|
ਮਨੀ ਔਜਲਾ |
ਚੜ੍ਹਦੇ ਸੂਰਜ ਅਤੇ ਉਠਦੇ ਤੂਫਾਨ ਨੂੰ ਭਲਾ ਕੌਣ ਰੋਕ ਸਕਦਾ ਹੈ। ਇਸੇ ਤਰਾਂ ਜਿਸ
ਦੇ ਮਨ ਵਿਚ ਉਪਰ ਉਠਣ ਦੀਆਂ ਤਾਂਘਾਂ, ਕੁਝ ਕਰਨ ਦੀਆਂ ਰੀਝਾਂ ਤੇ ਅਰਮਾਨ ਹੋਣ, ਲਗਨ
ਤੇ ਉਤਸ਼ਾਹ ਹੋਵੇ, ਉਹ ਇਕ ਨਾ ਇਕ ਦਿਨ ਅੰਬਰ ਜਿੱਡੀਆਂ ਉਡਾਰੀਆਂ ਨੂੰ ਛੋਹ ਹੀ ਲੈਂਦੇ
ਹਨ। ਅਜਿਹੀ ਇਕ ਨਿਵੇਕਲੀ ਸਖਸ਼ੀਅਤ ਹੈ ਗਾਇਕ, ਸੰਗੀਤਕਾਰ ਅਤੇ ਅਦਾਕਾਰ ਮਨੀ ਔਜਲਾ।
ਚੰਡੀਗੜ੍ਹ ਵਿਖੇ ਪਿਤਾ ਸ੍ਰ. ਅਜਾਇਬ ਔਜਲਾ ਅਤੇ ਮਾਤਾ ਸ੍ਰੀਮਤੀ ਸੁਰਿੰਦਰ ਕੌਰ
ਔਜਲਾ ਦੇ ਘਰ ਜਨਮੇ, ਹੋਣਹਾਰ ਸਪੁੱਤਰ ਮਨੀ ਔਜਲਾ ਇਸ ਮੁਕਾਮ ਤੇ ਰਾਤੋ-ਰਾਤ ਚ ਹੀ
ਨਹੀ ਪੁੱਜਾ, ਬਲਕਿ ਡੇਢ ਦਿਹਾਕੇ ਤੋਂ ਉਹ ਸਟੇਜੀ ਤਪੱਸਿਆ ਵਿਚ ਜੁਟਿਆ ਚਲਿਆ ਆ ਰਿਹਾ
ਹੈ। ਸਕੁਲਾਂ-ਕਾਲਿਜਾਂ ਦੇ ਸਫਰ ਵਿਚ ਕੋਰੀਓਗ੍ਰਾਫੀ ਦੀਆਂ ਪੇਸ਼ਕਾਰੀਆਂ ਦਾ ਹਿੱਸਾ
ਬਣਦੇ ਆ ਰਹੇ ਮਨੀ ਔਜਲਾ ਨੂੰ ਨਾਮਵਰ ਸੰਗੀਤਕਾਰ ਤੇ ਗਾਇਕ ਰਾਜਿੰਦਰ ਮੋਹਣੀ ਦੀ ਸੰਗਤ
ਮਿਲੀ। ਉਨ੍ਹਾਂ ਤੋਂ ਮਨੀ ਨੇ ਸੰਗੀਤ ਦੀ ਤਾਲੀਮ ਹਾਸਲ ਕਰਦਿਆਂ ਗਾਇਕ ਬਾਈ ਅਮਰਜੀਤ
ਨਾਲ ਸਟੇਜਾਂ ਦੀ ਸ਼ੁਰੂਆਤ ਕੀਤੀ।
ਉਪਰੰਤ ਮਨੀ ਔਜਲਾ ਜਿੱਥੇ ਗਾਇਕ ਤੇ ਅਦਾਕਾਰ ਬਾਈ ਹਰਦੀਪ, ਸਰਬਜੀਤ ਚੀਮਾ,
