(ਪਿੱਫ) ਜਾਣੀ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਟਰੰਟੋ ਕਨੇਡਾ ਵਿੱਚ 16
ਤੋਂ 20 ਮਈ 2013 ਤੱਕ ਬਹੁਤ ਸਾਰੀਆਂ ਸ਼ਾਰਟ ਫਿਲਮਾਂ ਦਿਖਾਈਆਂ ਗਈਆਂ, ਜਿਹਨਾਂ ਨੂੰ
ਦੇਖਣ ਦਾ ਮੌਕਾ ਮੈਨੂੰ ਵੀ ਮਿਲਿਆ। ਪਰ ਇਹਨਾ ਸਾਰੀਆਂ ਵਿਚੋਂ ਇਕ ਫਿਲਮ ਜਿਸ ਨੇ
ਮੈਨੂੰ ਹੀ ਨਹੀਂ ਬਲਿ ਕਿ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਤ ਕੀਤਾ। ਜਿਹੜੀ ਇਕ ਐਸੇ
ਵਿਸ਼ੇ ਤੇ ਬਣਾਈ ਗਈ ਹੈ ਉਹ ਹੈ "ਆਬ" ਜਾਣੀ ਪਾਣੀ, ਜਿਸ ਤੋਂ ਵਗੈਰ ਦੁਨੀਆਂ ਤੇ ਕੋਈ
ਵੀ ਜੀਵ ਦੇ ਜਿੰਦੇ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਥੇ ਪਾਣੀ ਨੂੰ ਪੀਣ
ਯੋਗ ਰੱਖਣਾ ਬਹੁਤ ਜਰੂਰੀ ਹੈ ਉਥੇ ਪਾਣੀ ਨੂੰ ਜਰੂਰਤ ਤੋਂ ਵੱਧ ਇਸਤੇਮਾਲ ਕਰਨ ਤੋਂ
ਗੁਰੇਜ਼ ਕਰਨਾ ਵੀ ਬਹੁਤ ਜਰੂਰੀ ਹੈ, ਜੋ ਕਿ ਅੱਜ ਕੱਲ ਬਹੁਤ ਵੱਡੀ ਚਣੌਤੀ ਬਣ ਕੇ
ਸਾਹਮਣੇ ਆ ਰਹੀ ਹੈ।
ਹਰ ਪਾਸੇ ਪਾਣੀ ਦੀ ਸ਼ੁੱਧਤਾ ਦਿਨੋ ਦਿਨ ਬਿਗੜ ਰਹੀ ਹੈ ਅਤੇ ਖਰਾਬ ਪਾਣੀ ਨੂੰ ਪੀ
ਕੇ ਕਿੰਨੇ ਜੀਵ ਆਏ ਦਿਨ ਆਪਣੀਆਂ ਜਾਨਾਂ ਤੋਂ ਹੱਥ ਧੋ ਰਹੇ ਨੇ ਤੇ ਕਿੰਨੀਆਂ
ਬਿਮਾਰੀਆਂ ਉਜਾਗਰ ਹੋ ਰਹੀਆਂ ਹਨ ਕਿ ਇਸ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ। ਇਸ
ਵਿਸ਼ੇ ਤੇ 10 ਮਿੰਟ ਦੀ ਸ਼ਾਰਟ ਫਿਲਮ "ਆਬ" ਵੀ "ਪਿੱਫ" ਵਿਚ ਦਿਖਾਈ ਗਈ ਸੀ। "ਆਬ"
ਨੂੰ ਔਜਲਾ ਇਨੋਵੇਸ਼ਨ ਇੰਕ ਦੇ ਬਾਨੀ ਮਨਦੀਪ ਸਿੰਘ ਔਜਲਾ ਨੇ ਆਪਣੀ ਪੂਰੀ ਟੀਮ ਦੇ
