ਲੋਕ ਗੀਤ ਲੋਕਾਂ ਦੀ ਜ਼ੁਬਾਨ ਤੇ ਰਹਿਣ ਕਰਕੇ ਜਿਉਂਦੇ ਰਹਿੰਦੇ ਹਨ। ਇਨਾਂ ਗੀਤਾਂ
ਦੀ ਰਵਾਨਗੀ ਵਹਿੰਦੇ ਦਰਿਆ ਅਤੇ ਵਗਦੀ ਪੌਣ ਵਰਗੀ ਹੁੰਦੀ ਹੈ, ਜਿਹੜੀ ਲੋਕਾਂ ਦੇ
ਦਿਲਾਂ ਦੀ ਆਵਾਜ਼ ਬਣਕੇ ਤੇ ਮੂੰਹ ਚੜਕੇ ਦਿਲਾਂ ਨੂੰ ਟੁੰਬਦੀ ਹੋਈ ਧੁਰ ਅੰਦਰ ਤੱਕ
ਹਲੂਣਾ ਦਿੰਦੀ ਹੈ। ਲੋਕ ਗੀਤ ਲੋਕਾਂ ਦੇ ਬੁਲਾਂ ਤੇ ਜਿਉਂਦੇ ਹਨ। ਇਨਾਂ ਨੂੰ ਯਾਦ
ਕਰਨ ਦੀ ਲੋੜ ਨਹੀਂ, ਇਹ ਤਾਂ ਆਪ ਮੁਹਾਰੇ ਥਰਥਰਾਹਟ ਪੈਦਾ ਕਰਦੇ ਹਨ, ਜਿਸ ਕਰਕੇ
ਇਨਸਾਨ ਗੁਣਗੁਣਾਉਂਦਾ ਰਹਿੰਦਾ ਹੈ। ਲੋਕ ਗੀਤ ਸਦਾ ਬਹਾਰ ਹੁੰਦੇ ਹਨ।
ਪੰਡਿਤ ਵੇਦ ਪ੍ਰਕਾਸ਼ ਜੱਗੀ ਸਮਾਜਿਕਤਾ ਦੀ ਪਾਣ ਵਾਲੇ ਅਤੇ ਪੰਜਾਬੀ ਦਿਹਾਤੀ
ਪਰਿਵਾਰਾਂ ਨਾਲ ਸੰਬੰਧਤ ਪੰਜਾਬੀ ਲੋਕ ਗੀਤਾਂ ਨੂੰ ਜ਼ਬਾਨ ਦੇਣ ਵਾਲਾ ਪਟਿਆਲਾ ਦਾ
ਮੰਨਿਆਂ ਪ੍ਰਮੰਨਿਆਂ ਗੀਤਕਾਰ ਅਤੇ ਲੋਕ ਗਾਇਕ ਸੀ। ਉਹ ਉਨਾਂ ਸਮਿਆਂ ਵਿਚ ਹਰਮਨ
ਪਿਆਰਾ ਹੋਇਆ ਜਦੋਂ ਹਰਚਰਨ ਗਰੇਵਾਲ, ਮੁਹੰਮਦ ਸਦੀਕ, ਸਵਰਨ ਲਤਾ ਅਤੇ ਕੁਲਦੀਪ ਮਾਣਕ
ਦੀ ਲੋਕ ਗਾਇਕੀ ਆਪਣੇ ਰੰਗ ਵਿਖਾ ਰਹੀ ਸੀ। ਪੰਡਿਤ ਜੱਗੀ ਵੀ ਇਨਾਂ ਕਲਾਕਾਰਾਂ ਦਾ
ਜੋਟੀਦਾਰ ਸੀ ਪ੍ਰੰਤੂ ਮੌਤ ਦੇ ਫਰਿਸ਼ਤੇ ਨੇ ਜਲਦੀ ਹੀ ਸਾਡੇ ਕੋਲੋਂ ਖੋਹ ਲਿਆ।
ਪਡਿਤ ਜੱਗੀ, ਹਰਚਰਨ ਗਰੇਵਾਲ ਅਤੇ ਮੁਹੰਮਦ ਸਦੀਕ ਲੋਕ ਸੰਪਰਕ ਵਿਭਾਗ ਦਾ ਨਾਂ
