|
ਸੁਰਜੀਤ ਬਿੰਦਰੱਖੀਆ |
ਜੇ ਪਿਛਲੇ ਡੇਢ ਕੁ ਦਹਾਕੇ ਵੱਲ ਮੋੜਾ ਕੱਟੀਏ ਤਾਂ ਕਰਮਜੀਤ ਧੂਰੀ ਤੋਂ ਮਗਰੋਂ
ਕੰਨ ਉੱਤੇ ਹੱਥ ਰੱਖ ਕੇ 42 ਸਕਿੰਟਾਂ ਦੀ ਲੰਬੀ ਹੇਕ ਦਾ ਰਿਕਾਰਡ ਬਨਾਉਂਣ ਵਾਲਾ
ਸੁਰਜੀਤ ਬਿੰਦਰੱਖੀਆ ਦੂਜਿਆਂ ਤੋਂ ਮੁਹਰੀ ਬਣਿਆਂ ਰਿਹਾ। ਸ਼ਾਇਦ ਇਹ ਗੱਲ ਅੱਜ ਵੀ
ਕਈਆਂ ਨੂੰ ਪਤਾ ਨਾ ਹੋਵੇ ਕਿ ਉਹ ਯੂਨੀਵਰਸਿਟੀ ਤੱਕ ਕੁਸ਼ਤੀਆਂ ਵੀ ਲੜਦਾ ਰਿਹਾ ਅਤੇ
ਕਬੱਡੀ ਖੇਡਣਾ ਵੀ ਉਹਦਾ ਸ਼ੌਕ ਰਿਹਾ। ਆਨੰਦਪੁਰ ਸਾਹਿਬ ਅਤੇ ਰੋਪੜ ਦੇ ਕਾਲਜਾਂ
ਵਿੱਚੋਂ ਬੀ ਏ ਕਰਨ ਸਮੇਂ ਕਾਲਜ ਦੀ ਭੰਗੜਾ ਟੀਮ ਲਈ, ਦਮਦਾਰ, ਉੱਚੀ ਅਤੇ ਸੁਰੀਲੀ
ਆਵਾਜ਼ ਵਿੱਚ ਬੋਲੀਆਂ ਪਾਉਂਣਾ ਵੀ ਉਹਦਾ ਹਾਸਲ ਸੀ।
ਇਸ ਆਵਾਜ਼ ਦੇ ਭਲਵਾਨ ਸੁਰਜੀਤ ਦਾ ਜਨਮ ਪਿੰਡ ਬਿੰਦਰੱਖ (ਰੂਪਨਗਰ) ਵਿੱਚ 15
ਅਪ੍ਰੈਲ 1962 ਨੂੰ ਪਿਤਾ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਹੋਇਆ।
ਸੁੱਚਾ ਸਿੰਘ ਖ਼ੁਦ ਭਲਵਾਨ ਸੀ ਅਤੇ ਇਲਾਕੇ ਵਿੱਚ ਉਹਦੀ ਝੰਡੀ ਸੀ। ਉਹ ਸੁਰਜੀਤ ਨੂੰ
ਵੀ ਭਲਵਾਨ ਜਾਂ ਉਹਦੀਆਂ ਬੋਲੀਆਂ ਆਦਿ ਤੋਂ ਪ੍ਰਭਾਵਿਤ ਹੋ ਉਸ ਨੂੰ ਗਾਇਕ ਬਨਾਉਂਣ ਦਾ
ਚਾਹਵਾਨ ਸੀ। ਸੁਰਜੀਤ ਨੇ ਸੰਗੀਤ ਸਿਖਿਆ ਅਤੁਲ ਸ਼ਰਮਾਂ ਤੋਂ ਹਾਸਲ ਕੀਤੀ। ਸਭ ਤੋਂ
ਪਹਿਲਾਂ 1991 ਵਿੱਚ ਜੱਟ ਜਿਓਣਾ ਮੌੜ ਅਤੇ ਮੁੰਡੇ ਆਖਦੇ ਪਟਾਖਾ ਨਾਲ ਉਸ ਨੇ ਹਾਜ਼ਰੀ
