|
ਇਕ ਦਿਨ ਇਕ ਖੂਬਸੂਰਤ ਆਵਾਜ਼ ਦੀ ਮਾਲਿਕ ਸੀਮਾ ਗਰੇਵਾਲ ਦਾ ਸੁਨੇਹਾ ਮਿਲਿਆ ਕਿ
ਤੁਹਾਡੇ ਅਜਕਲ ਦੇ ਦੇਸ਼ ਵਿਚ ਇਕ ਫਿਲਮ ਦਿਖਾਈ ਜਾ ਰਹੀ ਹੈ...ਜ਼ਰੂਰ ਦੇਖਣਾ…ਫਿਰ ਉਸ
ਫਿਲਮ ਦੇ ਡਾਇਰੈਕਟਰ ਨਵਤੇਜ ਸੰਧੂ ਦਾ ਸੁਨੇਹਾ ਆਇਆ ਕਿ ਅਸੀਂ ਇਹ ਫਿਲਮ ਲੈ ਕੇ ਆ
ਰਹੇ ਹਾਂ। ਫਿਲਮ ਦਾ ਨਾਂਅ ਹੈ “ਕੰਬਦੀ ਡਿਓੜੀ” ਹੈ ਤੇ ਇਸ ਦਾ ਪਹਿਲਾ ਸ਼ੋਅ
ਬਰਮਿੰਘਮ ਦਿਖਾਉਣਾ ਹੈ! ਉਤਸੁਕਤਾ ਵਧੀ। ਨਵਤੇਜ ਆ ਗਿਆ। ਬਰਮਿੰਘਮ ‘ਚ ਸਮੈਦਿਕ ਦੇ
ਵੱਡੇ ਗੁਰਦੁਆਰੇ ਵਿਖੇ ਸ਼ੋਅ ਦਾ ਇੰਤਜ਼ਾਮ ਕੀਤਾ ਗਿਆ। ਮੈਂ ਕਈ ਦੋਸਤਾਂ ਨੂੰ ਸੱਦਾ
ਦਿੱਤਾ। ਸਮੈਦਿਕ ਦੇ (ਸਾਬਕਾ) ਕੌਂਸਲਰ ਬਾਵਾ ਸਿੰਘ ਢੱਲੂ, ਇੰਡਸਰੀਅਲਿਸਟ
ਮਨਮੋਹਣ ਸਿੰਘ ਮਹੇੜੂ ਤੇ ਹੋਰ ਬਹੁਤ ਸਾਰੇ ਸੱਜਣ ਮਿੱਤਰ ਪਹੁੰਚ ਗਏ। ਹਾਲ ਇਸ
ਤਰ੍ਹਾਂ ਭਰ ਗਿਆ ਕਿ ਖੜਨ ਨੂੰ ਥਾਂ ਨਹੀਂ। ਕੁਰਸੀਆ ਹੋਰ ਮੰਗਾਈਆਂ ਗਈਆਂ। ਫਿਰ ਵੀ
ਲੋਕ ਭੁੰਜੇ, ਪੌੜੀਆਂ ‘ਚ ਬੈਠ ਗਏ। ਕਾਫੀ ਸਾਰੇ ਲੋਕ ਖਲੋਤੇ ਵੀ ਰਹੇ। ਪਰ ਫਿਲਮ
ਦੇਖਣ ਦੀ ਉਤਸੁਕਤਾ ‘ਚ ਹਰ ਕੌਈ ਜਿਵੇਂ ਵੀ ਹੋਵੇ, ਜਿਸ ਤਰ੍ਹਾਂ ਵੀ ਥਾਂ ਮਿਲੇ ਫਿਲਮ
ਦੇਖਣ ਨੂੰ ਤਿਆਰ ਸਨ। ਫਿਲਮ ਸ਼ੁਰੂ ਹੋ ਗਈ । ਦੇਖਣ ਵਾਲਿਆਂ ਦੇ ਮਨਾਂ ‘ਚ ਸੀਨ ਦਰ
ਸੀਨ ਫਿਲਮ ਦਰਜ ਹੁੰਦੀ ਗਈ। ਦਰਸ਼ਕਾਂ ‘ਚ ਔਰਤਾਂ ਵਧੇਰੇ ਸਨ। ਕੁਝ ਦੇ ਹੰਝੂ ਵੱਗ
