|
|
|
ਲੋਕ ਗਾਇਕ ਮਲਧੀਰ ਮਾਹਲਾ
ਆਪਣੇ ਹੱਥੀਂ ਤਿਆਰ ਕੀਤੇ ਸਾਜ਼ ਸੁਰੀਲੀ ਨਾਲ |
ਜਿਸ ਸਖ਼ਸ਼ ਨੂੰ ਜਾਣ ਕੇ ਪਤਾ ਲੱਗਾ ਕਿ ਗਾਇਨ ਕਲਾ, ਪੈਸੇ ਪੱਖੋਂ ਅਮੀਰੀ ਦਾ
ਨਾਂ ਨਹੀਂ ਹੈ ਸਗੋਂ ਇਹ ਤਾਂ ਮਾਂ-ਪੁੱਤ ਦੇ, ਭੈਣ-ਭਰਾ ਦੇ ਜਾਂ ਆਸ਼ਕ-ਮਹਿਬੂਬ ਦੇ
ਦਿਲਾਂ 'ਚ ਪਨਪਦੇ ਹਕੀਕੀ ਪਿਆਰ ਵਰਗੇ 'ਸੁੱਚੇ' ਬੋਲਾਂ ਨਾਲ ਦਿਲਾਂ 'ਚ ਅਲਖ ਜਗਾਉਣ
ਵਾਲੀ ਫ਼ਕੀਰੀ ਦਾ ਨਾਂ ਹੈ। ਉਹ ਸਖ਼ਸ਼ ਹੈ ਲੋਕ ਗਾਇਕ ਬਲਧੀਰ ਮਾਹਲਾ। ਬੇਸ਼ੱਕ
ਬੇਰੁਜ਼ਗਾਰੀ ਦੀ ਮਾਰ ਅਤੇ ਪੈਸੇ ਦੀ ਚਕਾਚੌਂਧ ਨੇ ਗਾਇਕਾਂ ਦੇ ਵੱਗ ਪੈਦਾ ਕਰ ਦਿੱਤੇ
ਹਨ ਪਰ ਬਲਧੀਰ ਮਾਹਲੇ ਦੇ ਨਾਂ ਨਾਲ 'ਲੋਕ ਗਾਇਕ' ਲਿਖ ਕੇ ਖੁਦ ਵੀ ਸਕੂਨ ਮਹਿਸੂਸ ਕਰ
ਰਿਹਾ ਹਾਂ ਕਿਉਂਕਿ ਮਾਹਲਾ ਅਸਲੋਂ ਹੀ ਲੋਕਾਂ ਦਾ ਗਾਇਕ ਹੈ ਜਿਸਨੇ ਜ਼ਮਾਨੇ ਦੀ ਵਕਤੀ
ਚਕਾਚੌਂਧ ਨੂੰ ਮਾਨਣ ਲਈ ਲੋਕਾਂ ਦੀਆਂ ਇੱਕ ਕਲਾਕਾਰ ਤੋਂ ਲਾਈਆਂ ਜਾਂਦੀਆਂ ਆਸਾਂ ਨਾਲ
ਅਕ੍ਰਿਤਘਣਤਾ ਜਾਂ ਧ੍ਰਿਗ ਨਹੀਂ ਕਮਾਇਆ।
ਮਾਹਲਾ ਉਹਨਾਂ ਮਰਜੀਵੜਿਆਂ 'ਚੋਂ ਹੈ ਜਿਸਨੇ ਮਾਂ ਬੋਲੀ ਦੇ ਪਿਆਰ 'ਚ ਗੜੁੱਚ ਹੋ
ਕੇ ਨਾ ਸਿਰਫ ਆਪਣੇ ਨਿੱਜੀ ਸੁੱਖਾਂ, ਚਾਵਾਂ ਨੂੰ ਤਿਲਾਂਜਲੀ ਦਿੱਤੀ ਸਗੋਂ ਇੱਕ
ਕਲਾਕਾਰ ਦੀ ਸਮਾਜ ਪ੍ਰਤੀ ਜਿੰਮੇਵਾਰੀ ਨੂੰ ਵੀ ਬਾਖੂਬੀ ਨਿਭਾਉਣ ਦੀ ਕੋਸਿ਼ਸ਼ ਕੀਤੀ
ਹੈ। ਸਾਡੇ ਸਮਾਜ ਦੀਆਂ ਨਜ਼ਰਾਂ 'ਚ ਸ਼ਾਇਦ ਮਾਹਲਾ ਵੀ 'ਝੱਲਾ' ਹੀ ਹੋਵੇ। ਪਰ ਇਹ
ਗੱਲ ਪੱਥਰ 'ਤੇ ਲੀਕ ਹੈ ਕਿ ਜੇ ਇਹੀ ਮਾਹਲਾ ਆਪਣੇ ਪੈਰ ਥਿੜਕਾ ਕੇ ਇਹਨਾਂ ਹੀ ਲੋਕਾਂ
