|
ਜਸਵਿੰਦਰ ਪੂਹਲ, ਮੁਹੰਮਦ
ਸਦੀਕ ਅਤੇ ਸੁਖਜੀਤ ਕੌਰ |
ਉਂਝ ਤਾਂ ਹਰ ਇੱਕ ਬੰਦੇ ਵਿੱਚ ਹੀ ਕੋਈ ਨਾ ਕੋਈ ਕਲਾ ਦਾ ਗੁਣ ਹੁੰਦਾ ਹੈ ਪਰ ਕੁਝ
ਸਖਸ ਅਜਿਹੇ ਹੁੰਦੇ ਹਨ ਜਿੰਨਾਂ ਨੂੰ ਪਰਮਾਤਮਾ ਆਪਣੇ ਵੱਲੋਂ ਕੋਈ ਨਾ ਕੋਈ ਅਜਿਹੀ
ਕਲਾ ਨਾਲ ਨਿਵਾਜ ਕੇ ਭੇਜਦਾ ਹੈ ਜਿਸ ਕਲਾ ਜਰੀਏ ਉਹ ਇਨਸਾਨ ਆਪਣੇ ਨਾਂ, ਆਪਣੇ
ਪਰਿਵਾਰ ਤੇ ਆਪਣੇ ਖੇਤਰ ਦੇ ਨਾਮ ਨੂੰ ਪੂਰੀ ਦੁਨੀਆਂ ਵਿੱਚ ਮਸ਼ਹੂਰ ਕਰ ਦਿੰਦਾ ਹੈ।
ਅਜਿਹੀ ਹੀ ਇੱਕ ਕਲਾ ਹੈ ਗਾਉਣ ਦੀ ਜਿਸ ਦੀ ਪਰਮਾਤਮਾ ਵੱਲੋ ਤਾਂ ਬਹੁਤ ਹੀ ਥੋੜੇ
ਬੰਦਿਆਂ ਨੂੰ ਬਖਸ਼ਿਸ ਹੁੰਦੀ ਹੈ। ਗਾਉਣਾ ਭਾਵ ਗੀਤ ਸੰਗੀਤ ਸਾਡੀ ਜ਼ਿੰਦਗੀ ਦਾ ਬਹੁਤ
ਹੀ ਜ਼ਰੂਰੀ ਅੰਗ ਹੈ ਕਿਉਕਿ ਖਾਸ ਕਰਕੇ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਤਾਂ ਇਹ ਗੀਤ
ਸੰਗੀਤ ਬੰਦੇ ਦੇ ਜਨਮ ਤੋ ਸ਼ੁਰੂ ਹੋ ਕੇ ਮਰਨ ਤੱਕ ਵੱਖ ਵੱਖ ਪੜਾਵਾਂ ਵਿੱਚ ਗਾਇਆ
ਜਾਂਦਾ ਹੈ। ਅੱਜ ਭਾਵੇ ਗਾਉਣ ਵਾਲਿਆਂ ਦੀ ਗਿਣਤੀ ਕਰਨਾ ਸੰਭਵ ਨਹੀ ਹੈ ਪਰ ਅੱਜ ਤੋ
30-40 ਸਾਲ ਪਹਿਲਾਂ ਗਾਉਣ ਵਾਲੇ ਟਾਂਵੇ ਹੀ ਹੁੰਦੇ ਸਨ। ਗਾਇਕ ਕਲਾਕਾਰ ਆਪਾਂ ਉਸ
ਨੂੰ ਨਹੀ ਆਖ ਸਕਦੇ ਕਿ ਪੰਜ ਸੱਤ ਰੀਲਾਂ ਕਢਵਾ ਦਿੱਤੀਆਂ ਜਾਂ ਫਿਰ ਚੈਨਲਾਂ ਤੇ ਸਾਲ
ਦੋ ਸਾਲ ਚੱਲ ਗਏ। ਅਜਿਹਾ ਤਾਂ ਸਿਰਫ ਪੈਸੇ ਦੇ ਜੋਰ ਨਾਲ ਹੀ ਕੀਤਾ ਜਾ ਸਕਦਾ ਹੈ ਨਾ
ਕਿ ਕਲਾ ਤੇ ਹਿੱਕ ਦੇ ਜ਼ੋਰ ਨਾਲ। ਪਰਮਾਤਮਾ ਵੱਲੋਂ ਭੇਜੇ ਅਸਲੀ ਗਾਇਕ ਕਲਾਕਾਰ ਉਹੀ
ਹੁੰਦੇ ਹਨ ਜਿੰਨਾਂ ਨੂੰ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਕਰਦੇ ਰਹਿਣ। ਜੇਕਰ ਨਾਂ
ਲਈਏ ਤਾਂ ਉਹਨਾਂ ਵਿੱਚ ਮੁਹੰਮਦ ਰਫੀ, ਮਹਿੰਦਰ ਕਪੂਰ, ਹਰਚਰਨ ਗਰੇਵਾਲ, ਆਸਾ ਸਿੰਘ
ਮਸਤਾਨਾਂ, ਚਾਂਦੀ ਰਾਮ ਚਾਂਦੀ, ਸਰਿੰਦਰ ਕੌਰ, ਨਰਿੰਦਰ ਬੀਬਾ ਕਲੀਆਂ ਦੇ ਬਾਦਸ਼ਾਹ
ਕੁਲਦੀਪ ਮਾਣਕ ਤੋ ਇਲਾਵਾ ਹੋਰ ਵੀ ਕਈ ਨਾਮ ਹਨ। ਪਰ ਅੱਜ ਵੀ ਜੋ ਸਾਡੇ ਵਿੱਚ ਬੱਚੇ
ਬੱਚੇ ਦੀ ਜੁਬਾਨ ਤੇ ਚੜੇ ਨਾਮ ਵਾਲਾ ਗਾਇਕ ਹੈ ਮੁਹੰਮਦ ਸਦੀਕ ਜਿਸ ਨੇ ਸੰਨ 1962-63
ਵਿੱਚ ਗਾਉਣਾਂ ਸ਼ੁਰੂ ਕੀਤਾ 'ਤੇ ਅੱਜ ਤੱਕ ਪਿੱਛੇ ਮੁੜ ਨਹੀ ਵੇਖਿਆ।
ਸਦੀਕ ਸਾਹਿਬ ਨੇ ਦੋਗਾਣਾ ਗਾਇਕੀ ਵਿੱਚ ਅਜਿਹੀ ਥਾਂ ਬਣਾਈ ਜੋ ਉਹਨਾਂ ਤੋ ਬਾਹਦ
ਸ਼ਾਇਦ ਹੀ ਕੋਈ ਬਣਾ ਸਕੇ। ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਦੀ ਜੋੜੀ ਨੇ ਤੀਂਹ
