|
ਰਮਨ ਕੱਦੋ |
ਲੁਧਿਆਣਾ ਜਿਲੇ ਦੀ ਪਾਇਲ ਤਹਿਸੀਲ ਦੇ ਪਿੰਡ ਕੱਦੋਂ ਨੂੰ ਕਲਾਕਾਰਾਂ ਅਤੇ
ਗੀਤਕਾਰਾਂ ਦੀ ਨਰਸਰੀ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਪਿੰਡ ਦੇ ਜੰਮਪਲ ਵਿਅਕਤੀਆਂ
ਨੇ ਸੰਸਾਰ ਵਿਚ ਆਪਣੀਆਂ ਕਲਾ ਕਿਰਤਾਂ ਕਰਕੇ ਨਾਮਣਾ ਖੱਟਕੇ ਪਿੰਡ ਦਾ ਨਾਂ ਦੁਨੀਆਂ
ਦੇ ਨਕਸ਼ੇ ਉਪਰ ਚਮਕਣ ਲਾ ਦਿੱਤਾ ਹੈ। ਪਿੰਡ ਕੱਦੋਂ ਦੇ ਜੰਮਪਲ ਵਿਅੰਗਾਤਮਕ ਕਲਾਕਾਰ
ਜਸਵਿੰਦਰ ਭੱਲਾ ਦਾ ਨਾਂ ਕਲਾਕਾਰਾਂ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ
ਜਾਵੇਗਾ। ਇਸੇ ਤਰਾਂ ਸਮਾਜਿਕ ਸਰੋਕਾਰਾਂ-ਨਸ਼ਿਆਂ ਅਤੇ ਰੁਮਾਂਟਿਕ ਗੀਤਾਂ ਨੂੰ ਲਿਖਣ
ਵਾਲਾ ਕਰਮਜੀਤ ਸਿੰਘ ਮੁੰਡੀ ਜਿਹੜਾ-ਜੀਤ ਕੱਦੋਂਵਾਲਾ-ਦੇ ਨਾਮ ਨਾਲ ਜਾਣਿਆਂ ਜਾਂਦਾ
ਹੈ-ਉਹ ਵੀ ਪਿੰਡ ਕੱਦੋਂ ਦਾ ਹੀ ਜੰਮਪਲ ਹੈ ਅਤੇ ਜੋ ਅੱਜ ਕਲ ਕੈਨੇਡਾ ਦੇ ਵਿਨੀਪੈਗ
ਸ਼ਹਿਰ ਵਿਚ ਆਪਣੇ ਪਰਿਵਾਰ ਨਾਲ ਜੀਵਨ ਬਸਰ ਕਰ ਰਿਹਾ ਹੈ।
ਰਮਨਦੀਪ ਸਿੰਘ ਮੁੰਡੀ ਜਿਹੜਾ ਸਾਹਿਤਕ ਖੇਤਰ ਵਿਚ-ਰਮਨ ਕੱਦੋਂ-ਦੇ ਨਾਮ ਨਾਲ
ਜਾਣਿਆਂ ਜਾਂਦਾ ਹੈ ਵੀ ਉਭਰਦਾ ਨੌਜਵਾਨ ਗੀਤ ਲੇਖਕ ਅਤੇ ਕਵੀ ਹੈ ਜਿਹੜਾ ਰੋਜ਼ੀ ਰੋਟੀ
ਦੀ ਖ਼ਾਤਰ ਦੋ ਹਜ਼ਾਰ ਨੌਂ ਵਿਚ ਕੈਨੇਡਾ ਪਰਵਾਸ ਕਰ ਗਿਆ ਸੀ ਅਤੇ ਹੁਣ ਕੈਨੇਡਾ ਦੇ