ਦੇ ਪਰਿਵਾਰਕ ਰਿਸ਼ਤਿਆਂ ਨੂੰ ਤੂੰਬੀ ਦੀ ਤਾਰ ਦੇ ਆਸਰੇ ਨਾਲ ‘ਤਾਰ ਤਾਰ’ ਕਰਨ ਦੇ
ਰਾਹ ਤੁਰ ਪੈਂਦਾ ਤਾਂ ਸ਼ਾਇਦ ਮਾਹਲਾ ਵੀ 'ਝੱਲਾ' ਨਾ ਰਹਿੰਦਾ। ਖੈਰ.... ਆਓ ਮਿਲੀਏ
ਲੋਕ ਗਾਇਕ ਬਲਧੀਰ ਮਾਹਲਾ ਨੂੰ...ਜਾਣੀਏ ਕਿ ਉਸਨੇ ਲੋਕਾਂ ਨਾਲ ਵਫਾਦਾਰੀ ਨਿਭਾ ਕੇ
ਕੀ ਖੱਟਿਆ? ਕੀ ਗੁਆਇਐ? ਸਵਾਲ - ਸਭ ਤੋਂ
ਪਹਿਲਾਂ ਆਪਣੇ ਪਰਿਵਾਰਕ ਪਿਛੋਕੜ ਬਾਰੇ ਅਤੇ ਆਪਣੀ ਵਿਦਿਆ ਬਾਰੇ ਦੱਸੋ? ਜਵਾਬ-
ਮੇਰਾ ਜਨਮ ਪਿੰਡ ਮਾਹਲਾ ਕਲਾਂ ਜ਼ਿਲਾ ਮੋਗਾ ਵਿਖੇ ਪਿਤਾ ਸ੍ਰ. ਜਸਵੰਤ ਸਿੰਘ ਤੇ ਮਾਤਾ
ਸਵਰਗੀ ਸ਼੍ਰੀਮਤੀ ਗਿਆਨ ਕੌਰ ਦੇ ਘਰ 12 ਸਤੰਬਰ 1960 ਨੂੰ ਇੱਕ ਜ਼ਿਮੀਂਦਾਰ ਘਰਾਣੇ
ਵਿੱਚ ਹੋਇਆ। 26 ਸਾਲ ਦੀ ਉਮਰ ਵਿੱਚ ਮੇਰਾ ਵਿਆਹ ਪਿੰਡ ਗੁਜਰਪੁਰਾ (ਅੰਮ੍ਰਿਤਸਰ)
ਵਿਖੇ ਹੋਇਆ। ਮੇਰੀ ਧਰਮ ਪਤਨੀ ਦਾ ਨਾਮ ਅਮਰਜੀਤ ਕੌਰ ਹੈ ਜੋ ਇਸ ਵੇਲੇ ਗੁਰੂ ਗੋਬਿੰਦ
ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਬਤੌਰ ਨਰਸਿੰਗ ਸਿਸਟਰ ਸਰਵਿਸ ਵਿੱਚ
ਹੈ। ਮੇਰੀ ਪਰਿਵਾਰਕ ਫੁਲਵਾੜੀ ਵਿੱਚ ਰੱਬ ਦੀ ਅਪਾਰ ਬਖਸ਼ਿਸ਼ ਨਾਲ ਦੋ ਫੁੱਲ ਬੇਟਾ
ਕੰਵਰਵਿਸ਼ਵਜੀਤ ਤੇ ਬੇਟੀ ਪ੍ਰਭ-ਪ੍ਰਤੀਕ ਖਿੜੇ ਹਨ। ਬੇਟੇ ਨੇ ਕੰਪਿਊਟਰ ਇੰਜੀਨੀਅਰਿੰਗ
ਕੀਤੀ ਹੋਈ ਹੈ ਤੇ ਬੇਟੀ ਪ੍ਰਭਪ੍ਰਤੀਕ ਨੇ ਵੀ ਆਈ. ਟੀ. ਇੰਜਨੀਅਰਿੰਗ ਕੀਤੀ ਹੈ, ਜਿਸ
ਨੇ ਬੰਗਲੌਰ ਵਿਖੇ ਲਗਾਤਾਰ 36 ਘੰਟੇ ਕੰਪਿਊਟਰ ਟੈਕਨੀਕਲ ਵਰਕ ਕਰ ਕੇ ‘ਗਿੰਨੀਜ਼ ਬੁੱਕ