ਪਏ। ਫਿਲਮ ਦੀ ਕਹਾਣੀ ਇਕ ਪਿੰਡ ਦੀ ਕੁੜੀ ਦੀ ਹੈ ਜੋ ਆਪਣੇ ਹੀ ਘਰ ਦੇ ਇਕ ਬਜ਼ੁਰਗ
ਤੋਂ ਸੁਰੱਖਿਅਤ ਨਹੀਂ ਤੇ ਸਮਾਜ ‘ਚ ਆਪਣੀ ਤੇ ਪਰਿਵਾਰ ‘ਚ ਬਣੀ ਇੱਜ਼ਤ ਤੋਂ ਡਰਦੀ
ਕਿੰਨਾਂ ਹੀ ਚਿਰ ਉਸ ਬਜ਼ੁਰਗ ਦੀਆਂ ਜ਼ਬਰਦਸਤੀਆਂ ਮੁਹਰੇ ਕੁਸਕਣ ਦੀ ਜੁਅੱਰਤ ਨਹੀਂ
ਕਰਦੀ। ਅਖੀਰ ਇਕ ਦਿਨ ਸਬਰ ਦੇ ਜ਼ਾਬਤੇ ਤੋਂ ਬਾਹਰ ਆ ਕੇ ਉਹ ਆਪਣੀ ਸਹੇਲੀ, ਜੋ ਕਿ
ਇਸ ਫਿਲਮ ‘ਚ ਮੁਖ ਅਦਾਕਾਰਾ ਵਜੋਂ ਕਿਰਦਾਰ ਨਿਭਾ ਰਹੀ ਹੈ, ਨੂੰ ਇਹ ਸਭ ਕੁਝ ਬਾਰੇ
ਦੱਸਦੀ ਹੈ। ਪਰ ਸਹੇਲੀ ਦੀ ਇਕ ਪਲ ਲਈ ਨਜ਼ਰ ਦੂਜੇ ਪਾਸੇ ਹੁੰਦਿਆਂ ਹੀ ਉਹ ਘਰਾਟ ‘ਚ
ਛਾਲ ਮਾਰ ਆਪਣੀ ਜ਼ਿੰਦਗੀ ਦਾ ਅੰਤ ਕਰ ਲੈਂਦੀ ਹੈ। ਤੇ ਇਸ ਤਰ੍ਹਾਂ ਉਹ ਗੱਲ ਦੱਬ ਕੇ
ਇਤਿਹਾਸ ਦੇ ਵਰਕਿਆਂ ‘ਚ ਗ਼ਰਕ ਹੋ ਜਾਂਦੀ ਹੈ ।
ਪਰ ਜਦੋਂ ਇਹੀ ਕੰਮ ਉਸ ਕੁੜੀ ਦਾ ਪਿਉ ਉਸ ਨਾਲ ਅਜਿਹਾ ਕਰਨ ਦਾ ਯਤਨ ਕਰਦਾ ਹੈ
ਤਾਂ ਉਹ ਬਗਾਵਤ ਕਰ ਆਪਣੇ ਸਾਥ ਆਪ ਲੱਭਣ ਲਈ ਕੁਝ ਨੌਜੁਆਨਾਂ ਨੂੰ ਵੰਗਾਰਦੀ ਹੈ ਤੇ
ਨਤੀਜੇ ਵਜੋਂ ਇਕ ਨੌਜੁਆਨ ਉਸ ਦਾ ਹੱਥ ਫੜ੍ਹ ਸਾਥ ਤੁਰਨ ਦਾ ਵਾਅਦਾ ਕਰ ਉਸ ਨੂੰ ਆਪਣੇ
ਨਾਲ ਆਪਣੇ ਘਰ ਲੈ ਜਾਂਦਾ ਹੈ ਜਿੱਥੇ ਉਸ ਨੂੰ ਸਮਾਜ ਦੇ ਹੋਰ ਪਹਿਲੂਆਂ ਨਾਲ ਸਾਹਮਣਾ
ਕਰਨਾ ਪੈਂਦਾ।
ਪਰ ਅਖੀਰ ਜਦ ਉਸ ਪਿਉ ਵਲੋਂ ਪੁਲੀਸ ‘ਚ ਰੀਪੋਰਟ ਦਰਜ ਕਰਾਉਣ ਗਏ ਤੇ ਥਾਣੇਦਾਰ
