|
ਨੋਰਾ ਰਿੱਚਰਡਜ਼ (ਚਿੱਤਰਕਾਰ: ਸੋਭਾ ਸਿੰਘ) |
ਇਹ ਹੈਰਾਨੀ ਵਾਲੀ ਗਲ ਹੈ ਕਿ ਆਧੁਨਿਕ ਪੰਜਾਬੀ ਰੰਗ-ਮੰਚ ਦੀ ਨੀਂਹ ਆਇਰਲੈਂਡ
ਵਿਚ ਜਨਮ ਲੈਣ ਵਾਲੀ ਇਕ ਅੰਗਰੇਜ਼ ਇਸਤ੍ਰੀ ਨੋਰਾ ਰਿੱਚਰਡਜ਼, ਜੋ ਖੁਦ ਪੰਜਾਬੀ ਬੋਲ,
ਲਿਖ ਜਾਂ ਪੜ੍ਹ ਨਹੀਂ ਸਕਦੀ ਸੀ, ਨੇ ਰਖੀ। ਉਸ ਨੇ ਅਣਵੰਡੇ ਪੰਜਾਬ ਦੀ ਰਾਜਧਾਨੀ
ਲਾਹੌਰ ਵਿਖੇ ਪੰਜਾਬੀ ਦੇ ਪਹਿਲੇ ਨਾਟਕ ‘ਦੁਲਹਨ’ ਦਾ ਨਿਰਦੇਸ਼ਨ ਕਰ ਕੇ ਪੰਜਾਬੀ
ਥੀਏਟਰ ਦੀ ਉਸ ਸਮੇਂ ਨੀਂਹ ਰਖੀ ਜਦੋਂ ਅੰਗਰੇਜ਼ੀ ਤੇ ਅੰਗਰੇਜ਼ੀਅਤ ਦਾ ਬੋਲ ਬਾਲਾ ਸੀ।
ਨੋਰਾ ਦਾ ਜਨਮ 29 ਅਕਤੂਬਰ 1876 ਨੂੰ ਆਇਰਲੈਂਡ ਵਿਚ ਗੋਰਵੁੱਡ ਆਰਮਘ ਵਿਖੇ
ਹੋਇਆ। ਆਇਰਲੈਂਡ ਦੀ ਨਾਟ-ਪਰੰਪਰਾ ਵਿਚ ਪਲੀ ਤੇ ਜਵਾਨ ਹੋਈ। ਨਾਟਕ ਖੇਡਣ ਵਿਚ ਉਸ
ਨੂੰ ਬਚਪਨ ਤੋਂ ਹੀ ਦਿਲਚਸਪੀ ਸੀ। ਉਹ ਸਟੇਜ ‘ਤੇ ਨਾਟਕ ਖੇਡਣ ਨੇ ਨਾਲ ਗੀਤ ਵੀ ਗਾਇਆ
ਕਰਦੀ ਸੀ ਅਤੇ ਨੋਰਾ ਡੋਇਲ (ਵਿਆਹ ਤੋਂ ਪਹਿਲਾ ਨਾਂਅ) ਦੇ ਨਾਂਅ ਨਾਲ ਮਸ਼ਹੂਰ ਹੋ
ਚੁਕੀ ਸੀ। ਅਪਣੇ ਪਤੀ ਪ੍ਰੋ. ਫਿਲਿਪ ਅਰਨੈਸਟ ਰਿੱਚਰਡਜ਼, ਜੋ ਦਿਆਲ ਸਿੰਘ ਕਾਲਜ ਵਿਚ
ਅੰਗਰੇਜ਼ੀ ਸਾਹਿਤ ਦੇ ਅਧਿਆਪਕ ਬਣ ਕੇ ਲਾਹੌਰ ਆਏ, ਨਾਲ ਹੀ ਉਹ 1911 ਵਿਚ ਪੰਜਾਬ ਆਈ।