ਆਫ ਵਰਲਡ ਰਿਕਾਰਡ’ ਵਿੱਚ ਆਪਣਾ ਨਾਮ ਦਰਜ ਕਰਾਉਣ ਦਾ ਮਾਣ ਹਾਸਲ ਕੀਤਾ ਹੈ।
ਮੁੱਢਲੀ ਵਿਦਿਆ ਮੈਂ ਆਪਣੇ ਜੱਦੀ ਪਿੰਡ ਮਾਹਲਾ ਕਲਾਂ ਤੋਂ ਹੀ ਸ਼ੁਰੂ ਕੀਤੀ। ਫੇਰ
ਸਪੋਰਟਸ ਵਿੰਗ ਵਿੱਚ ਵਾਲੀਬਾਲ ਖੇਡ ਦੇ ਦਾਖਲੇ ਸਦਕਾ ਗੌਰਮਿੰਟ ਬਲਬੀਰ ਹਾਈ ਸਕੂਲ
ਫਰੀਦਕੋਟ ਅਤੇ ਬਾਕੀ ਕੁਝ ਸਰਕਾਰੀ ਬ੍ਰਜਿੰਦਰ ਕਾਲਜ ਫਰੀਦਕੋਟ ਦਸਤਕ ਦੇਕੇ ਕੁਝ ਕੁ
ਹੀ ਵਿਦਿਆ ਦਾ ਸਫਰ ਪ੍ਰਾਪਤ ਕਰ ਸਕਿਆ। ਅੱਜਕੱਲ੍ਹ ਫਰੀਦਕੋਟ ਸ਼ਹਿਰ ਹੀ ਮੇਰੇ ਲਈ
ਮੱਕਾ ਹੈ। ਸਵਾਲ- ਤੁਹਾਡਾ ਤੂੰਬੀ ਨਾਲ ਮੋਹ ਕਿਵੇਂ ਪਿਆ ? ਜਵਾਬ -
ਪਵਿੱਤਰ ਪੰਜਾਬੀ ਲੋਕ-ਸਾਜ਼ "ਤੂੰਬੀ" ਨਾਲ ਮੇਰਾ ਮੋਹ 1973-74 ਵਿੱਚ ਪਿਆ ਤੇ
ਉਦੋਂ ਤੋਂ ਹੀ ਮਰਹੂਮ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੀ ਵੱਡਮੁੱਲੀ ਤੇ ਪਵਿੱਤਰ
ਦੇਣ ਇਹ "ਤੂੰਬੀ" ਮੇਰੇ ਹੱਡਾਂ ਵਿੱਚ ਰਚ ਗਈ ਸੀ। ਤੂੰਬੀ ਵਜਾਉਣ ਦੀ ਮੁੱਢਲੀ ਤਾਲੀਮ
ਮੈਂ ਸਵਰਗੀ ਕਵੀਸ਼ਰ ਕਰਤਾਰ ਸਿੰਘ ਤੋਂ ਗ੍ਰਹਿਣ ਕੀਤੀ ਤੇ ਫੇਰ ਉਸ ਤੋਂ ਬਾਅਦ ਪੰਜਾਬੀ
ਲੋਕ-ਗੀਤਾਂ ਦੀਆਂ ਸੰਗੀਤਕ ਧੁਨਾਂ ‘ਤੇ ਮਹਾਨ ਸਾਜ਼ "ਤੂੰਬੀ" ਦੇ ਸੁਰਾਂ ਨੂੰ ਵਜਾਉਣ
ਦੀ ਮੁਹਾਰਤ ਪ੍ਰਾਪਤ ਕਰਨ ਲਈ ਮਾਨਯੋਗ ਗਿਆਨੀ ਹਰਚੰਦ ਸਿੰਘ ਜਾਂਗਪੁਰੀ ਜੀ ਨੂੰ ਗੁਰੂ
ਧਾਰਨ ਕੀਤਾ। ਸਵਾਲ - ਆਪਣੇ ਸੰਗੀਤਕ ਸਫਰ ਬਾਰੇ ਚਾਨਣਾ ਪਾਓ ਅਤੇ ਇਹ ਵੀ
ਦੱਸੋ ਕਿ ਤੁਹਾਡੇ ਤੇ ਹੋਰਨਾਂ ਕਲਾਕਾਰਾਂ ਵਿੱਚ ਕੀ ਫਰਕ ਰਿਹਾ ਹੁਣ ਤੱਕ ?
