-ਪੰਜਾਬੀ ਅਤੇ ਸੂਫੀ ਸੰਗੀਤ ਜਗਤ ਦੇ ਖੇਤਰ ਚ ਸਾਫ ਸੁਥਰੀ,
ਮਿਆਰੀ ਤੇ ਸੱਭਿਆਚਾਰਕ ਗਾਇਕੀ ਸਦਕਾ ਲੱਖਾਂ ਹੀ ਸੰਗੀਤ ਪ੍ਰੇਮੀਆਂ ਤੇ
ਸਰੋਤਿਆਂ ਦੇ ਦਿੱਲਾਂ ਤੇ ਰਾਜ ਕਰਦੇ ਆ ਰਹੇ ਆਪਣੀ ਮਿੱਠੀ ਦਿੱਲਕਸ ਅਵਾਜ ਨਾਲ ਰੂਹ
ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ ਜੋ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ।
ਅੱਜ ਅਸੀਂ ਗੱਲ ਕਰ ਰਹੇ ਹਾਂ ਸ਼ਾਹੀ ਸ਼ਹਿਰ ਪਟਿਆਲਾ ਦੇ ਪਿੰਡ ਰੀਠਖੇੜੀ ਦੇ ਜੰਮਪਲ
ਨੌਜਵਾਨ ਗਾਇਕ ਵਨੀਤ ਸ਼ਰਾਫਤ ਦੀ।
26 ਜੁਲਾਈ 1984 ਨੂੰ ਪਿਤਾ ਜਸਵੰਤ ਸਿੰਘ ਅਤੇ ਮਾਤਾ ਸਰਬਜੀਤ ਕੌਰ ਦੇ ਘਰ ਜਨਮੇ
ਵਨੀਤ ਸ਼ਰਾਫਤ ਦੇ ਮਾਪਿਆਂ ਨੂੰ ਉਸ ਵਕਤ ਸ਼ਾਇਦ ਚਿੱਤ ਚੇਤਾ ਵੀ ਨੀ ਹੋਣਾ ਕਿ ਉਨਾਂ ਦਾ
ਸਪੁੱਤਰ ਪੰਜਾਬੀ ਗਾਇਕੀ ਅਤੇ ਸੂਫੀ ਸੰਗੀਤ ਜਗਤ ਦੇ ਖੇਤਰ ਚ ਮੱਲਾਂ ਮਾਰ ਮਾਂ ਪਿਉ
ਦਾ ਨਾਂ ਰੋਸ਼ਨ ਕਰੇਗਾ। ਛੋਟੇ ਭਰਾ ਮਸ਼ਹੂਰ ਬਾਲੀਵੁੱਡ ਗਾਇਕ ਕਮਲ ਖਾਨ ਅਤੇ ਭੈਣ ਅਮਨ
ਦੇ ਰਾਹ ਦਸੇਰੇ ਵੀਰ ਵਨੀਤ ਸ਼ਰਾਫਤ ਨੂੰ ਗਾਇਕੀ ਦਾ ਸ਼ੋਂਕ ਬਚਪਨ ਤੋ ਹੀ ਸੀ। ਵਨੀਤ ਨੇ
ਮੁੱਢਲੀ ਪੜ੍ਹਾਈ ਤੋਂ ਬਾਅਦ ਉਸਤਾਦ ਅਬਦੁੱਲ ਸਤਾਰ ਮਤੋਈ ਸਾਹਿਬ ਤੋ ਸੰਗੀਤ ਬਾਰੇ
ਗਿਆਨ ਹਾਸਲ ਕੀਤਾ। ਵਨੀਤ, ਕਲਾ ਨੂੰ ਕੁਦਰਤ ਦੀ ਦੇਣ ਮੰਨਦਾ ਹੈ ਇਸ ਲਈ ਉਹ ਆਪਣੀ
ਕਲਾ ਨੂੰ ਦਿਲੋਜਾਨ ਤੋਂ ਸਮਰਪਿਤ ਹੈ। ਵਨੀਤ ਮਾਪਿਆਂ, ਖਾਸ ਦੋਸਤਾਂ,