ਗਾਇਕੀ ਦੇ ਖੇਤਰ ਵਿਚ ਚਮਕਾਉਣ ਵਾਲੇ ਹੀਰੇ ਮੋਤੀ ਹਨ, ਜਿਨਾਂ ਨੇ ਲੋਕ ਗਾਇਕੀ ਦੀ
ਸ਼ੁਰੂਆਤ ਲੋਕ ਸੰਪਰਕ ਵਿਭਾਗ ਦੀਆਂ ਨਾਟਕ ਮੰਡਲੀਆਂ ਤੋਂ ਸ਼ੁਰੂ ਕੀਤੀ, ਜਿਸ ਕਰਕੇ
ਉਨਾਂ ਦੇ ਗਾਣਿਆਂ ਵਿਚ ਸਮਾਜਿਕਤਾ ਮੋਹਰੀ ਭੂਮਿਕਾ ਨਿਭਾਉਂਦੀ ਹੈ ਅਤੇ ਉਸਨੂੰ
ਸਿਖਰਾਂ ਤੇ ਪਹੁੰਚਾਇਆ। ਪੰਡਿਤ ਜੱਗੀ ਨੇ ਬਹੁਤੇ ਗੀਤ ਆਪ ਹੀ ਲਿਖਕੇ ਆਪ ਹੀ ਗਾਏ
ਹੋਏ ਹਨ। ਉਸਨੇ ਦੇਵ ਥਰੀਕਿਆਂ ਵਾਲੇ, ਦਵਿੰਦਰ ਗਿੱਲ, ਦਲਜੀਤ ਸਿੰਘ ਧੂਰਕੋਟੀਆ,
ਮਿਰਜਾ ਸੰਗੋਵਾਲੀਆ, ਹਰਦੇਵ ਦਿਲਗੀਰ ਅਤੇ ਮਾਜਰੇਵਾਲਾ ਦੇ ਲਿਖੇ ਗੀਤਾਂ ਨੂੰ ਵੀ
ਆਵਾਜ ਦਿੱਤੀ ਹੈ। ਜਿਹੜੇ ਉਸਦੇ ਦੋਗਾਣੇ ਹਨ, ਉਹ ਸਾਰੇ ਸਵਰਨ ਲਤਾ ਨਾਲ ਮਿਲਕੇ ਗਾਏ
ਹੋਏ ਹਨ।
ਲੁਧਿਆਣਾ ਜਿਲੇ ਦੇ ਇਤਿਹਾਸਿਕ ਪਿੰਡ ਘੁਡਾਣੀ ਕਲਾਂ ਵਿਚ ਸ਼੍ਰੀ ਫਿਦਾ ਕ੍ਰਿਸ਼ਨ
ਅਤੇ ਮਾਤਾ ਸ਼੍ਰੀਮਤੀ ਭਗੀਰਥੀ ਦੇਵੀ ਦੇ ਘਰ 30 ਅਗਸਤ 1944 ਨੂੰ ਜਨਮ ਲਿਆ। ਉਨਾਂ
ਆਪਣੀ ਮੁਢਲੀ ਪੜਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਦਸਵੀਂ ਪਾਸ ਕਰਨ ਤੋਂ
ਬਾਅਦ ਡਾਕ ਤਾਰ ਵਿਭਾਗ ਵਿਚੋਂ ਤਾਰ ਬਾਬੂ ਦਾ ਕੋਰਸ ਕੀਤਾ। ਉਸਦਾ ਪਿਤਾ ਸ਼੍ਰੀ
ਕ੍ਰਿਸ਼ਨ ਫਿਦਾ ਵੀ ਉਰਦੂ ਦੇ ਸ਼ਾਇਰ ਸਨ, ਇਸ ਲਈ ਉਨਾਂ ਦੀ ਸ਼ਾਇਰੀ ਤੋਂ ਪ੍ਰਭਾਵਤ ਹੋ
ਕੇ ਪੰਡਿਤ ਜੱਗੀ ਨੇ ਵੀ ਲੋਕ ਗੀਤ ਲਿਖਣੇ ਅਤੇ ਗਾਉਣੇ ਸ਼ੁਰੂ ਕੀਤੇ ਅਤੇ ਨਾਲ ਹੀ ਰਾਮ