ਜਵਾਬ – ਬੇਟਾ ਜੀ, ਮੇਰੇ ਸੰਗੀਤਕ ਸਫਰ ਦੀ ਸ਼ੁਰੂਆਤ ਕੋਈ ਬਹੁਤੀ ਵਧੀਆ ਨਹੀਂ
ਰਹੀ ਕਿਉਂਕਿ ਜ਼ਿਮੀਂਦਾਰ ਘਰਾਣੇ ਵਿੱਚ ਪੈਦਾ ਹੋਣ ਕਰਕੇ ਮੇਰਾ ਪਰਿਵਾਰ ਬਿਲਕੁਲ ਹੀ
ਉਲਟ ਸੀ ਜਿਸ ਕਰਕੇ ਮੈਨੂੰ ਇਹ ਦੱਸਦਿਆਂ ਬਹੁਤ ਅਫਸੋਸ ਤੇ ਦੁੱਖ ਮਹਿਸੂਸ ਹੋ ਰਿਹਾ
ਹੈ ਕਿ ਮੇਰੇ ਮਾਂ-ਪਿਓ ਨੇ ਮੈਨੂੰ ਬਾਲੜੀ ਉਮਰ ਵਿੱਚ ਹੀ ਜਿਵੇਂ ਧੱਕਾ ਜਿਹਾ ਦੇ ਕੇ
ਘਰੋਂ ਬਾਹਰ ਕੱਢ ਦਿੱਤਾ ਤੇ ਉਸ ਤੋਂ ਬਾਅਦ ਅੱਜ ਤੱਕ ਮੈਂ ਆਪਣੇ ਮਾਂ-ਪਿਓ,
ਭੈਣ-ਭਰਾਵਾਂ ਦੇ ਹੁੰਦਿਆਂ ਵੀ ਇਸ ਦੁਨੀਆਂ ਵਿੱਚ ਬੇਗਾਨਾ ਜਿਹਾ ਹੋ ਕੇ ਰਹਿ ਗਿਆ।
ਕੀ ਕੋਈ ਸੋਚ ਸਕਦਾ ਹੈ ਕਿ ਇੱਕ ਅਲੂੰਆ ਛੋਕਰਾ ਖੇਡਣ ਕੁੱਦਣ ਤੇ ਮੌਜਾਂ ਮਾਨਣ ਦੀ
ਬਾਲ-ਵਰੇਸ ਉਮਰਾ ਵਿੱਚ ਭੀਖ ਮੰਗਣੀ, ਨੰਗੇ ਤਨ ਫੁਟਪਾਥਾਂ ‘ਤੇ ਸੌਣਾ, ਘਰਾਂ ਦੀ
ਸਫਾਈ ਕਰਨੀ, ਮਜ਼ਦੂਰੀ ਕਰਨੀ, ਹੋਟਲਾਂ ‘ਤੇ ਭਾਂਡੇ ਮਾਂਜਣੇ, ਕੱਪੜਿਆਂ ਦੀਆਂ
ਦੁਕਾਨਾਂ ‘ਚ ਕੰਮ ਕਰਨਾ, ਟਰੱਕਾਂ ਦੀ ਕਲੀਨਰੀ ਕਰਨੀ, ਚੱਲਦੀਆਂ ਗੱਡੀਆਂ ‘ਚ
ਗਾ-ਮੰਗਕੇ ਪਾਪੀ ਪੇਟ ਦੀ ਪੂਰਤੀ ਕਰਨੀ ਤੇ ਦਰ-ਦਰ ਦੀਆਂ ਠੋਕਰਾਂ ਖਾ ਕੇ ਦਿਨ ਕੱਟਣੇ
ਕਹਿਣਾ ਬਹੁਤ ਸੌਖਾ ਹੈ, ਜੋ ਬਚਪਨ ਉਮਰੇ ਹੀ ਇਹ ਸਭ ਕੁਝ ਮੈਂ ਆਪਣੇ ਤਨ ‘ਤੇ ਹੰਢਾਉਣ
ਦੇ ਬਾਵਜੂਦ ਵੀ ਮੇਰਾ ਸੰਗੀਤ ਨਾਲੋਂ ਮੋਹ ਟੁੱਟਣ ਦੀ ਬਜਾਏ ਹੋਰ ਵੀ ਗੂਹੜਾ ਹੁੰਦਾ
