ਪੰਜਾਬੀ ਗਾਇਕੀ ਵਿਚ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਰਣਜੀਤ ਕੌਰ ਅਤੇ ਚਿਤਰਾ
ਸਿੰਘ ਤੋਂ ਬਾਅਦ ਮਨਪ੍ਰੀਤ ਅਖ਼ਤਰ ਦੀ ਸੁਰੀਲੀ ਆਵਾਜ਼ ਦਾ ਜਦੂ ਸਰੋਤਿਆਂ ਦੇ ਦਿਲਾਂ
ਨੂੰ ਸ਼ਰਸ਼ਾਰ ਕਰਨ ਵਿਚ ਸਫਲ ਹੋਇਆ ਹੈ। ਪ੍ਰਕਾਸ਼ ਕੌਰ, ਸੁਰਿੰਦਰ ਕੌਰ ਅਤੇ ਰਣਜੀਤ ਕੌਰ
ਲੋਕ ਗਾਇਕਾਵਾਂ ਦੇ ਤੌਰ ਤੇ ਜਾਣੀਆਂ ਜਾਂਦੀਆਂ ਹਨ ਅਤੇ ਉਹ ਵੀ ਪੰਜਾਬੀ ਗਾਇਕੀ ਦੇ
ਖੇਤਰ ਵਿਚ। ਚਿਤਰਾ ਜਗਜੀਤ ਸਿੰਘ ਗ਼ਜ਼ਲ ਗਾਇਕਾ ਦੇ ਤੌਰ ਤੇ ਆਪਣਾਂ ਨਾਂ ਕਮਾ ਚੁੱਕੀ
ਹੈ। ਮਨਪ੍ਰੀਤ ਅਖ਼ਤਰ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਅਤੇ ਲੋਕ ਗਾਇਕੀ ਤੇ
ਕਲਾਸੀਕਲ ਗਾਇਕੀ ਦੋਹਾਂ ਵਿਚ ਸਫਲ ਰਹੀ ਹੈ। ਇਸਦੇ ਨਾਲ ਹੀ ਉਸਦੀ ਗਾਇਕੀ
ਵਿਚ ਇਕ ਹੋਰ ਵਿਲੱਖਣ ਗੁਣ ਸੀ ਕਿ ਉਹ ਸੰਜੀਦਾ ਗਾਇਕਾ ਸੀ।
ਸੁਰਿੰਦਰ ਕੌਰ ਨੇ ਫਿਲਮਾਂ ਵਿਚ ਸਥਾਪਤ ਹੋਣ ਦੀ ਕੋਸ਼ਿਸ਼ ਵਿਚ ਆਪਣੇ ਪਤੀ ਦੇ ਕਹਿਣ
ਉਪਰ ਬੰਬਈ ਵਿਚ ਡੇਰੇ ਵੀ ਲਾਏ ਪ੍ਰੰਤੂ ਉਹ ਉਕੇ ਪੈਰ ਜਮਾ ਨਹੀਂ ਸਕੀ ਪ੍ਰੰਤੂ
ਮਨਪ੍ਰੀਤ ਅਖ਼ਤਰ ਨੇ ਫਿਲਮਾ ਵਿਚ ਵੀ ਘੁੰਮਾਂ ਪਾਈਆਂ ਪ੍ਰੰਤੂ ਆਪਣੀ ਜਨਮ ਅਤੇ ਕਰਮ
ਭੂਮੀ ਪੰਜਾਬ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ। ਇਹੋ ਮਨਪ੍ਰੀਤ ਦੇ ਸਿਦਕ ਅਤੇ ਸਿਰੜ