ਪੈਂਤੀ ਸਾਲ ਲੋਕਾਂ ਨੂੰ ਆਪਣੇ ਸੱਜਰੇ ਗੀਤਾਂ ਨਾਲ ਨਿਹਾਲ ਕੀਤਾ ਜੋ ਅੱਜ ਵੀ ਕਰ ਰਹੇ
ਹਨ। ਪਰ ਅੱਜ ਵੀ ਉਹਨਾਂ ਦੇ ਸਾਲਾਂ ਪਹਿਲਾਂ ਗਾਏ ਗੀਤ ਨਵੇਂ ਨਿਕੋਰ ਲੱਗਦੇ ਹਨ।
ਬੀਬਾ ਰਣਜੀਤ ਕੌਰ ਦੀ ਅਵਾਜ਼ ਖਰਾਬ ਹੋਣ ਕਾਰਨ ਭਾਵੇਂ ਸਦੀਕ ਜੀ ਨੇ ਸਾਥੀ ਗਾਇਕਾ
ਸੁਖਜੀਤ ਕੌਰ ਨੂੰ ਬਣਾਇਆ ਪਰ ਫਿਰ ਵੀ ਇਸ ਜੋੜੀ ਨੂੰ ਲੋਕ ਸਪੂੰਰਨ ਨਹੀ ਮੰਨਦੇ। ਫਿਰ
ਵੀ ਸਦੀਕ ਸਾਹਿਬ ਵੱਲੋਂ ਅੱਜ ਵੀ ਪੂਰਨ ਕੋਸ਼ਿਸ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ
ਉਸੇ ਤਰਾਂ ਦੇ ਗੀਤਾ ਨਾਲ ਹੀ ਖੁਸ਼ੀ ਵਿੱਚ ਨਿਹਾਲ ਕੀਤਾ ਜਾਵੇ। ਬੜੇ ਸਮੇ ਤੋ ਰੀਝ
ਉਹਨਾਂ ਨਾਲ ਗੱਲਬਾਤ ਕਰਨ ਦੀ ਸੋ ਕੁਝ ਦਿਨ ਹੋਏ ਮੌਕਾ ਮਿਲਿਆ ਉਹਨਾਂ ਦੀ ਗਾਇਕੀ ਦਾ
ਅਨੰਦ ਮਾਨਣ ਦਾ ਤੇ ਕਾਹਲੀ ਵਿੱਚ ਕੁਝ ਸਵਾਲ ਜਵਾਬ ਕਰਨ ਦਾ ਜੋ ਪਾਠਕਾ ਦੀ ਕਚਿਹਰੀ
ਵਿੱਚ ਪੇਸ਼ ਹਨ।
ਸਵਾਲ : ਸਦੀਕ ਸਾਹਿਬ ਸਭ ਤੋ ਪਹਿਲਾਂ ਆਪਣੇ ਪਰਿਵਾਰਕ ਪਿਛੋਕੜ ਬਾਰੇ
ਦੱਸੋ ਕੁਝ?
ਜਵਾਬ : ਮੇਰਾ ਜਨਮ 1942 ਵਿੱਚ ਹੋਇਆ ਜੋ ਮਾਪਿਆ ਦੱਸਣ ਦੀ ਗੱਲ ਹੈ। ਕਿਉਕਿ
ਉਦੋ ਜ਼ਰੂਰੀ ਨਹੀ ਸੀ ਹੁੰਦਾ ਕਿ ਜਨਮ ਜਾਂ ਮਰਨ ਦੀ ਪੱਕੀ ਤਰੀਕ ਲਿਖੀ ਜਾਵੇ। ਸੋ
1942 ਵਿੱਚ ਜਿਲਾ ਲੁਧਿਆਣਾ ਦੇ ਰਾਮਪੁਰ ਪਿੰਡ ਵਿੱਚ ਹੋਇਆ। ਅਸੀਂ ਛੇ ਭੈਣ ਭਰਾ ਹਾਂ
ਸਭ ਤੋ ਵੱਡਾ ਮੈ, ਮੈਥੋ ਛੋਟੇ ਦੋ ਭਰਾ ਤੇ ਛੋਟੀਆਂ ਤਿੰਨ ਭੈਣਾਂ। ਉਸ ਵਕਤ ਬਹੁਤ
ਅੱਛੇ ਰਾਗੀ ਕੀਰਤਨੀਏ ਸਨ ਲਛਮਣ ਸਿੰਘ ਗੰਧਰਬ ਮੇਰੇ ਫਾਦਰ ਸਾਹਿਬ ਉਹਨਾਂ ਨਾਲ ਕੰਮ
ਕਰਦੇ ਹੁੰਦੇ ਸਨ।
ਸਵਾਲ : ਪੜਾਈ ਲਿਖਾਈ ਬਾਰੇ ਦੱਸੋ ਕੁਝ?
ਜਵਾਬ : ਜਿੱਥੇ ਮੇਰੀ ਪਰਵਰਿਸ਼ ਹੋਈ ਕੁੱਪ ਕਲਾਂ ਉੱਥੇ ਕੋਈ ਸਕੂਲ ਦੀ
ਬਿਲਡਿੰਗ ਨਹੀ ਸੀ। ਚੌਥੀ ਜਮਾਤ ਤੱਕ ਦੀ ਪੜਾਈ ਪਿੰਡ ਦੇ ਗੁਰਦੁਆਰਾ ਸਹਿਬ ਵਿਖੇ
ਕੀਤੀ। ਉਸ ਤੋ ਬਾਹਦ ਗੌਰਮੈਂਟ ਹਾਈ ਸਕੂਲ ਫਤਿਹਗੜ ਛੰਨਾਂ ਵਿੱਚ ਗਿਆ। ਜਦ ਮੈ ਉੱਥੇ
ਪੜਦਾ ਸੀ ਤਾਂ ਉਦੋ ਪੰਜਾਬ 'ਤੇ ਪੈਪਸੂ ਦੇ ਮੁੱਖ ਮੰਤਰੀ ਅੱਡੋ ਅੱਡ ਸਨ। ਸੋ ਸਾਡੇ
ਸਕੂਲ ਵਿੱਚ ਉਸ ਵਕਤ ਪੈਪਸੂ ਦੇ ਮੁੱਖ ਮੰਤਰੀ ਬਾਬੂ ਸ੍ਰੀ ਬ੍ਰਿਜ ਭਾਨ ਜੀ ਆਏ ਸਨ
'ਤੇ ਟੀਚਰ ਨੇ ਮੈਨੂੰ ਕੁਝ ਗਾਉਣ ਲਈ ਕਿਹਾ 'ਤੇ ਜੋ ਮੈ ਉੱਥੇ ਗੀਤ ਗਾਇਆ ਉਹ ਸੀ
ਸੁਰਾਂ ਦੇ ਬਾਦਸਾਹ ਮੁਹੰਮਦ ਰਫੀ ਸਾਹਿਬ ਦਾ ‘ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ,