ਗਿਆ। ਆਖਰ ਰੁਲਦੇ ਖੁਲਦੇ ਨੂੰ ਮੈਨੂੰ ਗੁਰੁਦੁਆਰਾ ਸਾਹਿਬ ਪਿੰਡ ਆਲਮਵਾਲਾ
(ਬਾਘਾਪੁਰਾਣਾ) ਵਿਖੇ ਸ਼ਰਨ ਮਿਲੀ ਜਿਥੇ ਮੈਂ ਸਵਰਗੀ ਜੱਥੇਦਾਰ ਬਾਬਾ ਗੁਰਦਿਆਲ ਸਿੰਘ
ਜੀ ਦੀ ਸਮੁੱਚੀ ਰਾਹਨੁਮਾਈ ਵਿੱਚ ਥੋੜਾ-ਥੋੜਾ ਢੋਲਕੀ, ਚਿਮਟਾ ਤੇ ਹਰਮੋਨੀਅਮ ਸਿੱਖਣ
ਦਾ ਸਫਰ ਸ਼ੁਰੂ ਕੀਤਾ ਅਤੇ ਨਾਲ-ਨਾਲ ਪਾਠ-ਕੀਰਤਨ ਤੇ ਚੋਲਾ ਪਾ ਕੇ ਪਿੰਡ ‘ਚੋਂ ਗਜ਼ਾ
ਕਰਨ ਵਿੱਚ ਸੇਵਾ ਦਾ ਸੁਭਾਗ ਪ੍ਰਾਪਤ ਕੀਤਾ। ਉਸ ਤੋਂ ਬਾਅਦ ਭੈਣ ਅਮਰਜੀਤ ਕੌਰ ਰੋਡੇ
ਨੇ ਆਪਣਾ ਵੀਰ ਮੰਨਕੇ ਆਪਣੇ ਘਰ ਪਿੰਡ ਰੋਡੇ ਰੱਖਿਆ ਤੇ ਮੇਰੀ ਪੜ੍ਹਾਈ ਲਈ ਖਰਚ ਕਰਕੇ
ਵਿੱਦਿਆ ਲਈ ਪ੍ਰੇਰਤ ਕੀਤਾ। ਉਸ ਮਗਰੋਂ ਸੰਗੀਤਕ ਧੁਨਾਂ ਵਿੱਚ ਤਕਨੀਕੀ ਸਿਖਿਆ ਤੇ
ਪ੍ਰਪੱਕਤਾ ਲਿਆਉਣ ਲਈ ਮੈਂ ਮਰਹੂਮ ਪ੍ਰੋਫੈਸਰ ਸ੍ਰੀ ਕ੍ਰਿਸ਼ਨ ਕਾਂਤ ਜੀ ਹੋਰਾਂ ਦੇ ਲੜ
ਲੱਗ ਗਿਆ ਤੇ ਹਰਮੋਨੀਅਮ ਦੀ ਵਿਦਿਆ ਹੋਰ ਦ੍ਰਿੜ ਕੀਤੀ। ਮੇਰੇ ਤੇ ਹੋਰਨਾਂ ਵਿੱਚ
ਫਰਕ ਨੂੰ ਮੈਂ ਕੀ ਉਜਾਗਰ ਕਰਾਂ? ਇਹ ਤਾਂ ਮੇਰੇ ਰੱਬ ਵਰਗੇ ਸਰੋਤੇ ਹੀ ਦੱਸ ਸਕਦੇ
ਹਨ। ਹਾਂ, ਮੈਂ ਏਨਾ ਜ਼ਰੂਰ ਕਹਾਂਗਾ ਕਿ ਕੁਝ ਕੁ ਬਾਬੇ ਬੋਹੜ ਗਾਇਕਾਂ ਨੂੰ ਛੱਡਕੇ
ਮੈਂ ਬਹੁਤਿਆਂ ਵਾਂਗ ਦੌਲਤ ਕਮਾਉਣ ਲਈ ਆਪਣੀ ਰੂਹਦਾਰੀ ਤੋਂ ਭਟਕ ਕੇ ਪੰਜਾਬੀ
ਸੱਭਿਆਚਾਰ ਨਾਲ ਨਾ-ਇਨਸਾਫੀ ਨਹੀਂ ਕੀਤੀ। ਮੈਂ ਹਿੱਕ ਠੋਕ ਕੇ ਕਹਿ ਸਕਦਾ ਹਾਂ ਕਿ
