|
ਪ੍ਰਕਾਸ਼ ਕੌਰ |
ਅੱਜ ਭਾਵੇਂ ਕੋਈ ਕੁੱਝ ਵੀ ਗਾਈ ਜਾਵੇ, ਬਗੈਰ
ਸਿੱਖਿਆਂ ਕੰਪਿਊਟਰ ਸਹਾਰੇ ਅਵਾਜ਼ ਦਾ ਜਾਦੂ ਬਿਖੇਰਨ ਵਾਲਾ ਵਰਗੇ ਸ਼ਬਦ ਬਟੋਰੀ ਜਾਵੇ,
ਲੋਕ ਗਾਇਕੀ ਦਾ ਵੱਡਾ ਬੋਰਡ ਲਗਾ ਕੇ ਸ਼ਮਲੇ ਵਾਲੀ ਪੱਗ ਸਜਾਈ ਫਿਰੇ,
ਪਰ ਇਹ ਲੋਕ ਗਾਇਕੀ ਨਾਲ ਖੁਲੇਆਮ ਖਿਲਵਾੜ ਹੈ । ਪੰਜਾਬੀ ਲੋਕ ਗਾਇਕਾਵਾਂ ਦੀ
ਗੱਲ ਕਰੀਏ ਤਾਂ ਸਹੀ ਰੂਪ ਵਿੱਚ ਲੋਕ ਗਾਇਕੀ ਨੂੰ ਪ੍ਰਕਾਸ਼ਮਾਨ ਕਰਨ ਵਾਲੀ ਗਾਇਕਾ ਸੀ
ਪ੍ਰਕਾਸ਼ ਕੌਰ ।
ਇਸ ਮਹਾਂਨ ਗਾਇਕਾ ਦਾ ਜਨਮ ਲਾਹੌਰ ਵਿੱਚ 19 ਸਤੰਬਰ 1919 ਨੂੰ ਉਦੋਂ ਹੋਇਆ,
ਜਦੋਂ ਪੰਜਾਬੀ ਸਭਿਆਚਾਰ ਨੇ ਲਾਹੌਰ ਦੇ ਪੌਣ ਪਾਣੀ ਵਿੱਚ ਮਹਿਕਾਂ ਬਿਖੇਰੀਆਂ
ਹੋਈਆਂ ਸਨ । ਜਦ ਕਿਸੇ ਰਿਸ਼ਤੇਦਾਰੀ ਵਿੱਚ ਜਾਂ ਕਿਸੇ ਹੋਰ ਵਿਆਹ ਸ਼ਾਦੀ ਮੌਕੇ ਬਜੁਰਗ
ਔਰਤਾਂ ਨੂੰ ਗੀਤ-ਸੁਹਾਗ-ਘੋੜੀਆਂ, ਸਿੱਠਣੀਆਂ
ਗਾਉਂਦਿਆਂ ਸੁਣਦੀ ਜਾਂ ਘਰ ਵਿੱਚ ਅਜਿਹਾ ਗੁਣਗਨਾਉਣਾ ਉਹਦੇ ਕੰਨਾਂ ਵਿੱਚ ਮਿਸ਼ਰੀ
ਘੋਲਦਾ ਤਾਂ ਆਪ ਮੁਹਾਰੇ ਹੀ ਉਹਦੇ ਬੁੱਲ ਵੀ ਫਰਕਣ ਲੱਗਦੇ । ਪ੍ਰਕਾਸ਼ ਕੌਰ ਦੇ ਮਨ
ਵਿੱਚ ਲੋਕ ਗਾਇਕੀ ਦਾ ਪ੍ਰਕਾਸ਼ ਕਰਨ ਵਾਲਾ ਇਹੀ ਮੁਢਲਾ ਸਕੂਲ ਸੀ । ਸਹਿਜੇ ਸਹਿਜੇ ਉਹ
ਵੀ ਉਹਨਾਂ ਨਾਲ ਮਿਲਕੇ ਗਾਉਂਣ ਲੱਗੀ । ਸੋਨੇ ਤੇ ਸੁਹਾਗੇ ਦਾ ਕੰਮ ਕਰਨ ਵਾਲੀ ਸੀ
ਉਹਦੀ ਮਖ਼ਮਲੀ ਆਵਾਜ਼ । ਉਹਦੇ ਸੁਰੀਲੇ ਗਲੇ ਨੂੰ ਕੁਦਰਤੀ ਹੀ ਅਜਿਹੀ ਬਖਸ਼ਿਸ਼ ਸੀ ਕਿ
ਗੀਤ ਦੀ ਲੋੜ ਅਨੁਸਾਰ ਢਾਲਣ ਲਈ ਬਹੁਤੀ ਮਿਹਨਤ ਜਾਂ ਜਤਨ ਕਰਨ ਦੀ ਜ਼ਰੂਰਤ ਨਹੀਂ ਸੀ
ਪਿਆ ਕਰਦੀ । ਉਹਦੀ ਇਸ ਸਿਫ਼ਤ ਨੇ ਨਜ਼ਦੀਕੀ ਰਿਸ਼ਤੇਦਾਰਾਂ ਦੋਸਤਾਂ,
ਪਿਆਰਿਆਂ ਦੇ ਵਿਆਹ ਸ਼ਾਦੀਆਂ ਵਿੱਚ ਉਹਦੀ ਹੋਂਦ ਨੂੰ ਜ਼ਰੂਰੀ ਬਣਾ ਦਿੱਤਾ ।
