|
ਰਣਜੀਤ ਸਿੰਘ ਸਿੱਧਵਾਂ |
ਲੰਮਾ, ਛਾਂਟਵਾਂ ਸਰੀਰ, ਤਿੱਖੇ ਕਟਾਰ ਵਰਗੇ ਨੈਣ ਨਕਸ਼, ਤਾਂਬੇ ਵਰਗਾ ਰੰਗ, ਘੋਟ ਕੇ
ਪੱਗ ਬੰਨ੍ਹਣ ਵਾਲਾ ਸੀ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਜਿਸਦੀਆਂ ਅੱਜ ਵੀ ਗੱਲਾਂ
ਹੁੰਦੀਆਂ ਨੇ, ਪੂਰੇ ਪੰਜਾਬ ਵਿਚ ਹੀ ਨਹੀਂ ਪੂਰੀ ਦੁਨੀਆਂ ਵਿਚ ਬੈਠੇ ਪੰਜਾਬੀਆਂ ‘ਚ।
ਰਣਜੀਤ ਸਿੰਘ ਦਾ ਜਨਮ 4 ਦਸੰਬਰ 1925 ਨੂੰ ਸਿੱਧੂ ਘਰਾਣੇ ‘ਚ ਸ: ਬਦਨ ਸਿੰਘ ਸਿੱਧੂ
ਤੇ ਮਾਤਾ ਸਰਦਾਰਨੀ ਹਰਨਾਮ ਕੌਰ ਦੀ ਕੁੱਖੋਂ ਹੋਇਆ। ਉਦੋਂ ਇਹ ਪਰਿਵਾਰ ਅੰਤਾਂ ਦੀ
ਮੰਦਹਾਲੀ ਨਾਲ ਲੜ ਰਿਹਾ ਸੀ। ਰਣਜੀਤ ਸਿੰਘ ਨੇ ਅਜੇ ਸੁਰਤ ਵੀ ਨਹੀਂ ਸੀ ਸੰਭਾਲੀ
ਜਦੋਂ ਸ: ਬਦਨ ਸਿੰਘ ਸਿੱਧੂ ਦੁਨੀਆਂ ਤੋਂ ਚੱਲ ਵਸਿਆ। ਇਹ ਕਿਸੇ ਦੇ ਚਿੱਤ ਚੇਤੇ ਵੀ
ਨਹੀਂ ਸੀ ਕਿ ਇਕ ਦਿਨ ਰਣਜੀਤ ਦੇ ਨਾਲ ਨਾਲ ਪਿੰਡ ਸਿੱਧਵਾਂ ਵੀ ਪੂਰੀ ਦੁਨੀਆਂ ਵਿਚ
ਮਸ਼ਹੂਰ ਹੋਵੇਗਾ।ਰਣਜੀਤ, ਸ: ਜ਼ੋਰਾ ਸਿੰਘ ਸਿੱਧੂ, ਰਣਧੀਰ ਸਿੰਘ ਸਿੱਧੂ, ਭੈਣ
ਰਣਜੀਤ ਕੌਰ ਅਤੇ ਅਮਰਜੀਤ ਕੌਰ ਇਨ੍ਹਾਂ ਸਭਨਾਂ ਤੋਂ ਕੁਝ ਵੱਖਰਾ ਸੀ। ਇਸਦੇ ਸੁਭਾਅ
ਅਤੇ ਬੋਲਬਾਣੀ ‘ਚ ਹਲੀਮੀ ਤੇ ਮਿਠਾਸ ਲੋਹੜੇ ਦੀ ਸੀ। ਇਸਨੇ ਲੰਮਾ ਸਮਾਂ ਕਰਨੈਲ ਸਿੰਘ
ਪਾਰਸ ਰਾਮੂਵਾਲੀਆ ਨਾਲ ਕਵੀਸ਼ਰੀ ਕੀਤੀ ਤੇ ਬਾਅਦ ‘ਚ ਇਹ ਸਿੱਧਵਾਂ ਕਾਲਜ ਵਾਲੇ ਢਾਡੀ
ਜਥੇ ਦੇ ਨਾਂ ਨਾਲ ਮਸ਼ਹੂਰ ਹੋਇਆ।
ਘਰ ਦੀ ਆਰਥਿਕ ਦਸ਼ਾ ਪੈਰਾਂ ਸਿਰ ਨਾ ਹੋਣ ਕਰਕੇ ਰਣਜੀਤ ਨੇ ਪੜ੍ਹਾਈ ਆਪਣੇ ਨਾਨਕੇ