ਲੀਲਾ ਵਿਚ ਰਾਮ ਚੰਦਰ ਦਾ ਰੋਲ ਕਰਦਾ ਰਿਹਾ ਅਤੇ ਨਾਟਕ ਮੰਡਲੀਆਂ ਵਿਚ ਕੰਮ ਕਰਨਾ
ਸ਼ੁਰੂ ਕਰ ਦਿੱਤਾ। ਇਕ ਕਿਸਮ ਨਾਲ ਸਾਹਿਤਕ ਗੁੜਤੀ ਉਸ ਨੂੰ ਆਪਣੇ ਪਿਤਾ ਤੋਂ ਹੀ ਮਿਲੀ
ਸੀ। ਲੁਧਿਆਣਾ ਜਿਲੇ ਆਪਦੇ ਨਾਨਕਿਆਂ ਕਟਾਣੀ ਪਿੰਡ ਦੇ ਲੋਕ ਗਾਇਕੀ ਦੇ ਮਸ਼ਹੂਰ
ਕਲਾਕਾਰ ਸ਼ਾਦੀ ਰਾਮ ਤੇ ਬਖ਼ਸ਼ੀ ਰਾਮ ਦੀ ਜੋੜੀ ਨੇ ਆਪਦੀ ਕਲਾ ਦੀ ਪਛਾਣ ਕਰਕੇ ਉਸਨੂੰ
ਤਰਾਸ਼ਿਆ। ਤਾਰ ਬਾਬੂ ਦੀ ਨੌਕਰੀ ਉਸਦੇ ਸਾਹਿਤਕ ਸੁਭਾਅ ਨੂੰ ਰਾਸ ਨਹੀਂ ਆਈ, ਇਸ ਲਈ
ਫਿਰ ਵੇਦ ਪ੍ਰਕਾਸ਼ ਜੱਗੀ 1962 ਵਿਚ ਲੋਕ ਸੰਪਰਕ ਵਿਭਾਗ ਵਿਚ ਬਤੌਰ ਕਲਾਕਾਰ ਭਰਤੀ ਹੋ
ਗਏ, ਜਿੱਥੇ ਉਨਾਂ ਨੂੰ ਨਾਟਕਾਂ ਵਿਚ ਕੰਮ ਕਰਨ ਅਤੇ ਗੀਤ ਗਾਉਣ ਦੇ ਸ਼ੌਕ ਨੂੰ ਉਤਸ਼ਾਹ
ਮਿਲਿਆ। ਵਿਭਾਗ ਵਿਚ ਨੌਕਰੀ ਕਰਦਿਆਂ ਉਨਾਂ ਸਮਾਜਿਕ ਵਿਸ਼ਿਆਂ ਦੇ ਨਾਟਕਾਂ ਨੂੰ ਵੀ
ਡਾਇਰੈਕਟ ਕੀਤਾ। ਵਿਭਾਗ ਦਾ ਕੰਮ ਸਮਾਜਿਕ ਬੁਰਾਈਆਂ ਦੇ ਵਿਰੁਧ ਨਾਟਕ ਕਰਨਾ ਅਤੇ
ਗੀਤਾਂ ਰਾਹੀਂ ਆਮ ਲੋਕਾਂ ਨੂੰ ਪ੍ਰੇਰਨਾ ਦੇਣਾ ਸੀ। ਇਸ ਕਰਕੇ ਪੰਡਿਤ ਜੱਗੀ ਨੇ
ਜਿੰਨੇ ਵੀ ਗੀਤ ਲਿਖੇ ਅਤੇ ਗਾਏ ਉਹ ਸਾਰੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਸਨ। ਉਹ
ਵਿਭਾਗ ਵਿਚ ਤਰੱਕੀ ਕਰਦਾ ਪਹਿਲਾਂ 1970 ਵਿਚ ਡਰਾਮਾ ਇਨਸਪੈਕਟਰ ਅਤੇ