ਉਸ ਦੌਰ ਵਿੱਚ ਉਹਦੇ ਬਰਾਬਰ ਮੜਿੱਕਣ ਵਾਲੀ ਹੋਰ ਕੋਈ ਗਾਇਕਾ ਨਹੀਂ ਸੀ,
ਬੱਸ ਜੇ ਕੋਈ ਸੀ ਤਾਂ ਉਹ ਸੀ ਉਹਦੀ ਹੀ ਛੋਟੀ ਭੈਣ ਸੁਰਿੰਦਰ ਕੌਰ ।
ਸਮੇਂ ਦੇ ਮਹੌਲ ਅਨੁਸਾਰ ਨੂੰਹ-ਧੀ ਦਾ ਇਸ ਤਰਾਂ ਸ਼ਰੇਆਮ ਗਾਉਂਣਾ ਚੰਗਾ ਨਹੀਂ ਸੀ
ਸਮਝਿਆ ਜਾਂਦਾ । ਪ੍ਰਕਾਸ਼ ਕੌਰ ਦਾ ਜਨਤਕ ਮੰਚ ਲਈ ਉਸਲਵੱਟੇ ਲੈਣਾ,
ਪਰਿਵਾਰ ਲਈ ਪ੍ਰਵਾਨ ਨਹੀਂ ਸੀ, ਇਸ ਲਈ
ਸਿਰਫ 15 ਸਾਲ ਦੀ ਉਮਰ ਵਿੱਚ ਹੀ ਉਸਦੇ ਹੱਥ ਪੀਲੇ ਕਰਦਿਆਂ ਸਹੁਰੇ ਘਰ ਲਈ ਰਵਾਨਾ ਕਰ
ਦਿੱਤਾ । ਉੱਥੇ ਉਹ ਵਿਹਲੇ ਸਮੇਂ ਹਰਮੋਨੀਅਮ ਦੀਆਂ ਸੁਰਾਂ ਨਾਲ ਸੁਰਾਂ ਮਿਲਾ ਕੇ
ਟਾਈਮ ਪਾਸ ਕਰਦੀ ਰਹੀ । ਪਰ 22 ਸਾਲ ਦੀ ਉਮਰ ਵਿੱਚ 1941 ਨੂੰ ਉਦੋਂ ਉਹਦੇ ਟੇਲੈਂਟ
ਦਾ ਸਾਰਿਆਂ ਨੇ ਲੋਹਾ ਮੰਨਿਆਂ ਜਦੋਂ ਪਿਸ਼ਾਵਰ ਰੇਡੀਓ ਸਟੇਸ਼ਨ ਤੋਂ ੳਹਦਾ ਪਹਿਲਾ ਗੀਤ
ਮਾਂਵਾਂ ਤੇ ਧੀਆਂ ਰਲ ਬੈਠੀਆਂ‘ ਨੀ ਮਾਏ ਪ੍ਰਸਾਰਿਤ
ਹੋਇਆ । ਬੱਸ ਇਸ ਤੋਂ ਬਾਅਦ ਉਸ ਨੇ ਪਿਛਾਹ ਮੁੜ ਕੇ ਨਾ ਵੇਖਿਆ ਅਤੇ ਉਹਦਾ ਗਾਇਕੀ
ਸ਼ੌਂਕ ਕਿੱਤੇ ਵਿੱਚ ਬਦਲ ਗਿਆ । ਤਵਿਆਂ ਵਾਲੇ ਦੌਰ ਵਿੱਚ ਉਹਦੀ ਸਰਦਾਰੀ ਨੂੰ ਕੋਈ
ਖੋਰਾ ਨਾ ਲਾ ਸਕਿਆ । ਅੱਜ ਵੀ ਉਹਦੇ ਗਾਏ ਬਹੁਤ ਗੀਤ ਵਿਆਹਾਂ ਮੌਕੇ ਲੇਡੀਜ਼ ਸੰਗੀਤ
ਸਮੇ ਗਾਏ ਜਾਂਦੇ ਹਨ ।
ਜਿੱਥੇ ਪ੍ਰਕਾਸ਼ ਨੇ ਇਕੱਲਿਆਂ ਗਾਇਆ, ਉੱਥੇ
ਸੁਰਿੰਦਰ ਕੌਰ ਨਾਲ ਯੁਗਲ ਗੀਤ ਵੀ ਗਾਏ । ਆਸਾ ਸਿੰਘ ਮਸਤਾਨਾ ਨਾਲ ਦੋ ਗਾਣੇ ਵੀ ਗਾਏ
। ਤ੍ਰਿਲੋਕ ਕਪੂਰ ਨਾਲ ਗਾਇਆ ਦੋ ਗਾਣਾ ਬੂਹੇ ਤਾਂ ਮਾਰਾਂਗੀ ਜੰਦਰਾ, ਵੇ ਪੇਕੇ
ਲਾਵਾਂਗੀ ਡੇਰਾ... ਬਹੁਤ ਮਕਬੂਲ ਹੋਇਆ ਸੀ । ਪਰ ਉਹ ਨੇ ਬਹੁਤੇ ਗੀਤ ਹਜਾਰਾ ਸਿੰਘ
ਰਮਤਾ ਨਾਲ ਗਾਏ । ਹੋਰਨਾਂ ਮਕਬੂਲ ਗੀਤਾਂ ਵਿੱਚ ਬਾਜਰੇ ਦਾ ਸਿੱਟਾ ਅਸਾਂ ਤਲੀ