ਹੱਸਦਿਆ ਰਾਤ ਲੰਘੀ ਪਤਾ ਨੀ ਸਵੇਰ ਦਾ’ ਉਹ ਗਾਣਾ ਸੁਣਕੇ ਸਾਰੇ ਬੜੇ ਹੀ ਭਾਵਿਕ ਹੋਏ।
ਬ੍ਰਿਜ ਭਾਨ ਜੀ ਮੈਨੂੰ ਜੱਫੀ 'ਚ ਲੈਦਿਆਂ ਗੀਤ ਤੋ ਖੁਸ਼ ਹੁੰਦਿਆਂ ਮੈਨੂੰ ਇੱਕ ਸੌ ਦਾ
ਨੋਟ ਦਿੱਤਾ। ਹਾਂ ਮੈਨੂੰ ਯਾਦ ਹੈ। ਵੱਡਾ ਸਾਰਾ ਨੋਟ ਸੀ ਉਹ। ਉਸੇ ਸੌ ਦੇ ਨੋਟ ਨੇ
ਮੇਰੀ ਜਿੰਦਗੀ 'ਚ ਬਦਲਾਅ ਲਿਆਦਾ। ਪਿੰਡ ਦੀਆਂ ਬੁੜੀਆਂ ਨੇ ਮੇਰੀ ਮਾਂ ਕੋਲ ਜਾ ਕੇ
ਕਿਹਾ ਕਿ ਤੇਰਾ ਪੁੱਤਰ ਤਾਂ ਬੜਾ ਹੀ ਭਾਗਾ ਵਾਲਾ ਏ ਇਹ ਤਾਂ ਜੰਮਦਾ ਹੀ ਕਮਾਊ
ਨਿੱਕਲਿਆ। ਤੁਸੀ ਇਸ ਨੂੰ ਇਸੇ ਲਾਈਨ 'ਚ ਹੀ ਪਾ ਦੇਓ। ਫਿਰ ਮੇਰੇ ਪਿਤਾ ਜੀ ਨੇ
ਮੈਨੂੰ ਮਲੇਰਕੋਟਲੇ ਖਾਨ ਸਾਹਿਬ ਵਾਕਰ ਹੁਸੇਨ ਜੀਆਂ ਕੋਲ ਭੇਜ ਦਿੱਤਾ ਜਿੱਥੇ ਮੈ
ਕਲਾਸੀਕਲ ਦੀ ਸਿੱਖਿਆ ਲਈ।
ਸਵਾਲ
: ਤੁਹਾਡਾ ਪਹਿਲਾ ਗੀਤ ਕਿਹੜਾ, ਕਦੋ ਤੇ ਕਿਸ ਕੰਪਨੀ 'ਚ ਰਿਕੋਰਡ ਹੋਇਆ?
ਜਵਾਬ : ਮੇਰਾ ਪਹਿਲਾ ਗੀਤ ‘ਵੇ ਮੈ ਚਿੱਠੀਆਂ ਕਿੱਧਰ ਨੂੰ ਪਾਵਾਂ ਜਾਂਦਾ
ਹੋਇਆ ਦੱਸ ਨਾ ਗਿਆ’ ਐਚ. ਐਮ. ਵੀ.ਕੰਪਨੀ ਨੇ 1962 ਵਿੱਚ ਰਿਕਾਰਡ ਕੀਤਾ।
ਸਵਾਲ : ਸਦੀਕ ਸਾਹਿਬ ਤਹਾਨੂੰ ਚਰਨਜੀਤ ਅਹੁਜਾ ਸਾਹਿਬ ਨਾਲ ਵੀ ਕੰਮ ਕਰਨ
ਦਾ ਮੌਕਾ ਮਿਲਿਆ ਹੋਣਾ ਕਿਵੇ ਲੱਗਿਆ?
ਜਵਾਬ : ਜਦ ਮੈ ਉੱਥੇ ਸੀ ਤਾਂ ਉਸ ਟਾਈਮ ਅਹੂਜਾ ਸਾਹਿਬ ਮਜੀਸ਼ਨ ਸਨ।
ਪਰ ਮੇਰੀ ਰਿਕੋਰਡਿੰਗ ਕੀਤੀ ਕੇ. ਪੰਨਾਂ ਲਾਲ ਜੀ ਨੇ ਪਰ ਫਿਰ ਵੀ ਮੈਨੂੰ ਚਰਨਜੀਤ
ਜੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਹ ਇੱਕ ਬਹੁਤ ਅੱਛੇ ਸੰਗੀਤਕਾਰ ਹੋਣ ਦੇ ਨਾਲ
ਨਾਲ ਬਹੁਤ ਅੱਛੇ ਮਿਲਣਸਾਰ ਇਨਸਾਨ ਵੀ ਹਨ।
ਸਵਾਲ : ਸਰ ਜੀ ਜੇਕਰ ਯਾਦ ਹੋਵੇ ਤਾਂ ਤੁਹਾਡੀ ਪਹਿਲੀ ਪਰੋਫੈਸ਼ਨਲ ਸਟੇਜ
ਕਦੋ 'ਤੇ ਕਿੱਥੇ ਲੱਗੀ?
ਜਵਾਬ : ਦਰਅਸਲ ਜਦ ਮੈ ਇਸ ਲਾਈਨ ਵਿੱਚ ਆਇਆ ਤਾਂ ਉਸ ਟਾਈਮ ਮੈ ਕਿਸੇ ਦੇ
ਸਹਾਇਕ ਦੇ ਤੌਰ 'ਤੇ ਆਇਆ ਸੀ। ਇੱਕ ਕੁੜੀ ਸੀ ਰਜਿੰਦਰ ਰਾਜਨ 'ਤੇ ਉਹਨਾਂ ਨਾਲ ਹਰਚਰਨ
ਗਰੇਵਾਲ ਜੀ ਡਿਊਟ ਗਾਉਦੇ ਸਨ। ਸੋ ਮੈ ਸਹਾਇਕ ਦੇ ਰੂਪ 'ਚ ਸਟੇਜ ਤੇ ਇੱਕ ਦੋ ਗੀਤ ਗਾ
ਲੈਦਾ ਸੀ। ਉਸ ਤੋ ਬਾਹਦ ਗਰੇਵਾਲ ਸਾਹਿਬ ਨੇ ਆਪਣਾ ਹੋਰ ਗਰੁੱਪ ਬਣਾ ਲਿਆ 'ਤੇ
ਰਜਿੰਦਰ ਰਾਜਨ ਨਾਲ ਮੈਨੂੰ ਡਿਉਟ ਗਾਉਣ ਦਾ ਮੌਕਾ ਮਿਲਿਆ। ਇਹ ਹੁਣ ਮੈਨੂੰ ਪੱਕਾ ਯਾਦ
ਨਹੀ ਕਿ ਸਾਡੀ ਪਹਿਲੀ ਸਟੇਜ ਕਦੋ ਤੇ ਕਿੱਥੇ ਲੱਗੀ ।
ਸਵਾਲ : ਪਹਿਲਾਂ ਸੋਲੋ ਤੇ ਫਿਰ ਦੋਗਾਣਾ ਗਾਇਕੀ ਵੱਲ ਕਿਵੇ ਆਏ?