ਉਸ ਨੇ ਕਾਲਜ ਦੇ ਵਿਦਿਆਰਥੀਆਂ ਨਾਲ ਨਾਟਕਾਂ ਵਿਚ ਭਾਗ ਲੈਣਾ ਸ਼ੁਰੂ ਕਰ ਦਿਤਾ।
ਉਨ੍ਹਾਂ ਦਿਨਾਂ ਵਿਚ ਕਾਲਜਾਂ ਵਿਚ ਆਮ ਤੌਰ ‘ਤੇ ਅੰਗਰੇਜ਼ੀ ਦੇ ਨਟਕ ਖੇਡੇ ਜਾਂਦੇ ਸਨ,
ਜੋ ਬੜੇ ਓਪਰੇ ਤੇ ਰੁਖੇ ਜਾਪਦੇ ਸਨ। ਪੰਜਾਬ ਦੇ ਜੰਮ-ਪਲ ਵਿਦਿਆਰਥੀਆਂ ਨੂੰ ਅੰਗਰੇਜ਼ੀ
ਦਾ ਸ਼ੁੱਧ ਉਚਾਰਨ ਕਰਨ ਵਿਚ ਬੜੀ ਮੁਸ਼ਕਲ ਜਾਪਦੀ ਸੀ। ਨੋਰਾ ਨੇ ਵਿਦਿਆਰਥੀਆਂ ਨੂੰ
ਅਪਣੀ ਮਾਂ-ਬੋਲੀ ਪੰਜਾਬੀ ਵਿਚ ਨਾਟਕ ਲਿਖਣ ਤੇ ਖੇਡਣ ਲਈ ਪ੍ਰੇਰਣਾ ਦਿਤੀ ਅਤੇ ਇਸ ਲਈ
ਇਕ ਪੁਰਸਕਾਰ ਵੀ ਰਖਿਆ। ਕਾਲਜ ਦੇ ਹੀ ਇਕ ਵਿਦਿਆਰਥੀ ਈਸ਼ਵਰ ਚੰਦਰ ਨੰਦਾ ਨੇ ‘ਦੁਲਹਨ’
ਨਾਟਕ ਲਿਖ ਕੇ ਪਹਿਲਾ ਇਨਾਮ ਜਿਤਿਆ। ਨੋਰਾ ਨੇ ਇਸ ਦੀ ਡਾਇਰੈਕਸ਼ਨ ਖ਼ੁਦ ਕੀਤੀ। ਨੋਰਾ
ਨੇ ਨਾਟਕ ਲਿਖਣ, ਖੇਡਣ ਤੇ ਨਿਰਦੇਸ਼ਨ ਆਦਿ ਦੀ ਸਿਖਿਆ ਦੇਣ ਲਈ ਇਕ ਅਕਾਡਮੀ ਦੀ ਵੀ
ਸਥਾਪਨਾ ਕੀਤੀ। ਲਾਹੌਰ ਰੰਗ-ਮੰਚ ਦੀਆਂ ਸਰਗਰਮੀਆਂ ਦਾ ਇਕ ਮੁਖ ਕੇਂਦਰ ਬਣ ਗਿਆ।
ਪੰਜਾਬੀ ਰੰਗ-ਮੰਚ ਦੀਆਂ ਇਨ੍ਹਾਂ ਸਰਗਰਮੀਆਂ ਨੂੰ ਉਸ ਸਮੇਂ ਭਾਰੀ ਸੱਟ ਵੱਜੀ
ਜਦੋਂ 1930 ਵਿਚ ਪ੍ਰੋ.ਰਿਚਰਡਜ਼ ਦੀ ਅਚਾਨਕ ਮੌਤ ਹੋ ਗਈ ਤੇ ਇਸ ਉਪਰੰਤ ਨੋਰਾ
ਇੰਗਲੈਂਡ ਵਾਪਸ ਚਲੀ ਗਈ। ਉਹ ਪੰਜਾਬ ਦੀ ਧਰਤੀ ਦੇ ਲੋਕਾਂ ਨਾਲ ਇਤਨਾ ਰੱਚ-ਮਿੱਚ ਗਈ