ਮੇਰੇ ਬੱਚਿਆਂ ਦੀ ਪ੍ਰਵਰਿਸ਼ ਵਿੱਚ ਹੁਣ ਤੱਕ ਇੱਕ ਨਵਾਂ ਪੈਸਾ ਵੀ ਅਜਿਹਾ ਨਹੀਂ
ਲੱਗਾ ਜਿਹੜਾ ਕਿਸੇ ਨਿਹੱਕੇ ਦਾ ਹੱਕ ਹੋਵੇ। ਸਵਾਲ - ਆਮ ਗਾਇਕ ਲੋਕਾਂ
ਤੋਂ ਦੂਰੀ ਨੂੰ ਟੌਹਰ ਸਮਝਦੇ ਹਨ ਕਿਉਂ? ਬਲਧੀਰ ਮਾਹਲਾ ਸਮਾਜ ਸੇਵੀ ਸੰਸਥਾਵਾਂ ਨਾਲ
ਵੀ ਜੁੜਿਆ ਰਿਹਾ ਹੈ, ਇਸ ਬਾਰੇ ਵੀ ਦੱਸੋ। ਜਵਾਬ – ਅੱਜਕੱਲ੍ਹ ਗਾਇਕਾਂ
ਤੇ ਲੀਡਰਾਂ ਵਿੱਚ ਕੋਈ ਫਰਕ ਨਹੀਂ। ਮਾਫ ਕਰਨਾ ਮੇਰੇ ਨਾ-ਚੀਜ ਦੇ ਮੂੰਹੋਂ ਸੱਚ
ਨਿੱਕਲਣਾ ਰੁਕੇਗਾ ਨਹੀਂ ਜਿਵੇਂ ਚੋਣਾਂ ਤੋਂ ਪਹਿਲਾਂ ਹਰ ਛੋਟੇ-ਵੱਡੇ ਲੀਡਰ ਹੱਥ
ਜੋੜ-ਜੋੜਕੇ ਗਰੀਬਾਂ ਨੂੰ ਜੱਫੀਆਂ ਪਾਉਂਦੇ ਨੇ ਤੇ ਜਿੱਤਣ ਮਗਰੋਂ ਓਹੀ ਲੀਡਰ
ਗੰਨਮੈਨਾਂ ਦੇ ਘੇਰੇ ਤੋਂ ਅੱਗੇ ਨਹੀਂ ਵਧਣ ਦਿੰਦੇ, ਠੀਕ ਓਸੇ ਤਰ੍ਹਾਂ ਹੀ ਅਜੋਕੇ
ਗਾਇਕ ਰਾਤੋ-ਰਾਤ ਰੁਪਏ ਲਾ ਕੇ ਥੋੜ੍ਹਾ ਜਿਹਾ ਮਸ਼ਹੂਰ ਹੋਣ ਤੋਂ ਬਾਅਦ ਆਮ ਲੋਕਾਂ ਤੋਂ
ਐਨੀ ਦੂਰੀ ਵਧਾ ਲੈਂਦੇ ਕਿ ਆਮ ਲੋਕ ਉਹਨਾਂ ਦੇ ਨੇੜੇ ਨਹੀਂ ਢੁੱਕ ਸਕਦੇ ਤੇ
ਨਾਲੋ-ਨਾਲ ਆਪਣੇ ਪ੍ਰੋਗਰਾਮਾਂ ਦਾ ਰੇਟ ਵੀ ਲੱਖਾਂ ਰੁਪਏ ਰੱਖਦੇ ਹਨ, ਜੋ ਆਮ ਆਦਮੀ
ਸੋਚ ਵੀ ਨਹੀਂ ਸਕਦਾ। ਪਰ ਏਥੇ ਇੱਕ ਗੱਲ ਜ਼ਰੂਰ ਕਹਾਂਗਾ ਕਿ ਪਤਾ ਨਹੀਂ ਫੇਰ ਵੀ ਆਮ
ਲੋਕ ਇਹਨਾਂ ਬਰਸਾਤੀ ਡੱਡੂਆਂ ਪਿੱਛੇ ਕਿਉਂ ਭੱਜਦੇ ਹਨ? ਉਹਨਾਂ ਨੂੰ ਸੋਚਣਾ ਚਾਹੀਦਾ
