ਨਵਲ ਕਿਸ਼ੋਰ ਸਟੇਜ ਦਾ ਧਨੀ ਮੰਚ ਸੰਚਾਲਕ ਹੈ। ਮੰਚ ਸੰਚਾਲਨ ਉਸਦਾ ਰੋਜ਼ੀ ਰੋਟੀ ਦਾ
ਸਾਧਨ ਹੈ। ਇਸਦੇ ਨਾਲ ਹੀ ਉਹ ਅਦਾਕਾਰ ਵੀ ਬਿਹਤਰੀਨ ਹੈ। ਕਲਾ ਕੁਦਰਤ ਦੀ ਨਿਆਮਤ
ਹੁੰਦੀ ਹੈ, ਇਸਨੂੰ ਨਿਖ਼ਾਰਨ ਲਈ ਮਿਹਨਤ, ਦ੍ਰਿੜਤਾ, ਲਗਨ, ਯੋਗ ਅਗਵਾਈ ਅਤੇ ਮਨ ਵਿਚ
ਤਰੰਗ ਹੋਣੀ ਚਾਹੀਦੀ ਹੈ। ਰਿਆਜ਼ ਕਲਾ ਦੀ ਪ੍ਰਫੁਲਤਾ ਦਾ ਸਾਧਨ ਹੈ। ਐਂਕਰਿੰਗ
ਅਰਥਾਤ ਮੰਚ ਸੰਚਾਲਨ ਕਰਨਾ ਇੱਕ ਵਿਲੱਖਣ ਕਲਾ
ਹੈ। ਇਸ ਦੀ ਸਫਲਤਾ ਲਈ ਅਮੀਰ ਅਤੇ ਮਿਠਾਸ ਵਿਚ ਗੜੂੰਦ ਸ਼ਬਦਾਵਲੀ ਦਾ ਹੋਣਾ ਅਤਿਅੰਤ
ਜ਼ਰੂਰੀ ਹੈ। ਕਿਸੇ ਵਿਅਕਤੀ ਜਾਂ ਈਵੈਂਟਸ ਨੂੰ
ਅਜਿਹੇ ਢੰਗ ਨਾਲ ਪੇਸ਼ ਕਰਨਾ ਜਿਸ ਨਾਲ ਉਹ ਘਟਨਾ ਜਾਂ ਵਿਅਕਤੀ ਹੂਬਹੂ ਹਾਜ਼ਰ ਹੋ
ਜਾਵੇ। ਵਿਸ਼ੇਸ਼ਣ ਅਤੇ ਤਸਬੀਹਾਂ ਅਜਿਹੀਆਂ ਦਿੱਤੀਆਂ ਜਾਣ ਜਿਨਾਂ ਨਾਲ ਭਾਸ਼ਣ ਦੇਣ ਜਾਂ
ਗੀਤ ਗਾਉਣ ਵਾਲੇ ਦੀ ਪ੍ਰਤਿਭਾ ਨੂੰ ਚਾਰ ਚੰਦ ਲੱਗ ਜਾਣ। ਐਂਕਰਿੰਗ
ਲਈ ਸ਼ਬਦਾਂ ਦਾ ਭੰਡਾਰ ਅਤੇ ਉਨਾਂ ਦੇ
ਪ੍ਰਗਟਾਅ ਵਿਚ ਜਾਦੂਗਿਰੀ ਹੋਣਾ ਜਰੂਰੀ ਹੈ। ਟੋਟਕੇ, ਗੱਲਾਂ ਅਤੇ ਕਹਾਵਤਾਂ ਸਾਰੀਆਂ
ਇੱਕੋ ਜਹੀਆਂ ਹੀ ਹੁੰਦੀਆਂ ਹਨ ਪ੍ਰੰਤੂ ਉਨਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦਾ ਢੰਗ
ਅਤੇ ਸਲੀਕਾ ਹੀ ਹੁੰਦਾ ਹੈ ਜਿਹੜੇ ਐਂਕਰ ਦੀ ਪਛਾਣ ਨੂੰ ਪ੍ਰਭਾਵਸ਼ਾਲੀ ਅਤੇ