ਬਰਾਮਪਟਨ ਸ਼ਹਿਰ ਵਿਚ ਰਹਿ ਰਿਹਾ ਹੈ। ਪੇਸ਼ੇ ਵੱਜੋਂ ਭਾਵੇਂ ਉਹ ਮਕੈਨੀਕਲ ਅਤੇ
ਆਟੋਮੋਬਾਈਲ ਇੰਜਿਨੀਅਰ ਹੈ ਪਰੰਤੂ ਅੱਜ ਕਲ ਉਹ ਟਰੱਕ ਚਲਾਉਂਦਾ ਹੈ। ਟਰਾਂਸਪੋਰਟ ਦਾ
ਕਿਤਾ ਅਤੇ ਸਾਹਿਤ ਦਾ ਦੂਰ ਦਾ ਵੀ ਸੰਬੰਧ ਨਹੀਂ। ਰਮਨ ਕੱਦੋਂ ਦੇ ਅੰਦਰ ਸਾਹਿਤਕ ਦਿਲ
ਧੜਕਦਾ ਹੈ-ਜਿਹੜਾ ਉਸਨੂੰ ਗੀਤ ਅਤੇ ਕਵਿਤਾਵਾਂ ਲਿਖਣ ਲਈ ਪ੍ਰੇਰਦਾ ਰਹਿੰਦਾ ਹੈ।
ਟਰਾਂਸਪੋਰਟ ਦੇ ਅਜਿਹੇ ਖੇਤਰ ਵਿਚ ਰਹਿਕੇ ਜਿਥੇ ਟਰੱਕ ਡਰਾਇਵਰਾਂ ਬਾਰੇ ਲੋਕ ਰਾਇ ਇਹ
ਬਣੀ ਹੋਈ ਹੈ ਕਿ ਉਹ ਅਸਭਿਅਕ ਗੀਤਾਂ ਨੂੰ ਤਰਜੀਹ ਦਿੰਦੇ ਹਨ ਉਸੇ ਕਿਤੇ ਵਿਚ
ਰਹਿੰਦਿਆਂ ਉਹ ਬਹੁਤ ਹੀ ਸੰਜੀਦਾ ਕਿਸਮ ਦੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਗੀਤ
ਲਿਖਦਾ ਹੈ। ਗੀਤ ਕਿਸੇ ਇਨਸਾਨ ਦੀ ਰੂਹ ਦਾ ਪ੍ਰਗਟਾਵਾ ਕਰਦੇ ਹਨ ਅਤੇ ਸੁਹਿਰਦ ਦਿਲਾਂ
ਦੀ ਰੂਹ ਦੀ ਖੁਰਾਕ ਬਣਦੇ ਹਨ। ਰਮਨ ਕੱਦੋਂ ਦਾ ਬਚਪਨ ਦਿਹਾਤੀ ਵਾਤਾਵਰਨ ਵਿਚ ਗੁਜਰਿਆ
ਇਸ ਕਰਕੇ ਦਿਹਾਤੀ ਰਸਮੋ ਰਿਵਾਜਾਂ-ਪਰੰਪਰਾਵਾਂ ਅਤੇ ਧਾਰਨਾਵਾਂ ਦੀ ਉਹ ਬਾਖ਼ੂਬੀ
ਜਾਣਕਾਰੀ ਰੱਖਦਾ ਹੈ। ਜਿਸ ਕਰਕੇ ਉਸਦੇ ਗੀਤ ਅਤੇ ਕਵਿਤਾਵਾਂ ਧਰਾਤਲ ਨਾਲ ਜੁੜੇ ਹੋਏ
ਦਿਹਾਤੀ ਜੀਵਨ ਵਿਚ ਵਿਚਰ ਰਹੇ ਘਰਾਂ ਪਰਿਵਾਰਾਂ ਦੀਆਂ ਸਮਾਜਿਕ ਗੁੰਝਲਾਂ ਨੂੰ ਗੀਤਾਂ
ਦੇ ਰੂਪ ਵਿਚ ਪਰਦਰਸ਼ਤ ਕਰਦਾ ਹੈ। ਹੁਣ ਤੱਕ ਰਮਨ ਕੱਦੋਂ ਲਗਪਗ ਪੰਜਾਹ ਗੀਤ ਅਤੇ