ਜਵਾਬ : ਸੋਲੋ ਤੋ ਦੁਗਾਣਾ ਵੱਲ ਦਾ ਸਬੱਬ ਇਸ ਤਰਾਂ ਹੋਇਆ। ਮੈ ਜਿਸ ਕੁੜੀ
ਨਾਲ ਸਹਾਇਕ ਦੇ ਤੌਰ 'ਤੇ ਗਾਉਣ ਲੱਗਿਆ ਸੀ ਉਹ ਪਹਿਲਾਂ ਗਰੇਵਾਲ ਸਾਹਿਬ ਨਾਲ ਦੋਗਾਣੇ
ਹੀ ਗਾਉਦੀ ਸੀ। ਸੋ ਉਹਨਾਂ ਨਾਲ ਵੱਖ ਹੋਣ ਤੋ ਬਾਹਦ ਮੇਰੇ ਨਾਲ ਦੋਗਾਣੇ ਗਾਉਣੇ ਸੁਰੂ
ਕੀਤੇ। ਉਸ ਵਕਤ ਡਿਉਟ ਦਾ ਕਰੇਜ ਵੀ ਜਿਆਦਾ ਸੀ। ਦੋਗਾਣਾ ਇੱਕ ਸਵਾਲ
ਜਵਾਬ ਹੁੰਦਾ। ਸਵਾਲ ਜਵਾਬ ਤਾਂ ਦੋ ਬੱਚੇ ਵੀ ਆਪਸ ਵਿੱਚ ਕਰ ਰਹੇ ਹੋਣ ਉਹਨਾਂ ਵੱਲ
ਵੀ ਸਾਡਾ ਧਿਆਨ ਕੇਦਰਤ ਹੋ ਜਾਂਦਾ ਹੈ। ਸੋ ਅਜਿਹੇ ਹੀ ਸਵਾਲ ਜਵਾਬ ਦਾ ਪ੍ਰਤੀਤ ਹੈ।
ਦੋਗਾਣਾ ਗੀਤ ਜੋ ਬੜੀ ਹੀ ਰੁਝੀ ਨਾਲ ਸੁਣੇ ਜਾਂਦੇ ਹਨ।
ਸਵਾਲ : ਬੀਬਾ ਰਣਜੀਤ ਕੌਰ ਜੀ ਨਾਲ ਇਕੱਠੇ ਗੌਣ ਦਾ ਸਵੱਬ ਕਿਵੇ ਬਣਿਆ?
ਜਵਾਬ : ਜਿਸ ਟਾਈਮ ਮੈ ਰਕੋਰਡਿੰਗ ਲਈ ਦਿੱਲੀ ਗਿਆ ਹੋਇਆ ਸੀ ਉੱਦੋ ਹੀ ਉੱਥੇ
ਰਣਜੀਤ ਕੌਰ ਵੀ ਆਏ ਸਨ ਆਪਣੇ ਪਿਤਾ ਜੀ ਨਾਲ। ਉੱਥੇ ਰਿਕੋਰਡਿੰਗ ਔਫੀਸਰ ਸਨ ਬਾਬੂ
ਸੰਤ ਰਾਮ ਜੀ ਜੋ ਸੁਭਾ ਤੋ ਰਿਕੋਰਡਿੰਗ ਵਿੱਚ ਲੱਗੇ ਹੋਏ ਸਨ। ਉਹਨਾਂ ਨੇ ਮੈਨੂੰ
ਸਟੌਪ ਵਾਚ ਫੜਾਈ ਤੇ ਕਿਹਾ ਸਦੀਕ ਸਾਹਿਬ ਤੁਸੀ ਇਹਨਾਂ ਦੀ ਰਿਕੋਰਡਿੰਗ ਕਰਾ ਦੇਓ ਇਹ
ਨਵੇਂ ਕਲਾਕਾਰ ਹਨ। ਸੋ ਮੈ ਰਣਜੀਤ ਜੀ ਤੋ ਸੀਨੀਅਰ ਵੀ ਸੀ। ਕਿਉਕਿ ਮੇਰੀ ਰਿਕਾਰਡਿੰਗ
1962 ਤੇ ਇਹਨਾਂ 1966 ਵਿੱਚ ਹੋ ਰਹੀ ਸੀ। ਉਸ ਵਕਤ ਸਟੌਪ ਵਾਚ ਨਾਲ ਗੀਤ ਸਿਰਫ 3
ਮਿੰਟ ਬਾਰਾਂ ਸੈਕਿੰਡ ਦਾ ਹੀ ਰਿਕੋਰਡ ਕਰਵਾਉਣਾ ਹੁੰਦਾ ਸੀ। ਜਦ ਮੈ ਰਣਜੀਤ ਕੌਰ ਜੀ
ਦਾ ਗੀਤ ਸੁਣਿਆ ‘ਮਾਹੀ ਵੇ ਮਾਹੀ ਮੈਨੂੰ ਭੰਗ ਚੜਗੀ’ ਤਾਂ ਮੈਨੂੰ ਗੀਤ 'ਤੇ ਉਹਨਾਂ
ਦੀ ਅਵਾਜ਼ ਬਹੁਤ ਹੀ ਅੱਛੀ ਲੱਗੀ। ਮੈ ਉਹਨਾਂ ਦੇ ਫਾਦਰ ਸਾਹਿਬ ਨੂੰ ਕਿਹਾ ਕਿ
ਤੁਹਾਡੀ ਲੜਕੀ ਦੀ ਅਵਾਜ਼ ਬਹੁਤ ਹੀ ਅੱਛੀ ਹੈ। 'ਤੇ ਉਮਰ ਵੀ 16 ਕੁ ਸਾਲ ਦੀ ਹੈ। ਸੋ
ਜੇਕਰ ਰਣਜੀਤ ਨੂੰ ਕੋਈ ਚੰਗਾ ਸਿੰਗਰ ਸਾਥੀ ਮਿਲ ਜਾਵੇ ਤਾਂ ਇਹ ਬਹੁਤ ਹੀ ਨਾਮ ਬਣਾ
ਸਕਦੀ ਹੈ। ਪੰਜ ਛੇ ਮਹੀਨੇ ਬਾਹਦ ਜਦ ਮੈ ਰਾਜਨ ਜੀ ਨਾਲੋ ਵੱਖ ਹੋ ਗਿਆ ਤਾਂ ਇਹਨਾਂ
ਦੇ ਪਿਤਾ ਜੀ ਸਾਡੇ ਘਰ ਆਏ ਤੇ ਮੈਨੂੰ ਕਹਿਣ ਲੱਗੇ ਕਿ ਜੇਕਰ ਤੁਹਾਨੂੰ ਕੋਈ ਇਤਰਾਜ
ਨਾ ਹੋਵੇ ਤਾਂ ਤੁਸੀ ਰਣਜੀਤ ਨਾਲ ਗਾਵੋ। 'ਤੇ ਅਸੀ ਇਕੱਠਿਆਂ ਗਾਉਣਾ ਸੁਰੂ ਕਰ
ਦਿੱਤਾ। ਸਾਡੀ ਪਹਿਲੀ ਸਟੇਜ 4 ਮਾਰਚ 1967 ਨੂੰ ਰਾਏਕੋਟ ਦੇ ਨੇੜਲੇ ਪਿੰਡ ਰਾਜੋਆਣਾ
ਵਿੱਚ ਲੱਗੀ ਜਿੱਥੇ ਲੋਕਾਂ ਨੇ ਸਾਨੂੰ ਐਨਾ ਪਿਆਰ ਤੇ ਸਮਰਥਨ ਦਿੱਤਾ ਕਿ ਸਾਡਾ ਹੌਸਲਾ
ਵਧ ਗਿਆ 'ਤੇ ਉਸ ਪਿੱਛੋ ਅਸੀ ਪਿੱਛੇ ਮੁੜ ਨਹੀ ਵੇਖਿਆ।
ਸਵਾਲ : ਤੁਹਡਾ ਰਣਜੀਤ ਕੌਰ ਨਾਲ ਪਹਿਲਾ ਗੀਤ ਕਿਹੜਾ ਰਿਕੋਰਡ ਹੋਇਆ ?