ਫਿਰ ਮਿਊਜਿਕ ਸੁਪਰਵਾਈਜਰ ਦੇ ਅਹੁਦੇ ਤੇ ਪਹੁੰਚ ਗਿਆ। ਉਨਾਂ ਸਮਿਆਂ
ਵਿਚ ਬਹੁਤੇ ਰੋਮਾਂਟਿਕ ਗੀਤਾਂ ਦਾ ਰਿਵਾਜ ਸੀ ਪ੍ਰੰਤੂ ਪੰਡਿਤ ਜੱਗੀ
ਨੇ ਪੰਜਾਬੀ ਵਿਰਾਸਤ ਅਤੇ ਦਿਹਾਤੀ ਰਸਮੋ ਰਿਵਾਜ, ਵਿਵਹਾਰ, ਸਮਾਜਿਕ ਕਦਰਾਂ ਕੀਮਤਾਂ,
ਪਿੰਡਾਂ ਵਿਚ ਵਿਚਰਦਿਆਂ ਨੂੰਹ-ਸੱਸ, ਦਰਾਣੀ-ਜਠਾਣੀ, ਨਣਦ-ਭਰਜਾਈ, ਦਿਓਰ-ਭਰਜਾਈ ਦੇ
ਤਾਅਨੇ ਮਿਹਣਿਆਂ ਨੂੰ ਆਵਾਜ਼ ਦਿੱਤੀ ਪ੍ਰੰਤੂ ਨੈਤਿਕਤਾ ਦਾ ਪੱਲਾ ਨਹੀਂ ਛੱਡਿਆ,
ਜਿਨਾਂ ਵਿਚੋਂ ਰੂਹਾਨੀ ਰਿਸ਼ਤਿਆਂ ਦੀ ਖ਼ੁਸ਼ਬੂ ਆਉਂਦੀ ਸੀ।
ਪੰਡਿਤ ਜੱਗੀ ਦੇ ਗਾਣੇ ਭਾਵੇਂ ਠੇਠ ਪੰਜਾਬੀ ਵਿਚ ਦਿਲਾਂ ਨੂੰ ਟੁੰਬਣ ਵਾਲੇ
ਹੁੰਦੇ ਸਨ ਪ੍ਰੰਤੂ ਉਨਾਂ ਵਿਚੋਂ ਅਸ਼ਲੀਲਤਾ ਦਾ ਝਲਕਾਰਾ ਨਹੀਂ ਪੈਂਦਾ ਸੀ। ਸਾਂਝੇ
ਪਰਿਵਾਰਾਂ ਵਿਚ ਬੈਠਕੇ ਜੱਗੀ ਦੇ ਗਾਣਿਆਂ ਦਾ ਆਨੰਦ ਮਾਣਿਆਂ ਜਾਂਦਾ ਸੀ ਕਿਉਂਕਿ
ਉਦੋਂ ਲੋਕਾਂ ਦੇ ਮਨ ਸਾਫ਼ ਹੁੰਦੇ ਸਨ, ਅੱਜ ਕਲ ਦੀ ਤਰਾਂ ਲੋਕਾਂ ਦੇ ਮਨਾਂ ਵਿਚ
ਅਸ਼ਲੀਲਤਾ ਨਹੀਂ ਹੁੰਦੀ ਸੀ। ਪਹਿਲੀ ਸੱਟੇ ਜੱਗੀ ਦੇ ਗਾਣੇ ਰੋਮਾਂਟਿਕ ਪ੍ਰਭਾਵ ਦਿੰਦੇ
ਸਨ ਪ੍ਰੰਤੂ ਜਦੋਂ ਤੁਸੀਂ ਪੂਰਾ ਗੀਤ ਸੁਣਦੇ ਸੀ ਤਾਂ ਪਵਿਤਰਤਾ ਅਤੇ ਨੈਤਿਕਤਾ ਦਾ
ਝਲਕਾਰਾ ਪੈਂਦਾ ਸੀ। ਦਿਹਾਤੀ ਸਾਂਝੇ ਪਰਿਵਾਰਾਂ ਦੀ ਸਾਧਾਰਨਤਾ, ਵਿਆਹ ਦੇ ਸਮੇਂ ਦੇ
ਰਸਮੋ ਰਿਵਾਜ ਜੋ ਅੱਜ ਕਲ ਵਿਖਾਵੇ ਦਾ ਪਰਤੀਕ ਬਣ ਗਏ ਹਨ ਨਾਲ ਸੰਬੰਧਤ ਇੱਕ ਗੀਤ ਉਸ