‘ਤੇ ਮਰੋੜਿਆ..., ਚੰਨ ਕਿਥਾਂ ਗੁਜਾਰੀਆਈ ਰਾਤ ਵੇ..., ਅੜੀ ਵੇ ਅੜੀ, ਲੱਗੀ ਸਾਉਣ
ਦੀ ਝੜੀ..., ਕਾਲਾ ਡੋਰੀਆ ਕੁੰਡੇ ਵਿਚ ਅੜਿਆ ਈ ਉਇ..., ਅੰਦਰ ਜਾਵਾਂ ਬਾਹਰ ਜਾਵਾਂ
ਲਾਲ ਚੂੜਾ ਛਣਕਦਾ..., ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ..., ਟਾਂਡੇ ਚੂਪ ਨਾ ਚਰੀ
ਦੇ ਹਾਣੀਆਂ ਵੇ ਘਰ ‘ਚ ਸੰਧੂਰੀ ਅੰਬੀਆਂ..., ਨੀ ਮੈਨੂੰ ਦਿਉਰ ਦੇ ਵਿਆਹ ਵਿਚ ਨੱਚ
ਲੈਣ ਦੇ..., ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ..., ਚੰਨ ਵੇ ਕਿ ਸ਼ੌਂਕਣ
ਮੇਲੇ ਦੀ..., ਵੇ ਲੈ ਦੇ ਮੈਨੂੰ ਮਖ਼ਮਲ ਦੀ ਪੱਖੀ ਘੁੰਗਰੂਆਂ ਵਾਲੀ..., ਇਕ ਕੈਂਠੇ
ਵਾਲਾ ਆ ਗਿਆ ਪ੍ਰਾਹੁਣਾ, ਨੀ ਮਾਏ ਤੇਰੇ ਕੰਮ ਨਾ ਮੁਕੇ..., ਆਦਿ ਨੂੰ ਗਿਣ ਸਕਦੇ
ਹਾਂ । ਪ੍ਰਕਾਸ਼ ਕੌਰ ਨੇ ਬਹੁਤੇ ਗੀਤ ਨੰਦ ਲਾਲ ਨੂਰਪੁਰੀ ਦੇ ਹੀ ਗਾਏ ।
ਪੰਜਾਬੀ ਦੀ ਇਸ ਉੱਚ-ਦੁਮਾਲੜੀ ਗਾਇਕਾ 62 ਕੁ ਵਰਿਆਂ ਦੀ ਹੀ ਸੀ ਕਿ ਗੁਰਦਿਆਂ ਦੇ
ਰੋਗ ਅਤੇ ਇਕ ਕਾਰ ਹਾਦਸੇ ਕਾਰਨ ਉਹਦੀ ਸਿਹਤ ਵਿੱਚ ਨਿਘਾਰ ਆਉਂਣ ਲੱਗਿਆ । ਅਖੀਰ ਇਹ
ਬੁਲੰਦ ਆਵਾਜ 2 ਨਵੰਬਰ 1982 ਨੂੰ 63 ਸਾਲ ਦੀ ਉਮਰ ਵਿੱਚ ਸਦਾ ਸਦਾ ਲਈ ਚੁੱਪ ਹੋ ਗਈ
। ਪਰ ਉਹਦੇ ਗਾਏ ਗੀਤਾਂ ਦਾ ਖ਼ਜ਼ਾਨਾ ਪੰਜਾਬੀਆਂ ਦੀ ਝੋਲੀ ਵਿੱਚ ਬਰਕਰਾਰ ਹੈ । ਅੱਜ
ਵੀ ਜਦ ਪੰਜਾਬੀਆਂ ਨੂੰ ਉਹਦੇ ਕਿਸੇ ਗੀਤ ਦਾ ਚੇਤਾ ਆਉਂਦਾ ਹੈ ਤਾਂ ਸਿਰਫ਼ ਸ਼ਬਦ ਬਣ ਕੇ
ਹੀ ਨਹੀਂ ਆਉਂਦਾ, ਸਗੋਂ ਉਹਦੇ ਮਾਖਿਉਂ-ਮਿਸਰੀ ਬੋਲ ਬਣ ਕੇ ਆਉਂਦਾ ਹੈ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਸੰਪਰਕ;98157-07232
|