ਜਵਾਬ: ਮੇਰਾ ਤੇ ਰਣਜੀਤ ਦਾ ਪਹਿਲਾ ਗੀਤ ‘ਜੇ ਤੂੰ ਸੁਨਿਆਰੇ ਕੋਲੋ ਨੱਤੀਆਂ
ਕਢਾਉਣੀਆਂ ਮੁੰਦਰੀ 'ਚ ਨਗ ਜੁੜਵਾਦੇ ਹਾਣੀਆਂ ਵੇ ਮੈਨੂੰ ਚਾਂਦੀ ਦੀਆਂ ਝਾਂਜਰਾਂ
ਕੱਢਵਾਦੇ ਹਾਣੀਆਂ’।
ਸਵਾਲ : ਸਰ ਜੀ, ਤੁਸੀ ਆਪਣੇ ਗੀਤਾਂ ਵਿੱਚੋ ਕਿਹੜੇ ਗੀਤ ਨੂੰ ਸੁਪਰ
ਹਿੱਟ ਮੰਨਦੇ ਹੋ?
ਜਵਾਬ : ਜਸਵਿੰਦਰ, ਮੇਰੇ ਲਈ ਤਾਂ ਸਾਰੇ ਹੀ ਗੀਤ ਸੁਪਰ ਹਿੱਟ ਹਨ ਕਿਉਕਿ
ਅਸੀਂ ਜੋ ਵੀ ਗਾਇਆ ਲੋਕਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਕੇ ਗਾਇਆ। ਬਾਕੀ ਇਹ ਤਾਂ
ਸਰੋਤੇ ਹੀ ਦੱਸ ਸਕਦੇ ਨੇ ਕਿ ਕਿਹੜਾ ਗੀਤ ਸੁਪਰ ਹਿੱਟ ਹੈ।
ਸਵਾਲ : ਸਦੀਕ ਜੀ ਇੱਕ ਥੋੜਾ ਜਿਹਾ ਵੱਖਰਾ ਸਵਾਲ ਹੈ ਕਿ ਕਈ ਸਿੰਗਰ
ਮੁਲਾਕਾਤਾਂ ਵਿੱਚ ਤਾਂ ਇਹ ਆਖਦੇ ਨੇ ਕਿ ਲੋਕਾਂ ਦੇ ਕੱਪੜੇ ਲਾਉਣੇ ਕੋਈ ਗਾਇਕੀ ਨਹੀ।
'ਤੇ ਆਪ ਉਹ ਛੇ-ਛੇ ਸੱਤ-ਸੱਤ ਲੱਖ ਮੰਗਦੇ ਨੇ ਇਸ ਬਾਰੇ ਤੁਸੀ ਕੀ ਕਹੋਗੇ?
ਜਵਾਬ : ਮੈ ਇਸ ਬਾਰੇ ਜਿਆਦਾ ਕੁਝ ਨਹੀ ਕਹੁੰਗਾ। ਹਾਂ ਪਰ ਸ਼ੌਕ ਦਾ ਕੋਈ
ਮੁੱਲ ਨਹੀ ਹੁੰਦਾ। ਸ਼ਇਦ ਉਹ ਆਪਣੀ ਕੀਮਤ ਹੀ ਇੰਨੀ ਸਮਝਦੇ ਹੋਣ। 'ਤੇ ਜਿਹਣੇ ਉਹਨਾਂ
ਨੂੰ ਸੁਣਨੈ ਭਾਵੇ ਉਹਨਾਂ ਦੇ ਘਰ ਵਿੱਚ ਸਾਰਾ ਹੀ ਸੱਤ ਲੱਖ ਕਿਉ ਨਾ ਹੋਵੇ। ਉਹ ਉਸੇ
ਨੂੰ ਹੀ ਲਿਆਉਣਗੇ। ਇੱਕ ਵਾਰ ਮੇਰੇ ਕੋਲ ਇੱਕ ਜਿਮੀਦਾਰ ਆਪਣੇ ਸੀਰੀ ਨੂੰ ਨਾਲ ਲੈ ਕੇ
ਮੇਰੇ ਕੋਲ ਆਇਆ 'ਤੇ ਕਹਿੰਦਾ ਕਿ ਇਹ ਮੈਥੋ ਸਾਰੇ ਸਾਲ ਦੇ 1800 ਰੁਪਏ ਲੈਦਾ 'ਤੇ
ਤੁਸੀ ਦੋ ਘੰਟਿਆ ਦਾ 1800 ਸੌ ਮੰਗਦੇ ਹੋ। ਮੈ ਕਿਹਾ ਫਿਰ ਨਾ ਬੁਲਾਓ ਮੈਨੂੰ। ਉਹ
ਬੋਲੇ ਸਾਡਾ ਸੀਰੀ ਕਹਿੰਦਾ ਐ ਮੈ ਮਰਦਾ ਜੇ ਸਦੀਕ ਨਹੀ ਆਵੇਗਾ। ਸੋ ਮੈ ਉਹਨਾਂ ਤੋ
200 ਰਪਏ ਘੱਟ ਕਰਕੇ ਉਹ ਪ੍ਰੋਗਰਾਮ 1600 ਸੌ 'ਚ ਕੀਤਾ ਮੇਰਾ ਕਹਿਣ ਦਾ ਮਤਲਵ ਇਹੀ
ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀ ਹੁੰਦਾ। ਹਾਂ ਪਰ ਗਾਇਕਾਂ ਨੂੰ ਵੀ ਅਜਿਹੇ ਫੋਕੇ
ਬਿਆਨ ਨਹੀ ਦੇਣੇ ਚਾਹੀਦੇ।
ਸਵਾਲ : ਅੱਜ ਦੀ 'ਤੇ ਚਾਲੀ ਸਾਲ ਪਹਿਲਾਂ ਦੀ ਗਾਇਕੀ 'ਚ ਕੀ ਫਰਕ ਸਮਝਦੇ
ਹੋ?
