WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ
ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ


‘ਅੰਬਰ ਮੋੜ ਦਿਓ’ ਸ਼ਾਇਰ ਬੂਟਾ ਸਿੰਘ ਚੌਹਾਨ ਦੀ ਦੂਸਰੀ ਆਡਿਓ ਐਲਬਮ ਹੈ । ਪਹਿਲੀ ਐਲਬਮ ‘ਚੁਰਾਹੇ ਦੇ ਦੀਵੇ’ ਨੇ ਸਾਹਿਤਕ ਹਲਕਿਆਂ ਵਿਚ ਇੱਕ ਨਵੀਂ ਚਰਚਾ ਛੇੜੀ ਸੀ ਕਿ ਚੌਹਾਨ ਦਾ ਇਹ ਉਪਰਾਲਾ ਤਾਂ ਕਾਬਲੇ ਤਾਰੀਫ ਹੈ ਪਰ ਅਰਥਚਾਰੇ ਦੀ ਵਿਗੜਦੀ ਜਾਂਦੀ ਵਿਵਸਥਾ ਇਸ ਮਹਿੰਗੇ ਭਾਅ ਦੇ ਸ਼ੌਕ ਨੂੰ ਨਿਰੰਤਰ ਜਾਰੀ ਰੱਖਣਾ ਕੰਡਿਆਂ ’ਤੇ ਤੁਰਨ ਵਰਗਾ ਕਾਰਜ ਹੈ। ਚੌਹਾਨ ਨੇ ਇਸ ਦੂਸਰੀ ਐਲਬਮ ਨੂੰ ਹੋਰ ਵੀ ਸ਼ਿੱਦਤ ਤੇ ਪੁਖ਼ਤਗੀ ਨਾਲ ਤਿਆਰ ਕਰਕੇ ਸਾਹਿਤ ਪ੍ਰੇਮੀਆਂ ਦੀ ਝੋਲੀ ਪਾਇਆ ਹੈ। ਸੰਗੀਤਕਾਰ ਅਤੁਲ ਸ਼ਰਮਾ ਦੀ ਬੇਗਰਜ਼ ਤੇ ਕੁਸ਼ਲਮਈ ਸੰਗੀਤਕ ਦੇਣ ਸੋਨੇ ਤੇ ਸੁਹਾਗੇ ਵਾਂਗ ਰਾਸ ਆਈ ਹੈ। ਇਸ ਐਲਬਮ ਨੂੰ ਅਮਰ ਆਡੀਓ ਦੇ ਨਿਰਮਾਤਾ ਪ੍ਰਸਿੱਧ ਸੰਗੀਤਕ ਹਸਤੀ ਪਿੰਕੀ ਧਾਲੀਵਾਲ ਨੇ ਪੂਰੀ ਸਜ ਧਜ ਨਾਲ ਰਿਲੀਜ਼ ਕੀਤਾ ਹੈ।

ਸ਼ਾਇਰ ਬੂਟਾ ਸਿੰਘ ਚੌਹਾਨ ਇੱਕ ਬਹੁਪੱਖੀ ਲੇਖਕ ਤੇ ਕਲਮ ਦਾ ਧਨੀ ਕਲਮਕਾਰ ਹੈ। ਉਸਦੀ ਕਲਮ ਸਮਾਜਿਕ ਸਰੋਕਾਰਾਂ ਦੇ ਸੰਦਰਭ ਚ ਉਸਾਰੂ ਤੇ ਨਰੋਈ ਸੋਚ ਨੂੰ ਪ੍ਰਣਾਈ ਹੋਈ ਹੈ। ਉਸਦੇ ਸ਼ੇਅਰਾਂ ਵਿੱਚ ਲੋਕ ਤੱਥਾਂ ਵਰਗੀ ਇੱਕ ਸਚਾਈ ਅੰਗੜਾਈਆਂ ਭਰਦੀ ਜਾਪਦੀ ਹੈ। ਉਹ ਵਕਤ ਦੇ ਗਿੜਦੇ ਪਹੀਏ ਦੇ ਨਾਲ ਨਾਲ ਸਾਡੀ ਜ਼ਿੰਦਗੀ ਨਾਲ ਸੰਬੰਧਤ ਕਾਰ- ਵਿਹਾਰਾਂ ਪ੍ਰਤੀ ਚਿੰਤੁਤ ਹੈ ਕਿ ਇਹਨਾਂ ਵਿੱਚ ਇਸ ਕਦਰ ਗਿਰਾਵਟ ਆ ਜਾਵੇਗੀ, ਜਿਸ ਕਰਕੇ ਉਹ ਇਸ ਐਲਬਮ ਜ਼ਰੀਏ ਆਪਣੇ ਪੰਜਾਬੀ ਸਰੋਤਿਆਂ ਨੂੰ ਪੂਰੇ ਸੁਚੇਤ ਰੂਪ ਵਿਚ ਮੁਖ਼ਾਤਿਬ ਹੁੰਦਾ ਹੈ।