ਲਵਾਈ। ਫਿਰ ਦੁਪੱਟਾ ਤੇਰਾ ਸੱਤ ਰੰਗ ਦਾ, ਤੇਰੇ ‘ਚ ਤੇਰਾ ਯਾਰ ਬੋਲਦਾ,
ਬੱਸ ਕਰ ਬੱਸ ਕਰ, ਜੱਟ ਦੀ ਪਸੰਦ ਵਰਗੇ ਗੀਤਾਂ ਨੇ ਉਸ ਨੂੰ ਫਰਸ਼
ਤੋਂ ਅਰਸ਼ ‘ਤੇ ਪੁਚਾ ਦਿੱਤਾ। ਪਹਿਲਾਂ ਉਹ ਆਪਣੇ ਨਾਅ ਨਾਲ ਬੈਂਸ, ਸਾਗਰ ਵੀ ਲਿਖਦਾ
ਰਿਹਾ। ਪਰ ਫਿਰ ਉਸ ਨੇ ਪਿੰਡ ਦਾ ਨਾਅ ਹੀ ਆਪਣੇ ਨਾਅ ਨਾਲ ਜੋੜ ਲਿਆ। ਪ੍ਰੀਤ ਕਮਲ
ਨਾਲ 27 ਅਪ੍ਰੈਲ 1990 ਨੂੰ ਸ਼ਾਦੀ ਹੋੱਈ ਅਤੇ ਬੇਟੇ ਗੀਤਾਜ਼ ਬਿੰਦਰੱਖੀਆ (ਗਾਇਕ) ਅਤੇ
ਬੇਟੀ ਮੀਨਾਜ਼ ਬਿੰਦਰੱਖੀਆ ਦਾ ਪਿਤਾ ਬਣਿਆਂ।
ਬਿੰਦਰੱਖੀਆ ਦੇ ਪਹਿਲਾਂ ਗਾਏ ਗੀਤਾਂ ਦਾ ਰੀਮਿਕਸ 1990 ਵਿੱਚ ਹੀ ਤਿਆਰ
ਹੋ ਗਿਆ ਸੀ। ਏਥੇ ਮੇਰੀ ਨੱਥ ਡਿੱਗ ਪਈ ਗੀਤ ਨੇ ਧਮਾਲਾਂ ਪਾਈਆਂ ਸਨ। ਪਰ
1995 ਵਿੱਚ ਗਾਏ ਗੀਤ ਦੁਪੱਟਾ ਤੇਰਾ ਸੱਤ ਰੰਗ ਦਾ ਨੇ ਇੰਗਲੈਂਡ ਦੇ
ਹਫ਼ਤਾਵਾਰੀ ਚਾਰਟ ਵਿੱਚ ਸਿਖਰਲਾ ਸਥਾਨ ਮੱਲ ਕੇ ਰਿਕਾਰਡ ਬਣਾਇਆ। ਆਕਾਸ਼ਵਾਣੀ ਜਲੰਧਰ
ਤੋਂ ਪਹਿਲਾ ਗੀਤ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸੀਂ ਉੱਡ ਜਾਣਾ
ਰਿਕਾਰਡ ਕਰਵਾਇਆ। ਏਥੋਂ ਤੱਕ ਕਿ ਬਿੰਦਰੱਖੀਏ ਦੀ ਭੰਗੜਾ ਟੀਮ ਨੇ ਦਿੱਲੀ ਦੀਆਂ 1982
ਵਾਲੀਆਂ ਏਸ਼ੀਆਈ ਖੇਡਾਂ ਸਮੇ ਵੀ ਧੰਨ ਧੰਨ ਕਰਵਾਈ। ਚੰਡੀਗੜ ਦੇ ਟੈਗੋਰ ਥਿਏਟਰ ਵਿੱਚ