ਸਰਬਪ੍ਰਵਾਨ ਕਰਦਾ ਹੈ। ਐਂਕਰ ਦੀ ਆਵਾਜ਼ ਵਿਚ ਦਮ ਅਤੇ ਮਿਠਾਸ ਵੀ
ਹੋਣੀ ਚਾਹੀਦੀ ਹੈ। ਜੇਕਰ ਐਂਕਰ ਅਦਾਕਾਰੀ ਦਾ ਵੀ ਮਾਹਿਰ ਹੋਵੇ ਤਾਂ
ਉਸਦੀ ਕਲਾ ਵਿਚ ਹੋਰ ਨਿਖ਼ਾਰ ਆ ਜਾਂਦਾ ਹੈ।
ਨਵਲ ਕਿਸ਼ੋਰ ਅਜਿਹਾ ਹੀ ਐਂਕਰ ਅਤੇ ਅਦਾਕਾਰ ਹੈ ਜਿਸਨੂੰ ਅਦਾਕਾਰੀ
ਅਤੇ ਐਂਕਰਿੰਗ ਦਾ ਸੁਮੇਲ ਕਿਹਾ ਜਾ ਸਕਦਾ ਹੈ ਜਿਹੜਾ ਉਸਦੀ ਕਾਬਲੀਅਤ
ਵਿਚ ਵਾਧਾ ਕਰਦਾ ਹੈ। ਇਸ ਕਰਕੇ ਹੀ ਉਹ ਸਟੇਜ ਦਾ ਧਨੀ ਹੈ। ਉਸਨੇ ਸਕੂਲ ਪੜਦਿਆਂ
ਬਚਪਨ ਵਿਚ ਹੀ ਸਭਿਆਚਾਰਕ ਪ੍ਰੋਗਰਾਮਾ ਅਤੇ ਨਾਟਕਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ
ਦਿੱਤਾ ਸੀ ਜਿਸਦੀ ਬਦੌਲਤ ਉਸਦਾ ਸਟੇਜ ਤੇ ਆਉਣ ਦਾ ਝਾਕਾ ਖੁਲ ਗਿਆ। ਬਸ ਫਿਰ ਤਾਂ
ਜਿਵੇਂ ਉਸਨੂੰ ਅਜਿਹੇ ਪ੍ਰੋਗਰਾਮਾ ਵਿਚ ਅਦਾਕਾਰੀ ਕਰਨ ਦਾ ਚਾਅ ਹੀ ਚੜਨ ਲੱਗ ਪਿਆ।
ਉਸਦੇ ਅਦਾਕਾਰੀ ਅਤੇ ਮੰਚ ਸੰਚਾਲਨ ਦੇ ਸ਼ੌਕ ਨੂੰ ਸਰਕਾਰੀ ਨੌਕਰੀ ਦੌਰਾਨ ਲਗਾਤਾਰ
ਮੌਕੇ ਮਿਲਣ ਕਰਕੇ ਚਾਰ ਚੰਨ ਹੀ ਲੱਗ ਗਏ। ਭਾਵੇਂ ਉਸਨੇ ਉਚੇਰੀ ਪੜਾਈ ਨਹੀਂ ਕੀਤੀ
ਪ੍ਰੰਤੂ ਉਸਦੀ ਪੰਜਾਬੀ ਬੋਲੀ ਤੇ ਕਮਾਂਡ ਕਮਾਲ ਦੀ ਬਣ ਗਈ। ਉਸਦੀ ਗੱਲ ਕਹਿਣ ਦੀ ਅਦਾ
ਸਰੋਤਿਆਂ ਦੇ ਦਿਲਾਂ ਨੂੰ ਧੂਹ ਜਾਂਦੀ ਹੈ।
ਨਵਲ ਕਿਸ਼ੋਰ ਸੁਹਣਾ ਸੁਨੱਖਾ, ਲੰਮਾ ਲੰਝਾ, ਦਮਦਾਰ ਆਵਾਜ ਅਤੇ ਪ੍ਰਭਾਵਸ਼ਾਲੀ