ਗੁਰਕਿਰਪਾਲ ਸੂਰਾਪੂਰੀ, ਅਮਰਿੰਦਰ ਗਿੱਲ, ਮਲਕੀਤ ਸਿੰਘ (ਯੂ. ਕੇ) ਅਤੇ ਗਾਇਕਾ
ਬਲਜੀਤ ਮੁਹਾਲੀ ਆਦਿ ਦੀਆਂ ਸਟੇਜਾਂ ਦਾ ਹਿੱਸਾ ਬਣੇ ਉਥੇ ਪ੍ਰਸਿੱਧ ਗਾਇਕ ਅਤੇ
ਅਦਾਕਾਰ ਹਰਭਜਨ ਮਾਨ, ਨੇ ਮਨੀ ਔਜਲਾ ਨੂੰ ਅੱਗੇ ਵਧਣ ਲਈ ਥਾਪੜਾ ਦਿੰਦੇ ਹੋਏ ਆਪਣੇ
ਨਾਲ ਛੇ ਸਾਲ ਤੋਂ ਵੱਧ ਲਗਾਤਾਰ ਕੋ-ਸਿੰਗਰ ਵਜੋਂ ਆਪਣੀਆਂ ਸਟੇਜਾਂ ਦਾ ਹਿੱਸਾ
ਬਣਾਇਆ। ਇਸੇ ਦੌਰਾਨ ਹੀ ਮਨੀ ਔਜਲਾ ਨੇ ਸਰਕਾਰੀ ਕਾਲਿਜ ਮੁਹਾਲੀ ਵਿਖੇ ਉਸਤਾਦ ਸੁਨੀਲ
ਸ਼ਰਮਾ ਤੋਂ ਸੰਗੀਤ ਦੀਆਂ ਹੋਰ ਵੀ ਬਾਰੀਕੀਆਂ ਸਿੱਖੀਆਂ। ਪ੍ਰਸਿੱਧ ਗਾਇਕ ਸਰਦੂਲ
ਸਿਕੰਦਰ ਦੇ ਗ੍ਰਹਿ, ਸ਼ਹਿਰ ਖੰਨਾ ਵਿਖੇ ਵੀ ਸਰਦੂਲ ਸਿਕੰਦਰ ਦੁਆਰਾ ਦਿੱਤੀਆਂ
ਹਰਮੋਨੀਅਮ-ਸੁਰਾਂ ਉਤੇ ਅਵਾਜ ਦੇ ਕੇ ਬਾਈ ਹਰਦੀਪ ਅਤੇ ਅਮਰ ਨੂਰੀ ਦੀ ਹਾਜਰੀ ਵਿਚ
ਅਸ਼ੀਰਵਾਦ ਖੱਟਿਆ।
ਪਹਿਲੀ ਵਾਰ ਮਨੀ ਔਜਲਾ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ 'ਸਟਾਰ-ਨਾਈਟ' ਵਿਚ ਗੀਤ
'ਨਾਭੇ ਦੀ ਬੰਦ ਬੋਤਲੇ' ਲੈਕੇ ਦਰਸ਼ਕਾਂ ਸਨਮੁੱਖ ਹੋਇਆ। ਫਿਰ ਗੀਤ 'ਐਵੇਂ ਨਹੀ ਜੱਗ
ਉਤੇ ਹੁੰਦੀਆਂ ਸਲਾਮਾਂ' ਵੀ ਖੂਬ ਚਰਚਾ ਵਿਚ ਰਿਹਾ। ਉਪਰੰਤ ਮਨੀ ਔਜਲਾ, ਨਿਰਮਾਤਾ