ਦਾ ਪਤਾ ਲੱਗਦਾ ਹੈ। ਪੰਜਾਬੀ ਅਤੇ ਹਿੰਦੀ ਦੀ ਗਾਇਕੀ ਨੂੰ ਸਾਫ ਸੁਥਰੀ ਪਛਾਣ ਦੇਣ
ਵਾਲੀ ਸੁਰੀਲੀਆਂ ਸੁਰਾਂ ਦੀ ਮਲਿਕਾ ਮਨਪ੍ਰੀਤ ਅਖ਼ਤਰ ਗਾਇਕੀ ਵਿਚ ਨਵੀਆਂ ਪੈੜਾਂ ਪਾ
ਕੇ ਇਸ ਫਾਨੀ ਸੰਸਾਰ ਤੋਂ 17 ਜਨਵਰੀ ਨੂੰ ਅਲਵਿਦਾ ਲੈ ਗਈ ਹੈ। ਕਲਾਸੀਕਲ ਅਤੇ ਲੋਕ
ਗਾਇਕੀ ਦਾ ਸੁਮੇਲ ਹੋਣਾ ਇੱਕ ਵਿਲੱਖਣ ਵਿਅਕਤਿਤਵ ਦੇ ਗਾਇਕਾਂ ਦੇ ਹਿੱਸੇ ਹੀ ਆਉਂਦਾ
ਹੈ। ਹਰ ਗਾਇਕ ਦਾ ਆਪੋ ਆਪਣਾ ਖੇਤਰ ਦਾ ਮਾਹਿਰ ਹੁੰਦਾ ਹੈ। ਕੋਈ ਗਾਇਕ ਲੋਕ ਗਾਇਕੀ,
ਸੂਫ਼ੀ, ਕਲਾਸੀਕਲ, ਢਾਡੀ, ਰਾਗੀ, ਵਾਰਾਂ ਜਾਂ ਧਾਰਮਿਕ ਗਾਇਕੀ ਕਰਕੇ ਜਾਣਿਆਂ ਜਾਂਦਾ
ਹੈ, ਪ੍ਰੰਤੂ ਮਨਪ੍ਰੀਤ ਅਖ਼ਤਰ ਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਉਹ ਇੱਕ ਅਜਿਹੀ
ਗਾਇਕਾ ਸੀ, ਜਿਸ ਵਿਚ ਇਕ ਦੀ ਥਾਂ ਦੋਵੇਂ ਗੁਣ ਮੌਜੂਦ ਸਨ ਜਿਨਾਂ ਕਰਕੇ ਉਸਦੀ ਕਲਾ
ਵਿਚ ਹੋਰ ਨਿਖ਼ਾਰ ਆਇਆ ਸੀ। ਹਾਲਾਂਕਿ ਲੋਕ ਗਾਇਕੀ ਅਤੇ ਕਲਾਸੀਕਲ ਗਾਇਕੀ ਦਾ ਆਪਸ ਵਿਚ
ਕੋਈ ਬਹੁਤਾ ਮੇਲ ਹੀ ਨਹੀਂ ਸਗੋਂ ਜ਼ਮੀਨ ਅਸਮਾਨ ਜਿੰਨਾ ਫਰਕ ਹੁੰਦਾ ਹੈ। ਮਨਪ੍ਰੀਤ
ਦੋਹਾਂ ਵਿਚ ਮਾਹਿਰ ਸੀ। ਮਨਪ੍ਰੀਤ ਅਖ਼ਤਰ ਦੀ ਗਾਇਕੀ ਦੇ ਹੋਰ ਕਈ ਅਜਿਹੇ ਗੁਣ ਹਨ,
ਜਿਹੜੇ ਉਸਨੂੰ ਰਵਾਇਤੀ ਗਾਇਕਾਂ ਨਾਲੋਂ ਵੱਖਰੀ ਗਾਇਕਾ ਬਣਾਉਂਦੇ ਹਨ। ਉਹ ਪੰਜਾਬੀ,
ਹਿੰਦੀ ਅਤੇ ਉਰਦੂ ਤਿੰਨੋਂ ਭਾਸ਼ਾਵਾਂ ਦੀ ਬਿਹਤਰੀਨ ਗਾਇਕਾ ਸੀ। ਆਮ ਤੌਰ ਤੇ ਇੱਕ