ਕਵਿਤਾਵਾਂ ਲਿਖ ਚੁੱਕਾ ਹੈ ਜਿਹੜੇ ਸਾਰੇ ਮਾਨਵਵਾਦੀ ਵਿਚਾਰਧਾਰਾ ਦੇ ਪ੍ਰਤੀਕ ਅਤੇ
ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੇ ਹਨ। ਉਸਦੇ ਬਹੁਤੇ ਗੀਤ ਅਤੇ
ਕਵਿਤਾਵਾਂ ਪੰਜਾਬ ਦੀ ਜ਼ਿੰਦਗੀ ਨਾਲ ਜੁੜੇ ਹੋਏ ਹਨ। ਪੰਜਾਬ ਦੀ ਧਰਤੀ ਉਸ ਦੇ ਗੀਤਾਂ
ਵਿਚ ਹਮੇਸ਼ਾ ਝਲਕਦੀ ਰਹਿੰਦੀ ਹੈ। ਖਾਸ ਤੌਰ ਤੇ ਮਾਂ ਦਾ ਪਿਆਰ ਅਤੇ ਔਰਤ ਦੀ ਤ੍ਰਾਸਦੀ
ਦਾ ਜ਼ਿਕਰ ਵਾਰ ਵਾਰ ਆਉਂਦਾ ਹੈ ਜਦੋਂ ਉਹ ਲਿਖਦਾ ਹੈ ਕਿ
ਮਾਏ ਤੇਰੇ ਕਦਮਾ ਦੇ ਵਿਚ ਜੱਨਤ ਹੈ ਵਸਦੀ।
ਲੱਗਦਾ ਰੱਬ ਖ਼ੁਸ਼ ਹੋ ਗਿਆ ਮਾਏਂ ਤੂੰ ਜਦੋਂ ਵੀ ਹਸਦੀ।
ਤੁਸੀਂ ਧੀਆਂ ਕੁੱਖ ਚ ਮਾਰਦੇ ਸੀ-ਥੋਡੇ ਪੁੱਤ ਨਸ਼ਿਆਂ ਨੇ ਮਾਰ ਦੇਣੇ।
ਤੁਸੀਂ ਨੂੰਹਾਂ ਅੱਗ ਚ ਸਾੜਦੇ ਸੀ-ਹੁਣ ਘਰ ਆਪਣੇ ਹੀ ਸਾੜ ਲੈਣੇ।
ਇਸਤਰੀ ਸਮਾਜ ਦੀ ਸਿਰਜਕ ਹੈ। ਇਸਤਰੀ ਤੋਂ ਬਿਨਾ ਸੰਸਾਰ ਦਾ ਪਾਸਾਰ ਨਹੀਂ ਹੋ
ਸਕਦਾ। ਉਹ ਅਨੇਕਾਂ ਦੁੱਖ ਝੱਲਕੇ ਵੀ ਆਪਣੇ ਪਰਿਵਾਰ ਪਾਲਦੀ ਅਤੇ ਨਿਹਾਰਦੀ ਹੈ
ਪ੍ਰੰਤੂ ਸਮਾਜ ਉਸਨੂੰ ਕਿਸੇ ਵੀ ਰੂਪ ਵਿਚ ਸਣਦਾ ਸਤਿਕਾਰ ਨਹੀਂਦਿੰਦਾ। ਰਮਨ ਇਸਤਰੀ
ਦੇ ਦੁੱਖਾਂ ਬਾਰੇ ਲਿਖਦਾ ਹੈ-
ਔਰਤ ਕੀ ਏ ਇੱਕ ਦਰਦ ਕਹਾਣੀ-ਦੁੱਖ ਭੋਗਦੀ ਇਹ ਮਰ ਜਾਣੀ।
ਕਿਸੇ ਵੇਲੇ ਨਾ ਵੇਖੀ ਹੱਸਦੀ-ਬਸ ਅੱਖੀਓਂ ਡੁਲਦਾ ਰਹਿੰਦਾ ਪਾਣੀ।