ਐਲਬਮ ਦੀ ਪਹਿਲੀ ਗ਼ਜ਼ਲ ਤਪਦੀ ਜ਼ਮੀਨ ਉੱਤੇ ਬੰਦਾ ਜਾ ਪੈਰ ਧਰਦਾ ਬੜੀ ਸੂਖ਼ਮਤਾ ਨਾਲ ਆਪਣੀ ਗੱਲ ਕਹਿਣ ਲਈ ਉਹ ਸ਼ਬਦਾਂ ਦੀ ਡੂੰਘਾਈ ਨਾਪਣ ਲਈ ਚੁੱਭੀਆਂ ਭਰਦਾ ਜਾਪਦਾ ਹੈ। ਦੂਜੀ ਰਚਨਾ ਠਚਾਰ ਚੁਫ਼ੇਰੇ ਜਦ ਵੀ ਵੇਖਾਂ, ਸੋਚਾਂ ਤੇ ਘਬਰਾਵਾਂ ਵਿੱਚ ਅਤੁੱਲ ਸ਼ਰਮਾ ਦੇ ਸੰਗੀਤਕ ਪੋਟਿਆਂ ਦਾ ਕਮਾਲ ਸੁਣਨ ਵਾਲੇ ਨੂੰ ਮੰਤਰ ਮੁਗਧ ਕਰਨ ਦੀ ਸਮਰੱਥਾ ਰੱਖਦਾ ਹੈ। ਸ਼ਾਇਰ ਖ਼ਦਸ਼ਾ ਜ਼ਾਹਿਰ ਕਰਦਾ ਹੈ ਕਿ ਜਿਹੋ ਜਿਹਾ ਆਲੇ ਦੁਆਲੇ ਵਾਪਰ ਰਿਹਾ ਹੈ,ਕਿਤੇ ਮੈਂ ਵੀ ਇਸਦਾ ਹਿੱਸਾ ਨਾ ਬਣ ਜਾਵਾਂ । ਸ਼ਾਇਰ ਦਾ ਮਨੁੱਖ ਨੂੰ ਸਾਵਧਾਨ ਕਰਨਾ ਆਪਣੇ ਫ਼ਰਜ਼ਾਂ ਤੋਂ ਸੁਰਖਰੂ ਹੋਣ ਦਾ ਇੱਕ ਪਵਿੱਤਰ ਉਪਰਾਲਾ ਹੈ। ਸ਼ਾਇਰ ਦੀ ਸੋਚ ਅਕਾਸ਼ ਉਡਾਰੀਆਂ ਮਾਰਦੀ ਤਾਂ ਹੈ ਪਰ ਲੋਕਾਈ ਦਾ ਦਰਦ ਉਸਦਾ ਪੱਲਾ ਨਹੀਂ ਛੱਡਣਾ ਚਾਹੁੰਦਾ । ਤੀਸਰੀ ਰਚਨਾ ਸਭ ਤੋਂ ਛੋਟੀ ਬਹਿਰ ਵਾਲੀ ਹੈ, ਜਿਸਨੂੰ ਚੌਹਾਨ ਗਾਉਂਦੇ ਸਮੇਂ ਕਿਸੇ ਹੰਢੇ ਵਰਤੇ ਫ਼ਨਕਾਰ ਵਾਂਗ ਕਿਤੇ ਭੋਰਾ ਭਰ ਵੀ ਊਣਤਾਈ ਦਾ ਅਹਿਸਾਸ ਨਹੀਂ ਹੋਣ ਦਿੰਦਾ । ਚੌਥੀ ਰਚਨਾ ਠਹੱਸਣਾ ਪੈਂਦੈ ਨਾ ਸਭ ਨੂੰ ਦਿਲ ਦਿਖਾ ਹੁੰਦਾ ਸ਼ਾਇਰ ਦੇ ਨਿੱਜੀ ਵਲਵਲਿਆਂ, ਚੋਂ ਨਿਕਲੀ ਹੂਕ ਦੀ ਤਰਾਂ ਹੈ। ਜੋ ਲੋਕਾਈ ਦਾ ਦਰਦ ਸ਼ਾਇਰ ਆਪਣਾ ਬਣਾਈ ਬੈਠਾ ਹੈ, ਉਸਨੂੰ ਕਹਿਣ ਦਾ ਇਸਤੋਂ ਵਧੀਆ ਕੀ ਸਲੀਕਾ ਹੋ ਸਕਦਾ ਹੈ?