ਵਿਅਕਤਿਵ ਦਾ ਮਾਲਕ ਹੈ। ਭਾਵੇਂ ਕੋਈ ਪਹਿਰਾਵਾ ਪਾ ਲਵੇ ਉਸਦੇ ਮੁਹਾਂਦਰੇ ਵਿਚ
ਵਿਲੱਖਣਤਾ ਨਜ਼ਰੀਂ ਆਉਣ ਲੱਗ ਜਾਂਦੀ ਹੈ ਪ੍ਰੰਤੂ ਪੰਜਾਬੀ ਪਹਿਰਾਵਾ ਉਸਨੂੰ ਬਹੁਤ ਹੀ
ਫ਼ਬਦਾ ਹੈ ਜਿਸ ਨਾਲ ਉਸਦੀ ਟੌਹਰ ਦੁਗਣੀ ਹੋ ਜਾਂਦੀ ਹੈ। ਉਸਦੀ ਆਵਾਜ਼ ਇਤਨੀ ਸੁਰੀਲੀ,
ਭਾਵਪੂਰਨ ਅਤੇ ਦਮਦਾਰ ਹੈ ਜੋ ਕਿ ਮਨੁੱਖੀ ਮਨਾਂ ਤੇ ਜਾਦੂ ਦਾ ਅਸਰ ਕਰਦੀ ਹੈ।
ਹੈਰਾਨੀ ਦੀ ਗੱਲ ਹੈ ਰਾਮ ਲੀਲਾ ਵਿਚ ਕੰਮ ਕਰਦਿਆਂ ਹੀ ਉਸਨੇ ਅਦਾਕਾਰੀ ਅਤੇ
ਐਂਕਰਿੰਗ ਵਿਚ ਮੁਹਾਰਤ ਹਾਸਲ ਕਰ ਲਈ ਸੀ, ਉਸਦੇ ਵੱਡੇ ਭਰਾ ਨੰਦ ਕਿਸ਼ੋਰ
ਰਜਨੀਸ਼ ਜੋ ਆਪ ਇੱਕ ਕਵੀ ਹਨ, ਨੇ ਨਵਲ ਕਿਸ਼ੋਰ ਦੀ ਕਲਾ ਦੀ ਪਛਾਣ ਕਰਕੇ ਉਸਨੂੰ
ਨਾਟਕਾਂ ਵਿਚ ਹਿੱਸਾ ਲੈਣ ਅਤੇ ਮੰਚ ਸੰਚਾਲਨ ਕਰਨ ਲਈ ਉਤਸ਼ਾਹਤ ਕੀਤਾ। ਅਰਥਾਤ ਉਸਨੂੰ
ਪਰਿਵਾਰ ਦੀ ਵਿਰਾਸਤ ਵਿਚੋਂ ਹੀ ਰੰਗ ਮੰਚ ਅਤੇ ਅਦਾਕਾਰੀ ਦੀ ਗੁੜਤੀ ਮਿਲੀ। ਉਸਦਾ
ਜਤਿੰਦਰ ਕੌਰ ਨਾਲ ਵਿਆਹ ਦੇ ਬੰਧਨ ਵਿਚ ਬੱਝਣਾ ਵੀ ਉਸ ਲਈ ਵਰਦਾਨ ਸਾਬਤ ਹੋਇਆ
ਕਿਉਂਕਿ ਜਤਿੰਦਰ ਕੌਰ ਖ਼ੁਦ ਅਦਾਕਾਰੀ ਦੀ ਮਾਣਮੱਤੀ ਸ਼ੌਕੀਨਣ ਅਤੇ ਮਾਹਰ ਹੈ। ਉਸਨੂੰ
ਇਸ ਗੱਲ ਦਾ ਵੀ ਮਾਣ ਜਾਂਦਾ ਹੈ ਕਿ ਉਸਦੀ ਪਤਨੀ ਜਤਿੰਦਰ ਕੌਰ ਥੇਟਰ ਨਾਲ ਜੁੜੀ ਹੋਣ
ਕਰਕੇ ਅਦਾਕਾਰੀ ਵਿਚ ਗੜੂੰਦ ਸੀ ਜਿਸਨੇ ਨਵਲ ਕਿਸ਼ੋਰ ਦੀ ਅਦਾਕਾਰੀ ਅਤੇ ਐਂਕਰਿੰਗ
ਨੂੰ ਪ੍ਰਫੁਲਤ ਹੋਣ ਵਿਚ ਮਹੱਤਵਪੂਰਨ ਹਿੱਸਾ ਪਾਇਆ। ਪਤੀ ਪਤਨੀ ਮਿਲਕੇ ਇੱਕ-ਇੱਕ