ਭਾਵੇਂ ਉਸਨੇ ਬਹੁਤ ਸਾਰੇ ਗੀਤ ਅਤੇ ਕਵਿਤਾਵਾਂ ਲਿਖੀਆਂ ਹਨ ਪ੍ਰੰਤੂ ਉਸਦੇ ਪੰਜ
ਗੀਤ ਬਹੁਤ ਹੀ ਬਿਹਤਰੀਨ ਅਤੇ ਦਿਲ ਨੂੰ ਟੁੰਬਣ ਵਾਲੇ ਹਨ ਜਿਨਾਂ ਵਿਚੋਂ ਇੱਕ ਗੀਤ
ਪਾਕਿਸਤਾਨ ਦੇ ਬਾਲੀਵੁਡ ਗਾਇਕ ਜਾਵੇਦ ਬਸ਼ੀਰ ਅਤੇ ਦੋ ਗੀਤ ਸਿਧਾਰਥ ਮੋਹਨ ਵੱਲੋਂ ਗਾਏ
ਗਏ ਹਨ। ਜਾਵੇਦ ਬਸ਼ੀਰ ਦਾ ਗਾਇਆ ਗੀਤ ਅਜੇ ਜਾਰੀ ਹੋਣਾ ਹੈ। ਆਮ ਤੌਰ ਤੇ ਨੌਜਵਾਨ
ਸ਼ਾਇਰ ਅਤੇ ਗੀਤਕਾਰ ਸਮੇਂ ਦੀ ਲੋੜ ਅਨੁਸਾਰ ਜਲਦੀ ਪ੍ਰਸੰਸਾ ਖੱਟਣ ਲਈ ਇਸ਼ਕ ਮਜਾਜੀ
ਵਾਲੇ ਰੋਮਾਂਟਿਕ ਗੀਤ ਲਿਖਦੇ ਹਨ ਪ੍ਰੰਤੂ ਰਮਨ ਕੱਦੋਂ ਨੇ ਅਜਿਹਾ ਨਹੀਂ ਕੀਤਾ। ਉਸਨੇ
ਸੂਫੀਆਨਾ ਗੀਤ ਵੀ ਲਿਖੇ ਹਨ ਜਿਨਾਂ ਵਿਚੋਂ ਦੋ ਸਿਧਾਰਥ ਮੋਹਨ ਵੱਲੋਂ ਗਾਏ ਗਏ ਹਨ।
ਰਮਨ ਨੇ ਇਹ ਗੀਤ ਪ੍ਰਮਾਤਮਾ ਦੀ ਉਸਤਤ ਵਿਚ ਲਿਖੇ ਹਨ ਜਿਵੇਂ ਸੂਫੀ ਸੰਤ ਲਿਖਦੇ ਰਹੇ
ਹਨ-ਉਸਦੇ ਇੱਕ ਗੀਤ ਦੇ ਬੋਲ ਹਨ-
ਮੈਂ ਤੇਰੀ ਤੂੰ ਮੇਰਾ-ਮੈਨੂੰ ਗਲ ਨਾਲ ਲਾ ਲੈ ਵੇ।
ਹੁਣ ਬਣਜਾ ਰਾਂਝਣ ਮੇਰਾ-ਮੈਨੂੰ ਹੀਰ ਬਣਾ ਲੈ ਵੇ।
ਅਜਿਹਾ ਹੀ ਇੱਕ ਹੋਰ ਗੀਤ ਹੈ ਜਿਸ ਵਿਚ ਇਸ਼ਕ ਹਕੀਕੀ ਦੀ ਗੱਲ ਦੀ ਗੱਲ ਕੀਤੀ ਗਈ
ਹੈ-
ਛੱਡਕੇ ਮੈਂ ਦੁਨੀਆਂ ਦੇ ਦਰ ਸਾਰੇ-ਕੱਢ ਕੇ ਮੈਂ ਦਿਲ ਵਿਚੋਂ ਸਾਰੇ।
ਲੈ ਕੇ ਆਸਾਂ ਇੱਕ ਤੇਰੇ ਘਰ ਆਈ ਆਂ-ਮੇਰੇ ਮੌਲਾ ਮੇਰੇ ਸਾਈਆਂ।
