਵੀਰ (1966)”,“ਨਵਾਬ ਸਿਰਾਜੁਦੌਲਾ (1967)” ਨੇ ਵੀ ਉਸ ਨੂੰ ਦਰਸ਼ਕਾਂ
ਦੀ ਚਹੇਤੀ ਬਣਾਈ ਰੱਖਿਆ।
ਕਲਪਨਾ ਮੋਹਨ, ਜਿਸ ਨੂੰ ਜ਼ਿਆਦਾਤਰ ਕਲਪਨਾ ਦੇ ਨਾਅ ਨਾਲ ਹੀ ਜਾਣਿਆਂ ਜਾਂਦਾ ਹੈ ,
ਨੇ 1960 ਤੋਂ 1970 ਤੱਕ ਬਾਲੀਵੁੱਡ ਵਿੱਚ ਬਰਫ਼ ਨੂੰ ਅੱਗ ਲਾਈ ਰੱਖੀ। ਫਿਰ ਦਰਸ਼ਕਾਂ
ਦੀਆਂ ਸੋਚਾਂ ਤੋਂ ਉਲਟ 1967 ਵਿੱਚ ਇੱਕ ਸੇਵਾ ਮੁਕਤ ਨੇਵੀ ਅਫ਼ਸਰ ਨਾਲ ਵਿਆਹ ਕਰਵਾ
ਲਿਆ। ਫ਼ਿਲਮਾਂ ਤੋਂ ਕਿਨਾਰਾਕਸ਼ੀ ਕਰਦਿਆਂ ਕਲਿਆਣੀ ਨਗਰ ਵਿੱਚ ਜਾ ਨਿਵਾਸ ਕੀਤਾ। ਇਸ
ਸ਼ਾਦੀ ਤੋਂ ਆਪ ਦੇ ਘਰ ਇੱਕ ਬੇਟੀ ਪ੍ਰੀਤੀ ਮਨਸੁਖਾਨੀ ਨੇ ਜਨਮ ਲਿਆ । ਪਰ 1972 ਵਿੱਚ
ਵਿੱਚ ਇਹ ਵਿਆਹ ਤਲਾਕ ਵਿੱਚ ਬਦਲ ਗਿਆ।
ਤਲਾਕ ਤੋਂ ਪਿੱਛੋਂ ਉਹ ਅਕਸਰ ਹੀ ਤਣਾਅ ਵਿੱਚ ਰਹਿਣ ਲੱਗੀ, ਉਸ ਨੇ ਫ਼ਿਲਮਾਂ
ਨਾਲੋਂ ਵੀ ਨਾਤਾ ਤੋੜ ਲਿਆ। ਸਨ 1992 ਦੇ ਆਸ ਪਾਸ ਜਦ ਉਸਦੀ ਸਿਹਤ ਵਿਗੜਨ ਲੱਗੀ ਤਾਂ
ਡਾਕਟਰਾਂ ਨੇ ਕਲਪਨਾ ਨੂੰ ਰਿਹਾਇਸ਼ ਬਦਲੀ ਕਰਨ ਲਈ ਕਿਹਾ ਅਤੇ ਉਹ ਕਰੀਬ 20 ਵਰ੍ਹੇ
ਪਹਿਲਾਂ ਪੂਨੇ ਆ ਵਸੀ। ਅਮਰੀਕਾ ਰਹਿੰਦੇ ਉਸ ਦੇ ਦਾਮਾਦ ਹਰੀਸ਼ ਅਤੇ ਪ੍ਰੀਤੀ ਦਾ
ਕਹਿਣਾ ਸੀ “ਕਿ ਜਦ ਉਸ ਨੇ ਪ੍ਰੀਤੀ ਨਾਲ ਮਿਲਣਾ-ਜੁਲਣਾ ਸ਼ੁਰੂ ਕੀਤਾ ਤਾਂ ਉਹ ਸਿੱਧੇ
ਉਹਨਾਂ ਦੇ ਘਰ ਆਈ ਅਤੇ ਪੂਰੇ ਰੋਹਬ ਨਾਲ ਕਿਹਾ ,“ਬੋਲ ਤੇਰੇ ਇਰਾਦੇ ਕੀ ਹਨ ,ਸ਼ਾਦੀ