ਫ਼ੱਕਰਾਂ-ਫ਼ੱਕੀਰਾਂ ਅਤੇ ਸੁੱਲਝੇ ਹੋਏ ਇਨਸਾਨਾਂ ਦੇ ਮਸ਼ਵਰੇ ਨੂੰ ਪਲ੍ਹੇ ਬੰਨ ਕੇ
ਗਾਇਕੀ ਦੀਆਂ ਸੱਖਤ ਅਤੇ ਲੰਬੀਆਂ ਰਾਹਾਂ ਉੱਤੇ ਬੜ੍ਹੀ ਸੰਜੀਦਗੀ ਨਾਲ ਸਫ਼ਰ ਤੈਅ ਕਰ
ਰਿਹਾ ਹੈ।
ਵਨੀਤ ਸ਼ਰਾਫਤ ਦੇ ਗਾਏ ਹੋਏ ਗੀਤ: " ਵੇ ਸੋਹਣਿਆ " ਨੂੰ ਦੇਸ਼ਾਂ-ਵਿਦੇਸ਼ਾਂ ਚ
ਜਿੱਥੇ ਸਰੋਤਿਆਂ ਵੱਲੋਂ ਭਰਭੂਰ ਪਿਆਰ ਮਿਲਿਆ ਉੱਥੇ ਹੀ ਵਿਸ਼ੇਸ਼ ਤੋਰ ਤੇ ਪਾਕਿਸਤਾਨ
ਦੀ ਸਰ ਜ਼ਮੀਨ ਦੇ ਨਾਮਵਰ ਫਨਕਾਰਾਂ ਵੱਲੋਂ ਵੀ ਇਸ ਗੀਤ ਨੂੰ ਖੂਬ ਸਲਾਹਿਆ ਗਿਆ। ਆਪਣੇ
ਹੋਰ ਚਰਚਿਤ ਗੀਤਾਂ ਮਾਂ, ਯਾਦ ਅਤੇ ਕਵਾਲੀਆਂ ਰਾਹੀਂ ਵੀ ਵਨੀਤ ਨੇ ਚੰਗਾ ਨਾਮਣਾ
ਖੱਟਿਆ ਹੈ। ਗਾਇਕੀ ਦੇ ਖੇਤਰ 'ਚ ਮੱਲਾਂ ਮਾਰਦਿਆਂ ਕਈ ਸੱਭਿਆਚਾਰਕ, ਸਮਾਜਿਕ ਤੇ
ਧਾਰਮਿਕ ਸੰਸਥਾਂਵਾਂ ਨੇ ਵਨੀਤ ਨੂੰ ਸਨਮਾਨ ਵੀ ਦਿੱਤੇ ਹਨ।
ਸੂਫੀ ਗਾਇਕੀ ਅਤੇ ਬੇਸ਼ੂਮਾਰ ਗਾਈਆਂ ਕਵਾਲੀਆਂ ਦੇ ਇਸ ਸਫਰ ਨੇ ਵਨੀਤ ਲਈ ਨਵੀਆਂ
ਮੰਜ਼ਿਲਾਂ ਦੇ ਰਾਹ ਖੋਲ ਦਿੱਤੇ ਪੰਜਾਬੀ ਮਾਂ ਬੋਲੀ ਤੇ ਵਿਰਸੇ ਨੂੰ ਪਿਆਰ ਕਰਨ ਵਾਲੇ
ਵਨੀਤ ਦਾ ਕਹਿਣਾ ਹੈ ਕਿ ਉਹ ਹਰ ਉਸ ਸਖਸ਼ ਤੋਂ ਪ੍ਰਭਾਵਿਤ ਹੈ ਜੋ ਜ਼ਿੰਦਗੀ ਚ ਸੱਚਾਈ
ਦੇ ਰਾਹ ਤੇ ਤੁਰਿਆ ਹੋਇਆ ਹੈ ਅਤੇ ਕਲਾ ਦੀ ਕਦਰ ਕਰਦਾ ਹੈ। ਉਹ ਉਸਦਾ ਦਿੱਲੋਂ
ਸਤਿਕਾਰ ਕਰਦਾ ਹੈ। ਵਨੀਤ ਲੱਚਰ ਅਤੇ ਅਸ਼ਲੀਲ ਗਾਇਕੀ ਤੋਂ ਕੋਹਾਂ ਦੂਰ ਹੈ। ਵਨੀਤ ਨੇ
ਜਿੱਥੇ ਪੰਜਾਬੀ ਅਤੇ ਸੂਫੀ ਸੰਗੀਤ ਜਗਤ ਦੇ ਖੇਤਰ ਚ ਵੱਖਰੀ ਪਹਿਚਾਣ ਬਣਾਈ ਹੈ ਉੱਥੇ
ਹੀ ਉਹ ਧਾਰਮਿਕ ਖੇਤਰ ਦੇ ਵਿੱਚ ਵੀ ਆਪਣੀ ਪੱਕੜ ਮਜ਼ਬੂਤ ਕਰ ਰਿਹਾ ਹੈ।ਵਨੀਤ