ਸੀ ਕਿ ਇੰਗਲੈਂਡ ਉਸ ਦਾ ਦਿਲ ਨਾ ਲਗਾ। ਉਹ 1934 ਵਿਚ ਪੰਜਾਬ ਵਾਪਸ ਆ ਗਈ ਤੇ ਕੁਝ
ਸਮਾਂ ਲਾਹੌਰ ਰਹਿ ਕੇ ਜ਼ਿਲਾ ਕਾਂਗੜਾ, ਜੋ ਉਸ ਸਮੇਂ ਪੰਜਾਬ ਦਾ ਹੀ ਇਕ ਹਿੱਸਾ ਸੀ,
ਦੇ ਪਹਾੜੀ ਇਲਾਕੇ ਦੇ ਇਕ ਛੋਟੇ ਜਿਹੇ ਪਰ ਰਮਣੀਕ ਪਿੰਡ ਅੰਦਰੇਟਾ ਵਿਖੇ ਰਹਿਣ ਲਗੀ।
ਇਥੇ ਉਸ ਨੇ ਨਾਟ ਸਰਗਰਮੀਆਂ ਸ਼ੁਰੁ ਕਰ ਦਿਤੀਆਂ। ਪਿੰਡ ਦੇ ਆਸੇ ਪਾਸੇ ਦੇ
ਲੋਕਾਂ ਨੂੰ ਰਾਮ ਲੀਲਾ ਤੇ ਹੋਲੀ ਵੇਲੇ ਨਾਟਕ ਖੇਡਣ ਤੇ ਝਾਂਕੀਆਂ ਕੱਢਣ ਲਈ ਅਗਵਾਈ
ਕਰਨੀ ਸ਼ੁਰੂ ਕਰ ਦਿਤੀ। ਹੁਣ ਅੰਦਰੇਟਾ ਨਾਟ ਸਰਗਮੀਆਂ ਦਾ ਕੇਂਦਰ ਬਣ ਗਿਆ। ਲਾਹੌਰ ਤੇ
ਪੰਜਾਬ ਦੇ ਹੋਰ ਸ਼ਹਿਰਾਂ ਤੋਂ ਰੰਗ-ਮੰਚ ਦੇ ਸ਼ੋਕੀਨ ਵਿਦਿਆਰਥੀ ਉਸ ਪਾਸ ਆ ਕੇ ਨਾਟਕ
ਲਿਖਣ, ਸਟੇਜ ‘ਤੇ ਖੇਡਣ, ਡਾਇਰੈਕਸ਼ਨ ਆਦਿ ਦੀ ਸਿਖਿਆ ਲੈਣ ਲਈ ਆਉਣ ਲਗੇ। ਉਸ ਨੇ
ਅਪਣੀ ‘ਵੁੱਡਲੈਂਡ ਇਸਟੇਟ’ ਵਿਚ ਇਨ੍ਹਾਂ ਸਿਖਿਆਰਥੀਆਂ ਲਈ ਇਕ ਹੋਸਟਲ ਤੇ ਇਕ
‘ਓਪਨ-ਏਅਰ ਥੀੲਟਰ’ (ਖੁਲ੍ਹਾ ਮੰਚ) ਸਥਾਪਤ ਕਰ ਦਿਤਾ ਸੀ। ਇਥੇ ਆਉਣ ਵਾਲੇ ਰੰਗ-ਮੰਚ
ਪ੍ਰੇਮੀਆਂ ਵਿਚ ਪ੍ਰਸਿੱਧ ਫਿਲਮੀ ਅਦਾਕਾਰ ਮਰਹੂਮ ਪ੍ਰਿਥਵੀ ਰਾਜ ਕਪੂਰ, ਪ੍ਰੋ. ਜੈ
ਦਿਆਲ, ਬਲਵੰਤ ਗਾਰਗੀ, ਪ੍ਰੋ ਮੁਰਲੀਧਰ, ਡਾ. ਲਕਸ਼ਮ ਨਾਰਇਣ ਲਾਲ, ਡਾ ਭਗਵਤ ਸ਼ਰਨ