ਕਰਨੀ ਹੈ ਕਿਆ ?” ਏਵੇਂ ਹੀ ਪ੍ਰੀਤੀ ਦਾ ਆਪਣੀ ਮਾਂ ਬਾਰੇ ਕਹਿਣਾ ਸੀ ਕਿ “ਉਸ ਦੀ
ਮਾਂ ਬਹੁਤ ਬਹਾਦਰ ਸੀ, ਉਸ ਨੇ ਉਸ ਨੂੰ ਚੰਗੀ ਤਾਲੀਮਯਾਫ਼ਤਾ ਬਣਾਇਆ ਅਤੇ ਹਮੇਸ਼ਾਂ
ਉਸਦਾ ਖ਼ਿਆਲ ਰੱਖਿਆ।”
ਕਲਪਨਾ ਦੀ ਬਹੁ- ਕੀਮਤੀ ਜਾਇਦਾਦ ‘ਤੇ ਕਈ ਲੋਕਾਂ ਦੀ ਨਿਗਾਹ ਟਿਕੀ ਹੋਈ ਸੀ। ਗੱਲ
2007 ਦੀ ਹੈ, ਜਦ ਉਹ ਪੂਨੇ ਰਹਿ ਰਹੀ ਸੀ, ਤਾਂ ਕਥਿਤ ਜਾਹਲੀ ਦਸਤਖ਼ਤਾਂ ਨਾਲ
ਮੈਮੋਰੈਂਡਮ ਆਫ਼ ਅੰਡਰਸਟੈਡਿੰਗ (ਐਮ ਓ ਯੂ) ਤਹਿਤ ਤਿੰਨ ਆਦਮੀਆਂ ਨੇ ਉਸ ਦੀ 56.18
ਹੈਕਟੇਅਰ ਪਲਾਟ ਪ੍ਰਾਪਰਟੀ ,ਸਹਾਰਾ ਵਾਲਿਆਂ ਨੂੰ ਵੇਚ ਦਿੱਤੀ ਜੋ ਪਿੰਡ ਮੌਜੇ
ਵਿਸਾਗਰ ਵਿੱਚ ਸਥਿੱਤ ਸੀ। ਇਸ ਸਬੰਧੀ ਪਤਾ ਲੱਗਣ ‘ਤੇ ਜਦ ਕਲਪਨਾ ਨੇ ਪੌਡ ਪੁਲਿਸ
ਸਟੇਸ਼ਨ ਵਿਖੇ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਤਾਂ ਅਫ਼ਸਰ ਨੇ ਕਿਹਾ ਕਿ “ਇਹ ਕੇਸ ਖ਼ੜਕ
ਥਾਣੇ ਅਧੀਨ ਪੈਂਦਾ ਹੈ, ਉੱਥੇ ਰਿਪੋਰਟ ਲਿਖਵਾਓ ਕਿਉਂਕਿ ਐਮ ਓ ਯੂ ਖ਼ੜਕਮਲ ਦੀ ਹਵੇਲੀ
ਤਹਿਸੀਲ ਤੋਂ ਹੀ 22 ਅਕਤੂਬਰ 2007 ਨੂੰ ਤਸਦੀਕ ਹੋਇਆ ਹੈ।” ਸਿਨੀਅਰ ਪੁਲੀਸ
ਇੰਸਪੈਕਟਰ ਜੀ ਵੀ ਨਿਕੰਮ ਨੇ ਕਿਹਾ ਕਿ “ਇਸ ਕਥਿੱਤ ਧੋਖਾਧੜੀ ਵਿੱਚ ਰਾਜ ਕੁਮਾਰ
ਜੇਤਿਆਂਨ ਨਿਵਾਸੀ ਬਾਲਵਾੜੀ, ਨੌਟਰੀ ਪਰਮੋਦ ਸ਼ਰਮਾਂ (ਕੋਥੁਰਡ), ਅਤੇ ਗਵਾਹ ਅਸ਼ੋਕ
ਅਮਭੁਰੇ, ਸ਼ਾਮਲ ਹਨ।