ਪਿੰਡ ਸਹੌਲੀ (ਲੁਧਿਆਣਾ) ਤੋਂ ਪ੍ਰਾਪਤ ਕੀਤੀ। ਜਿਹੜੇ ਸਮਿਆਂ ‘ਚ ਕੁੜੀਆਂ ਨੂੰ
ਜੰਮਣਾਂ ਮੰਦਭਾਗਾ ਮੰਨਦੇ ਸਨ, ਉਨ੍ਹਾਂ ਸਮਿਆਂ ਵਿਚ ਰਣਜੀਤ ਨੇ ਆਪਣੀਆਂ ਨੇੜਲੀਆਂ
ਰਿਸ਼ਤੇਦਾਰਾਂ ਚੋਂ ਕੁੜੀਆਂ ਨੂੰ ਆਪਣੇ ਘਰ ਰੱਖ-ਰੱਖ ਕੇ ਵਿੱਦਿਆ ਗ੍ਰਹਿਣ ਕਰਵਾਈ।
ਸਿੱਧਵਾਂ ਪਿੰਡ ਵਿਚਲੇ ਸਿੱਖਿਅਕ ਅਦਾਰਿਆਂ ਨੂੰ ਬਣਾਉਣ ਤੇ ਕੁੜੀਆਂ ਉਥੇ ਪੜ੍ਹਨ
ਭੇਜਣ ਲਈ ਸਭ ਤੋਂ ਪਹਿਲਾਂ ਇਸ ਪਰਿਵਾਰ ਨੇ ਪਹਿਲਕਦਮੀ ਕੀਤੀ ਤੇ ਫਿਰ ਦੇਖੋ ਦੇਖੀ ਸਭ
ਆਪਣੀਆਂ ਧੀਆਂ-ਧਿਆਣੀਆਂ ਨੂੰ ਪੜ੍ਹਨ ਭੇਜਣ ਲੱਗੇ।
ਜਦੋਂ ਰਣਜੀਤ ਆਪਣੇ ਨਾਨਕੇ ਪਿੰਡ ਹੁੰਦਾ ਸੀ ਤਾਂ ਉਸਨੂੰ ਪਤਾ ਲੱਗਿਆ ਕਿ
ਸਿੱਧਵਾਂ ਪਿੰਡ ਵਿਖੇ ਤਿੰਨ ਦਿਨ ਕਵੀਸ਼ਰ ਮੋਹਨ ਸਿੰਘ ਦਾ ਅਖਾੜਾ ਲੱਗਣਾ ਹੈ। ਉਹ
ਤਿੰਨੋਂ ਦਿਨ ਸਹੌਲੀ ਤੋਂ ਪੈਦਲ ਤੁਰ ਕੇ ਅਖਾੜਾ ਸੁਣਨ ਆਉਂਦਾ ਰਿਹਾ। ਇਸ ਤਰ੍ਹਾਂ
ਉਸਨੂੰ ਜਿਥੇ ਕਿਤੇ ਕਿਸੇ ਗੁਮੰਤਰੀ, ਕਵੀਸ਼ਰ ਦੇ ਆਉਣ ਦਾ ਪਤਾ ਲਗਦਾ ਤਾਂ ਜਾ
ਪਹੁੰਚਦਾ ਉਸੇ ਥਾਂ। ਰਣਜੀਤ ਦੇ ਦੱਸਣ ਅਨੁਸਾਰ ਮਾਤਾ ਹਰਨਾਮ ਕੌਰ ਵੀ ਅਵਾਜ਼ ਵੀ
ਸੁਰੀਲੀ ਤੇ ਉਚੀ ਸੀ। ਜਦੋਂ ਉਹ ਰਾਤ ਨੂੰ ਚਰਖਾ ਕੱਤਦੀ, ਕੰਮ ਧੰਦਾ ਕਰਦੀ ਹੋਈ ਕੋਈ
ਨਾ ਕੋਈ ਗੀਤ ਅਲਾਪਦੀ ਤਾਂ ਕਈ ਵਾਰ ਰਣਜੀਤ ਨੇ ਆਪਣੀ ਮਾਂ ਨੂੰ ਆਖਣਾ ਕਿ ਉਹ ਮੈਨੂੰ
ਕੋਈ ਗੀਤ ਸੁਣਾਵੇ। ਜਦੋਂ ਉਹ ਗਾਉਣ ਲਗਦੀ ਤਾਂ ਇਹ ਵੀ ਪਿੱਛੇ ਪਿੱਛੇ ਗਾਉਣ ਲਗਦਾ ਤੇ
ਫਿਰ ਗੀਤ ਯਾਦ ਕਰਕੇ ਗਾਉਂਦਾ ਰਹਿੰਦਾ।
ਮੁਢਲੇ ਸਮੇਂ ‘ਚ ਹੀ ਰਣਜੀਤ ਦਾ ਆਉਣ ਦੌਧਰ ਦੇ ਸੰਤ ਧਰਮ ਸਿੰਘ ਕੋਲ ਹੋ ਗਿਆ ਸੀ
