ਪੰਜਾਬ ਦੇ ਨਾਲਵਰ ਸੂਫ਼ੀ ਗਾਇਕ,ਗਿਦੜਬਹਾ ਇਲਾਕੇ ਵਿੱਚ ਜਗਰਾਤਿਆਂ ਵਰਗੇ
ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਭਰਨ ਵਾਲੇ,ਸੁਰੀਲੇ,ਸਾਰੀ ਉਮਰ ਵਿਆਹ ਨਾ ਕਰਵਾਉਂਣ
ਵਾਲੇ,ਅਸਫਲ ਪਿਆਰ ਦੀ ਦਾਸਤਾਂ ਦਾ ਸੇਕ ਅੰਦਰੇ- ਅੰਦਰ ਹੰਢਾਉਣ ਵਾਲੇ, ਆਰਟ ਕਰਾਫਟ
ਅਧਿਆਪਕ ਵਜੋਂ ਸੇਵਾ ਮੁਕਤ ਹੋਣ ਵਾਲੇ,ਗੁਰਦਾਸ ਮਾਨ ਤੋਂ ਦੋ ਕੁ ਸਾਲ ਪਿੱਛੇ ਪੜ੍ਹਨ
ਵਾਲੇ, ਗੁਰਦਾਸ ਮਾਨ ਨੂੰ ਹਰ ਸਮੇ ਨੇਕ ਸਲਾਹ ਦੇਣ ਵਾਲੇ ਅਧਿਆਪਕ ਹਾਕਮ ਸੂਫ਼ੀ ਦਾ
ਅੱਜ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਹੀ ਇੰਤਕਾਲ ਹੋ ਗਿਆ । ਉਹ ਕੁੱਝ ਸਮੇ ਤੋਂ
ਬਿਮਾਰ ਚੱਲ ਰਹੇ ਸਨ,ਗਿੱਦੜਬਹਾ ਵਿੱਚ ਹੀ ਸ਼ਾਮ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕਰ
ਦਿੱਤਾ ਗਿਆ । ਇਸ ਸੰਤ ਸੁਭਾਅ ਦੇ ਫੱਕਰ ਦਾ ਜਨਮ 3 ਮਾਰਚ, 1952 ਨੂੰ ਪਿੰਡ
ਗਿੱਦੜਬਾਹਾ (ਜ਼ਿਲਾ-ਮੁਕਤਸਰ) ਵਿਖੇ ਪਿਤਾ ਕਰਤਾਰ ਸਿੰਘ' ਅਤੇ ਮਾਤਾ 'ਗੁਰਦਿਆਲ ਕੌਰ
ਦੇ ਘਰ ਇੱਕ ਗਰੀਬ ਪਰਿਵਾਰ ਵਿੱਚ ਹੋਇਆ |
ਹਾਕਮ ਸੂਫੀ ਨੇ ਜੀ ਟੀ. ਵੀ. ਤੋਂ ਪਹਿਲੀ ਵਾਰ 'ਸੁਰਮਈ ਸ਼ਾਮ' ਪ੍ਰੋਗਰਾਮ ਰਾਹੀ
ਸਰੋਤਿਆਂ ਨੂੰ ਕੀਲਿਆ | ਉਸ ਨੇ ਨਵੇਂ ਸਾਲ ਦੇ ਪ੍ਰੋਗਰਾਮ ਮੌਕੇ ਜਲੰਧਰ ਦੂਰੲਦਰਸ਼ਨ
ਤੋਂ ਵੀ ਦੋ ਗੀਤ ਪੇਸ਼ ਕੀਤੇ । ਪਰ ਉਸ ਦਾ ਸੰਗੀਤ ਬਜ਼ਾਰ ਵਿੱਚ ਉਸ ਦਾ ਸਭ ਤੋਂ
ਪਹਿਲਾ ਤਵਾ "ਮੇਲਾ ਯਾਰਾ ਦਾ(1984)" ਨੂੰ ਐਚ ਐਮ ਵੀ ਕੰਪਨੀ ਨੇ ਰਿਕਾਰਡ ਕਰਿਆ ।
ਜਿਸਦੇ ਸਾਰੇ ਹੀ ਗੀਤ ਸੁਪਰਹਿੱਟ ਰਹੇ ਅਤੇ ਅੱਜ ਤੱਕ ਬਦਸਤੂਰ ਉਸੇ ਤਰਾਂ ਹੀ ਲੋਕ
ਗੀਤਾਂ ਵਾਂਗ ਸੁਣੇ ਅਤੇ ਗੁਣਗੁਣਾਏ ਜਾਂਦੇ ਹਨ | ਵਰਿੰਦਰ ਦੀ ਫਿਲਮ ‘ਯਾਰੀ ਜੱਟ ਦੀ’