ਪੀਰਾਂ-ਫਕੀਰਾਂ ਦੀਆਂ ਦਰਗਾਹਾਂ ਤੇ ਗਾਉਣ ਵਿੱਚ ਦਿਲੀ ਖੁੱਸ਼ੀ ਮਹਿਸੂਸ ਕਰਦਾ ਹੈ। ਉਸ
ਦੇ ਗੀਤ ਵੱਖ ਵੱਖ ਟੀ.ਵੀ. ਚੈਨਲਾਂ ਅਤੇ ਯੂ-ਟਿੱਊਬ ਤੇ ਵੀ ਧੂੰਮਾਂ ਪਾ ਰਹੇ ਹਨ।
ਅੱਜ ਕੱਲ੍ਹ ਵਨੀਤ ਸ਼ਰਾਫਤ ਆਪਣੀ ਨਵੀਂ ਧਾਰਮਿਕ ਐਲਬਮ ਲਈ ਦਿਨ ਰਾਤ ਇੱਕ ਕਰਕੇ
ਮਿਹਨਤ ਕਰ ਰਿਹਾ ਹੈ ਐਲਬਮ ਦਾ ਲਗਭਗ ਕੰਮ ਮੁਕਮੰਲ ਹੋ ਚੁੱਕਾ ਹੈ ਜੋ ਛੇਤੀ ਹੀ
ਸਰੋਤਿਆਂ ਦੇ ਰੂਬਰੂ ਕੀਤੀ ਜਾਵੇਗੀ। ਵਨੀਤ ਸ਼ਰਾਫਤ ਕੁੱਝ ਵੱਖਰਾ ਕਰਨ ਦੀ ਤਾਂਘ ਨੂੰ
ਮੁੱਖ ਰੱਖਦਿਆਂ ਜੱਲਦ ਹੀ ਆਪਣੇ ਛੋਟੇ ਭਰਾ ਮਸ਼ਹੂਰ ਬਾਲੀਵੁੱਡ ਗਾਇਕ ਕਮਲ ਖਾਨ ਨਾਲ
ਸਾਂਝੇ ਤੋਰ ਤੇ ਗੀਤ ਲੈਕੇ ਸਰੋਤਿਆਂ ਦੀ ਕਚਹਿਰੀ ਚ ਹਾਜ਼ਰ ਹੋਵੇਗਾ।
ਵਨੀਤ ਸ਼ਰਾਫਤ ਖਾਸ ਕਰ ਆਪਣੇ ਅਜ਼ੀਜ਼ ਦੋਸਤ ਸ਼ੋਕਤ ਕੈਲੋਂ ਅਤੇ ਆਪਣੇ ਨਾਲ ਦਿਨ ਰਾਤ
ਇੱਕ ਕਰ ਮਿਹਨਤ ਕਰਨ ਵਾਲੇ ਯਾਰਾਂ-ਮਿੱਤਰਾਂ, ਟੀਮ ਮੈਂਬਰਾਂ ਤੇ ਸਰੋਤਿਆਂ ਦਾ ਵਿਸ਼ੇਸ਼
ਧੰਨਵਾਦੀ ਹੈ ਜਿਨ੍ਹਾਂ ਦੇ ਨੇਕ ਮਸ਼ਵਰੇ, ਸਹਿਯੋਗ ਤੇ ਭਰਭੂਰ ਪਿਆਰ ਨਾਲ ਉਹ ਸ਼ੋਹਰਤ
ਦੀਆਂ ਮੰਜ਼ਿਲਾਂ ਵੱਲ ਵੱਧ ਰਿਹਾ ਹੈ। ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਵਨੀਤ
ਸ਼ਰਾਫਤ ਪੰਜਾਬੀ ਅਤੇ ਸੂਫੀ ਸੰਗੀਤ ਜਗਤ ਦੇ ਖੇਤਰ ਚ ਨਵੇਂ ਪੂਰਨੇ ਪਾਵੇ ਅਤੇ
ਸੱਭਿਆਚਾਰ ਦਾ ਮਾਣ ਬੱਣ ਕੇ ਆਕਾਸ਼ ਦੀਆਂ ਬੁਲੰਦੀਆਂ ਨੂੰ ਛੂਹੇ।
ਗੁਰਪ੍ਰੀਤ ਬੱਲ ਰਾਜਪੁਰਾ
98553-25903 |