ਉਪਾਧਿਆਏ. ਮੁਸ਼ਤਾਕ ਅਹਿਮਦ, ਹਬੀਬ ਤਨਵੀਰ, ਡਾ.ਸੁਰਜੀਤ ਸਿੰਘ ਸੇਠੀ, ਡਾ.ਹਰਚਰਨ
ਸਿੰਘ, ਕਰਤਾਰ ਸਿੰਘ ਦੁੱਗਲ ਦੇ ਨਾਂਅ ਵਰਨਣਯੋਗ ਹਨ।
ਇਸ ਪੱਤਰਕਾਰ ਨੇ ਅੰਦਰੇਟਾ ਵਿਖੇ ਲਗਪਗ 20 ਵਰ੍ਹੇ ਬਿਤਾਏ ਹਨ ਅਤੇ ਨੋਰਾ ਨੂੰ
ਬਹੁਤ ਨੇੜਿਓਂ ਦੇਖਣ ਦਾ ਸੁਭਾਗ ਪ੍ਰਾਪਤ ਕੀਤਾ ਹੈ। ਉਹ ਬਹੁਤ ਹੀ ਸਾਦਾ ਜੀਵਨ ਬਤੀਤ
ਕਰਦੀ ਰਹੀ। ਉਸ ਨੇ ਅਪਣੇ ਬਾਗ਼ਨੁਮਾ ਇਸਟੇਟ ਵਿਚ ਅਪਣੇ ਲਈ ਕੱਚੀਆਂ ਇੱਟਾਂ ਦਾ ਬਹੁਤ
ਹੀ ਸਾਦਾ ਘਰ ਬਣਾਇਆ ਹੋਇਆ ਸੀ ਜਿਸ ਉਤੇ ਘਾਹ ਦੀ ਛੱਤ ਪਾਈ ਹੋਈ ਸੀ। ਘਰ ਵਿਚ
ਫ਼ਰਨੀਚਰ ਵੀ ਬਾਂਸ ਦਾ ਹੁੰਦਾ ਸੀ। ਅਪਣੇ ਮਹਿਮਾਨਾਂ ਲਈ ‘ਗੈਸਟ ਹਾਊਸ’ ਵੀ ਕੱਚੀਆਂ
ਇੱਟਾਂ ਦਾ ਹੁੰਦਾ ਸੀ। ਅਪਣੇ ਬੂਹੇ ਬਾਰੀਆਂ ਦੇ ਪਰਦੇ ਅਕਸਰ ਖੱਦਰ ਦੇ ਕੱਪੜੇ ਦੇ
ਹੁੰਦੇ ਸਨ। ਖਾਣਾ ਵੀ ਬਹੁਤ ਸਾਦਾ ਖਾਦੀ ਸੀ।
ਨੋਰਾ ਪੇਂਡੂ ਜੀਵਨ ਨੂੰ ਬਹੁਤ ਮਹੱਤਵ ਦਿੰਦੀ ਸੀ। ਉਸ ਦਾ ਵਿਚਾਰ ਸੀ, “ ਪਿੰਡ
ਵਿਚ ਰਹਿਣ ਵਾਲੇ ਦੀਆਂ ਜੜ੍ਹਾਂ ਕੁਦਰਤ ਵਿਚ ਹੁੰਦੀਆਂ ਹਨ ਅਤੇ ਉਹ ਕੁਦਰਤ ਨਾਲ
ਇਕ-ਮਿੱਕ ਹੋ ਜਾਂਦਾ ਹੈ। ਜੇ ਉਹ ਲੇਖਕ ਜਾਂ ਕਲਾਕਾਰ ਹੈ ਤਾਂ ਕਮਾਲ ਦੀ ਰਚਨਾ ਕਰ
ਸਕਦਾ ਹੈ।” ਉਹ ਅਕਸਰ ਦਸਿਆ ਕਰਦੀ ਸੀ ਕਿ ਜਦੋਂ ਇੰਗਲੈਂਡ ਦੇ ਆਮ ਲੋਕ ਪਿੰਡਾਂ ਵਿਚ