ਹੈ ਕਿ ‘ਆਮ ਗਾਇਕਾਂ’ ਪਿੱਛੇ ਆਪਣੀ ‘ਖਾਸ ਰੂਹ’ ਦਾ ਤਿਆਗ ਕਦੇ ਨਹੀਂ ਕਰਨਾ ਚਾਹੀਦਾ।
ਰਹੀ ਗੱਲ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਕੇ ਸੇਵਾ ਨਿਭ੍ਹਾਉਣ ਦੀ, ਉਸ ਬਾਰੇ ਮੈਂ
ਇਹੀ ਕਹਾਂਗਾ ਕਿ ਬਲਧੀਰ ਮਾਹਲਾ ਨਹੀਂ ਸਗੋਂ ਬਲਧੀਰ ਵਿੱਚਲਾ ਬੰਦਾ ਇਹ ਸੇਵਾ ਨਿਭ੍ਹਾ
ਰਿਹਾ ਹੈ। ਕਾਰਨ ਸਪਸ਼ਟ ਨਹੀਂ, ਅਕਾਰਣ ਮੈਨੂੰ ਪਤਾ ਨਹੀਂ। ਸਵਾਲ - ਤੁਸੀਂ
‘ਸੁਰੀਲੀ’ ਨਾਮਕ ਸਾਜ਼ ਤਿਆਰ ਕੀਤਾ ਹੈ ਉਹ ਕੰਮ ਕਿਵੇਂ ਕਰਦੀ ਹੈ? ਮਤਲਬ ਕਿ ਉਸਦਾ
ਵਜਾਉਣ ਦਾ ਢੰਗ ਕੀ ਹੈ ? ਜਵਾਬ - "ਸੁਰੀਲੀ" ਨਾਮਕ ਪੰਜਾਬੀ ਲੋਕ ਸਾਜ਼
ਮੇਰੇ ਵੱਲੋਂ "ਤੂੰਬੀ" ਨੂੰ ਬਿਜਲਈ ਕੁਨੈਕਸ਼ਨ ਪ੍ਰਦਾਨ ਕਰਕੇ ਨਵੀਂ ਤਕਨੀਕ ਨਾਲ ਸੱਤ
ਸੁਰਾਂ ਵਾਲਾ ਸਾਜ਼ ਤਿਆਰ ਕੀਤਾ ਗਿਆ ਹੈ। ਇਹ "ਸੁਰੀਲੀ" ਸਾਜ਼ ਕੌਰਡਲੈਸ ਸਿੰਗਲ
ਸਟਰਿੰਗ ਤੇ ਡਬਲ ਸਟਰਿੰਗਡ ਹੈ। ਮੈਂ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ
ਨਾਲ ਤਾਰ ਛੇੜਦਾ ਹਾਂ ਤੇ ਖੱਬੇ ਹੱਥ ਦੀਆਂ ਉਂਗਲਾਂ ਨਾਲ ਸੱਤ ਸੁਰਾਂ ਨੂੰ ਧੁਨ
ਮੁਤਾਬਿਕ ਦਿਸ਼ਾ ਦੇਣ ਦਾ ਯਤਨ ਕਰਦਾ ਹਾਂ। "ਸੁਰੀਲੀ" ਨੂੰ ਤਾਂ ਹੀ ਤਿਆਰ ਕਰਨਾ ਪਿਆ
ਕਿਉਂਕਿ ਜਦੋਂ ਤੂੰਬੀ ‘ਤੇ ਪੰਜਾਬੋਂ ਬਾਹਰ ਜਾ ਕੇ ਗਾਈਦਾ ਸੀ ਤਾਂ ਕੁੱਝ ਲੋਕ ਇਹ