ਸਭ ਤੋਂ ਪਹਿਲਾ ਗੀਤ ਉਸਨੇ ਖ਼ੁਦ ਹੀ ਗਾਇਆ ਹੈ ਜਿਹੜਾ ਦੋ ਹਜ਼ਾਰ ਸੱਤ ਵਿਚ -ਰਮਨ
ਆਡੀਓ- ਦੇ ਨਾਂ ਤੇ ਜਾਰੀ ਹੋਇਆ ਸੀ। ਦੂਜਾ ਗੀਤ ਡਿਊਟ ਹੈ ਜਿਸਨੂੰ ਇੰਗਲੈਂਡ ਦੇ
ਗਾਇਕਾਂ ਨੇ ਗਾਇਆ ਹੈ। ਉਸਦਾ ਇੱਕ ਡਿਊਟ ਗੀਤ ਟੀ-ਸੀਰੀਜ ਨੇ ਜਾਰੀ ਕੀਤਾ ਹੈ ਜਿਸਨੂੰ
ਆਵਾਜ ਬਾਵਾ ਸਾਹਨੀ ਅਤੇ ਮਾਨਿਆਂ ਅਰੋੜਾ ਨੇ ਦਿੱਤੀ ਹੈ। ਛੋਟੀ ਉਮਰ ਦੇ ਨੌਜਵਾਨ ਗੀਤ
ਲੇਖਕ ਦੇ ਲਿਖੇ ਗੀਤਾਂ ਨੂੰ ਐਡੇ ਵੱਡੇ ਸੰਸਾਰ ਪ੍ਰਸਿਧ ਗਾਇਕਾਂ ਦੇ ਗਾਉਣ ਤੋਂ
ਸੰਕੇਤ ਮਿਲਦੇ ਹਨ ਕਿ ਰਮਨ ਕੱਦੋਂ ਦਾ ਭਵਿਖ ਸੁਨਹਿਰੀ ਹੋਵੇਗਾ। ਭਰੂਣ ਹੱਤਿਆ ਵਰਗੇ
ਸੰਜੀਦਾ ਵਿਸ਼ੇ ਨੂੰ ਉਸਨੇ ਬਹੁਤ ਦਿਲ ਹੀ ਨੂੰ ਟੁੰਬਣ ਵਾਲੇ ਅੰਦਾਜ ਵਿਚ ਲਿਖਿਆ ਹੈ
ਜਿਸਨੂੰ ਸੁਣਕੇ ਹਰ ਮਾਨਵਾਦੀ ਇਨਸਾਨ ਨੂੰ ਅਜਿਹਾ ਹਲੂਣਾ ਮਿਲਦਾ ਹੈ-ਜਿਸ ਨਾਲ ਉਸ
ਦੀਆਂ ਅੱਖਾਂ ਵਿਚੋਂ ਅਣਜੰਮੀ ਬੱਚੀ ਦੀ ਪੁਕਾਰ ਸੁਣਕੇ ਅੱਥਰੂ ਵਹਿਣ ਲੱਗ ਜਾਂਦੇ ਹਨ।
ਇੱਕ ਕਿਸਮ ਨਾਲ ਇਸ ਸਮਾਜਿਕ ਬਿਮਾਰੀ ਦੀ ਹੂ-ਬ-ਹੂ-ਤਸਵੀਰ ਸਰੋਤੇ ਦੇ ਮਨ ਦੇ ਸਾਹਮਣੇ
ਪ੍ਰਗਟ ਹੋ ਜਾਂਦੀ ਹੈ। ਖਾਸ ਤੌਰ ਤੇ ਵਡੇਰੀ ਉਮਰ ਦੀਆਂ ਇਸਤਰੀਆਂ ਦਾਦੀਆਂ ਜਿਹੜੀਆਂ
ਆਪ ਔਰਤਾਂ ਹੁੰਦੀਆਂ ਹੋਈਆਂ ਆਪ ਹੀ ਔਰਤ ਨੂੰ ਜੰਮਣ ਤੋਂ ਰੋਕਦੀਆਂ ਹਨ ਦੀਆਂ
ਭਾਵਨਾਵਾਂ ਨੂੰ ਗੀਤ ਸੁਣਦਿਆਂ ਲਾਹਣਤਾਂ ਪੈਂਦੀਆਂ ਸਾਫ ਵਿਖਾਈ ਦਿੰਦੀਆਂ ਹਨ। ਦਿਲ