ਸਮੇਂ ਬੜਾ ਹੀ ਚਰਚਾ ਵਿਚ ਰਿਹਾ ਜਿਹੜਾ ਵਿਆਹ ਤੋਂ ਬਾਅਦ ਕਬੀਲਦਾਰੀ ਦਾ ਜਿਕਰ ਕਰਦਾ
ਹੈ। ਗੀਤ ਦੇ ਬੋਲ ਹਨ-
ਪਹਿਲਾਂ ਚਾਦਰਾਂ ਵਿਛਾਗੀ ਭਾਬੀ ਚਿੱਟੀਆਂ, ਫੇਰ ਕੀਤੀਆਂ ਸੀ ਗੱਲਾਂ ਅਸੀਂ
ਮਿੱਠੀਆਂ
ਆਓ ਮਿੱਤਰੋ ਸੁਣਾਵਾਂ ਹਾਲ ਖੋਲਕੇ ਸੁਹਾਗ ਵਾਲੀ ਰਾਤ ਸਾਰੀ ਦਾ
ਝੰਡਾ ਜੱਟ ਨੇ ਗਿਆਰਾਂ ਵਜੇ ਗੱਡ ਤਾ ਵੀ ਆਪਣੀ ਕਬੀਲਦਾਰੀ ਦਾ।
ਅੱਜ ਦੇ ਸਮੇਂ ਵਿਚ ਸਾਂਝੇ ਪਰਿਵਾਰਾਂ ਦਾ ਸੰਕਲਪ ਖ਼ਤਮ ਹੁੰਦਾ ਜਾ ਰਿਹਾ ਹੈ।
ਭਰਾਵਾਂ, ਭਰਜਾਈਆਂ, ਭਾਬੀਆਂ ਅਤੇ ਰਿਸ਼ਤੇਦਾਰਾਂ ਦੇ ਰਿਸ਼ਤਿਆਂ ਵਿਚ ਤਰੇੜਾਂ ਪੈਦਾ ਹੋ
ਰਹੀਆਂ ਹਨ। ਹੁਣ ਹਨੀਮੂਨ ਲਈ ਸੈਰ ਸਪਾਟੇ ਦੇ ਕੇਂਦਰਾਂ ਤੇ ਜਾਇਆ
ਜਾਂਦਾ ਹੈ। ਉਦੋਂ ਜੱਟ ਨੂੰ ਸਮਾਜ ਦਾ ਨਾਇਕ ਸਮਝਿਆ ਜਾਂਦਾ ਸੀ। ਅੱਜ ਜੱਟ ਖ਼ੁਦਕਸ਼ੀਆਂ
ਕਰ ਰਹੇ ਹਨ। ਉਸਦੇ ਗੀਤ ਸਾਡੀ ਵਿਰਾਸਤ ਅਤੇ ਸਭਿਆਚਾਰ ਦੀ ਤਸਵੀਰ ਖਿੱਚਦੇ ਸਨ। ਨਾਟਕ
ਦੇ ਖੇਤਰ ਵਿਚ ਪੰਡਿਤ ਜੱਗੀ ਨੇ ਪੰਜਾਬੀ ਦੇ ਪਰਮੁੱਖ ਨਾਟਕਕਾਰਾਂ ਬਲਵੰਤ ਗਾਰਗੀ,
ਡਾ.ਹਰਚਰਨ ਸਿੰਘ, ਰਾਣੀ ਬਲਬੀਰ ਕੌਰ, ਕਿਰਨ ਖ਼ੇਰ, ਗੌਰਵ ਤ੍ਰੇਹਨ, ਪੰਕਜ ਬੇਰੀ,
ਸੁਰਜੀਤ ਸਿੰਘ ਸੇਠੀ, ਦਵਿੰਦਰ ਦਮਨ ਅਤੇ ਭਾਗ ਸਿੰਘ ਦੀ ਨਿਰਦੇਸ਼ਨਾ ਵਿਚ ਕੰਮ ਕੀਤਾ।
ਚਮਕੌਰ ਦੀ ਗੜੀ, ਸੋਹਣੀ ਮਹੀਵਾਲ, ਮਿਰਜਾ ਸਾਹਿਬਾਂ, ਹਿੰਦ ਦੀ ਚਾਦਰ ਅਤੇ ਆਤਮਾ