ਵਲੋਂ ਇਸ ਕੁੜੀ ਨੂੰ ਬਰਾਮਦ ਕਰ ਜਾਇਜ਼ਾ ਲਿਆ ਜਾਂਦਾ ਤਾਂ ਸਾਰੇ ਇੰਕਸ਼ਾਫਾਂ ‘ਚ
ਪੂਰੀ ਗੱਲ ਖੁੱਲਦੀ ਹੈ। ਆਪਣੇ ਨਾਲ ਹੋਈ ਅਜਿਹੀ ਹਰਕਤ ਦੇ ਖਿਲਾਫ ਬਗਾਵਤ ਕਰਦੀ ਉਹ
ਪੁਲਿਸ ਨੂੰ ਆਪਣੀ ਸਫਾਈ ਪੇਸ਼ ਕਰਦਿਆਂ ਥਾਣੇਦਾਰ ਦੇ ਅੰਦਰਲੇ ਪਿਉ ਨੂੰ ਵੰਗਾਰ ਪਾ
ਕੇ ਕਹਿੰਦੀ ਹੈ ਜੇ ਤੂੰ ਪੁਲਸੀਆ ਬਣ ਮੇਰੀ ਗੱਲ ਸੁਣਨੀ ਹੈ ਤਾ ਮੈਂ ਦਸ ਚੁਕੀ ਹਾਂ
ਪਰ ਜੇ ਪਿਉ ਬਣ ਕੇ ਸੁਣਨੀ ਹੈ ਤਾਂ “ਅਸਲ ਗੱਲ” ਆਹ ਹੈ...ਥਾਣੇਦਾਰ ਨੂੰ ਜਦ ਉਹ
ਕੁੜੀ ਧੀ ਦਾ ਵਾਸਤਾ ਪਾਕੇ ਲਿਲਕੜੀ ਕੱਢਦੀ ਹੈ ਤਾਂ ਥਾਣੇਦਾਰ ਦੇ ਅੰਦਰਲਾ ਪਿਉ ਜਾਗਣ
ਕਾਰਣ ਉਸਦਾ ਖੂਨ ਖੌਲ ਉਠਦਾ ਤੇ ਉਹ ਉਸ ਬਜ਼ੁਰਗ ਦੇ ਖਿਲਾਫ ਡੰਡਾ ਚੁਕ ਲੈਂਦਾ ਹੈ।
ਇਹ ਤੇਤੀ ਮਿੰਟਾਂ ਦੀ ਛੋਟੀ ਫਿਲਮ ਇਕ ਵੱਡੇ ਪਰਦੇ ਵਾਲੀ ਤਿੰਨ ਘੰਟੇ ਦੀ ਫਿਲਮ
ਨਾਲੋਂ ਬਹੁਤ ਕੁਝ ਜਿ਼ਆਦਾ ਕਹਿ ਜਾਂਦੀ ਹੈ ਤੇ ਹਾਲ ਵਿਚ ਔਰਤਾਂ ਦੇ ਹੰਝੁ
ਖਿਲਾਰਦਿਆਂ ਇਕ ਹੌਲ ਪੁਆ ਦਿੰਦੀ ਹੈ। ਮਰਦਾਂ ਦੇ ਦਿੱਲ ਹਲੂਣ ਦਿੰਦੀ ਹੈ। ਦਿਮਾਗੀਆਂ
ਨੁੰ ਸੋਚਣ ਲਗਾ ਦਿੰਦੀ ਹੈ। ਫਿਲਮ ਦੇਖ ਰਿਹਾ ਹਰ ਕੋਈ ਆਪਣੇ ਪਿੰਡ ਰਹਿੰਦੀ ਧੀ-ਭੈਣ
ਬਾਰੇ ਅਜਿਹੀ ਕਲਪਨਾ ਕਰ ਹੀ ਕੰਬ ਉੱਠਦਾ ਹੈ ਇਹ ਸੋਚਣ ਲਈ ਤੱਤਪਰ ਹੋ ਜਾਂਦਾ ਹੈ ਕਿ
ਜਿਸ ਘਰ ਦੀ “ਡਿਓੜੀ” ਹੀ ਕੰਬਣ ਲਗ ਪਵੇ ਤਾਂ ਉਸ ਘਰ ਦੀਆਂ ਨੀਂਹਾਂ ਕਿੱਥੇ ਫਸਣਗੀਆਂ
?