ਨੂੰ ਹਲੂਣਾ ਦੇਣ ਵਾਲੇ ਇਸ ਗੀਤ ਦੇ ਬੋਲ ਹਨ-
ਨਾ ਮਾਏ ਨਾ ਮਾਏ ਨਾ ਤੂੰ ਕਤਲ ਕਰਾ ਮੈਨੂੰ-ਹੁੰਦੀ ਕਿਦਾਂ ਦੀ ਦੁਨੀਆਂ ਨੀ ਮਾਏ
ਵੇਖ ਲੈਣ ਦੇ ਤੂੰ।
ਹਾਏ ਵੀਰੇ ਨੂੰ ਨਿਤ ਹੀ ਕੁੱਟ-ਕੁੱਟ ਚੂਰੀਆਂ ਦਿੰਦੀ ਏਂ-ਮੈਨੂੰ ਜੰਮਣ ਤੋਂ ਪਹਿਲਾਂ
ਕਿਉਂ ਘੂਰੀਆਂ ਦਿੰਦੀ ਏਂ।
ਮੈਂ ਖੇਡਾਂ ਤੇਰੀ ਗੋਦੀ ਵਿਚ ਦੱਸ ਚਾਹਵੇਂ ਕਿਉਂ ਨਾ ਤੂੰ-ਹਾਏ ਬਾਪੂ ਨੂੰ ਹੁਣ ਤੋਂ
ਹੀ ਮੇਰੇ ਵਿਆਹ ਦਾ ਝੋਰਾ ਖਾਏ ।
ਕਹਿ ਉਹ ਮੈਨੂੰ ਦਾਜ ਨਾ ਦੇਵੇ ਪਰ ਪੜਨ ਸਕੂਲੇ ਲਾਏ-ਪੜ-ਪੜਕੇ ਵੱਡੀ ਅਫਸਰ ਲੱਗ ਸਭ
ਬੰਦ ਕਰਦੂੰ ਮੂੰਹ।
ਹਾਏ ਦਾਦੀ ਮੈਨੂੰ ਨਿੱਤ ਸਕੀਮਾ ਖ਼ਤਮ ਕਰਨ ਦੀਆਂ ਕਰਦੀ-ਅਸੀਂ ਨਹੀਂ ਪੱਥਰੀ ਜਰਨਾ ਇਹੋ
ਕਹਿ ਕੇ ਲੜਦੀ।
ਉਹ ਵੀ ਧੀ ਸੀ ਕਿਸੇ ਦੀ ਹੁਣ ਕਿਉਂ ਕਰਦੀ ਹੈ ਫੂੰ-ਫੂੰ-ਹੁੰਦੀ ਕਿਦਾਂ ਦੀ ਦੁਨੀਆਂ
ਨੀ ਮਾਏ ਵੇਖ ਲੈਣ ਦੇ ਤੂੰ।
ਰਮਨ ਕੱਦੋਂ ਮੇਰਾ ਵੀਰਾ ਮੇਰੇ ਲਈ ਅਰਦਾਸਾਂ ਕਰਦਾ-ਕੁੜੀ-ਮੁੰਡੇ ਵਿਚ ਫ਼ਰਕ ਹੋਣ ਦਾ
ਜੇ ਮਨਾਂ ਤੋਂ ਹੱਟ ਜੇ ਪਰਦਾ।
ਹਾਏ ਪੁੱਤਾਂ ਵਾਂਗੂੰ ਮੋਹ ਮਾਇਆ ਦਾ ਜਦ ਮਿਲਜੇ ਕੁੜੀਆਂ ਨੂੰ-ਹੁੰਦੀ ਕਿਦਾਂ ਦੀ
ਦੁਨੀਆਂ ਵੇਖ ਲੈਣ ਦੇ ਤੂੰ।
ਰਮਨ ਕੱਦੋਂ ਦਾ ਜਨਮ ਪਿਤਾ ਜ਼ੋਰਾ ਸਿੰਘ ਮੁੰਡੀ ਅਤੇ ਮਾਤਾ ਪ੍ਰੀਤਮ ਕੌਰ ਮੁੰਡੀ
ਦੇ ਘਰ ਇੱਕ ਆਮ ਮਧ ਵਰਗੀ ਕਿਸਾਨ ਪਰਿਵਾਰ ਵਿਚ ਲੁਧਿਆਣਾ ਜਿਲੇ ਦੇ ਪਿੰਡ ਕੱਦੋਂ