ਵਿਕਾਊ ਹੈ ਨਾਟਕਾਂ ਵਿਚ ਆਪਦਾ ਰੋਲ ਵਿਲੱਖਣ ਰਿਹਾ ਹੈ। ਬਲਬੰਤ ਗਾਰਗੀ ਦੇ ਕੇਸਰੋ,
ਲੋਹਾ ਕੁੱਟ ਅਤੇ ਹੋਰ ਬਹੁਤ ਸਾਰੇ ਨਾਟਕਾਂ ਵਿਚ ਕੰਮ ਕੀਤਾ। ਗੁਰਦਾਸ ਮਾਨ ਨਾਲ ਕਈ
ਨਾਟਕਾਂ ਵਿਚ ਗੀਤ ਗਾਏ। ‘ਜੱਗੀ ਦੇ ਜਲਵੇ’ ਇਨਰੀਕੋ ਕੰਪਨੀ ਨੇ ਰਿਕਾਰਡ ਕੀਤੇ ਸਨ।
ਐਚ.ਐਮ.ਵੀ.ਕੰਪਨੀ ਵੱਲੋਂ ਕਲਾਕਾਰਾਂ ਦੇ ਸ਼ੋਸ਼ਣ ਕਰਨ ਤੇ ਉਨਾਂ ਮੁਹੰਮਦ ਸਦੀਕ,
ਕੁਲਦੀਪ ਮਾਣਕ, ਦੀਦਾਰ ਸੰਧੂ ਅਤੇ ਸਵਰਨ ਲਤਾ ਨਾਲ ਮਿਲਕੇ ‘ਕੁਸਾ ਡਿਗ’ ਕੰਪਨੀ ਵੀ
ਉਭਰਦੇ ਕਲਾਕਾਰਾਂ ਨੂੰ ਉਤਸ਼ਾਹ ਦੇਣ ਦੇ ਇਰਾਦੇ ਨਾਲ ਬਣਾਈ ਸੀ। ਅੱਜ ਅਸੀਂ ਲੜਕੀਆਂ
ਨੂੰ ਸਮਾਜ ਵਿਚ ਬਰਾਬਰ ਦਾ ਦਰਜਾ ਦੇਣ ਦਾ ਜ਼ਿਕਰ ਕਰ ਰਹੇ ਹਾਂ ਪ੍ਰੰਤੂ ਪੰਡਿਤ ਜੱਗੀ
ਨੇ ਉਨਾਂ ਦਿਨਾ ਵਿਚ ਲੜਕੀਆਂ ਨੂੰ ਬਰਾਬਰ ਅਧਿਕਾਰ ਦੇਣ ਵਾਲੇ ਗੀਤ ਲਿਖੇ ਜਿਵੇਂ:
‘‘ਪਾਉਣੀ ਐ ਪ੍ਰਾਈਵੇਟ ਬੱਸ ਜੱਟ ਨੇ ਨੀ ਬਿੱਲੋ ਮਾਡਲ 82 ਐਤਕੀ ਦੇ ਸਾਲ ਦੀ
ਬੈਠੂਗਾ ਸਟੇਰਿੰਗ ਤੇ ਪੁੱਤ ਜੱਟ ਦਾ ਨਾਲੇ ਟਿਕਟਾਂ ਕੱਟੂਗੀ ਕੁੜੀ ਸੋਲਾਂ ਸਾਲ
ਦੀ।’’
ਹਾਲਾਂ ਕਿ ਉਨਾਂ ਦਿਨਾ ਵਿਚ ਕੁੜੀਆਂ ਦਾ ਦਫਤਰਾਂ ਵਿਚ ਕੰਮ ਕਰਨਾ ਚੰਗਾ ਨਹੀਂ
ਸਮਝਿਆ ਜਾਂਦਾ ਸੀ। ਅੱਜ ਲੜਕੀਆਂ ਹਰ ਖੇਤਰ ਵਿਚ ਮੋਹਰੀ ਹਨ। ਪੰਡਿਤ ਜੰਗੀ ਦਾ ਸੁਪਨਾ
ਪੂਰਾ ਹੋ ਰਿਹਾ ਹੈ। ਪੰਜਾਬ ਵਿਚ ਮਾੜੇ ਦਿਨਾਂ ਵਿਚ ਪੰਡਤ ਜੱਗੀ ਦਾ ਕਰਫਿਊ ਬਾਰੇ