ਜਵਾਬ : ਸਮੇ ਨਾਲ ਸੰਗੀਤ ਦੀਆਂ ਸੁਰਾਂ ਨਹੀ ਬਦਲਦੀਆਂ ਉਹ ਉਹੀ ਸੱਤ ਹੀ
ਰਹਿਣਗੀਆਂ ਤੇ ਤਾਲ ਵੀ ਉਹੀ ਰਹੇਗਾ। ਸਮੇ ਨਾਲ ਰਿਸ਼ਤੇ ਵੀ ਨਹੀ ਬਦਲਦੇ। ਹਾਂ ਉਹਨਾਂ
ਨੂੰ ਬੁਲਾਉਣ ਦਾ ਢੰਗ ਜਰੂਰ ਬਦਲ ਗਿਆ ਏ। ਸੋ ਅੱਜ ਦੀ ਲਿਖਣੀ ਬਦਲ ਚੁੱਕੀ ਹੈ ਪਰ
ਸੰਗੀਤ ਨਹੀ ਬਦਲੇਗਾ।
ਸਵਾਲ : ਸਦੀਕ ਜੀ ਤੁਹਾਨੂੰ ਬੜੇ ਹੀ ਮਾਨ ਸਨਮਾਨ ਮਿਲੇ ਹੋਣਗੇ ਪਰ ਕੋਈ
ਅਜਿਹਾ ਸਨਮਾਨ ਹੋਵੇ ਜਿਸ ਨਾਲ ਤੁਹਾਨੂੰ ਸੁੰਤੁਸ਼ਟੀ ਹੋਈ ਹੋਵੇ ਤੇ ਜਾਂ ਫਿਰ ਅੱਜ
ਤੱਕ ਅਜਿਹਾ ਨਾ ਹੋਇਆ ਹੋਵੇ ?
ਜਵਾਬ : ਪੂਹਲੀ ਸਾਹਿਬ ਹੁਣ ਤੁਸੀ ਹੀ ਦੱਸੋ ਕਿ ਜਿਸ ਗਰੀਬ ਦੇ ਪਿਉ ਨੇ ਕਦੇ
ਸਰਪੰਚੀ ਨਹੀ ਲੜੀ ਉਸ ਦਾ ਪੁੱਤਰ ਅੱਜ ਐਮ.ਐਲ. ਏ. ਬਣਿਆ ਬੈਠਾ। ਇਸ ਤੋ ਵੱਡਾ ਹੋਰ
ਕੀ ਸਨਮਾਨ ਹੋ ਸਕਦਾ।
ਸਵਾਲ : ਵਿਦੇਸੀ ਟੂਰ ਕਿੰਨੇ ਕੁ ਲਗਾ ਚੁੱਕੇ ਹੋ।
ਜਵਾਬ : ਇਸ ਦੀ ਕੋਈ ਗਿਣਤੀ ਨਹੀ ਹੈ। ਜਿੱਥੇ ਜਿੱਥੇ ਵੀ ਪੰਜਾਬੀ ਜਾ ਵਸੇ
ਨੇ ਅਸੀਂ ਉੱਥੇ ਹਰ ਇੱਕ ਮੁਲਕ 'ਚ ਜਾ ਆਏ ਹਾਂ ?
ਸਵਾਲ : ਹਾਂ ਜੀ ਇੱਕ ਥੋੜਾ ਜਿਹਾ ਕੌੜਾ ਸਵਾਲ ਹੈ ਕਿ ਤੁਹਡੇ ਤੇ ਰਣਜੀਤ
ਕੌਰ ਜੀ ਦੇ ਤੋੜ ਵਿਛੋੜੇ ਦਾ ਕੀ ਕਾਰਨ ਹੈ ?
ਜਵਾਬ : ਕੋਈ ਤੋੜ ਵਿਛੋੜਾ ਨਹੀ ਹੋਇਆ। ਉਹਨਾਂ ਦੀ ਅਵਾਜ਼ ਥੋੜੀ ਖਰਾਬ ਹੋ
ਚੁੱਕੀ ਸੀ ਤੇ ਗਾਉਣ ਵਾਲੇ ਦੀ ਕੀਮਤ ਸਿਰਫ ਅਵਾਜ਼ ਨਾਲ ਹੀ ਹੁੰਦੀ ਹੈ। ਲੋਕ ਵੀ
ਕਹਿਣ ਲੱਗੇ ਰਣਜੀਤ ਜੀ ਦੀ ਅਵਾਜ਼ ਹੁਣ ਜਿਆਦਾ ਖਰਾਬ ਹੋ ਗਈ। ਏ ਗੱਲ ਨਹੀ ਬਣ ਰਹੀ
ਜਿਸ ਕਰਕੇ ਉਹਨਾਂ ਗਾਉਣਾ ਛੱਡ ਦਿੱਤਾ। ਪਰ ਸਾਡੇ ਪਰਿਵਾਰਕ ਲਿੰਕ ਅੱਜ ਵੀ ਜਿਉ ਦੇ
ਤਿਉ ਹੀ ਹਨ।
ਸਵਾਲ : ਤੁਸੀ ਕੁਝ ਕੁ ਪੰਜਾਬੀ ਫਿਲਮਾਂ ਵੀ ਕੀਤੀਆਂ ਕਿਵੇ ਲੱਗਿਆ ?
ਜਵਾਬ : ਇਸ ਵਿੱਚ ਪਤਾ ਕੀ ਹੈ। ਇਹ ਇੱਕ ਸਟੇਜ ਹੈ ਕਿ ਪਹਿਲਾਂ ਗਾਇਕ ਜਦ
ਨਵਾਂ ਹੁੰਦਾ ਉਹ ਇੱਕ ਦੋ ਗੀਤਾਂ ਦਾ ਸਮਾ ਮੰਗਦਾ। ਜਦ ਉਹ ਪੂਰੀ ਸਟੇਜ ਲਾਉਣ ਲੱਗ
ਜਾਂਦਾ ਹੈ। ਫਿਰ ਉਸ ਦੀ ਇੱਛਾ ਰੇਡੀਓ ਤੇ ਗਾਉਣ ਦੀ ਹੁੰਦੀ ਹੈ 'ਤੇ ਫਿਰ ਇਸੇ
ਤਰ੍ਰਾਂ ਹੀ ਟੀਵੀ ਤੇ ਫਿਲਮਾਂ ਵੱਲ ਜਾਣ ਦੀ ਇੱਛਾ ਜਾਗਦੀ ਹੈ। ਸੋ ਉਸ ਵਕਤ ਮੇਰੀ
ਰਣਜੀਤ 'ਤੇ ਮਾਨ ਮਰਾੜਾ ਵਾਲੇ ਦੀ ਤਿੱਕੜੀ ਬੜਾ ਹੀ ਨਾਮ ਬਣਾ ਚੁੱਕੀ ਸੀ ਜਿਸ ਲਈ
ਸਾਨੂੰ ਲੋਕਾਂ ਨੇ ਰਾਇ ਦਿੱਤੀ ਕਿ ਤੁਹਾਡੀ ਤਿੱਕੜੀ ਅੱਛਾ ਵਿੱਕ ਰਹੀ ਹੈ 'ਤੇ
ਫਿਲਮਾਂ ਰਾਹੀ ਤਹਾਨੂੰ ਹੋਰ ਵੀ ਕੈਸ਼ ਕੀਤਾ ਜਾ ਸਕਦਾ ਜਿਸ ਲਈ ਅਸੀਂ ਕੁਝ ਫਿਲਮਾਂ
ਕੀਤੀਆਂ ਜੋ ਕਾਫੀ ਕਾਮਜਾਬ ਵੀ ਰਹੀਆਂ।
ਸਵਾਲ : ਸਦੀਕ ਜੀ ਅੱਜ ਕੱਲ ਸੁਣਨ 'ਚ ਆਇਆ ਕਿ ਤੁਹਾਡਾ ਤੇ ਮਾਨ ਮਰਾੜਾ
ਵਾਲੇ ਦਾ ਤਾਲਮੇਲ ਖਤਮ ਹੋ ਗਿਆ ਹੈ, ਕੀ ਕਾਰਨ ਹੈ ?