ਵਿਖੇ ਅਠਾਰਾਂ ਨਵੰਬਰ ਉਨੀ ਸੌ ਚੁਰਾਸੀ ਵਿਚ ਹੋਇਆ। ਮੁੱਢਲੀ ਪੜਾਈ ਗੁਰੂ ਨਾਨਕ ਮਾਡਲ
ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਪ੍ਰਾਪਤ ਕੀਤੀ। ਦੋ ਹਜ਼ਾਰ ਚਾਰ ਵਿਚ ਗੁਰੂ
ਨਾਨਕ ਇੰਜਿਨੀਅਰਿੰਗ ਕਾਲਜ ਲੁਧਿਆਣਾ ਤੋਂ ਮਕੈਨੀਕਲ ਇੰਜਿਨੀਅਰਿੰਗ ਵਿਚ ਡਿਪਲੋਮਾ
ਪਾਸ ਕੀਤਾ ਅਤੇ ਫਿਰ ਦੋ ਹਜ਼ਾਰ ਪੰਜ ਵਿਚ ਆਟੋਮੋਬਾਈਲ ਇੰਜਿਨੀਅਰਿੰਗ ਵਿਚ ਪੋਸਟ
ਡਿਪਲੋਮਾ ਕੀਤਾ। ਉਸਤੋਂ ਬਾਅਦ ਬੀ ਏ ਸੰਗੀਤ ਦੇ ਵਿਸ਼ੇ ਨਾਲ ਗੁਰੂ ਨਾਨਕ ਨੈਸ਼ਨਲ ਕਾਲਜ
ਦੋਰਾਹਾ ਤੋਂ ਦੋ ਹਜ਼ਾਰ ਅੱਠ ਵਿਚ ਪਾਸ ਕੀਤੀ। ਸੰਗੀਤ ਵਿਚ ਆਪ ਨੂੰ ਬਚਪਨ ਤੋਂ ਹੀ
ਸ਼ੌਕ ਸੀ। ਪੰਜਾਬ ਵਿਚ ਰੋਜ਼ਗਾਰ ਦੇ ਬਹੁਤੇ ਮੌਕੇ ਨਾ ਹੋਣ ਕਰਕੇ ਦੋ ਹਜ਼ਾਰ ਨੌਂ ਵਿਚ
ਕੈਨੇਡਾ ਪਰਵਾਸ ਕਰ ਗਏ। ਕੈਨੇਡਾ ਵਿਚ ਪਤਨੀ ਹਰਦੀਪ ਕੌਰ ਮੁੰਡੀ-ਲੜਕੀ ਸੀਰਤ ਕੌਰ
ਮੁੰਡੀ ਅਤੇ ਲੜਕਾ ਸਾਹਿਬ ਸਿੰਘ ਮੁੰਡੀ ਨਾਲ ਰਹਿ ਰਿਹਾ ਹੈ।
ਰਮਨ ਕੱਦੋਂ ਪ੍ਰਵਾਸ ਵਿਚ ਰਹਿ ਰਿਹਾ ਹੈ ੍ਯਇਸ ਲਈ ਕੁਦਰਤੀ ਹੈ ਕਿ ਉਸਦੀ ਲੇਖਣੀ
ਵਿਚ ਪ੍ਰਵਾਸ ਦੀ ਜਦੋਜਹਿਦ ਦਾ ਜ਼ਿਕਰ ਹੋਵੇਗਾ ਕਿਉਂਕਿ ਪੰਜਾਬ ਵਿਚ ਇਹ ਸਮਝਿਆ ਜਾ
ਰਿਹਾ ਹੈ ਕਿ ਪ੍ਰਵਾਸੀ ਆਨੰਦਮਈ ਜੀਵਨ ਬਸਰ ਕਰ ਰਹੇ ਹਨ। ਜਿਵੇਂ ਬਿਨਾ ਕੰਮ ਕੀਤਿਆਂ