ਸਹਿਯੋਗ ਨਾਲ ਬਹੁਤ ਹੀ ਮਹਿਨਤ ਅਤੇ ਇਮਾਨਦਾਰੀ ਨਾਲ ਤਿਆਰ ਕੀਤਾ ਹੈ। ਇਸ ਫਿਲਮ
ਰਾਹੀਂ ਮਨਦੀਪ ਸਿੰਘ ਔਜਲਾ ਨੇ ਇਕ ਬਹੁਤ ਹੀ ਜਰੂਰੀ ਅਤੇ ਅਰਥ ਭਰਪੂਰ ਸੰਦੇਸ਼ ਨਾਲ
ਲੋਕਾਂ ਨੂੰ ਹੋਕਾ ਦਿੱਤਾ ਹੈ। ਜਿਸ ਹੋਕੇ ਨੇ ਮੇਰੇ ਉਤੇ ਬਹੁਤ ਅਸਰ ਕੀਤਾ ਹੈ, ਜਿਸ
ਦਿਨ ਤੋਂ "ਆਬ" ਦੇਖੀ ਹੈ ਉਸ ਦਿਨ ਤੋਂ ਪਾਣੀ ਦਾ ਇਸਤੇਮਾਲ ਕਰਨ ਵਿਚ ਮੈਂ ਬਹੁਤ
ਸੁਚੇਤ ਹੋ ਗਿਆ ਹਾਂ, ਸਵੇਰੇ ਬਰੱਸ਼ ਕਰਨ ਵੇਲੇ ਵੀ ਪਾਣੀ ਵਾਲੀ ਟੈਪ ਪਹਿਲਾਂ ਵਾਂਗੂ
ਲਗਾਤਾਰ ਚਲਦੀ ਨਹੀਂ ਰੱਖਦਾ, ਜਦੋਂ ਜਰੂਰਤ ਹੁੰਦੀ ਹੈ ਖੋਲ ਲੈਂਦਾ ਹਾਂ। ਮੇਰੀ ਇਹ
ਗੱਲ ਹੋ ਸਕਦਾ ਹੈ ਕੁਝ ਲੋਕਾਂ ਨੂੰ ਬਚਕਾਨੀ ਲੱਗੇ ਤੇ ਉਹ ਲੋਕ ਮੇਰੇ ਉਤੇ ਹੱਸਣ ਵੀ,
ਪਰ ਇਹ ਸੱਚ ਹੈ ਕਿ ਜੇ ਹਰ ਇਨਸਾਨ ਹੀ ਆਪਣੀ ਜਿੰਮੇਵਾਰੀ ਸਮਝੇ ਕਿ ਪਾਣੀ ਦੀ
ਸ਼ੁੱਧਤਾ ਨੂੰ ਅਤੇ ਜਰੂਰਤ ਤੋਂ ਵੱਧ ਇਸਤੇਮਾਲ ਕਰਕੇ ਖਰਾਬ ਨਹੀਂ ਕਰਨਾ ਤਾਂ ਹਕੀਕਤ
ਵਿੱਚ ਅਸੀਂ ਲੋਕੀ ਚੰਗੇ ਸਿਟੀਜਨ ਬਣਨ ਦੇ ਨਾਲ ਨਾਲ ਚੰਗੇ ਇਨਸਾਨ ਵੀ ਬਣ ਸਕਦੇ ਹਾਂ
ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਚੰਗਾ ਤੇ ਤੰਦਰੁਸਤ ਜੀਵਨ ਜਿਊਣ ਦੇ ਲਈ ਕੁਝ ਕਰ
ਸਕਦੇ ਹਾਂ। ਮੇਰੀ ਪਰਸਨਲੀ ਇਕ ਬੇਨਤੀ ਹੈ ਦੁਨੀਆਂ ਦੇ ਹਰ ਇਨਸਾਨ ਅੱਗੇ ਕਿ ਜੇ ਕਿਸੇ
ਨੇ ਹਾਲੇ ਤੱਕ "ਆਬ" ਨਹੀਂ ਦੇਖੀ ਤਾਂ ਤੁਸੀਂ ਵੇਬ ਸਾਈਟ (www.aabproject.com)
ਤੇ ਜਾ ਕੇ ਦੇਖ ਸਕਦੇ ਹੋ ਅਤੇ ਨਾਲ ਹੀ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ। ਕਿਓਂ