ਵਿਚ ਗਾਏ ਗੀਤ ‘ਪਾਣੀ ਵਿਚ ਮਾਰਾਂ ਡੀਟਾਂ’ ਤੋਂ ਬਹੁਤ ਪ੍ਰਸਿੱਧੀ ਮਿਲੀ। ਇਸ ਤੋਂ
ਇਲਾਵਾ ਉਨ੍ਹਾਂ ਦੀਆਂ ਦੋ ਕੈਸਿਟਾਂ ‘ਦਿਲ ਵੱਟੇ ਦਿਲ’ ਅਤੇ ‘ਦਿਲ ਤੜਫੇ’ ਬਾਜ਼ਾਰ
ਵਿਚ ਆਈਆਂ,ਤਾਂ ਇਹਨਾਂ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ । ਹਾਕਮ ਬਗੈਰ
ਕਿਸੇ ਤੜਛਕ-ਭੜਕ ਤੋਂ ਸਟੇਕ ਕਰਿਆ ਕਰਦਾ ਸੀ ਅਤੇ ਸਰੋਤੇ ਬਹੁਤ ਸਕੂਨ ਮਹਿਸੂਸ ਕਰਿਆ
ਕਰਦੇ ਸਨ । “ ਚਰਖੇ ਦੀ ਟੁੱਟ ਗਈ ਮਾਹਲ “ ਵਰਗੇ ਗੀਤ ਵੀ ਬਹੁ-ਚਰਚਿੱਤ ਰਹੇ । ਹਾਕਮ
ਨੇ ਪ੍ਰੋਗਰਾਮ ਹਾਸਲ ਕਰਨ ਲਈ ਕਿਸੇ ਟੀ ਵੀ ਚੈਨਲ ਦੀਆਂ ਮਿੰਤਾਂ ਨਹੀਂ ਕੀਤੀਆਂ ।
ਮੜ੍ਹਕ ਨਾਲ ਜਿਓਂ ਕਿ ਦਿਖਾਇਆ । ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਨਹੀਂ
ਦਿੱਤੇ ,ਕੈਸਿਟਾਂ ਰਿਲੀਜ਼ ਕਰਨ ਲਈ ਕੋਈ ਡਰਾਮਾਂ ਨਹੀਂ ਰਚਿਆ । ਉਸ ਨੂੰ ਸੁਰ ਸੰਗੀਤ
ਦੀ ਪੂਰੀ ਸੋਝੀ ਸੀ ।
ਲੋਕ ਹਾਕਮ ਸੂਫੀ ਨੂੰ ਗੁਰਦਾਸ ਮਾਨ ਦਾ ਉਸਤਾਦ ਕਹਿੰਦੇ ਰਹੇ । ਗੁਰਦਾਸ ਮਾਨ ਦਾ
ਕਹਿਣਾ ਹੁੰਦਾ ਸੀ ਕਿ ਆਤਮ ਪ੍ਰਕਾਸ਼ ਅਤੇ ਚਰਨਜੀਤ ਅਹੂਜਾ ਤੋਂ ਗੀਤ ਸੰਗੀਤ ਬਾਰੇ
ਕੁੱਝ ਕੁ ਜਾਣਕਾਰੀ ਹਾਸਲ ਕੀਤੀ ਹੈ । ਪਰ ਗੁਰਦਾਸ ਮਾਨ ਨੇ ਕਦੇ ਵੀ ਇਹ ਗੱਲ ਨਹੀਂ
ਆਖੀ ਕਿ ਹਾਕਮ ਸੂਫੀ ਉਸਦਾ ਉਸਤਾਦ ਨਹੀਂ ਹੈ । ਗੱਲ ਭਾਵੇਂ ਕੋਈ ਵੀ ਰਹੀ ਹੋਵੇ
ਦੋਹਾਂ ਦਾ ਪਿਆਰ ਬਹੁਤ ਸੀ । ਗੁਰਦਾਸ ਮਾਨ ਉਸ ਨੂੰ ਮਿਲੇ ਬਗੈਰ ਨਹੀਂ ਸੀ ਰਹਿ ਸਕਿਆ
ਕਰਦਾ ।
ਹਾਕਮ ਸੂਫ਼ੀ ਜੀ ਦੇ ਕੁੱਝ ਯਾਦਗਾਰੀ ਸੰਗੀਤ ਰਿਕਾਰਡ
1.ਮੇਲਾ ਯਾਰਾਂ ਦਾ
2.ਦਿਲ ਵੱਟੇ ਦਿਲ
3.ਝੱਲਿਆ ਦਿਲਾ ਵੇ
4.ਸੁਪਨਾ ਮਾਹੀ ਦਾ
5.ਕੋਲ ਬਹਿਕੇ ਸੁਣ ਸੱਜਣਾ
6.ਦਿਲ ਤੜਫ਼ੇ
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਮੁਬਾਇਲ ਸੰਪਰਕ;98157-07232 |