ਗਾਇਆ ਗੀਤ ਦੂਰ ਦਰਸ਼ਨ ਦਿੱਲੀ ਤੋਂ ਟੈਲੀਕਾਸਟ ਹੋਇਆ ਜੋ ਚਰਚਾ ਦਾ ਵਿਸ਼ਾ ਬਣਿਆਂ
ਰਿਹਾ:
ਜਿਸ ਦਿਨ ਤੋਂ ਲੱਗ ਗਿਆ ਕਰਫਿਊ, ਅਸੀਂ ਮਿਲਣ ਗਿਲਣ ਤੋਂ ਰਹਿ ਗਏ
ਨਹੀਂ ਬਾਹਰ ਨਿਕਲਣਾ ਘਰ ਤੋਂ, ਵਿਚ ਲਾਊਡ ਸਪੀਕਰ ਕਹਿ ਗਏ।
ਨਾ ਬੈਂਡ ਵਾਜੇ ਪਹੁੰਚ ਸਕੇ, ਵਿਚੇ ਰਹਿ ਗਈ ਜੈ ਮਾਲਾ।
ਇਹ ਗੀਤ ਇੱਕ ਕਿਸਮ ਨਾਲ ਪੰਜਾਬ ਦੀ ਸਥਿਤੀ ਤੇ ਵਿਅੰਗ ਕਰ ਰਿਹਾ ਸੀ ਕਿ ਅਸਾਵੇਂ
ਹਾਲਾਤ ਸਮਾਜ ਦੇ ਵਿਕਾਸ ਵਿਚ ਰੁਕਾਵਟ ਬਣਦੇ ਹਨ। ਸਮਾਜਿਕ ਕਦਰਾਂ ਕੀਮਤਾਂ ਵਿਚ ਆਈ
ਗਿਰਾਵਟ ਬਾਰੇ ਜਿਸ ਵਿਚ ਨਿੱਜੀ ਹਿਤਾਂ ਨੂੰ ਤਰਜ਼ੀਹ ਦੇ ਕੇ ਆਪਣੀ ਖੁਦਗਰਜੀ ਲਈ ਦੂਜੇ
ਦੇ ਹਿੱਤਾਂ ਨੂੰ ਛਿੱਕੇ ਤੇ ਅੰਗਿਆ ਜਾਂਦਾ ਸੀ ਬਾਰੇ ਉਹਦੇ ਗੀਤ ਦੇ ਬੋਲ ਹਨ:
ਇੱਕ ਪਾਈਆ ਦੁੱਧ ਬਦਲੇ, ਯਾਰੀ ਦੋਧੀਆਂ ਦੇ ਮੁੰਡੇ ਨਾਲ ਲਾਈ।
ਪੰਡਿਤ ਜੱਗੀ ਦੀ 8-10-1996 ਨੂੰ ਇੱਕ ਸੜਕ ਦੁਰਘਟਨਾ ਵਿਚ ਪਟਿਆਲਾ ਵਿਖੇ ਮੌਤ
ਹੋ ਗਈ ਸੀ। ਉਨਾਂ ਦੀ ਲੜਕੀ ਸਰੁਚੀ ਅਤੇ ਲੜਕਾ ਦਰਪਨ ਵੀ ਪਿਤਾ ਦੀ ਵਿਰਾਤ ਤੇ ਪਹਿਰਾ
ਦੇਣ ਦੀ ਕੋਸ਼ਿਸ਼ ਵਿਚ ਹਨ। ਉਨਾਂ ਨੂੰ ਵੀ ਗੀਤ ਗਾਉਣ ਦਾ ਸ਼ੌਕ ਹੈ। ਸਰੁਚੀ ਦੀ ਗੀਤਾਂ
ਦੀ ਇੱਕ ਕੈਸਟ ਵੀ ਮਾਰਕੀਟ ਵਿਚ ਆਈ ਹੈ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
|