ਭਾਸ਼ਾ ਵਿਚ ਮੁਹਾਰਤ ਹੁੰਦੀ ਹੈ ਪ੍ਰੰਤੂ ਮਨਪ੍ਰੀਤ ਅਖ਼ਤਰ ਦੀ ਪ੍ਰਤਿਭਾ ਨੇ ਉਸਨੂੰ
ਤਿੰਨ ਭਾਸ਼ਾਵਾਂ ਦੀ ਗਾਇਕਾ ਹੋਣ ਦਾ ਮਾਣ ਦਿੱਤਾ।
ਗਾਇਕੀ ਦੀ ਗੁੜਤੀ ਮਨਪ੍ਰੀਤ ਅਖ਼ਤਰ ਨੂੰ ਆਪਣੇ ਵਿਰਸੇ ਵਿਚੋਂ ਆਪਣੇ ਪਿਤਾ ਜਨਾਬ
ਕੀੜੇ ਖ਼ਾਂ ਸ਼ੌਕੀਨ ਤੋਂ ਮਿਲੀ ਪ੍ਰੰਤੂ ਉਸਦੀ ਗਾਇਕੀ ਦੀ ਕਲਾ ਨੂੰ ਵਿਗਸਣ ਅਤੇ ਨਿਖ਼ਰਣ
ਦਾ ਮਾਣ ਪਿੰਡ ਕੱਦੋਂ ਜਿਲਾ ਲੁਧਿਆਣਾ ਦੇ ਵਲਾਇਤੀ ਰਾਮ ਦੇ ਲੜਕੇ ਸੰਜੀਵ ਕੁਮਾਰ ਨਾਲ
ਵਿਆਹ ਦੇ ਬੰਧਨ ਤੋਂ ਬਾਅਦ ਸਹੁਰੇ ਪਰਿਵਾਰ ਵਿਚੋਂ ਮਿਲਿਆ ਕਿਉਂਕਿ ਉਸਦੀ ਸੱਸ ਬੀਬੀ
ਜੌਹਰੀ ਪੰਜਾਬੀ ਦੀ ਕਵਿਤਰੀ ਹੈ। ਮਨਪ੍ਰੀਤ ਅਖ਼ਤਰ ਦਾ ਪੇਕਾ ਪਰਿਵਾਰ ਵੀ ਗਾਇਕੀ ਵਿਚ
ਮੋਹਰੀ ਭੂਮਿਕਾ ਨਿਭਾ ਰਿਹਾ ਸੀ ਪ੍ਰੰਤੂ ਉਸ ਪਰਿਵਾਰ ਵਿਚ ਕੁਆਰੀਆਂ ਕੁੜੀਆਂ ਦੇ
ਗਾਇਕੀ ਵਲ ਜਾਣ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ ਸਗੋਂ ਉਨਾਂ ਨੂੰ ਗਾਇਕੀ ਤੋਂ
ਰੋਕਿਆ ਜਾਂਦਾ ਸੀ ਕਿਉਂਕਿ ਉਹ ਮਹਿਸੂਸ ਕਰਦੇ ਸਨ ਕਿ ਗਾਇਕ ਕੁੜੀਆਂ ਲਈ ਵਰ ਲੱਭਣ
ਵਿਚ ਮੁਸ਼ਕਲ ਪੇਸ਼ ਆਉਂਦੀ ਸੀ। ਭਾਵੇਂ ਪਰਿਵਾਰ ਵਿਚ ਗਾਇਕੀ ਦਾ ਮਾਹੌਲ ਹੋਣ ਕਰਕੇ
ਗਾਇਕੀ ਦੀ ਪ੍ਰਵਿਰਤੀ ਮਨਪ੍ਰੀਤ ਵਿਚ ਬਚਪਨ ਤੋਂ ਹੀ ਉਸਲਵੱਟੇ ਲੈਂਦੀ ਹੋਈ ਪਣਪ ਰਹੀ
ਸੀ। ਉਸਦਾ ਭਰਾ ਦਿਲਸ਼ਾਦ ਅਖ਼ਤਰ
ਵੀ ਚੋਟੀ ਦਾ ਗਾਇਕ ਸੀ। ਦੂਜਾ ਭਰਾ ਗੁਰਾਂਦਿੱਤਾ ਵੀ ਗਾਇਕ ਹੈ। ਸਕੂਲ