ਕਿ ਕਿਸੇ ਚੰਗੇ ਮਾੜੇ ਕੰਮ ਲਈ ਹਰ ਇਨਸਾਨ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਵੀ ਹੈ
ਤੇ ਫ਼ਰਜ਼ ਵੀ ਬਣਦਾ ਹੈ।
ਦੋਸਤੋ, ਮੈਂ ਆਪਣੀ ਤਰਫੋਂ ਇਸ ਪਰੋਜੈਕਟ "ਆਬ" ਨੂੰ ਬਨਾਉਣ ਵਾਲੀ ਟੀਮ ਦਾ ਤਹਿ
ਦਿਲੋਂ ਸ਼ੁਕਰ ਗੁਜ਼ਾਰ ਵੀ ਹਾਂ ਅਤੇ ਨਾਲ ਹੀ ਨਾਲ ਪ੍ਰਮਾਤਮਾ ਅੱਗੇ ਅਰਦਾਸ ਕਰਦਾ
ਹਾਂ ਕਿ ਔਜਲਾ ਇਨੋਵੇਸ਼ਨ ਇੰਕ ਦੀ ਟੀਮ ਦੇ ਸਿਰ ਤੇ ਹੱਥ ਰੱਖੇ ਅਤੇ ਅੱਗੇ ਤੋਂ
ਕੁਦਰਤੀ ਸਰੋਤਾਂ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ
ਹੋਰ ਵੀ ਸੰਦੇਸ਼ ਭਰੇ ਪਰੋਜੈਕਟ ਬਨਾਉਣ ਲਈ ਬਲ ਬਖਸ਼ੇ। ਇਸ ਫਿਲਮ ਵਿੱਚ ਅਮਰ ਨੂਰੀ
ਜੀ ਅਤੇ ਜਸਵੀਰ ਜੱਸੀ ਜੀ ਨੇ ਕੰਮ ਕੀਤਾ ਹੈ ਅਤੇ ਸਰਦੂਲ ਸਿਕੰਦਰ ਜੀ ਨੇ "ਆਬ" ਲਈ
ਮਿਊਜਕ ਦਿੱਤਾ ਹੈ ਅਤੇ ਗੀਤ ਲਈ ਅਵਾਜ਼ ਦਿੱਤੀ ਹੈ। ਅਖੀਰ ਵਿੱਚ ਮੈਂ ਇਹ ਹੀ
ਗੁਜ਼ਾਰਿਸ਼ ਕਰਾਂਗਾ ਕਿ ਇਸ ਫਿਲਮ ਨੂੰ ਜਰੂਰ ਦੇਖਣਾ। ਸ਼ਾਇਦ ਇਸ ਫਿਲਮ ਨੂੰ ਦੇਖ ਕੇ
ਚੰਦ ਲੋਕੀ ਵੀ "ਆਬ" ਨੂੰ ਸਾਫ ਸੁਥਰਾ ਰੱਖਣ ਲਈ ਕੋਸਿ਼ਸ ਕਰਨੀ ਸ਼ੁਰੂ ਕਰ ਦੇਣਗੇ
ਤਾਂ ਮੈਂ ਸਮਝਾਂਗਾ ਕਿ "ਆਬ" ਬਨਾਉਣ ਵਾਲੇ ਔਜਲਾ ਇਨੋਵੇਸ਼ਨ ਇੰਕ ਦਾ ਕਾਫ਼ਲਾ ਦਿਨੋਂ
ਦਿਨ ਵਧ ਰਿਹਾ ਹੈ। ਇਸ ਪਰੋਜੈਕਟ ਨੂੰ ਜਿੰਨਾ ਵੀ ਸਲਾਹਿਆ ਜਾਵੇ ਥੋੜਾ ਹੈ। ਕਿਓਂ ਕਿ
ਜੇ ਨੇਚਰ ਦੀਆਂ ਦਿੱਤੀਆਂ ਹੋਈਆਂ ਦਾੱਤਾਂ ਆਪਾਂ ਨਾ ਸਾਂਭੀਆਂ ਤਾਂ ਮਿੱਤਰੋ ਇਕ ਦਿਨ
ਸਭ ਕੁਝ ਖਤਮ ਹੋ ਜਾਵੇਗਾ।
joe5abi@yahoo.ca
647-854-6044
|