ਐਲਬਮ ਦੀ ਪੰਜਵੀਂ ਵੰਨਗੀ ਇਸ ਤਰਾਂ ਦਾ ਵਕਤ ਆਊ ਮੈਂ ਕਦੇ ਸੋਚਿਆ ਨਾ ਸੀ ,ਰੇਤ ਦੇ ਵਾਂਗੂ ਰੁਲਾਊ ਮੈਂ ਕਦੇ ਸੋਚਿਆ ਨਾ ਸੀ ਸ਼ਾਇਰ ਆਪਣੇ ਆਲੇ ਦੁਆਲੇ ਵਾਪਰ ਰਹੇ ਘਟਨਾਕ੍ਰਮ ਦਾ ਨੋਟਿਸ ਲੈਂਦਾ ਹੋਇਆ ਅੰਤਰੀਵ ਭਾਵਨਾਵਾਂ ਦਾ ਪ੍ਰਗਟਾਅ ਬੜੇ ਸੋਹਣੇ ਢੰਗ ਨਾਲ ਕਰਦਾ ਹੈ। ਛੇਵੀਂ ਰਚਨਾ ਸਿਮਟਦੇ ਹੀ ਸਿਮਟਦੇ ਆਪਾਂ ਗਏ, ਵਕਤ ਖੁੱਲੇ ਬੂਹਿਆਂ ਨੂੰ ਢੋਅ ਗਿਆੂ ਸ਼ਾਇਰ ਚੌਹਾਨ ਦੀ ਵੇਗਮਈ ਕਲਮ ਦੇ ਬਿਖੜੇ ਸਫ਼ਰ ਦੀ ਸ਼ਾਹਦੀ ਭਰਦਾ ਹੈ । ਸੱਤਵੀਂ ਰਚਨਾ ਵਕਤ ਦੇ ਵਹਿਣ ਨੂੰ ਨਿਹਾਰਦੀ ਗ਼ਜ਼ਲ ਠਕਿਹੋ ਜਿਹਾ ਸਮੇਂ ਦਾ ਵਹਿਣ ਹੋ ਗਿਆ ਆਪਣੀ ਗੱਲ ਬੜੀ ਸਪੱਸ਼ਟਤਾ ਨਾਲ ਸਰੋਤੇ ਦੇ ਮਨ ਮਸਤਕ ’ਤੇ ਦਸਤਕ ਦੇ ਕੇ ਧੁਰ ਅੰਦਰੋਂ ਝੰਜੋੜ ਦੇਣ ਦੀ ਸਮੱਰਥਾ ਰੱਖਦੀ ਹੈ ।

ਐਲਬਮ ਦੀ ਆਖ਼ਰੀ ਵੰਨਗੀ ਜਿਸਨੂੰ ਅਸੀਂ ਸ਼ਾਇਰੀ ਅੰਦਾਜ਼ ’ਚ ਲਿਖਿਆ ਗੀਤ ਕਹਿ ਸਕਦੇ ਹਾਂ । ਇਹ ਰਚਨਾ ਇਸ ਐਲਬਮ ਦਾ ਟਾਈਟਲ ਵੀ ਹੈ ਅੰਬਰ ਮੋੜ ਦਿਓ । ਸ਼ਾਇਰ ਜ਼ਿੰਦਗੀ ਦੇ ਪਿਛਵਾੜਿਓਂ ਖੁੱਸੀਆਂ ਜਾਂ ਖੋਹੀਆਂ ਕੁਦਰਤੀ ਵਰਦਾਨ ਰੂਪੀ ਸੁਵਿਧਾਵਾਂ ਦੀ ਤੜਪ ’ਚ ਇੱਕ ਦਰਦ ਵਿੰਨਿਆ ਹੋਕਾ ਦਿੰਦਾ ਹੈ । ਰਚਨਾ ਦੀ ਸਥਾਈ ‘ਮੇਰੇ ਸਿਰ ਉਤਲੀ ਛੱਤ ਲੈ ਲਓ, ਅੰਬਰ ਮੋੜ ਦਿਓ, ਮੈਂ ਜਿਸ ਟਾਹਣੀ ਤੋਂ ਟੁੱਟਿਆ ਉੱਥੇ ਜੋੜ ਦਿਓ ’ ਆਪਣੇ ਆਪ ਵਿਚ ਬਹੁਤ ਕੁਝ ਸਮੋ ਲੈਣ ਦੀ ਸਮਰੱਥਾ ਰੱਖਦੀ ਹੈ । ਇਸਨੂੰ ਚੌਹਾਨ ਨੇ ਆਪਣੀ ਸੋਜ਼ ਭਰੀ ਆਵਾਜ਼ ’ਚ ਨਿਭਾਇਆ ਵੀ ਬਾਖ਼ੂਬੀ ਹੈ। ਮੁੱਕਦੀ ਗੱਲ ਇਹ ਹੈ ਕਿ ਐਲਬਮ ਪੰਜਾਬੀ ਪਾਠਕਾਂ/ਸਰੋਤਿਆਂ ਨੂੰ ਚੰਗਾ ਸਰੋਤਾ ਬਣ ਕੇ ਸੰਗੀਤਕ ਭੁੱਖ ਨੂੰ ਮਿਟਾਉਣ ਦੇ ਨਾਲ ਨਾਲ ਉਸਾਰੂ ਤੇ ਨਰੋਈ ਸੇਧ ਦੇਣ ਦਾ ਸਾਰਥਿਕ ਉਪਰਾਲਾ ਕਿਹਾ ਜਾ ਸਕਦਾ ਹੈ।

ਰਘਵੀਰ ਸਿੰਘ ਚੰਗਾਲ
ਧਨੌਲਾ (ਬਰਨਾਲਾ)
ਮੋਬਾ - 98552-64144

hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2000, 5abi.com