ਸਮੇਂ ਤੋਂ ਹੀ ਉਹ ਲੁਕ ਛਿਪ ਕੇ ਆਪਣੀਆਂ ਸਹੇਲੀਆਂ ਦੇ ਸਾਥ ਵਿਚ ਗਾਇਕੀ ਦੀ ਕਲਾ ਦਾ
ਪ੍ਰਗਟਾਵਾ ਕਰਦੀ ਰਹਿੰਦੀ ਸੀ।
ਮਨਪ੍ਰੀਤ ਦੀ ਮੁੱਢਲੀ ਪੜਾਈ ਕੋਟਕਪੂਰਾ ਵਿਖੇ ਹੀ ਹੋਈ। ਉਚ ਪੜਾਈ ਲਈ ਉਸਨੇ
ਵਿਮੈਨ ਕਾਲਜ ਪਟਿਆਲਾ ਵਿਚ ਦਾਖ਼ਲਾ ਲੈ ਲਿਆ। ਉਸਤਾਦ ਕ੍ਰਿਸ਼ਨ ਚੰਦਰ ਭਾਰਦਵਾਜ ਰਾਹੀਂ
ਵਿਮੈਨ ਕਾਲਜ ਪਟਿਆਲਾ ਦੀ ਪ੍ਰਿੰਸੀਪਲ ਡਾ. ਸੁਰਿੰਦਰ ਕਪਿਲਾ ਨੂੰ ਆਪਣਾ ਗੁਰੂ ਧਾਰ
ਲਿਆ। ਡਾ.ਸੁਰਿੰਦਰ ਕਪਿਲਾ ਨੇ ਮਨਪ੍ਰੀਤ ਦੀ ਗਾਇਕੀ ਕਲਾ ਦੀ ਪਛਾਣ ਕੀਤੀ ਅਤੇ
ਤ੍ਰਾਸ਼ਕੇ ਅਜਿਹਾ ਹੀਰਾ ਮੋਤੀ ਬਣਾ ਦਿੱਤਾ ਜਿਹੜਾ ਸ੍ਰੋਤਿਆਂ ਦੇ ਦਿਲਾਂ ਨੂੰ ਆਪਣੀ
ਸੁਰੀਲੀ ਆਵਾਜ਼ ਨਾਲ ਕੀਲ ਕੇ ਮੰਤਰ ਮੁਗਧ ਕਰ ਦਿੰਦਾ ਸੀ। ਉਸਦੀ ਦੀ ਗੁਉਣ ਦੀ ਸ਼ੁਰੂਆਤ
ਕਾਲਜ ਅਤੇ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਤੋਂ ਹੋਈ। ਜਲਦੀ ਹੀ ਉਹ ਯੂਥ
ਫੈਸਟੀਵਲਾਂ ਦਾ ਸ਼ਿੰਗਾਰ ਬਣ ਗਈ। ਮਨਪ੍ਰੀਤ ਅਖ਼ਤਰ ਜਿਸ ਸਮੁਦਾਏ ਵਿਚ ਪੈਦਾ ਹੋਈ ਉਸਦੇ
ਮੈਂਬਰਾਂ ਵਿਚ ਇਕ ਕਲਾਤਮਿਕ ਖਾਸ ਕਿਸਮ ਦਾ ਗੁਣ ਹੁੰਦਾ ਹੈ ਕਿ ਉਹ ਮਖ਼ੌਲੀਆ ਸੁਭਾਆ
ਦੇ ਹੁੰਦੇ ਹਨ। ਹਰ ਘਟਨਾ ਜਾਂ ਗੱਲ ਨੂੰ ਮਜਾਈਆ ਢੰਗ ਨਾਲ ਪੇਸ਼ ਕਰਕੇ ਟਿੱਚਰ ਕਰਦੇ
ਹਨ ਪ੍ਰੰਤੂ ਮਨਪ੍ਰੀਤ ਇਸਦੇ ਉਲਟ ਸੰਜੀਦਾ ਕਿਸਮ ਦੀ ਗਾਇਕੀ ਵਿਚ ਵਿਸ਼ਵਾਸ਼ ਰੱਖਣ ਵਾਲੀ