ਰਿਹਾ ਕਰਦੇ ਸਨ ਤਾਂ ਉਸ ਸਮੇਂ ਦੇਸ਼ ਨੇ ਅਨੇਕਾਂ ਹੀ ਵੱਡੇ ਵੱਡੇ ਕਲਾਕਾਰ, ਲੇਖਕ,
ਬੁਧੀਜੀਵੀ ਅਤੇ ਨੀਤੀਵਾਨ ਤੇ ਦੂਰਦਰਸ਼ੀ ਲੀਡਰ ਪੈਦਾ ਕੀਤੇ ਸਨ।
ਉਹ ਹਰ ਸਮੇਂ ਅਪਣੇ ਰੋਜ਼ਾਨਾ ਜੀਵਨ ਵਿਚ ਪੜ੍ਹਣ ਲਿਖਣ, ਬਾਗ਼ ਬਗੀਚੇ ਵਿਚ ਖੁਦ ਕੰਮ
ਕਰਨ ਜਾਂ ਨੌਕਰਾਂ ਨੂੰ ਹਿਦਾਇਤਾਂ ਦੇ ਕੇ ਕੰਮ ਕਰਵਾਉਣ ਵਿਚ ਰੁਝੀ ਰਹਿੰਦੀ ਸੀ। ਉਸ
ਨੇ 3 ਮਾਰਚ 1971 ਨੂੰ 95 ਸਾਲ ਦੀ ਲੰਬੀ ਉਮਰ ਵਿਚ ਸਦਾ ਲਈ ਅੱਖਾਂ ਮੀਟੀਆਂ, ਉਸ
ਸਮੇਂ ਵੀ ਭਾਵੇਂ ਸਰੀਰਕ ਤੌਰ ‘ਤੇ ਬੜੀ ਹੀ ਕਮਜ਼ੋਰ ਹੋ ਗਈ ਸੀ, ਪਰ ਮਾਨਸਿਕ ਤੌਰ ‘ਤੇ
ਪੂਰੀ ਚੇਤੰਨ ਸੀ ਤੇ ਅੱਖਾਂ ਵਿਚ ਬੜੀ ਚਮਕ ਸੀ। ਉਸ ਨੇ ਅਪਣੀ ਮੌਤ ਤੋਂ ਇਕ ਦਿਨ
ਪਹਿਲਾਂ ਭਾਵ ਦੋ ਮਾਰਚ ਤਕ ਅਪਣੀ ਰੋਜ਼ਾਨਾ ਡਾਇਰੀ ਲਿਖੀ।
ਰੰਗ-ਮੰਚ ਨੋਰਾ ਦਾ ਸ਼ੌਕ ਨਹੀਂ ਇਸ਼ਕ ਸੀ, ਜ਼ਿੰਦਗੀ ਸੀ। ਉਹ ਚਾਹੁੰਦੀ ਸੀ ਕਿ
ਸਕੂਲਾ ਕਾਲਜਾਂ ਵਿਚ ਰੰਗ-ਮੰਚ ਇਕ ਵਿਸ਼ੇ ਵਜੋਂ ਪੜ੍ਹਾਇਆ ਤੇ ਸਿਖਾਇਆ ਜਾਏ। ਉਸ ਦਾ
ਵਿਚਾਰ ਸੀ, “ ਜੇ ਤੁਸੀਂ ਪੜ੍ਹੇ ਲਿਖੇ ਲੋਕਾਂ ਚੋਂ ਰੰਗ-ਮੰਚ ਦੇ ਦਰਜਨਾਂ ਕਲਾਕਾਰ
ਬਣਾ ਸਕੋ ਜੋ ਪੜ੍ਹ ਲਿਖ ਕੇ ਡਾਕਟਰ, ਇੰਜਨੀਅਰ, ਲੇਖਕ, ਪੱਤਰਕਾਰ, ਸੰਗੀਤਕਾਰ,