ਅਨੂਪ ਕੁਮਾਰ ਦੇ ਸਹਿਯੋਗ ਨਾਲ ਯੋ ਯੋ ਹਨੀ ਸਿੰਘ ਦੇ ਸੰਪਰਕ ਵਿਚ ਆਏ। ਇਸੇ ਦੌਰਾਨ
ਹਨੀ ਸਿੰਘ ਨੇ ਮਕਬੂਲ ਐਲਬੰਮ 'ਇੰਟਰਨੈਸ਼ਨਲ ਬਲੇਜਰ' ਵਿਚ ਮਨੀ ਔਜਲਾ ਦਾ ਗੀਤ 'ਅਸਕੇ'
ਰਿਕਾਰਡ ਕੀਤਾ। ਉਪਰੰਤ 'ਸਪੀਡ ਰਿਕਾਰਡਜ' ਵਿਚ ਯੋ ਯੋ ਹਨੀ ਸਿੰਘ ਦੇ ਸੰਗੀਤ ਵਿਚ ਹੀ
ਮਨੀ ਔਜਲਾ ਦਾ ਗੀਤ 'ਸਿਫਤਾਂ ਕਰਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ ਦੀਆਂ' ਆਇਆ।
ਇੱਥੇ ਇਹ ਵੀ ਵਰਣਨ ਯੋਗ ਹੈ ਕਿ ਮਨੀ ਔਜਲਾ ਅਜਿਹਾ ਪਹਿਲਾ ਹਿੰਦੋਸਤਾਨੀ ਪੰਜਾਬੀ
ਗਾਇਕ ਬਣਿਆ ਜਿਸ ਨੇ ਇੰਗਲੈਂਡ ਦੀ ਪ੍ਰਸਿੱਧ ਗੋਰੀ ਗਾਇਕਾ ਨੈਸਡੀ ਜੌਹਨਜ ਨਾਲ ਯੋ ਯੋ
ਹਨੀ ਸਿੰਘ ਦੇ ਸੰਗੀਤ ਵਿਚ ਹੀ ਗੀਤਕਾਰ ਪ੍ਰਗਟ ਲਿੱਧੜਾਂ ਵਾਲੇ ਦਾ ਲਿਖਿਆ ਗੀਤ
'ਫਸਲਾਂ ਦੇ ਨਾਂ ਪੁੱਛਦੀ, ਗੋਰੀ ਲੰਡਨ ਤੋਂ ਆਈ ਲੱਗਦੀ' ਨੇ ਨਵੇਂ ਰਿਕਾਰਡ ਹੀ
ਸਥਾਪਤ ਕਰ ਦਿੱਤੇ। ਇਹ ਗੀਤ ਅੱਜ ਤੱਕ 'ਯੂ-ਟਿਊਬ' ਤੇ 85 ਲੱਖ (8.5 ਮਿਲੀਅਨ)
ਲੋਕਾਂ ਵਲੋਂ ਮਾਣਿਆ ਜਾ ਚੁੱਕਾ ਹੈ। ਇਸੇ ਦੌਰਾਨ ਔਜਲਾ ਨੂੰ ਟੀ. ਵੀ. ਚੈਨਲ 'ਜੀ.
ਟੀ-ਵੀ. ਪੰਜਾਬੀ', 'ਪੀ. ਟੀ. ਸੀ. (ਪੰਜਾਬੀ)', 'ਪੀ. ਟੀ. ਸੀ. ਚੱਕ ਦੇ', 'ਐਮ.
