|
ਮਨਮੀਤ ਮਾਨ |
ਉਸ ਕੋਲ ਖੂਬਸੂਰਤੀ ਦੀ ਸਿਖਰ ਹੈ ਜਿਸ ਉੱਪਰ ਖੜ੍ਹਕੇ ਉਹ ਅਦਾਕਾਰੀ ਦੀ ਧੁੱਪ ਦਾ
ਸੇਕ ਆਪਣੇਂ ਖੂਨ ਅੰਦਰ ਮਹਿਸੂਸ ਕਰਦੀ ਹੈ। ਅਤੇ ਫਿਰ.. .. .. ਨ੍ਰਿਤ ਦੇ ਰੰਗਦਾਰ
ਖੂਹ ਅੰਦਰ ਉੱਤਰ ਜਾਂਦੀ ਹੈ; ਮਹੀਨਿਆਂ ਵਾਸਤੇ।
ਥੀਏਟਰ ਦੇ ਮੁਖੌਟੇ ਉਸ ਅੰਦਰ ਹਰਕਤਾਂ ਪੈਦਾ ਕਰਦੇ ਨੇ ਅਤੇ ਉਹ ਕਿਰਦਾਰਾਂ ਦੀ
ਬੋਲੀ ਨੂੰ ਆਪਣੀਂ ਜ਼ੁਬਾਨ ਦੇ ਮੇਚ ਦਾ ਕਰ ਲੈਂਦੀ ਹੈ।
ਹੁਣ ਅਸੀਂ ਆਖ ਸਕਦੇ ਹਾਂ ਕਿ ਇਹੋ ਜਿਹੇ ਜਨੂੰਨ ਦਾ ਨਾਂਅ ਹੀ ਹੋ ਸਕਦਾ ਹੈ
ਮਨਮੀਤ ਮਾਨ। ਹਾਂ ਮਨਮੀਤ ਮਾਨ ਜਿਸ ਲਈ ਸੁਨਹਿਲਾ ਪਰਦਾ ਕੋਈ ਸੁਪਨਾਂ ਮਾਤਰ ਨਹੀਂ,
ਉਸਦੀ ਮਿਥੀ ਹੋਈ ਮੰਜ਼ਿਲ ਹੈ।
ਸਵਰਗਵਾਸੀ ਸ਼ਹੀਦ ਬਲਦੇਵ ਸਿੰਘ ਮਾਨ ਅਤੇ ਪਰਮਜੀਤ ਕੌਰ ਦੀ ਇਕਲੌਤੀ ਜ਼ਹੀਨ ਪੁੱਤਰੀ
ਮਨਮੀਤ ਮਾਨ ਜਿਸਨੇ ਛੋਟੀ ਹੁੰਦੀ ਨੇ ਫਿਲਮਾਂ ਦੇਖਦਿਆਂ ਕੰਧਾਂ ਉੱਪਰ ਲੱਗੇ ਪੋਸਟਰਾਂ
ਵਿੱਚੋਂ ਝਾਕਦੇ ਬਹੁਤ ਸਾਰੇ ਚਿਹਰਿਆਂ ਨੂੰ ਵੇਖਕੇ ਮਨ ਵਿੱਚ ਇਹ ਫੈਸਲਾ ਕਰ ਲਿਆ ਸੀ
ਕਿ ਉਹ ਦਿਨ ਵੀ, ਇੱਕ ਦਿਨ ਉਹ ਆਪਣੀਂ ਜ਼ਿੰਦਗੀ ਵਿੱਚ ਲੈਕੇ ਆਵੇਗੀ ਜਿਸ ਦਿਨ ਇਹਨਾਂ
ਚਿਹਰਿਆਂ ਵਿੱਚ ਉਸਦਾ ਆਪਣਾਂ ਚਿਹਰਾ ਵੀ ਹੋਵੇਗਾ ਅਤੇ ਲੋਕ ਉਸਦੀ ਨਵੀਂ ਆਉਣ ਵਾਲੀ
ਫਿਲਮ ਦੀ ਇੰਤਜ਼ਾਰ ਕਰਿਆ ਕਰਨਗੇ।
ਉਸਦੇ ਇਸ ਸੁਪਨੇ ਨੂੰ ਬੂਰ ਪਿਆ। ਉਸਨੇ ਬਾਲੜੀ ਉਮਰੇ ਐਨ ਜੁਆਨੀਂ ਦੀ ਦਹਿਲੀਜ਼