ਪਿਛਲੇ 5 ਸਾਲ ਤੋਂ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨਾਲ ਲੜਦੀ ਆ ਰਹੀ ਕਲਪਨਾ
ਦਾ ਇਲਾਜ ਰੂਬੀ ਹਾਲ ਕਲੀਨਿਕ ਤੋਂ ਚੱਲ ਰਿਹਾ ਸੀ । ਇਨਫੈਕਸ਼ਨ ਅਤੇ ਨਿਮੋਨੀਆਂ ਹੋਣ
ਦੀ ਵਜ੍ਹਾ ਕਰਕੇ 3 ਦਸੰਬਰ 2011 ਨੂੰ ਉਸ ਨੂੰ ਪੂਨਾ ਰਿਸਰਚ ਸੈਂਟਰ ਵਿਖੇ ਦਾਖ਼ਲ
ਕਰਵਾਇਆ ਗਿਆ । ਠੀਕ ਹੋਣ ਉਪਰੰਤ 13 ਦਸੰਬਰ ਨੂੰ ਘਰ ਭੇਜ ਦਿੱਤਾ ਗਿਆ । ਪਰ ਉਸੇ
ਦਿਨ 2 ਕੁ ਘੰਟਿਆਂ ਬਾਅਦ ਹੀ ਖੱਬੇ ਪਾਸੇ ਦਰਦ ਹੋਣ ਸਦਕਾ ਫਿਰ ਹਸਪਤਾਲ ਲਿਜਾਇਆ ਗਿਆ
ਅਤੇ ਆਈ ਸੀ ਯੂ ਵਿੱਚ ਭਰਤੀ ਕਰਦਿਆਂ ਵੈਂਟੀਲੇਟਰ ‘ਦੀ ਮਦਦ ਸਹਾਰੇ ਰੱਖਿਆ ਗਿਆ ।
ਜਿਸ ਦੀ ਮਦਦ ਨਾਲ ਉਹ ਉਵੇਂ 20-22 ਦਿਨ ਪਈ ਰਹੀ। ਅਖ਼ੀਰ ਇਹ ਖ਼ੂਬਸੂਰਤੀ ਦਾ ਧਰੂ
ਤਾਰਾ 65 ਵਰ੍ਹਿਆਂ ਦੀ ਉਮਰ ਵਿੱਚ 4 ਜਨਵਰੀ 2012 ਬੁੱਧਵਾਰ ਦੀ ਸਵੇਰੇ ਸਦਾ ਸਦਾ ਲਈ
ਅਸਤ ਹੋ ਗਿਆ। ਜਿਸ ਦਾ ਅੰਤਮ ਸੰਸਕਾਰ ਵੈਕੁੰਠ ਵਿੱਚ ਹਰੀਸ਼,ਪ੍ਰੀਤੀ,ਰਿਸ਼ਤੇਦਾਰਾਂ
ਅਤੇ ਨਜ਼ਦੀਕੀ ਮਿਤਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ।ਉਸ ਦੀ ਅਦਾਕਾਰੀ,ਹੁਸਨ ,ਨਾਚ
ਦੇ ਕਿੱਸੇ ਕੱਲ੍ਹ ਵੀ ਲੋਕਾਂ ਦੀ ਜ਼ੁਬਾਂਨ ‘ਤੇ ਸਨ,ਅੱਜ ਵੀ ਹਨ,ਅਤੇ ਕੱਲ੍ਹ ਵੀ
ਹੋਣਗੇ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;-9815707232 |