ਗਾਇਕਾ ਸੀ। ਉਸ ਦਾ ਸਾਦਾ ਜੀਵਨ, ਨਮਰਤਾ, ਮਿਲਵਰਤਨ, ਸਲੀਕਾ ਅਤੇ ਸਮਾਜਿਕ ਵਿਵਹਾਰ
ਉਸਦੀ ਗਾਇਕੀ ਨੂੰ ਪ੍ਰਫੁਲਤ ਕਰਨ ਵਿਚ ਸਹਾਈ ਹੋਏ। ਪੰਜਾਬ ਨਾਲ ਉਸਨੂੰ ਅਥਾਹ ਪਿਆਰ
ਸੀ, ਜਦੋਂ ਉਸਨੂੰ ਫਿਲਮਾਂ ਵਿਚ ਗਾਣੇ ਗਾਉਣ ਦਾ ਇਤਫ਼ਾਕ ਹੋਇਆ ਤਾਂ ਉਸਨੇ ਪੰਜਾਬ
ਛੱਡਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਜਿਸ ਧਰਤੀ ਨੇ ਉਸਨੂੰ ਗਾਇਕੀ ਦੀ ਕਲਾ ਦਾ ਵਰ
ਦਿੱਤਾ ਸੀ ਉਹ ਉਸ ਨਾਲ ਜੁੜੀ ਰਹਿਣਾ ਚਾਹੁੰਦੀ ਸੀ।
ਮਨਪ੍ਰੀਤ ਅਖ਼ਤਰ ਦੀ ਗਾਇਕੀ ਸਮਾਜਿਕ ਅਤੇ ਘਰੇਲੂ ਪ੍ਰਗਰਾਮਾ ਤੋਂ ਹੁੰਦੀ ਹੋਈ
ਆਪਣੇ ਭਰਾ ਦਿਲਸ਼ਾਦ ਅਖ਼ਤਰ ਦੇ 1996 ਵਿਚ ਅਚਾਨਕ ਇੱਕ ਦੁੱਖਦਾਈ ਘਟਨਾ ਵਿਚ ਇਸ ਫਾਨੀ
ਜਹਾਨ ਵਿਚੋਂ ਜਾਣ ਤੋਂ ਬਾਅਦ ਪਰਿਵਾਰ ਦੀ ਗਾਇਕੀ ਦੀ ਪਰੰਪਰਾ ਨੂੰ ਤੋਰੀ ਰੱਖਣ ਲਈ
ਵਪਾਰਿਕ ਤੌਰ ਤੇ ਸ਼ੁਰੂ ਹੋਈ, ਜਿਸਨੇ ਜਲਦੀ ਹੀ ਗਾਇਕੀ ਦੇ ਖੇਤਰ ਵਿਚ ਨਵੀਂਆਂ ਪੈੜਾਂ
ਪਾਈਆਂ। ਉਹ ਸਾਫ ਸੁਥਰੀ ਗਾਇਕੀ ਦੀ ਪ੍ਰਤੀਕ ਸੀ। ਗਾਇਕੀ ਵਿਚ ਉਸਨੇ ਕਦੀਂ ਕੋਈ
ਸਮਝੌਤਾ ਨਹੀਂ ਕੀਤਾ ਅਤੇ ਹਮੇਸ਼ਾ ਸਭਿਅਕ ਗੀਤਾਂ ਨੂੰ ਤਰਜੀਹ ਦਿੱਤੀ। ਪੌਪ
ਗਾਇਕੀ ਦੇ ਜ਼ਮਾਨੇ ਵਿਚ ਉਸਨੇ ਸੰਜੀਦਾ ਗਾਇਕੀ ਨੂੰ ਅਪਣਾਇਆ। ਮਨਪ੍ਰੀਤ ਅਖ਼ਤਰ ਇੱਕ
ਵਧੀਆ ਗਾਇਕਾ ਦੇ ਨਾਲ ਹੀ ਬਿਹਤਰੀਨ ਇਨਸਾਨੀਅਤ ਦੇ ਗੁਣਾਂ ਨਾਲ ਲਵਰੇਜ ਸੀ।