1985 ਨੂੰ ਮੇਰੇ ਚਰਖੇ ਦੀ ਟੁੱਟ ਗਈ ਮਾਹਲ ਗਾ ਕੇ ਸਭ ਦੇ ਮਨ ਮੋਹ ਲਏ। ਆਰਟ
ਲਿੰਕ ਮੁਹਾਲੀ, ਇਕ ਮਹਿਕਦੀ ਸ਼ਾਮ ਪ੍ਰੋਗਰਾਮ, ਟੈਗੋਰ ਥੀਏਟਰ ਵਿਚ 28 ਨਵੰਬਰ 1986
ਨੂੰ ਭਾਗ ਲੈਂਦਿਆਂ ਸ਼ਹੀਦ ਭਗਤ ਸਿੰਘ ਸਨਮਾਨ ਵੀ ਹਾਸਲ ਕਰਿਆ ਅਤੇ ਏਥੇ ਹੀ ਸ਼ਮਸ਼ੇਰ
ਸੰਧੂ ਨਾਲ ਮੁਲਾਕਾਤ ਹੋਈ। ਅਵਾਜ਼ ਦੀ ਵਿਲੱਖਣਤਾ ਅਤੇ ਸਟੇਜੀ ਹਾਵ ਭਾਵ ਆਮ ਗਾਇਕਾਂ
ਤੋਂ ਵੱਖਰੇ ਸਨ। ਇਸ ਨੇ ਆਮ ਨਾਲੋਂ ਹਟ ਕੇ ਭੰਗੜਾ ਬੀਟ, ਮਿਰਜ਼ਾ, ਜੁਗਨੀ, ਲੋਕ ਤੱਥ,
ਟੱਪੇ,ਬੋਲੀਆਂ ਨੂੰ ਸਫ਼ਲਤਾ ਨਾਲ ਗਾ ਕੇ ਆਪਣੇ ਆਪ ਨੂੰ ਸਹੀ ਰੂਪ ਵਿੱਚ ਲੋਕ ਗਾਇਕ
ਵਜੋਂ ਸਥਾਪਤ ਕੀਤਾ।
28 ਸੋਲੋ ਹਿੱਟ ਕੈਸਿਟਾਂ ਤੋਂ ਬਿਨਾਂ 6 ਰੀਮਿਕਸ (3 ਧਾਰਮਿਕ, 3 ਵੀਡੀਓ, 3
ਅਖਾੜੇ ) ਵੀ ਪੰਜਾਬੀਆਂ ਦੀ ਝੋਲੀ ਪਾਈਆਂ। ਸਭ ਤੋਂ ਵੱਧ ਸ਼ਮਸ਼ੇਰ ਸੰਧੂ ਦੇ ਗੀਤ
ਗਾਉਂਣ ਵਾਲੇ ਬਿੰਦਰੱਖੀਏ ਨੇ ਕੁੱਲ 34 ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਆਵਾਜ਼
ਦਿੱਤੀ ਅਤੇ ਬਹੁਤਿਆਂ ਨੂੰ ਅਤੁਲ ਸ਼ਰਮਾ ਨੇ ਸੰਗੀਤ ਨਾਲ ਨਿਖਾਰਿਆ-ਸ਼ਿੰਗਾਰਿਆ। ਅਣਖ
ਜੱਟਾਂ ਦੀ, ਜ਼ੋਰਾਵਰ, ਬਦਲਾ ਜੱਟੀ ਦਾ, ਜੱਟ ਜਿਓਣਾ ਮੌੜ, ਕਚਹਿਰੀ, ਜੱਟ ਸੁੱਚਾ
ਸੂਰਮਾਂ, ਵੈਰੀ, ਰੱਬ ਦੀਆਂ ਰੱਖਾ ਫ਼ਿਲਮਾਂ ਵਿੱਚ ਵੀ ਉਹਦੇ ਗੀਤ ਮੌਜੂਦ ਹਨ। ਮੁਖੜਾ