ਐਚ. ਵੰਨ' ਅਤੇ 'ਡੇਅ ਐਂਡ ਨਾਈਟ' ਆਦਿ ਦੇ ਯਰੀਏ ਵੀ ਆਪਣੀ ਕਲਾ ਦਾ ਚੌਗਿਰਦਾ ਵਧਾਉਣ
ਦੇ ਹੋਰ ਵੀ ਮੌਕੇ ਮਿਲੇ।
ਮਨੀ ਔਜਲਾ ਦੀ ਅਵਾਜ 'ਚ ਜਿੱਥੇ ਉਸ ਦੇ ਆਪਣੇ ਹੀ ਲਿਖੇ ਗੀਤ, 'ਆ ਜਾ ਸੋਹਣੀਏ, ਆ
ਜਾ ਤੂੰ' ਜਿਸ ਨੂੰ ਦੁਬਈ 'ਚ ਫਿਲਮਾਇਆ ਗਿਆ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ, ਉਥੇ
ਟੀ. ਵੀ. ਚੈਨਲਾਂ ਦੇ ਨਵੇਂ ਵਰ੍ਹੇ ਦੇ ਪ੍ਰੋਗਰਾਮਾਂ ਵਿਚ ਮਨੀ ਦੇ ਗੀਤ, 'ਜੱਟੀ
ਰੀਲੋਡਡ', 'ਬੁਲਟ' ਤੇ ਗੀਤ 'ਧੱਕ ਧੱਕ' ਵੀ ਸਰੋਤਿਆਂ ਨੇ ਮਾਣੇ। ਖਾਸ ਕਰਕੇ ਮਨੀ
ਔਜਲਾ ਦੀ ਅਵਾਜ ਵਿਚ ਪਿੱਛੇ ਜਿਹੇ ਆਇਆ ਗੀਤ 'ਮੇਰਾ ਬਰੇਕ-ਅੱਪ ਹੋ ਗਿਆ ਵੇ, ਕੋਈ
ਚੱਕਵੀਂ ਬੀਟ ਵਜਾ ਦੇ' ਵੀ ਨੌ-ਜਵਾਨ ਪੀੜ੍ਹੀ ਵਲੋਂ ਬੇਹੱਦ ਪਸੰਦ ਕੀਤਾ ਗਿਆ। ਟਰੈਕ
'ਨੈਕਸਟ ਜਨਰੇਸ਼ਨ ਬੋਲੀਆਂ' ਰਾਂਹੀਂ ਗਾਇਕ ਮਨੀ ਔਜਲਾ ਦੇ ਨਾਲ-ਨਾਲ ਅਲਫਾਜ, ਭਿੰਦਾ
ਔਜਲਾ, ਐਸ. ਬੀ. ਹਰਿਆਣਵੀ, ਲਿੱਲ ਗੋਹਲੂ ਅਤੇ ਲੀਓ ਦੇ ਨਾਲ-ਨਾਲ ਗਾਇਕ ਨਵਜੀਤ
ਕਾਹਲੋਂ ਅਤੇ ਮਨੀ ਦੀ ਅਵਾਜ ਵਿਚ ਆਇਆ ਗੀਤ 'ਲੌਲੀ ਪੌਪ' ਵੀ ਖੂਬ ਰਿਹਾ।
ਕਲਾਵਾਂ ਦੀਆਂ ਮੰਜਲਾਂ ਨੂੰ ਕਲਾਵੇ 'ਚ ਲੈਂਦਿਆਂ ਮਨੀ ਔਜਲਾ ਬਤੌਰ ਸੰਗੀਤਕਾਰ ਵੀ
ਖੂਬ ਚਮਕਿਆ ਹੈ। ਮਨੀ ਔਜਲਾ ਦੀਆਂ ਸੰਗੀਤਕ-ਧੁਨਾਂ ਵਿਚ ਮਰਹੂਮ ਗਾਇਕ ਸੋਨੀ ਪਾਬਲਾ
ਦੇ ਭਾਣਜੇ ਗੁਰਦੀਪ ਸੈਣੀ (ਸਟਾਈਲਿਸ ਸਿੰਘ) ਦੀ ਅਵਾਜ ਵਿਚ ਆਏ ਗੀਤ 'ਕੋਕਾ' ਰਾਂਹੀਂ