ਮਿਠਬੋਲੜੀ, ਮਿਲਣਸਾਰ ਅਤੇ ਦਿਲਦਾਰ ਗਾਇਕਾ ਸੀ। ਉਸਦੀ ਹੇਕ ਸਰੋਤਿਆਂ ਦੇ ਸਾਹਾਂ ਦੀ
ਮਹਿਕ ਅਤੇ ਮਿਠਾਸ ਬਣ ਗਈ ਸੀ। ਉਹ ਸੁਰੀਲੀ ਅਤੇ ਬੁਲੰਦ ਆਵਾਜ਼ ਦੀ ਮਲਿਕਾ ਸੀ। ਹਰ
ਸਮੇਂ ਉਠਦੀ, ਬੈਠਦੀ, ਖਾਂਦੀ ਪੀਂਦੀ ਸਮਾਜਿਕ ਜੀਵਨ ਵਿਚ ਵਿਚਰਦੀ ਹੋਈ ਹਮੇਸ਼ਾ
ਗੁਣਗੁਣਾਉਂਦੀ ਰਹਿੰਦੀ ਸੀ। ਸੰਗੀਤ ਹੀ ਉਸਦਾ ਜੀਵਨ ਸੀ। ਲੋਕ ਗਾਇਕੀ ਦੇ ਨਾਲ ਹੀ ਉਹ
ਗ਼ਜ਼ਲ ਗਾਉਣ ਦੀ ਕਲਾ ਦੀ ਵੀ ਮਾਹਿਰ ਸੀ। ਸੰਜੀਦਾ ਗਾਇਕੀ ਉਹ ਬਹੁਤ ਹੀ ਸਲੀਕੇ ਨਾਲ
ਗਾਉਂਦੀ ਸੀ। ਕਲਾਸੀਕਲ ਅਤੇ ਲੋਕ ਗਾਇਕੀ ਰੂਹਾਨੀਅਤ ਵਿਚ ਪਹੁੰਚਕੇ ਰੂਹ ਨਾਲ ਗਾਉਂਦੀ
ਸੀ। ਗਾਉਣ ਸਮੇਂ ਇਉਂ ਲੱਗਦਾ ਹੁੰਦਾ ਸੀ ਜਿਵੇਂ ਪਰਮਾਤਮਾ ਨਾਲ ਇਕਮਿਕ ਹੋ ਗਈ ਹੋਵੇ।
ਬੰਦਸ਼ਾਂ ਬਲੱਗਣਾਂ ਦੇ ਹਾਲਾਤ ਵਿਚੋਂ ਨਿਕਲ ਕੇ ਗਾਇਕੀ ਦੀ ਮਲਿਕਾ ਬਣਨਾ ਇਹ ਮਨਪ੍ਰੀਤ
ਦੇ ਵਿਅਕਤਿਤਵ ਦਾ ਹੀ ਗੁਣ ਸੀ। ਉਸਦੀ ਕਲਾਤਮਿਕ ਛੋਹ ਹੀ ਗਾਇਕੀ ਦਾ ਹਰ ਮੇਲਾ ਲੁੱਟਣ
ਦਾ ਮਾਣ ਪ੍ਰਾਪਤ ਕਰਦੀ ਰਹੀ ਸੀ। ਉਸਦੀ ਆਵਾਜ਼ ਦਮਦਾਰ ਅਤੇ ਰਸਭਰੀ ਸੀ, ਗਾਉਣ ਸਮੇਂ
ਉਸਦੀ ਆਵਾਜ਼ ਕਦੀ ਅਸਮਾਨ ਵਿਚ ਉਡਾਰੀ ਮਾਰਦੀ ਅਤੇ ਕਦੀਂ ਪਾਤਾਲ ਵਿਚ ਪਹੁੰਚ ਜਾਂਦੀ
ਸੀ ਪ੍ਰੰਤੂ ਸਮਾਜਿਕ ਤਾਣੇ ਬਾਣੇ ਵਿਚ ਜ਼ਮੀਨ ਨਾਲ ਜੁੜੀ ਹੋਈ ਗਾਇਕਾ ਸੀ। ਗਾਣੇ ਦੇ
ਬੋਲਾਂ ਮੁਤਾਬਕ ਹਾਲਾਤ ਪੈਦਾ ਕਰ ਦਿੰਦੀ ਸੀ। ਸਰੋਤੇ ਮੰਤਰ ਮੁਗਧ ਹੋ ਜਾਂਦੇ ਸਨ ਅਤੇ