ਗਿਆਰਾਂ ਹੋ ਗਏ। ਬਸ ਫਿਰ ਤਾਂ ਪਰਿਵਾਰਿਕ ਮਾਹੌਲ ਨੇ ਉਸਨੂੰ ਆਪਣੀ ਕਲਾ ਵਿਚ ਨਿਖ਼ਾਰ
ਲਿਆਉਣ ਲਈ ਵਡਮੁਲਾ ਯੋਗਦਾਨ ਪਾਇਆ। ਕਲਾ ਨੂੰ ਸਮਰਪਿਤ ਇਸ ਜੋੜੀ ਨੇ ਅਦਾਕਾਰੀ ਵਿਚ
ਆਪਣੀ ਵਿਲੱਖਣ ਪਛਾਣ ਬਣਾ ਲਈ ਜਿਸ ਕਰਕੇ ਉਸਨੂੰ ਲੋਕ ਸੰਪਰਕ ਵਿਭਾਗ ਵਿਚ 1977 ਵਿਚ
ਸਟੇਜ ਮਾਸਟਰ ਦੇ ਅਹੁਦੇ ਤੇ ਨਿਯੁਕਤ ਕਰ ਲਿਆ। ਉਸ ਸਮੇਂ ਕਲਾਕਾਰਾਂ ਨੂੰ ਸੰਜੀਦਾ
ਕਲਾਕਾਰੀ ਕਰਕੇ ਬਹੁਤਾ ਮਾਣ ਸਨਮਾਨ ਨਹੀਂ ਮਿਲਦਾ ਸੀ ਪ੍ਰੰਤੂ ਨਵਲ ਕਿਸ਼ੋਰ ਨੇ
ਸੰਜੀਦਗੀ ਅਤੇ ਮਿਆਰੀ ਨੈਤਿਕ ਸ਼ਬਦਾਵਲੀ ਦਾ ਪੱਲਾ ਨਹੀਂ ਛੱਡਿਆ ਤਾਂ ਵੀ ਉਹ ਦਰਸ਼ਕਾਂ
ਦੇ ਮਨਾਂ ਤੇ ਰਾਜ ਕਰਨ ਲੱਗ ਗਿਆ। ਲੋਕ ਸੰਪਰਕ ਦੀਆਂ ਸਭਿਅਚਾਰਕ ਸਟੇਜਾਂ ਦਾ ਸ਼ਿੰਗਾਰ
ਬਣ ਗਿਆ।
ਸਟੇਜ
ਮਾਸਟਰ ਦਾ ਮੁੱਖ ਕੰਮ ਹੀ ਸਰੋਤਿਆਂ ਨੂੰ ਆਪਣੇ ਸ਼ਬਦਾਂ ਦੇ ਮੱਕੜ ਜਾਲ ਵਿਚ ਫਸਾ ਕੇ
ਟਿਕਾਈ ਰੱਖਣਾ ਹੁੰਦਾ ਹੈ। ਇਸ ਅਹੁਦੇ ਤੇ ਰਹਿੰਦਿਆਂ ਉਸਨੂੰ ਸਮਾਜਿਕ ਬੁਰਾਈਆਂ ਨਾਲ
ਸੰਬੰਧਤ ਨਾਟਕਾਂ ਵਿਚ ਕੰਮ ਕਰਨਾ ਪੈਂਦਾ ਸੀ ਅਤੇ ਨਾਲ ਹੀ ਪਤਵੰਤੇ ਵਿਅਕਤੀਆਂ ਦੇ
ਸਮਾਗਮਾ ਤੇ ਐਂਕਰਿੰਗ ਕਰਨੀ ਹੁੰਦੀ ਸੀ। ਲੋਕ ਸੰਪਰਕ ਵਿਭਾਗ ਵਿਚ ਆਉਣ ਨਾਲ ਉਸਦੀ
ਮੰਚ ਸੰਚਾਲਨ ਦੀ ਕਲਾ ਪ੍ਰਭਾਵਸ਼ਾਲੀ ਬਣ ਗਈ ਕਿਉਂਕਿ ਉਸਨੂੰ ਵੱਡੇ ਸਮਾਗਮਾ ਵਿਚ