ਮਗਰੋਂ ਨਵਤੇਜ ਤੇ ਉਸ ਦੀ ਟੀਮ ਲੋਕਾਂ ਦੇ ਪ੍ਰਭਾਵ ਰੀਕਾਰਡ ਕਰਦੇ ਹਨ। ਹਰ ਕੋਈ
ਲਾਹਣਤ ਪਾਉਂਦਾ। ਵਿਲਾਇਤ ‘ਚ ਬੈਠੀ ਔਰਤ ਇਸ ਗੱਲ ਤੇ ਪਰੇਸ਼ਾਨ ਹੈ ਕਿ “ਮੇਰੇ”
ਪੰਜਾਬ ਦਾ ਏਨਾ ਹੀ ਆਵਾ ਊਤ ਗਿਆ ਕਿ ਉਥੇ ਆਪਣੇ ਘਰ ਵਿਚ ਆਪਣੀਆਂ ਹੀ ਧੀਆਂ ਆਪਣਿਆਂ
ਤੋਂ ਵੀ ਸੁਰੱਖਿਅਤ ਨਹੀਂ ?...ਕੀ ਪੰਜਾਬ ਦੇ ਸਭਿਆਚਾਰ ਦੀ “ਡਿਓੜੀ” ਹੀ ਕੰਬਣ ਲਗ
ਪਈ ਹੈ? ਕੀ ਬਾਪ ਦਾ ਰੋਲ ਪਰਿਵਾਰਿਕ ਇੰਸਟੀਚਿਊਸ਼ਨਲ ਮਹੱਤਵ ਤੋਂ ਗਾਇਬ ਹੋ ਚੁਕਾ ?
ਇਹ ਫਿਲਮ ਬਹੁਤ ਹੀ ਹੋਣਹਾਰ ਨੌਜੁਆਨ ਸੋਚਵਾਨ ਨਵਤੇਜ ਸੰਧੂ ਨੇ ਸੋਚੀ ਤੇ ਅਮਲੀ
ਜਾਮਾ ਪੁਆਇਆ । ਉਹ ਖੁਦ ਇਸ ਫਿਲਮ ਦਾ ਡਾਇਰੈਕਟਰ ਹੈ ਤੇ ਉਸ ਨੇ ਕਹਾਣੀ ਦੀ ਚੋਣ
ਪੰਜਾਬੀ ਦੇ ਮਸ਼ਹੂਰ ਲੇਖਕ ਜਸਵੰਤ ਸਿੰਘ ਕੰਵਲ ਦੀ ਲਿਖੀ ਸੱਚੀ ਕਹਾਣੀ ਨੂੰ ਆਧਾਰ
ਬਣਾ ਕੇ ਇਹ ਯਤਨ ਕੀਤਾ ਹੈ। ਫਿਲਮ ਦੇ ਸਾਰੇ ਕਲਾਕਾਰਾਂ ਨੇ ਬਹੁਤ ਪ੍ਰਭਾਵਸ਼ਾਲੀ
ਅਦਾਕਾਰੀ ਨੂੰ ਕਹਾਣੀ ਦੇ ਐਨ ਢੁੱਕਵੇਂ ਪਾਤਰ ਬਣ ਜਾਨ ਪਾ ਦਿੱਤੀ ਹੈ, ਜਿਸ ਵਿਚ
ਸਰਦਾਰ ਸੋਹੀ ਨੇ ਥਾਣੇਦਾਰ, ਜਸਪਿੰਦਰ ਚੀਮਾ ਨੇ ਮੁੱਖ ਅਦਾਕਾਰਾ ਦਾ ਰੋਲ ਨਿਭਾਇਆ।
ਬਾਕੀ ਕਲਾਕਾਰਾਂ ਵਿਚ ਮੋਹਿਤ ਭਾਸਕਰ, ਜਸਵੰਤ ਜਸ, ਸੁਖਬੀਰ ਸੰਧੂ, ਗੁਰਬਿੰਦਰ ਭੱਟੀ,
ਦਿਲਰਾਜ ਉਦੈ, ਤੇ ਸੁਖਦੇਵ ਬਰਨਾਲਾ ਸ਼ਾਮਲ ਹਨ। ਸੰਗੀਤ ਅਨੁਜ ਚਤੁਰਵੲਦੀ,ਤੇ
ਸਿਨੇਮੈਟੋਗ੍ਰਾਫੀ ਲਈ ਪਰਮਿੰਦਰ ਸਿੰਘ ਦੇ ਨਾਂਅ ਲਏ ਜਾ ਸਕਦੇ ਹਨ। ਭਾਵੇਂ ਇਕ ਦੋ
ਥਾਵਾਂ ਤੇ ਤਰਤੀਬ ਦਿੱਤੀਆਂ ਘਟਨਾਵਾਂ ਅੱਖਰਦੀਆਂ ਹਨ ਪਰ ਸਮੁੱਚੇ ਤੌਰ ਤੇ ਇਹ ਫਿਲਮ