ਪ੍ਰਵੇਸ਼ ਕਰਦੇ ਹੋਏ ਸੰਗੀਤਕਾਰ ਵਜੋਂ ਵੀ ਵਧੀਆ ਮੁੰਢ ਬੰਨਿਆ। ਗਾਇਕ ਨਛੱਤਰ ਗਿੱਲ
ਵਲੋਂ ਮਨੀ ਔਜਲਾ ਦੁਆਰਾ ਲਿਖੇ ਤੇ ਸੰਗੀਤ-ਬੱਧ ਕੀਤੇ ਗੀਤ 'ਲੈਕਚਰ ਲਾ ਕੇ ਨਿਕਲੀ'
ਨੇ ਤਾਂ ਧੰਨ ਧੰਨ ਹੀ ਕਰਵਾ ਦਿੱਤੀ। ਇਸੇ ਲੜੀ ਵਿਚ ਔਜਲਾ ਦੇ ਸੰਗੀਤ ਵਿਚ ਗਾਇਕ
ਪ੍ਰੀਤ ਹਰਪਾਲ ਦੀ ਅਵਾਜ ਵਿਚ ਆਇਆ ਗੀਤ, 'ਸੂਟ- ਸਾਟ', ਐਂਕਰ, ਅਦਾਕਾਰਾ ਅਤੇ ਗਾਇਕਾ
ਸਤਿੰਦਰ ਸੱਤੀ ਦੀ ਅਵਾਜ ਵਿਚ 'ਗੁਲਾਬੀ ਪੱਗ', ਗਾਇਕ ਤੇ ਅਦਾਕਾਰ ਰੋਸਨ ਪ੍ਰਿੰਸ ਦੀ
ਅਵਾਜ ਵਿਚ 'ਅੱਜ ਬੋਲਦੀ', ਅਦਾਕਾਰ ਤੇ ਗਾਇਕ ਐਮ. ਈ. ਵਿਰਕ ਦੀ ਅਵਾਜ ਵਿਚ 'ਪੱਗ
ਸੁੱਕਣੀ', ਅਦਾਕਾਰ ਤੇ ਗਾਇਕ ਦਿਲਪ੍ਰੀਤ ਢਿੱਲੋਂ ਦੀ ਅਵਾਜ ਵਿਚ ਗੀਤ 'ਗੱਲ ਖਾਸ' ਦੇ
ਨਾਲ-ਨਾਲ ਬਾਲੀਵੁੱਡ ਤੇ ਪਾਲੀਵੁੱਡ ਫਿਲਮਾਂ ਦੇ ਅਭਿਨੇਤਾ ਜਿੰਮੀ ਸ਼ੇਰਗਿੱਲ ਦੀ ਫਿਲਮ
'ਮੇਰਾ : ਹੀਰੋ ਨਾਮ ਯਾਦ ਰੱਖੀ' ਵਿਚ ਵੀ ਇਕ ਟਰੈਕ ਨੂੰ ਸੰਗੀਤ-ਬੱਧ ਕਰਨ ਦਾ ਅਵਸਰ
ਮਨੀ ਨੂੰ ਮਿਲਿਆ ਹੈ।
26- ਸਾਲਾ ਖੂਬਸੂਰਤ ਇਸ ਨੌਜਵਾਨ ਫੰਨਕਾਰ ਨੇ ਅਭਿਨੇਤਾ ਸਲਮਾਨ ਖਾਨ ਦੀ ਫਿਲਮ
'ਬਾਡੀ ਗਾਰਡ' ਦੇ ਟਾਈਟਲ ਗੀਤ ਗਾਉਣ ਵਾਲੀ ਗਾਇਕਾ ਡੌਲੀ ਸਿੱਧੂ (ਸੂਫੀ ਸਪੈਰੋ) ਦੀ
ਅਵਾਜ ਨੂੰ ਵੀ ਸੰਗੀਤਕ-ਧੁਨਾਂ ਵਿਚ ਪ੍ਰੋਇਆ ਹੈ। ਇਸਦੇ ਨਾਲ ਹੀ ਗਾਇਕ ਇੰਦਰਜੀਤ