ਜਿਨ੍ਹਾਂ ਤੋਂ ਇਸਨੇ ਪਿੰਗਲ ਦੀ ਸਿੱਖਿਆ ਲਈ। ਦਸਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ
ਮਾਂਹ ਸਿੰਘ ਗੂੜ੍ਹੇ ਨਾਲ ਜਥਾ ਬੰਨ੍ਹ ਕਵੀਸ਼ਰੀ ਕਰਨੀ ਆਰੰਭ ਕਰ ਦਿੱਤੀ। ਉਂਜ ਆਪਣਾ
ਉਸਤਾਦ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਨੂੰ ਮੰਨਿਆ ਸੀ। ਕਰਨੈਲ ਸਿੰਘ ਪਾਰਸ ਨੇ
ਜਦੋਂ ਇਸਨੂੰ ਪਹਿਲੀ ਵਾਰ ਤਖਤੂਪੁਰੇ, ਮੁਕਤਸਰ ਸਾਹਿਬ ਮਾਘੀ ਮੇਲੇ ਤੇ ਗਾਉਂਦਿਆਂ
ਸੁਣਿਆ ਤਾਂ ਪਾਰਸ ਦੀ ਪਾਰਖੂ ਅੱਖ ਨੇ ਇਸ ਹੀਰੇ ਨੂੰ ਪਛਾਣਿਆ। ਉਸ ਤੋਂ ਬਾਅਦ
ਫਰੀਦਕੋਟ ‘ਚ ਜਦੋਂ ਫੌਜਾਂ ਜੰਗ ਨੂੰ ਜਾਣੀਆਂ। ਕਰਨੈਲ, ਰਣਜੀਤ ਤੇ ਮਹਾਂ ਸਿੰਘ
ਇਕੱਠੇ ਰਹੇ ਤਿੰਨੋ, ਤਿੰਨੋ ਦਿਨ। ਕਰਨੈਲ ਨੇ ਇਨ੍ਹਾਂ ਦੀ ਡਟ ਕੇ ਆਓ ਭਗਤ ਕੀਤੀ ਤੇ
ਮਾਣ ਨਾਲ ਕਿਹਾ ‘ਤੁਸੀਂ ਮੇਰੇ ਨਾਲ ਜਥਾ ਬੰਨ੍ਹ ਲਓ।‘ ਰਣਜੀਤ ਤੇ ਮਹਾਂ ਸਿੰਘ
ਗੂੜ੍ਹੇ ਨੇ ਹਾਮੀ ਭਰ ਦਿੱਤੀ। ਪਾਰਸ ਨੇ ਕਿਹਾ, ‘ਰਣਜੀਤ ਅੱਜ ਤੋਂ ਬਾਅਦ ਮੇਰੀ ਕਲਮ
ਤੇਰੀ ਤੇ ਤੇਰਾ ਗਲਾ ਮੇਰਾ।‘ ਇਸ ਤਰ੍ਹਾਂ ਪਈ ਸੀ ਕਰਨੈਲ ਸਿੰਘ ਪਾਰਸ ਰਾਮੂਵਾਲੀਆ
ਗਿੱਲ ਦੀ ਆੜੀ ਸਿੱਧੂ ਜੱਟ ਨਾਲ। ਮਹਾਂ ਸਿੰਘ ਗੂੜ੍ਹੇ ਤਾਂ ਕੋਈ ਬਹੁਤਾ ਚਿਰ ਨਾਲ ਨਾ
ਤੁਰ ਸਕਿਆ ਪਰ ਰਣਜੀਤ ਨੇ ਇਸ ਕਹਾਵਤ ਨੂੰ ਸਹੀ ਸਿੱਧ ਕਰ ਵਿਖਾਇਆ। ‘ਯਾਰੀ ਜੱਟ ਦੀ
ਤੂਤ ਦਾ ਮੋਛਾ ਕਦੇ ਨੀਂ ਵਿਚਾਲੋਂ ਟੁੱਟਦੀ।‘ ਦੋਹਾਂ ਨੇ 34-35 ਵਰ੍ਹੇ ਇਕੱਠਿਆਂ
ਕਵੀਸ਼ਰੀ ਕੀਤੀ। ਸ਼ਰੀਕਾਂ ਨੇ ਬਥੇਰਾ ਜ਼ੋਰ ਲਾਇਆ ਨਿਖੇੜਨ ਲਈ ਪਰ ਦੋਵੇਂ ਇਕ ਦੂਜੇ ਦੀ