ਹਰ ਪੱਖੋਂ ਵਦੀਆ ਫਿਲਮ ਕਹੀ ਜਾ ਸਕਦੀ ਹੈ। ਇਸ ਦੇ ਨਾਲ ਨਾਲ ਜਿਸ ਟੀਮ ਨੇ ਵਿਲਾਇਤ
‘ਚ ਇਹ ਸਾਰੇ ਕੁਝ ਨੂੰ ਨੇਪਰੇ ਚਾੜ੍ਹਿਆ ਉਨ੍ਹਾਂ ਵਿਚ ਵਾਈਡਸ਼ੌਟ ਪ੍ਰੋਡਕਸ਼ਨਜ਼
(www.wideshotproduction.com)
ਦੀ ਸੰਨਦੀਪ ਸੰਧੂ, ਤੇ ਇਸ ਕੰਪਨੀ ਦੇ ਡਾਇਰੈਕਟਰ ਰਿਕੀ (ਮਨੋਜ ਕੁਮਾਰ)
ਵੀ ਸ਼ਾਮਲ ਹਨ।
ਫਿਲਮ ਦੇਖੀ ਗਈ। ਨਵਤੇਜ ਭਾਰਤ ਮੁੜ ਗਏ। ਪਰ ਇਸ ਫਿਲਮ ਰਾਹੀਂ ਸੁਨੇਹੇ ਤੇ ਯਾਦਾਂ
ਵਜੋਂ ਬਹੁਤ ਕੁਝ ਸਾਡੇ ਕੋਲ ਛੱਡ ਗਏ। ਤੇ ਸਭ ਕੁਝ ਤੋਂ ਵੱਧ ਇਕ ਸੁਆਲ ਛੱਡ ਗਏ ਕਿ
ਕੀ ਹੁਣ ਪੰਜਾਬ ‘ਚ ਆਵਾ ਹੀ ਊਤ ਗਿਆਂ ? ਕੀ ਪੰਜਾਬ ‘ਚ ਹੁਣ ਕੋਈ ਵੀ ਕੁੜੀ
ਸੁਰੱਖਿਅਤ ਨਹੀਂ ? ਬਾਹਰੀ ਡਰ ਤਾਂ ਛੱਡੋ ਕੀ ਆਪਣੇ ਮਾਂ ਬਾਪ ਵੀ ਭੇੜੀਏ ਬਣ ਚੁਕੇ
ਹਨ?
ਪਰ ਇਹ ਗੱਲ ਹੋਰ ਵੀ ਸੁਆਲ ਪਾਉਂਦੀ ਹੈ ਕਿ ਜਸਵੰਤ ਸਿੰਘ ਕੰਵਲ ਨੇ ਇਹ ਕਹਾਣੀ
ਸੱਚੀ ਦੱਸੀ ਹੈ ਤੇ 1959 ‘ਚ ਲਿਖੀ ਸੀ। ਕੀ 1959 ਨਾਲੋਂ ਹੁਣ ਹਾਲਾਤ ਬਿਹਤਰ ਹੋਏ
ਹਨ ਜਾਂ ਬੱਦਤਰ। ਇਹ ਫਿਲਮ ਜ਼ਰੂਰ ਇਨ੍ਹਾਂ ਗੱਲਾਂ ਉਪਰ ਬਹਿਸ ਮੰਗਦੀ ਹੈ।
ਕਲਮਕਾਰਾਂ, ਵਿਚਾਰਵਾਨਾਂ, ਸਮਾਜ ਦੀ ਚਿੰਤਾ ਕਰਨ ਵਾਲੇ ਔਰਤਾਂ-ਮਰਦ ਇਸ ਫਿਲਮ
ਨੂੰ ਆਧਾਰ ਬਣਾ ਕੇ ਸੱਚ ਤੇ ਝੂਠ ਦਾ ਨਿਤਾਰਾ ਨਹੀਂ ਕਰਨਾ ਚਾਹੁਣਗੇ?
S. BALWANT
8, Coleshill Street,
Fazeley B78 3RA
TAMWORTH (UK),
Tele (0044) +07450211512,
sbalwant1946@gmail.com
sbalwant@hotmail.com
|