ਉੱਪਰ ਪਹਿਲਾ ਪੈਰ ਰੱਖਦਿਆਂ ਹੀ ਬਤੌਰ ਨਾਇਕਾ ਇੱਕ ਪੰਜਾਬੀ ਫਿਲਮ ਕੀਤੀ “ਗੱਭਰੂ ਦੇਸ਼
ਪੰਜਾਬ ਦੇ”। ਉਦੋਂ ਉਹ ਨਵੀਂ ਨਵੀਂ ‘ਲਿਮਕਾ ਫੇਸ ਆਫ ਦਾ ਈਯਰ’ ਚੁਣੀਂ ਗਈ
ਸੀ। ਉਸਨੇ ਆਪਣੇਂ ਜਨੂੰਨ ਦਾ ਅਗਲਾ ਸਟੈੱਪ ਚੁਕਦਿਆਂ ਹੀ ਕਿਸ਼ੋਰ ਨਮਿਤ ਸਕੂਲ ਐਕਟਿੰਗ
ਸਕੂਲ ਮੁੰਬਈ ਤੋਂ ਅਦਾਕਾਰੀ ਦਾ ਡਿਪਲੋਮਾਂ ਕੀਤਾ ਅਤੇ ਫਿਲਮਾਂ ਲਈ ਸੰਘਰਸ਼ਸੀਲ ਹੋ
ਗਈ।
ਉਸਦਾ ਸਭ ਤੋਂ ਵੱਡਾ ਸੁਪਨਾਂ ਹੈ ਪ੍ਰਸਿੱਧ ਫਿਲਮ ਨਿਰਦੇਸ਼ਕ ਮਨਮੋਹਨ ਸਿੰਘ ਨਾਲ
ਪੰਜਾਬੀ ਜਾਂ ਹਿੰਦੀ ਫਿਲਮ ਕਰਨੀ। ਨਾਇਕਾ ਬਣਨਾਂ ਉਸਨੇ ਧਾਰ ਹੀ ਲਿਆ ਹੈ। ਮਨਮੋਹਨ
ਸਿੰਘ ਉਸਦਾ ਆਦਰਸ਼ ਹੈ। ਮਾਂ ਪਰਮਜੀਤ ਕੌਰ ਉਸਦਾ ਰੱਬ ਹੈ; ਜਿਸਨੂੰ ਉਸਦਾ ਹਰ ਪਲ ,
ਹਰ ਸਾਹ ਸਮਰਪਿਤ ਹੈ। ਦਰਸ਼ਨ ਔਲਖ ਦੀ ਉਹ ਧੰਨਵਾਦੀ ਹੈ ਜਿਸਨੇ ਉਸਨੂੰ ਨਿਰਮਾਤਾ
ਜਗਮੋਹਨ ਬਰਾੜ ਅਤੇ ਨਿਰਦੇਸ਼ਕ ਜੇ.ਐੱਸ ਚੀਮਾਂ ਦੀ ਪਹਿਲੀ ਫਿਲਮ ਵਿੱਚ ਅਦਾਕਾਰੀ ਕਰਨ
ਦਾ ਮੌਕਾ ਪ੍ਰਦਾਨ ਕੀਤਾ।
ਉਸਦਾ ਠੋਸ ਇਰਾਦਾ ਹੈ ਫਿਲਮਾਂ ਦੀ ਨਾਇਕਾ ਦੇ ਤੌਰ ਉੱਤੇ ਸਥਾਪਤ ਹੋਣ ਦਾ, ਵੈਸੇ
ਉਸਦੀ ਅਗਲੀ ਦਿਲਚਸਪੀ ਨਿਰਦੇਸ਼ਨ ਹੈ।ਰੱਬ ਕਰੇ ਇਹੋ ਜਿਹੇ ਜਨੂੰਨ ਵਾਲੀ ਅਦਾਕਾਰ ਕੁੜੀ
ਦੇ ਸੁਪਨਿਆਂ ਦਾ ਫਲ ਪੱਕਕੇ ਛੇਤੀ ਉਸਦੀ ਝੋਲੀ ਵਿੱਚ ਪਵੇ।ਅਤੇ ਅਸੀਂ ਮਾਣ ਨਾਲ ਕਹਿ
ਸਕੀਏ ਕਿ ਫਿਲਮਾਂ ਲਈ ਸਿਰ ਚੜ੍ਹਕੇ ਬੋਲਦੇ ਜਨੂੰਨ ਵਾਲੀ ਆਹ ਕੁੜੀ ਹੈ। |