ਐਂਕਰਿੰਗ ਕਰਨ ਦਾ ਮੌਕਾ ਮਿਲਦਾ ਰਿਹਾ। ਹਰਪਾਲ ਟਿਵਾਣਾ, ਭਾਅ ਗੁਰਸ਼ਰਨ ਸਿੰਘ,
ਸਰਦਾਰਜੀਤ ਬਾਵਾ, ਭਾਗ ਸਿੰਘ, ਪ੍ਰਾਣ ਸਭਰਵਾਲ, ਪ੍ਰਮਿੰਦਰਪਾਲ ਕੌਰ ਅਤੇ ਮੋਹਨ
ਕੰਬੋਜ ਵਰਗੇ ਨਾਟਕਕਾਰਾਂ ਨਾਲ ਕੰਮ ਕਰਨ ਦਾ ਨਵਲ ਕਿਸ਼ੋਰ ਨੂੰ ਮਾਣ ਪ੍ਰਾਪਤ ਹੋਇਆ।
ਹਿੰਦ ਦੀ ਚਾਦਰ, ਸਰਹੰਦ ਦੀ ਦੀਵਾਰ, ਚਮਕੌਰ ਦੀ ਗੜੀ ਅਤੇ ਸੰਤ ਸਿਪਾਹੀ ਆਦਿ ਨਾਟਕਾਂ
ਵਿਚ ਆਪਦਾ ਦਮਦਾਰ ਰੋਲ ਅਜੇ ਤੱਕ ਵੀ ਸਲਾਹਿਆ ਜਾਂਦਾ ਹੈ। ਇਸ ਤੋਂ ਇਲਾਵਾ ਰਾਣਾ
ਰਣਬੀਰ, ਬਿੰਨੂੰ ਢਿਲੋਂ ਅਤੇ ਭਗਵੰਤ ਮਾਨ ਨਾਲ ਵੀ ਸਟੇਜ ਸ਼ੋ ਕੀਤੇ।
ਨਵਲ ਕਿਸ਼ੋਰ ਨੇ ਪੰਜਾਬੀ ਦੇ ਚੋਟੀ ਦੇ ਗਾਇਕਾਂ ਜਿਨਾਂ ਵਿਚ ਗੁਰਦਾਸ ਮਾਨ, ਹਰਭਜਨ
ਮਾਨ, ਪੰਮੀ ਬਾਈ, ਸਤਵਿੰਦਰ ਬਿੱਟੀ ਅਤੇ ਸਰਬਜੀਤ ਚੀਮਾ ਦੀਆਂ ਸਟੇਜਾਂ ਦੀ
ਐਂਕਰਿੰਗ ਕਰਕੇ ਵਾਹਬਾ ਸ਼ਾਹਬਾ ਖੱਟੀ ਹੈ। ਮਨਮੋਹਨ ਸਿੰਘ ਵੱਲੋਂ ਬਣਾਈ
ਗਈ ਹਰਭਜਨ ਮਾਨ ਦੀ ਪਹਿਲੀ ਫਿਲਮ ‘‘ਜੀਅ ਆਇਆਂ’’ ਵਿਚ ਵੀ ਆਪਨੇ ਰੋਲ ਕੀਤਾ। ਜਲੰਧਰ
ਦੂਰ ਦਰਸ਼ਨ ਦਾ ਏ ਕਲਾਸ ਕਲਾਕਾਰ ਹੋਣ ਦੇ ਨਾਤੇ ਉਸਨੇ ਦੂਰ ਦਰਸ਼ਨ ਦੇ ਪ੍ਰੋਗਰਾਮਾਂ
ਵਿਚ ਆਪਣੀ ਪ੍ਰਤਿਭਾ ਦੇ ਜੌਹਰ ਵਿਖਾਏ।
ਉਸਦਾ ਜਨਮ ਪਟਿਆਲਾ ਵਿਖੇ ਹੀ ਪਿਤਾ ਸ਼੍ਰੀ ਸ਼ਿਵ ਪ੍ਰਸ਼ਾਦਿ ਅਤੇ ਮਾਤਾ ਸ਼੍ਰੀਮਤੀ
ਦੇਵਕੀ ਦੇਵੀ ਦੇ ਘਰ 20 ਅਪ੍ਰੈਲ 1952 ਨੂੰ ਹੋਇਆ। ਆਮ ਤੌਰ ਤੇ ਲੋਕ ਸੰਪਰਕ ਵਿਭਾਗ