ਨਿੱਕੂ, ਸਿਕੰਦਰ, ਮਿਸ ਨੀਲਮ, ਅਰਮਾਨ ਬੇਦਿਲ, ਜੱਸੀ ਸੋਹਲ, ਮਾਸਾ ਅਲੀ ਦੇ ਨਾਲ-ਨਾਲ
ਡੌਲੀ ਸਿੱਧੂ ਅਤੇ ਰੂਪ ਸਿੱਧੂ (ਸੂਫੀ ਸਪੈਰੋ) ਆਦਿ ਅਵਾਜਾਂ ਨੂੰ ਵੀ ਆਪਣੇ ਸੰਗੀਤ
ਵਿਚ ਰਿਕਾਰਡ ਕੀਤਾ ਹੈ।
ਜਿਕਰ ਯੋਗ ਹੈ ਕਿ ਨਿਰਮਾਤਾ ਅਨੂਪ ਕੁਮਾਰ ਦੀ ਰਹਿਨੁਮਾਈ ਹੇਠ ਮਨੀ ਜਿੱਥੇ
ਮੁਬੰਈ, ਕਲਕੱਤਾ, ਚੇਨਈ, ਦੇਹਰਾਦੂਨ, ਦਿੱਲੀ, ਗੁੜਗਾਓਂ ਅਤੇ ਚੰਡੀਗੜ੍ਹ ਆਦਿ
ਸ਼ਹਿਰਾਂ ਵਿਚ ਸਰੋਤਿਆਂ ਦੇ ਸਨਮੁੱਖ ਹੋਇਆ, ਉਥੇ ਕਨੇਡਾ, ਅਮਰੀਕਾ, ਆਸਟ੍ਰੇਲੀਆ,
ਦੁਬੱਈ, ਸਿੰਘਾ ਪੁਰ, ਨਿਊਜੀਲੈਂਡ ਅਤੇ ਦਰਜਨ ਤੋਂ ਵੱਧ ਹੋਰ ਦੇਸ਼ਾਂ ਵਿਚ ਵੀ ਯੋ ਯੋ
ਹਨੀ ਸਿੰਘ ਹੋਰਾਂ ਦੇ ਨਾਲ ਵੀ ਉਸ ਨੇ ਪੇਸ਼ਕਾਰੀਆਂ ਦਿੱਤੀਆਂ। ਬਾਲੀਵੁੱਡ ਪ੍ਰਸਿੱਧ
ਅਭਿਨੇਤਾ ਸ਼ਾਹਰੁਖ ਖਾਨ, ਅਭਿਨੇਤਰੀਆਂ ਮਾਧੁਰੀ ਦਿਕਸ਼ਤ, ਰਾਣੀ ਮੁਖਰਜੀ, ਜੈਕਲਿਨ
ਫਰਨਾਂਡੇਜ ਨਾਲ ਵੀ ਆਸਟ੍ਰੇਲੀਆਂ ਅਤੇ ਨਿਊਜੀਲੈਂਡ ਵਿਖੇ ਕੀਤੇ ਸ਼ੋਅ ਖਾਸ ਤੌਰ ਤੇ
ਜਿਕਰ ਕਰਨੇ ਬਣਦੇ ਹਨ। ਮਨੀ ਔਜਲਾ ਨੂੰ ਵਧੀਆ ਫੰਨਕਾਰ ਬਣਾਉਣ ਵਿਚ ਜਿੱਥੇ 'ਐਕਮੇ
ਮਿਊਜਕ' ਦੇ ਨਿਰਮਾਤਾ ਅਨੂਪ ਕੁਮਾਰ ਦਾ ਅਹਿਮ ਰੋਲ ਰਿਹਾ ਹੈ, ਉਥੇ ਮਨੀ ਔਜਲਾ ਦੇ
ਨਿਊਜੀਲੈਂਡ ਰਹਿੰਦੇ ਵੱਡੇ ਭਰਾ ਗੁਰਪ੍ਰੀਤ ਸਿੰਘ ਔਜਲਾ ਦੇ ਸਹਿਯੋਗ ਨੂੰ ਵੀ ਅੱਖੋਂ
ਓਹਲੇ ਨਹੀਂ ਕੀਤਾ ਜਾ ਸਕਦਾ।
ਮਨੀ ਔਜਲਾ ਦੀ ਬਹੁ-ਪੱਖੀ ਪ੍ਰਤਿੱਭਾ ਨੂੰ ਵੇਖਦੇ ਹੋਏ ਟੀ. ਵੀ. ਚੈਨਲ 'ਪੀ. ਟੀ.