ਜਵਾਬ : ਸਾਡਾ ਕੋਈ ਤਾਲਮੇਲ ਨਹੀ ਘਟਿਆ। ਹਾਂ ਉਹ ਹੁਣ ਬੰਬਈ ਰਹਿਣ ਲੱਗ ਗਏ
ਨੇ 'ਤੇ ਮੈ ਪੰਜਾਬ ਛੱਡ ਕਿ ਕਿਤੇ ਜਾ ਨਹੀ ਸਕਦਾ। ਮੈਨੂੰ ਤਾਂ ਕਈ ਬਾਹਰਲੇ ਮੁਲਕਾਂ
ਦਾ ਵੀ ਪੱਕਾ ਵੀਜਾ ਮਿਲਦਾ ਸੀ ਪਰ ਮੇਰਾ ਪੰਜਾਬ ਬਿਣਾ ਨਹੀ ਸਰਦਾ।
ਸਵਾਲ : ਤੁਸੀ ਲੱਚਰ ਗਾਇਕੀ ਲਈ ਕਿਸ ਨੂੰ ਜਿਮੇਵਾਰ ਮੰਨਦੇ ਹੋ ਗੀਤਕਾਰ,
ਗਾਇਕ, ਰਿਕੋਰਡਿੰਗ ਕੰਪਨੀ ਜਾਂ ਫਿਰ ਸਰੋਤਿਆਂ ਨੂੰ ?
ਜਵਾਬ : ਜਿਆਦਾਤਰ ਸਰੋਤਿਆ ਨੂੰ ਕਿਉਕਿ ਬਹੁਤ ਸਾਰੇ ਸਰੋਤੇ ਹੀ ਮੰਗ ਕਰਦੇ
ਹਨ ਕਿ ਕੋਈ ਚੱਕਵਾਂ ਜਿਹਾ ਚਿਉਦਾਂ ਚਿਉਦਾਂ ਗੀਤ ਸਣਾਓ ਫਿਰ ਦੱਸੋ ਉੱਥੇ ਕਿਸ ਦਾ
ਕਸੂਰ ਹੈ।
ਸਵਾਲ : ਤੁਹਾਡਾ ਮੈਡਮ ਸੁਖਜੀਤ ਜੀ ਨਾਲ ਮੇਲ ਕਿੰਝ ਹੋਇਆ ?
ਜਵਾਬ : ਜਦ ਰਣਜੀਤ ਦੀ ਅਵਾਜ਼ ਖਰਾਬ ਹੋ ਗਈ ਤਾਂ ਉਹ ਮੈਨੂੰ ਕਹਿਣ ਲੱਗੇ ਕਿ
ਭਾਅ ਜੀ ਹੁਣ ਆਪਾ ਨੂੰ ਕੋਈ ਨਵੀ ਕੁੜੀ ਲੱਭਣੀ ਚਾਹੀਦੀ ਹੈ। ਮੈ ਕਿਹਾ ਮੈ ਤਾਂ ਨਹੀ
ਲੱਭਦਾ ਸੋ ਇਹ ਵੀ ਰਣਜੀਤ ਕੋਰ ਜੀਆਂ ਦੀ ਦੇਣ ਹੈ।
ਸਵਾਲ : ਕੋਈ ਖਾਸ ਕੌੜੀ ਮਿੱਠੀ ਯਾਦ ਹੋਵੇ ਤੁਹਾਡੇ ਲਈ ?
ਜਵਾਬ : ਵੋਖੋ ਨਿੱਤ ਨਵੀ ਸਟੇਜ ਕਰੀਦੀ ਏ ਰੋਜ਼ ਨਵਾਂ ਤਜਰਬਾ ਹੁੰਦਾਂ
ਯਾਦਾਂ ਤਾਂ ਇੰਨੀਆਂ ਜਿਆਦਾ ਹੋ ਚੁੱਕੀਆਂ ਨੇ ਕਿ ਦੱਸੀਆਂ ਨਹੀ ਜਾ ਸਕਦੀਆਂ।
ਸਵਾਲ : ਸਾਨੂੰ ਬਠਿੰਡੇ ਵਾਲਿਆਂ ਨੂੰ ਬੈਕਵਰਡ ਕਿਹਾ ਜਾਂਦਾ ਹੈ।
ਤੁਹਾਨੂੰ ਕੀ ਮਹਿਸੂਸ ਹੁੰਦਾ ਹੈ। ਸੱਚ ਦੱਸਿਓ ?
ਜਵਾਬ : ਸੱਚਾਈ ਤਾਂ ਇਹ ਹੈ ਕਿ ਬਠਿੰਡੇ ਨੇ ਪੰਜਾਬੀ, ਪੰਜਾਬੀਅਤ 'ਤੇ ਸਹਿਤ
ਨੂੰ ਬੜਾ ਕੁਝ ਦਿੱਤਾ ਹੈ। ਬੜੇ ਹੀ ਅੱਛੇ ਗੀਤਕਾਰ, ਗਾਇਕ, ਕਵੀਸ਼ਰ ਤੇ ਸਹਿਤਕਾਰ
ਦਿੱਤੇ ਜਿਵੇ ਕਵਿੱਸ਼ਰ ਮਾਘੀ ਸਿੰਘ, ਫਿਲਮੀ ਕਲਾਕਾਰ ਮਿਹਰ ਮਿੱਤਲ, ਗਾਇਕ ਗੁਰਦਾਸ
ਮਾਨ, ਹਰਭਜਨ ਮਾਨ, ਕੁਲਦੀਪ ਮਾਣਕ, ਬਲਕਾਰ ਸਿੱਧੂ, ਗੁਰਵਿੰਦਰ ਬਰਾੜ,
ਪਰਗਟ ਭਾਗੂ, ਗੋਰਾ ਚੱਕ ਵਾਲਾ ਇਹਨਾ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਹਨ। ਹਾਂ
ਸਰੋਤੇ ਵੀ ਬਹੁਤ ਹੀ ਸੂਝਵਾਨ ਨੇ ਸਾਨੂੰ ਬੜੇ ਪਿਆਰ ਤੇ ਰੂਹ ਨਾਲ ਸੁਣਦੇ ਨੇ ਬੜਾ ਹੀ
ਸਤਿਕਾਰ ਦਿੰਦੇ ਨੇ ਮੈ ਤਾਂ ਨਹੀ ਸਮਝਦਾ ਬੈਕਵਰਡ ਬਠਿੰਡੇ ਨੂੰ ।
ਸਵਾਲ
: ਇੱਕ ਜੋ ਆ ਅੱਜ ਕੱਲ ਫਿਲਮੀ ਤੇ ਗਾਇਕ ਕਲਾਕਾਰ ਰਾਜਨੀਤੀ ਵੱਲ ਆ ਰਹੇ ਨੇ ਕੀ
ਇਹ ਚੰਗਾ ਸ਼ਗਨ ਹੈ?