ਸਮਾਗਮ ਵਿਚ ਸਨਾਟਾ ਛਾਅ ਜਾਂਦਾ ਸੀ। ਸੁਰ ਤਾਲ ਦਾ ਉਸਨੂੰ ਗੂੜਾ ਗਿਆਨ ਸੀ। ਉਹ
ਪੰਜਾਬੀ ਗਾਇਕੀ ਦੀ ਸਾਫ ਸੁਧਰੀ ਪਛਾਣ ਬਣ ਚੁੱਕੀ ਸੀ। ਪ੍ਰੋ.ਮੋਹਨ ਸਿੰਘ ਮੇਲੇ ਦੇ
ਪ੍ਰਬੰਧਕਾਂ ਨੇ ਉਸਨੂੰ ਸੁਰਾਂ ਦੀ ਸ਼ਹਿਜ਼ਾਦੀ ਦਾ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਸੀ।
ਇਸ ਤੋਂ ਇਲਾਵਾ ਪੰਜਾਬ, ਹਿਮਾਚਲ ਅਤੇ ਦਿੱਲੀ ਦੇ ਮੁਖ ਮੰਤਰੀ ਸਾਹਿਬਾਨ ਨੇ ਮਾਨ
ਸਮਾਨ ਦੇ ਕੇ ਸਨਮਾਨਿਤ ਕੀਤਾ। ਉਸਦੇ ਦੋ ਬੇਟੇ ਹਨ, ਉਨਾਂ ਵਿਚੋਂ ਵੱਡਾ ਬੇਟਾ ਨਾਵੀਦ
ਕੁਮਾਰ ਵੀ ਗਾਇਕ ਹੈ ਉਸਦੀਆਂ ਦੋ ਐਲਬਮਾਂ ਅਹਿਸਾਸ ਅਤੇ ਵਰਕਾ ਮਾਰਕੀਟ ਵਿਚ ਆ
ਚੁੱਕੀਆਂ ਹਨ। ਛੋਟਾ ਬੇਟਾ ਲਵਦੀਪ ਕੁਮਾਰ ਮਿਊਜਿਕ ਡਾਇਰੈਕਟਰ ਹੈ।
ਮਨਪ੍ਰੀਤ ਅਖ਼ਤਰ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿਚ ਵੀ ਗਾਣੇ ਗਾਏ। ਮਨਪ੍ਰੀਤ
ਅਖ਼ਤਰ ਸ਼ਾਹਰੁਖ਼ ਖ਼ਾਨ ਦੀ ਮੁੱਖ ਭੂਮਿਕਾ ਵਾਲੀ ਹਿੰਦੀ ਫ਼ਿਲਮ ‘‘ਕੁਛ ਕੁਛ ਹੋਤਾ ਹੈ ’’
ਵਿਚ ‘ ਤੁਝੇ ਯਾਦ ਨਾ ਮੇਰੀ ਆਈ , ਕਿਸੀ ਕੋ ਅਬ ਕਿਆ ਕਹਿਨਾ’ ਨਾਲ ਮਨਪ੍ਰੀਤ
ਪ੍ਰਸਿਧੀ ਦੀਆਂ ਸਿਖ਼ਰਾਂ ਨੂੰ ਛੋਹ ਗਈ। ਇਸ ਤੋਂ ਇਲਾਵਾ ਹਰਭਜਨ ਮਾਨ ਦੀਆਂ ਪੰਜਾਬੀ
ਫ਼ਿਲਮਾਂ ਜੀਅ ਆਇਆਂ ਨੂੰ ਅਤੇ ਹਾਣੀ ਵਿਚ ਵੀ ਗੀਤ ਗਾਏ। ਗੁਰਦਾਸ ਮਾਨ ਦੀ ਹਿੰਦੀ
ਫਿਲਮ ‘ ਜ਼ਿੰਦਗੀ ਖ਼ੂਬਸੂਰਤ ਹੈ’ ਵਿਚ ਗੀਤ ਗਾਇਆ ਜਿਸਦੇ ਬੋਲ ਹਨ-