ਦੇ ਕਲਾਕਾਰ ਟੋਭੇ ਦੇ ਡੱਡੂ ਬਣਕੇ ਹੀ ਰਹਿ ਜਾਂਦੇ ਹਨ, ਉਨਾਂ ਨੂੰ ਵਿਭਾਗ ਵੱਲੋਂ
ਉਤਸ਼ਾਹ ਨਾ ਮਿਲਣ ਕਰਕੇ ਵਿਗਸਣ ਦਾ ਮੌਕਾ ਨਹੀਂ ਮਿਲਦਾ। ਪ੍ਰੰਤੂ ਨਵਲ ਕਿਸ਼ੋਰ ਨੂੰ
ਆਪਣੀ ਐਕਰਿੰਗ ਅਤੇ ਅਦਾਕਾਰੀ ਦੀ ਕਲਾ ਕਰਕੇ ਸੰਸਾਰ ਦੇ ਦਰਜਨ ਕੁ
ਦੇਸ਼ਾਂ ਵਿਚ ਅਨੇਕਾਂ ਵਾਰ ਆਪਣੀ ਕਲਾ ਵਿਖਾਉਣ ਦਾ ਇਤਫਾਕ ਪ੍ਰਾਪਤ ਹੋਇਆ ਹੈ, ਜਿਨਾਂ
ਵਿਚ ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ, ਆਸਟਰੀਆ, ਹਾਂਗਕਾਂਗ, ਇਟਲੀ,
ਨਿਊਜੀਲੈਂਡ, ਜਰਮਨੀ ਅਤੇ ਆਸਟਰੇਲੀਆ ਸ਼ਾਮਲ ਹਨ।
ਨਵਲ ਕਿਸ਼ੋਰ ਨੇ ਦੂਰ ਦਰਸ਼ਨ ਅਤੇ ਹੋਰ ਪੰਜਾਬੀ ਦੇ ਚੈਨਲਾਂ ਤੇ
ਸਭਿਆਚਾਰਕ ਪ੍ਰੋਗਰਾਮਾਂ ਦੀ ਲਾਈਵ ਕੁਮੈਂਟਰੀ ਵੀ ਕੀਤੀ ਹੈ। ਉਸ ਨੇ
ਦਸਤਾਵੇਜੀ ਫਿਲਮਾਂ ਵਿਚ ਵੀ ਕਿਰਦਾਰ ਨਿਭਾਏ ਹਨ। ਨਵਲ ਕਿਸ਼ੋਰ ਲਈ ਮਾਣ ਦੀ ਗੱਲ ਸੀ
ਕਿ ਭਾਈ ਮੰਨਾ ਸਿੰਘ ਅਰਥਾਤ ਭਾਅ ਗੁਰਸ਼ਰਨ ਸਿੰਘ ਨਾਲ ਬਹੁਤ ਸਾਰੇ ਨਾਟਕਾਂ ਵਿਚ
ਹਿੱਸਾ ਲਿਆ ਖਾਸ ਤੌਰ ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਕੀਤੇ ਗਏ ਨਾਟਕਾਂ ਦੀ
ਸਫਲਤਾ ਨੇ ਨਵਲ ਕਿਸ਼ੋਰ ਨੂੰ ਹੌਸਲਾ ਦਿੱਤਾ, ਜਿਸਦੇ ਮਾਣ ਨੂੰ ਯਾਦ ਕਰਕੇ ਅਜ ਵੀ ਉਹ
ਸ਼ਰਸ਼ਾਰ ਹੋ ਜਾਂਦਾ ਹੈ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋ-94178 13072
|