ਸੀ.' ਪੰਜਾਬੀ ਵਲੋਂ ਪ੍ਰੋਗਰਾਮ 'ਮੇਰੇ ਪਿੰਡ ਦੀਆਂ ਗਲੀਆਂ' ਜੋ ਹਰ ਮੰਗਲਵਾਰ ਨੂੰ
ਰਾਤੀਂ 9 ਤੋਂ 10 ਇਕ ਘੰਟੇ ਲਈ ਚੱਲਦਾ ਹੈ, ਪ੍ਰਸਾਰਿਤ ਕਰਨ ਦਾ ਮਨੀ ਨੂੰ ਮੌਕਾ
ਦਿੱਤਾ ਗਿਆ ਹੈ, ਜੋ ਦਰਸ਼ਕਾਂ ਵਿਚ ਬਹੁਤ ਮਕਬੂਲ ਹੋ ਰਿਹਾ ਹੈ। ਛੇਤੀਂ ਹੀ ਸਰੋਤਿਆਂ
ਨੂੰ ਨਿਰਮਾਤਾ ਅਨੂਪ ਕੁਮਾਰ ਅਤੇ ਡਾਇਰੈਕਟਰ ਪੱਬ ਧਾਰੀਆ ਦੀ ਨਿਰਦੇਸ਼ਨਾ ਹੇਠ
ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਦੀਆਂ ਖੂਬਸੂਰਤ ਥਾਵਾਂ ਤੇ ਫਿਲਮਾਇਆ ਗੀਤ 'ਬੱਲੇ ਨੀ
ਬੱਲੇ ਤੇਰੇ' ਸੁਣਨ ਨੂੰ ਮਿਲੇਗਾ।
ਇਕ ਸਵਾਲ ਦਾ ਜੁਵਾਬ ਦਿੰਦਿਆਂ ਮਨੀ ਔਜਲਾ ਨੇ ਗਾਇਕ ਗੁਰਦਾਸ ਮਾਨ, ਹਰਭਜਨ ਮਾਨ
ਅਤੇ ਬੱਬੂ ਮਾਨ ਨੂੰ ਆਪਣੀ ਪਸੰਦੀ ਦੇ ਗਾਇਕ ਕਹਿਕੇ ਬਿਆਨਿਆ। ਪੰਜਾਬੀ ਫਿਲਮਾਂ 'ਚ
ਅਦਾਕਾਰੀ ਦੇਣ ਬਾਰੇ ਉਸ ਕਿਹਾ ਕਿ ਉਸ ਦੀ ਚੰਗੇ ਵਿਸ਼ੇ ਅਤੇ ਵਧੀਆ ਸਕਰਿਪਟ ਵਾਲੀ
ਫਿਲਮ 'ਚ ਹੀ ਅਦਾਕਾਰੀ ਕਰਨ ਦੀ ਰੀਝ ਹੈ।
ਜਿਸ ਮਿਹਨਤ, ਲਗਨ ਤੇ ਉਤਸ਼ਾਹ ਨਾਲ ਮਨੀ ਔਜਲਾ ਗਾਇਕੀ, ਸੰਗੀਤਕਾਰੀ ਅਤੇ ਅਦਾਕਾਰੀ
ਖੇਤਰ ਵਿਚ ਵਿਚਰ ਰਿਹਾ ਹੈ, ਉਸ ਤੋਂ ਸਹਿਜੇ ਹੀ ਹੋਰ ਵੀ ਉੱਚੀਆਂ ਪੁਲਾਂਘਾਂ ਪੁੱਟਣ
ਦੀਆਂ ਉਮੀਦਾਂ ਲਾਈਆਂ ਜਾ ਸਕਦੀਆਂ ਨੇ। ਸ਼ਾਲਾ! ਉਚੀ ਪਰਵਾਜ ਭਰਨ ਲਈ ਉਹ ਪਰਵਰਦਗਾਰ
ਇਸ ਨੌਜਵਾਨ ਫੰਨਕਾਰ ਦੇ 'ਪਰਾਂ' ਦੀ ਉਡਾਣ ਨੂੰ ਹੋਰ ਵੀ ਬੱਲ ਬਖਸ਼ੇ ! ਆਮੀਨ!
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ: ਮਨੀ ਔਜਲਾ, ਚੰਡੀਗੜ੍ਹ (95925-97176) |