ਕੈਸਿਟ ਨਾਲ ਉਹ ਡੀ ਜੇ ਦਾ ਕਿੰਗ ਅਖਵਾਇਆ। ਉਸਦੇ ਗਾਏ ਗੀਤ ਲੋਕ ਗੀਤਾਂ ਵਾਂਗ ਅੱਜ
ਵੀ ਤਰੋ ਤਾਜ਼ਾ ਹਨ;-
× ਵੰਗ ਵਰਗੀ ਕੁੜੀ
× ਜਵਾਨੀ
× ਗੱਭਰੂ ਗੁਲਾਬ ਵਰਗਾ
× ਫੁੱਲ ਕੱਢਦਾ ਫੁਲਕਾਰੀ
× ਅੱਡੀ ਉੱਤੇ ਘੁੰਮ
× ਸੁਹਣੀ ਨਾਰ
× ਇਸ਼ਕੇ ਦੀ ਅੱਗ ਅਤੇ
×ਹੁਸਨ ਕਮਾਲ ਦਾ
ਨੇ ਕਮਾਲਾਂ ਕਰੀ ਰੱਖੀਆਂ।
ਜਦ 17 ਨਵੰਬਰ 2003 ਨੂੰ ਸਵੇਰੇ ਸਵੇਰੇ ਲੋਕਾਂ ਨੇ ਖ਼ਬਰਾਂ ਸੁਣੀਆਂ ਤਾਂ ਪੰਜਾਬੀਆਂ
ਦੇ ਤਾਂ ਹੋਸ਼ ਈ ਉੱਡ ਗਏ। ਇਹ ਖ਼ਬਰ ਵਾਰ ਵਾਰ ਦਿਖਾਈ-ਸੁਣਾਈ ਜਾ ਰਹੀ ਸੀ ਕਿ ਮੁਹਾਲੀ
ਦੇ ਫੇਸ -7 ਵਿਖੇ ਆਪਣੇ ਨਿਵਾਸ ਉੱਤੇ ਸੁਰਜੀਤ ਬਿੰਦਰੱਖੀਆ ਦਾ ਦਿਲ ਦਾ ਦੌਰਾ ਪੈਣ
ਨਾਲ ਦਿਹਾਂਤ ਹੋ ਗਿਆ ਹੈ। ਪੰਜਾਬੀ ਜਗਤ ਵਿੱਚ ਚੁੱਪ ਪਸਰ ਗਈ ਸੀ। ਪਰ ਜੋ ਭਾਣਾ
ਵਾਪਰਨਾ ਸੀ,ਉਹ ਤਾਂ ਵਾਪਰ ਹੀ ਚੁੱਕਾ ਸੀ। ਬਿੰਦਰੱਖੀਏ ਦੇ ਗਾਏ ਗੀਤ ਦੀਆਂ ਇਹ
ਸਤਰਾਂ ਉਸਤੇ ਹੀ ਲਾਗੂ ਹੋ ਗਈਆਂ। ਸੱਚੀਂ ਹੀ ਉਹ ਤਿੜਕੇ ਘੜੇ ਦਾ ਪਾਣੀ ਬਣ ਗਿਆ ;-
ਹੋਵੀਂ ਨਾ ਨਰਾਜ਼ ਵੇ ਤੂੰ ਹੋਵੀਂ ਨਾ ਨਿਰਾਸ਼ ਵੇ,
ਗੱਲਾਂ ਸੱਚੀਆਂ, ਭਾਵੇਂ ਨਾ ਸੱਚ ਜਾਣੀ,
ਮੈ ਕੱਲ ਤੱਕ ਨਹੀਂ ਰਹਿਣਾ
ਵੇ ਮੈ ਤਿੜਕੇ ਘੜੇ ਦਾ ਪਾਣੀ।
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;-9815707232
|