ਆਰਕੀਟੈਕਟ ਆਦਿ ਬਣਨਗੇ ਤਾਂ ਸਾਡੀ ਦੁਨੀਆਂ ਬੜੀ ਹਸੀਨ ਬਣ ਜਾਏ ਗੀ।”
ਪੰਜਾਬੀ ਰੰਗ-ਮੰਚ ਲਈ ਕੀਤੀਆਂ ਇਨ੍ਹਾਂ ਮਹਾਨ ਸੇਵਾਵਾਂ ਕਾਰਨ ਹੀ ਪੰਜਾਬੀ
ਯੁਨੀਵਰਸਿਟੀ ਪਟਿਆਲਾ ਨੇ ਉਸ ਨੂੰ ਪੀ.ਐਚ.ਡੀ. ਦੀ ਡਿੱਗਰੀ ਦੇ ਸਨਮਾਨਿਤ ਕੀਤਾ ਸੀ।
ਅਪਣੀ ਵਸੀਅਤ ਅਨੁਸਾਰ ਨੋਰਾ ਨੇ ਅਪਣਾ ਘਰ ਤੇ ਲਾਇਬ੍ਰੇਰੀ ਇਸ ਯੁਨੀਵਰਸਿਟੀ ਨੂੰ ਦੇ
ਦਿਤੀ ਸੀ, ਜਿਥੇ ਯੁਨੀਵਰਸਿਟੀ ਨੇ ਇਕ “ਲੇਖਕ ਘਰ” ਬਣਾਇਆ ਹੈ।
ਭਾਵੇਂ ਉਹ ਇਸਾਈ ਧਰਮ ਨਾਲ ਸਬੰਧ ਰਖਦੀ ਸੀ, ਉਸ ਦੀ ਅੰਤਮ ਇੱਛਾ ਅਨੁਸਾਰ ਉਸ ਦੇ
ਘਰ ਦੇ ਲਾਅਨ ਦੇ ਇਕ ਕੋਨੇ ਵਿਚ ਉਸ ਦਾ ਅੰਤਮ ਸਸਕਾਰ ਕੀਤਾ ਗਿਆ। ਉਸ ਦੀ ਇੱਛਾ
ਅਨੁਸਾਰ ਉਸ ਦੀ ਸਮਾਧੀ ‘ਤੇ ਇਹ ਸ਼ਬਦ ਅੰਕਤ ਕੀਤੇ ਗਏ ਸਨ”-
“ Rest weary heart,thy work is done” (ਥੱਕੇ ਹੋਏ ਦਿਲ ਆਰਾਮ ਕਰ,ਤੇਰਾ
ਕੰਮ ਪੂਰਾ ਹੋ ਗਿਆ ਹੈ)
ਸੱਚ-ਮੁਚ ਉਹ ਰੰਗ-ਮੰਚ ਲਈ ਅਪਣਾ ਸਾਰਾ ਜੀਵਨ ਅਰਪਣ ਕਰ ਕੇ ਹੁਣ ਆਰਾਮ ਕਰ ਰਹੀ
ਹੈ। ਆਇਰਲੈਂਡ ਦੀ ਮਿੱਟੀ ਵਿਚ ਜਨਮ ਲੈ ਕੇ ਸਾਡੀ ਮਿੱਟੀ ਨਾਲ ਇਕ ਮਿੱਕ ਹੋ ਗਈ ਹੈ।
ਅਸੀਂ ਪੰਜਾਬੀ ਰੰਗ-ਮੰਚ ਲਈ ਕੀਤੀਆਂ ਉਸ ਦੀਆਂ ਮਹਾਨ ਸੇਵਾਵਾਂ ਕਦੀ ਵੀ ਨਹੀਂ ਭੁਲਾ
ਸਕਾਂ ਗੇ।
|