ਜਵਾਬ : ਵੋਖੋ ਜੀ ਪਾਰਲੀਮੈਂਟ ਹੋਵੇ ਜਾਂ ਅਸੰਬਲੀ ਉਸ ਵਿੱਚ ਹਰ ਇੱਕ ਖੇਤਰ
ਦਾ ਬੰਦਾ ਹੋਣਾ ਚਾਹੀਦਾ ਤਾਂ ਜੋ ਉਹ ਆਪਣੇ ਖੇਤਰ ਦੀਆਂ ਸਮੱਸਿਆਵਾਂ ਸਰਕਾਰ ਤੱਕ
ਪਹੁੰਚਾ ਸਕੇ। ਮੈ ਤਾਂ ਇਸ ਨੂੰ ਚੰਗਾ ਹੀ ਸਮਝਦਾ ਹਾਂ।
ਸਵਾਲ : ਦੋਨਾ ਕੰਮਾਂ ਨੂੰ ਸਮਾ ਦਿੱਤਾ ਜਾ ਸਕਦਾ ?
ਜਵਾਬ: ਮੈ ਤਾਂ ਦੇ ਰਿਹਾ ਹਾਂ
ਸਵਾਲ: ਸਦੀਕ ਜੀ ਤੁਸੀ ਕੋਈ ਵਿਧਾਨ ਸਭਾ ਵਿੱਚ ਅਜਿਹਾ ਮੁੱਦਾ ਉਠਾਇਆ
ਜਿਸ ਨਾਲ ਕੋਈ ਅਜਿਹਾ ਫੰਡ ਤਿਆਰ ਹੋ ਸਕੇ ਜਿਸ ਨਾਲ ਬੀਮਾਰ ਜਾਂ ਬਜੁਰਗ ਸਿੰਗਰਾਂ ਦੀ
ਮੱਦਦ ਹੋ ਸਕੇ ?
ਜਵਾਬ : ਨਹੀ ਜੀ ਮੈ ਅਜੇ ਤੱਕ ਕੋਈ ਅਜਿਹਾ ਮੁੱਦਾ ਨਹੀ ਉਠਾਇਆ। ਇਹ ਬਹੁਤ
ਹੀ ਸੋਚ ਵਿਚਾਰ ਕਰਕੇ ਹੋਵੇਗਾ ਕਿਉਕਿ ਅੱਜ ਇੱਥੇ ਸਿੰਗਰ ਬਹੁਤ ਹਨ। ਜਿਸ ਲਈ ਕੋਈ
ਸਰਟੀਫਿਕੇਟ ਨਹੀ ਲੈਣਾ ਪੈਦਾ। ਜੇਕਰ ਕੋਈ ਅਜਿਹਾ ਫੰਡ ਤਿਆਰ ਹੋ ਜਾਂਦਾ ਹੈ ਤਾਂ ਹਰ
ਕੋਈ ਕਹੇਗਾ ਮੈ ਸਿੰਗਰ ਹਾਂ, ਮੈ ਸਿੰਗਰ ਹਾਂ। ਪਹਿਲਾ ਤਾਂ ਉਸੇ ਨੂੰ ਹੀ ਸਿੰਗਰ
ਮੰਨਿਆ ਜਾਂਦਾ ਸੀ ਜੋ ਰੇਡੀਓ ਤੋ ਪਾਸ ਹੋਏ ਹੋਣ , ਪਰ ਅੱਜਕੱਲ ਮੈ ਤੁਹਾਨੂੰ ਅਜਿਹੇ
ਬਹੁਤਿਆ ਦੇ ਨਾਂ ਦੱਸ ਸਕਦਾ ਹਾਂ ਜੋ ਕਈ ਕਈ ਵਾਰ ਰੇਡੀਓ ਤੇ ਜਾਣ ਦੇ ਬਾਵਜੂਦ ਵੀ
ਪਾਸ ਨੀ ਹੋਏ। 'ਤੇ ਲੋਕਾਂ ਦੀ ਨਜ਼ਰ 'ਚ ਉਹ ਚੰਗੇ ਸਟਾਰ ਬਣੇ ਹੋਏ ਹਨ। ਸੋ ਇਹ
ਮੁੱਦਾ ਬਹੁਤ ਹੀ ਗੰਭੀਰ ਤੇ ਸੋਚ ਵਿਚਾਰ ਵਾਲਾ ਹੈ।
ਸਵਾਲ : ਕੀ ਤੁਸੀ ਆਉਣ ਵਾਲੇ ਸਮੇ ਵਿੱਚ ਕੋਈ ਟੇਪ ਲੈ ਕਿ ਆ ਰਹੇ ਹੋ ?
ਜਵਾਬ : ਕੋਸ਼ਿਸ ਕਰੀ ਜਾਨੇ ਆ ਜੇਕਰ ਸਰੋਤੇ ਚਾਹੁੰਣਗੇ ਤਾਂ ਜਰੂਰ ਕਰਾਗੇ।
ਸਵਾਲ : ਸਦੀਕ ਸਾਹਿਬ ਆਖਰ ਵਿੱਚ ਤੁਸੀ ਆਪਣੇ ਸਰੋਤਿਆਂ 'ਤੇ ਸਾਡੇ
ਪਾਠਕਾਂ ਨੂੰ ਕੋਈ ਸੰਦੇਸ਼ ਦੇ ਰੂਪ ਵਿੱਚ ਕੁਝ ਕਹਿਣਾ ਚਾਹੋਗੇ ?
ਜਵਾਬ : ਪੂਹਲੀ ਸਾਹਿਬ, ਮੈ ਤਾਂ ਹਾਲੇ ਆਪ ਸਿੱਖਿਆਰਥੀ ਹਾਂ 'ਤੇ ਸਿੱਖ
ਰਿਹਾ ਹਾਂ। ਪਰ ਫਿਰ ਵੀ ਮੈ ਇਹੋ ਕਹਾਗਾ ਕਿ ਅੱਛਾ ਸੁਣੋ, ਅੱਛਾ ਬੋਲੋ ,ਅੱਛਾ ਲਿਖੋ,
ਅੱਛਾ ਪੜੋ 'ਤੇ ਵੱਡਿਆ ਨੂੰ ਸਤਿਕਾਰ ਤੇ ਛੋਟਿਆ ਨੂੰ ਹਮੇਸਾ ਪਿਆਰ ਕਰੋ।
ਮੁਲਾਕਾਤੀ : ਜਸਵਿੰਦਰ ਪੂਹਲੀ ,
ਪਿੰਡ ਤੇ ਡਾਕ: ਪੂਹਲੀ ,
ਬਠਿੰਡਾ
ਮੋਬਾਈਲ : 9888930135
jaswinderpoohli@gmail.com
|