ਜਿੰਦ-ਜਾਨ ਬਣ ਕੇ ਰਹੇ।
ਰਣਜੀਤ ਦਾ ਵਿਆਹ 25 ਨਵੰਬਰ 1948 ਨੂੰ ਲੁਧਿਆਣਾ ਦੇ ਮਸ਼ਹੂਰ ਪਿੰਡ ਬਾੜੇਵਾਲ ‘ਚ
ਸ: ਕਰਤਾਰ ਸਿੰਘ ਗਰੇਵਾਲ ਦੀ ਸਪੁੱਤਰੀ ਬੀਬੀ ਗੁਰਦੇਵ ਕੌਰ ਨਾਲ ਹੋਇਆ ਜਿਸਦੀ
ਕੁੱਖੋਂ ਤਿੰਨ ਪੁੱਤਰ ਸਤਿੰਦਰਪਾਲ ਸਿੰਘ ਸਿੱਧੂ, ਗੁਰਿੰਦਰਪਾਲ ਸਿੰਘ ਸਿੱਧੂ,
ਤੇਜਿੰਦਰਪਾਲ ਸਿੰਘ ਸਿੱਧੂ ਤੇ ਇਕ ਸਪੁੱਤਰੀ ਹਰਸ਼ਮਿੰਦਰ ਕੌਰ ਨੇ ਜਨਮ ਲਿਆ। ਰਣਜੀਤ
ਨੇ ਆਪਣੇ ਪੁੱਤਰਾਂ ਵਾਂਗ ਆਪਣੀ ਧੀ ਹਰਸ਼ਮਿੰਦਰ ਕੌਰ ਨੂੰ ਵੀ ਉਚ ਸਿੱਖਿਆ ਹਾਸਲ
ਕਰਵਾਈ ਜਿਹੜੀ ਅੱਜਕੱਲ੍ਹ ਪੰਜਾਬ ‘ਚ ਅਧਿਆਪਕ ਦੇ ਕਿੱਤੇ ਨਾਲ ਸਬੰਧਿਤ ਹੈ ਅਤੇ
ਤਿੰਨੋਂ ਪੁੱਤਰ ਕੈਨੇਡਾ ‘ਚ ਪੱਕੇ ਤੌਰ ਤੇ ਸੈਟਲ ਹਨ। ਰਣਜੀਤ ਦੀ ਅਵਾਜ਼ ਵਾਂਗ
ਸਤਿੰਦਰਪਾਲ ਸਿੰਘ ਦੀ ਅਵਾਜ਼ ਵੀ ਉਚੀ ਅਤੇ ਸੁਰੀਲੀ ਹੈ। ਜਦੋਂ ਪਾਰਸ ਪੱਕੇ ਤੌਰ ਤੇ
ਕੈਨੇਡਾ ਜਾ ਵਸਿਆ ਤਾਂ ਪਾਰਸ ਦੀ ਥਾਂ ਸਤਿੰਦਰਪਾਲ ਨੇ ਸਾਂਭੀ ਅਤੇ ਆਪਣੇ ਪਿਤਾ ਦੇ
ਜਥੇ ਦਾ ਮੁੱਖ ਮੈਂਬਰ ਬਣ ਕੇ ਵਿਚਰਿਆ ਲੰਮਾ ਸਮਾਂ। ਸਤਿੰਦਰਪਾਲ ਬਾਰੇ ਇਕ ਗੱਲ ਹੋਰ
ਕਹੀ ਜਾ ਸਕਦੀ ਹੈ ਕਿ ਇਹ ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਸ: ਬਲਵੰਤ ਸਿੰਘ
ਰਾਮੂਵਾਲੀਆ ਦਾ ਬਦਲ ਹੈ। ਇਨ੍ਹਾਂ ਦੇ ਖਿਆਲ ਅਤੇ ਸੁਭਾਅ ਇਕ ਦੂਜੇ ਨਾਲ ਮੇਲ ਖਾਂਦੇ
ਹਨ।
ਰਣਜੀਤ ਨੇ ਪਾਰਸ ਨਾਲ ਕਰੀਬ ਬਾਈ ਰਿਕਾਰਡ ਰਿਕਾਰਡ ਕਰਵਾਏ ਜਿਵੇਂ ‘ਕਿਉਂ ਫੜੀ
ਸਿਪਾਹੀਆਂ ਨੇ ਭੈਣੋਂ ਇਹ ਹੰਸਾਂ ਦੀ ਜੋੜੀ ‘, ‘ਦੁਨੀਆ ਚਹੁੰ ਦਿਨਾਂ ਦਾ ਮੇਲਾ,