‘ ਤੁਮ ਗਏ ਗ਼ਮ ਨਹੀਂ ਆਂਖ ਜੇ ਨਮ ਨਹੀਂ’
ਦੀਪੀ ਗਰੇਵਾਲ ਅਤੇ ਨਵਰਾਜ ਦੀਆਂ ਫਿਲਮਾਂ ਵਿਚ ਵੀ ਹਿੱਸਾ ਲਿਆ। ਪੰਜਾਬੀ
ਯੂਨੀਵਰਸਿਟੀ ਵਿਚੋਂ 1985 ਵਿਚ ਸੰਗੀਤ ਦੀ ਐਮ.ਏ.ਵਿਚੋਂ ਗੋਲਡ ਮੈਡਲ ਪ੍ਰਾਪਤ ਕੀਤਾ।
ਉਸਨੇ ਐਮ. ਫਿਲ ਅਤੇ ਐਮ.ਐਡ.ਵੀ ਕੀਤੀ ਹੋਈ ਸੀ, ਕਹਿਣ ਤੋਂ ਭਾਵ ਸੰਗੀਤ ਦੀ ਪੂਰੀ
ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਹੀ ਗਾਇਕੀ ਦੇ ਖੇਤਰ ਨੂੰ ਅਪਣਾਇਆ ਸੀ। ਇਸੇ ਕਰਕੇ
ਮਨਪ੍ਰੀਤ ਦੇ ਗਾਏ ਗੀਤ ਸਰੋਤਿਆਂ ਨੂੰ ਝੂਮਣ ਲਾ ਦਿੰਦੇ ਸਨ ਅਤੇ ਹਮੇਸ਼ਾਂ ਲੋਕਾਂ ਦੇ
ਜ਼ੁਬਾਨੀ ਯਾਦ ਹੋ ਜਾਂਦੇ। ਉਦਾਹਰਣ ਲਈ
’’ ਪੂੰਝੇ ਤੇਰੇ ਹੰਝੂ ਜਾਂਦੀ ਵਾਰ ਜੀਹਦੇ ਨਾਲ ਮੈਂ, ਅੱਜ ਤੱਕ ਸਾਂਭੀ ਫਿਰਾਂ
ਰੇਸ਼ਮੀ ਰੁਮਾਲ ਮੈਂ’’
ਮਨਪ੍ਰੀਤ ਦਾ ਗੀਤ ਗਾਉਣ ਲਹਿਜਾ ਅਜਿਹਾ ਹੁੰਦਾ ਸੀ ਕਿ ਗੀਤ ਦੇ ਬੋਲਾਂ ਨਾਲ ਸੀਨ
ਸਾਹਮਣੇ ਪੈਦਾ ਹੋ ਜਾਂਦਾ ਸੀ। ਅਰਥਾਤ ਗੀਤ ਦੇ ਅਰਥ ਸਮਝਾ ਦਿੰਦੀ ਸੀ।
ਮਨਪ੍ਰੀਤ ਅਖ਼ਤਰ ਦੀ ਯਾਦ ਵਿਚ ਸੁਖਮਨੀ ਸਾਹਿਬ ਦਾ ਪਾਠ, ਕੀਰਤਨ ਅਤੇ ਅੰਤਮ ਅਰਦਾਸ
ਗੁਰਦੁਆਰਾ ਕਲਗੀਧਰ ਸਾਹਿਬ, ਅਰਬਨ ਅਸਟੇਟ ਫ਼ੇਜ-3 ਪਟਿਆਲਾ ਵਿਖੇ 24 ਜਨਵਰੀ ਨੂੰ
11-00 ਵਜੇ ਤੋਂ 1-00 ਵਜੇ ਤੱਕ ਹੋਵੇਗਾ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋ-94178 13072
|