ਹੀ ਉਹ ਆਨੰਦ ਮਾਣ ਰਹੇ ਹੋਣ। ਉਨਾਂ ਔਖੇ ਤੋਂ ਔਖੇ ਸਮੇਂ ਵਿਚ ਵੀ ਕੰਮ ਕਰਨਾ ਪੈਂਦਾ
ਹੈ। ਇਥੇ ਵਰਕ ਕਲਚਰ ਹੈ। ਵਿਹਲਿਆਂ ਦੇ ਪੱਲੇ ਕੁਝ ਨਹੀਂ ਪੈਂਦਾ ਖਾਸ ਤੌਰ ਤੇ
ਡਰਾਇਵਰਾਂ ਨੂੰ ਕਈ ਕਈ ਦਿਨ ਘਰੋਂ ਬਾਹਰ ਰਹਿਣਾ ਪੈਂਦਾ ਹੈ। ਰਮਨ ਕੱਦੋਂ ਪ੍ਰਵਾਸੀਆਂ
ਦੀ ਸਖਤ ਮਿਹਨਤ ਬਾਰੇ ਲਿਖਦਾ ਹੈ ਕਿ-
ਲੋਕ ਆਖਦੇ ਡਰਾਇਵਰਾਂ ਦੀ ਮੋਟੀ ਆ ਕਮਾਈ-ਸੱਚ ਜਾਣਿਓਂ ਹੈ ਸਾਡੀ ਬੜੀ ਇਹ ਕਮਾਈ।
ਚੱਲੇ ਭਾਵੇਂ ਨੇਰੀ ਪਵੇ ਅੱਤ ਦੀ ਸਨੋਅ-ਮਾੜੇ ਬੰਦੇ ਵਾਂਗੂੰ ਦਿਲ ਸਾਡੇ ਨਹੀਓਂ
ਘਟਦੇ।
ਜਿਹੜੇ ਟਾਈਮ ਸੌਂਦੇ ਲੋਕ ਲੈ ਕੇ ਰਜਾਈਆਂ-ਉਦੋਂ ਯਾਰ ਹੁੰਦੇ ਰੋਡਾਂ ਉਤੇ ਧੂੜ
ਪੱਟਦੇ।
ਅਖੀਰ ਵਿਚ ਕਿਹਾ ਜਾ ਸਕਦਾ ਹੈ ਕਿ ਰਮਨ ਕੱਦੋਂ ਆਮ ਕਵੀਆਂ ਅਤੇ ਗੀਤਕਾਰਾਂ ਵਰਗਾ
ਨੌਜਵਾਨ ਗੀਤਕਾਰ ਨਹੀਂ ਜਿਹੜਾ ਆਪਣੀ ਵਿਰਾਸਤ ਨੂੰ ਭੁੱਲਕੇ ਵਰਤਮਾਨ ਦੀ ਰੋਮਾਂਟਿਕ
ਹਨੇਰੀ ਵਿਚ ਵਹਿ ਤੁਰੇਗਾ। ਉਸਦਾ ਰਾਹ ਬਾਕੀਆਂ ਨਾਲੋਂ ਵੱਖਰਾ ਹੈ। ਅਜੇ ਉਹ ਨੌਜਵਾਨੀ
ਵਿਚ ਹੀ ਐਨੀਆਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਰਚਨਾਵਾਂ ਲਿਖਕੇ ਮੱਲਾਂ ਮਾਰ
ਚੁੱਕਾ ਹੈ। ਇਸ ਤੋਂ ਭਾਸਦਾ ਹੈ ਕਿ ਉਸਦਾ ਸਾਹਿਤਕ ਸਫਰ ਸੁਨਹਿਰੀ ਅਤੇ ਵਿਲੱਖਣ
ਹੋਵੇਗਾ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋ-94178 13072
|