‘ਲਗਦੇ ਰਹਿਣ ਖੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ ‘ਕਲਗੀਧਰ ਦੇ ਲਾਡਲੇ ਪਾ ਗਏ
ਸ਼ਹੀਦੀ ‘ ਹੋਰ ਵੀ ਅਨੇਕਾਂ ਜਿਨ੍ਹਾਂ ਨੂੰ ਰਣਜੀਤ ਤੇ ਪਾਰਸ ਦੇ ਕੈਨੇਡਾ ਜਾਣ ਤੋਂ
ਬਾਅਦ ਆਪਣਾ ਜਥਾ ਬੰਨ੍ਹ ਕੇ ਰਿਕਾਰਡ ਕਰਵਾਇਆ ਤੇ ਸਤਿੰਦਰਪਾਲ ਨੇ ਵੀ ਪੂਰਾ ਸਹਿਯੋਗ
ਦਿੱਤਾ ਜਿਵੇਂ ਆਜਾ ਤੈਨੂੰ ਫਾਂਸੀਏ ਸੱਦ ਰਿਹਾ ਸਰਾਭਾ, ‘ਦੁਨੀਆਂ ਚਾਰ ਦਿਨਾਂ ਦਾ
ਮੇਲਾ ‘, ‘ਤਿੰਨ ਜੱਗ ਜਿਊਂਦੇ ਐ, ਦਾਤੇ ਭਗਤ ਸੂਰਮੇ ਦਾਨੀ...।‘
ਸਿੱਧਵਾਂ ਕਾਲਜ ਵਾਲੇ ਢਾਡੀ ਜਥੇ ਦੀਆਂ ਅੱਜ ਵੀ ਬਾਤਾਂ ਪੈਂਦੀਆਂ ਨੇ, ਲੋਕ ਯਾਦ
ਕਰਦੇ ਨੇ ਰਣਜੀਤ ਨੂੰ ਤੇ ਇਸ ਤਰ੍ਹਾਂ ਕਰਦੇ ਰਹਿਣਗੇ ਕਿਉਂਕਿ ਲੋਕ ਛੰਦ ਨੂੰ ਜਿਸ
ਤਰ੍ਹਾਂ ਰਣਜੀਤ ਨੇ ਗਾਇਆ ਹੈ ਨਾ ਤਾਂ ਕੋਈ ਗਾ ਸਕਿਆ ਹੈ ਅਤੇ ਨਾ ਹੀ ਗਾ ਸਕੇਗਾ।
ਕਵੀਸ਼ਰੀ ਦੇ ਪਿੜ ਵਿਚ ਜੋ ਸਥਾਨ ਰਣਜੀਤ ਦੇ ਹੁੰਦਿਆਂ ਸੀ ਉਹ ਅੱਜ ਵੀ ਜਿਉਂ ਦਾ ਤਿਉਂ
ਬਰਕਰਾਰ ਹੈ ਕਿਉਂਕਿ ਇਹ ਮਹਾਨ ਕਵੀਸ਼ਰ, ਕਵੀਸ਼ਰੀ ਦਾ ਥੰਮ ਸਾਨੂੰ 18 ਫਰਵਰੀ 2004
ਨੂੰ ਅਲਵਿਦਾ ਆਖ ਤੁਰ ਗਿਆ ਸੀ। ਭਾਵੇਂ ਸਤਿੰਦਰਪਾਲ ਆਪਣੇ ਪਿਤਾ ਦੇ ਪਾਏ ਪੂਰਨਿਆਂ
ਤੇ ਤੁਰ ਰਿਹਾ ਹੈ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਕਵੀਸ਼ਰੀ ‘ਪੰਜਾਬੀ
ਲਹਿਰਾਂ ‘ ਰੇਡੀਓ ਰਾਹੀਂ ਸਾਂਭ ਰਿਹਾ ਹੈ ਪਰ ਜੋ ਘਾਟਾ ਰਣਜੀਤ ਸਿੰਘ ਦੇ ਤੁਰ ਜਾਣ
ਨਾਲ ਪਿਆ ਹੈ, ਉਹ ਕਦੇ ਵੀ ਕਿਸੇ ਵੀ ਤਰ੍ਹਾਂ ਪੂਰਿਆ ਨਹੀਂ ਜਾ ਸਕਦਾ।
ਅਲੀ ਰਾਜਪੁਰਾ
ਫੋਨ: 94176-79302, 99886-49302 |