ਕਹਿਕੇ ਛੁਟਿਆ ਦਿੰਦੇ ਸਨ ਕਿ “ਚਲੋ ਛੋੜੋ ਯਾਰ ਏਕ ਤਾਰੇ ਪਰ ਗਾਨੇ ਵਾਲਾ ਕਿਆ
ਗਾਏਗਾ।” ਹਾਲਾਂਕਿ ਇੱਕ ਤਾਰੇ ਨਾਲ ਗਾਉਣਾ ਕੋਈ ਸੌਖਾ ਨਹੀਂ ਸਗੋਂ ਬੜਾ ਮੁਸ਼ਕਿਲ ਹੈ,
ਪਰ ਲੋਕਾਂ ਨੂੰ ਤੂੰਬੀ ਨਾ ਭੁੱਲਣ ਦੇਣ ਲਈ ਨਵੀਂ ਅਨੋਖੀ ਤਕਨੀਕ ਤੇ ਇਲੈਕਟ੍ਰਿਕ
ਸਾਜ਼ਾਂ ਦੇ ਬਰਾਬਰ ਵਜਾਉਣ ਲਈ ਇਸ ਵਿੱਚ ਬਿਜਲਈ ਕੁਨੈਕਸ਼ਨ ਦੇ ਕੇ ਸੱਤ ਸੁਰਾਂ ਨਾਲ
ਲੈਸ ਕਰਨਾ ਮੇਰਾ ਜਨੂੰਨ ਵੀ ਸੀ ਤੇ ਪੇਸ਼ ਕਰਨਾ ਵੀ ਜ਼ਰੂਰੀ ਸੀ । ਸੋ ਰੱਬ ਦਾ
ਕੋਟਿ-ਕੋਟਿ ਸ਼ੁਕਰ ਹੈ ਕਿ ਮੇਰੇ ਮਾਲਕ ਨੇ ਮੇਰਾ ਸੁਪਨਾ ਪੂਰਾ ਕੀਤਾ। ਸਵਾਲ -
ਮਾਹਲੇ ਨੇ ਹੁਣ ਤੱਕ ਸਮਾਜ ਦੇ ਪੱਖ ਦੀ ਗੱਲ ਕੀਤੀ ਹੈ, ਕੀ ਸਮਾਜ ਨੇ ਜਾਂ ਸਮਾਜ
ਦੇ ਲੰਬੜਦਾਰਾਂ ਨੇ ਮਾਹਲੇ ਦੇ ਪੱਖ ਦੀ ਕੋਈ ਗੱਲ ਕੀਤੀ? ਜਵਾਬ - ਇਹ
ਪ੍ਰਸ਼ਨ ਕਰਕੇ ਤੁਸੀ ਬਲਧੀਰ ਦੀ ਨਹੀਂ, ਬਲਕਿ ਸਮਾਜ ਪੱਖੀ ਉਸਾਰੂ ਸੋਚ ਦੀ ਦੁਖਦੀ ਰਗ
‘ਤੇ ਹੱਥ ਰੱਖ ਦਿੱਤਾ ਹੈ। ਤੁਸੀਂ ਸਮਾਜ ਦੇ ਕਿਹੜੇ ਲੰਬੜਦਾਰਾਂ ਦੀ ਗੱਲ ਕਰਦੇ ਹੋ ?
ਮੈਨੂੰ ਸਮਾਜ ਦਾ ਕੋਈ ਲੰਬੜਦਾਰ ਮਿਲਿਆ ਹੀ ਨਹੀਂ। ਕੱਲਾ ਮਾਹਲਾ ਨਹੀਂ, ਹਰ-ਇੱਕ
ਸਮਾਜ ਪੱਖੀ ਗਵੱਈਆ ਬੁਰੀ ਤਰ੍ਹਾਂ ਝੰਜੋੜਿਆ ਗਿਆ ਕਿਉਂਕਿ ਜਿੰਨ੍ਹਾਂ ਨੂੰ ਲੋਕ,
ਸਮਾਜ ਦੇ ਲੰਬੜਦਾਰ ਬਣਾਈ ਫਿਰਦੇ ਹਨ ਉਹੀ ਅਸਲ ਵਿੱਚ ਗੰਦ ਦੀ ਮੰਡੀ ਦੇ ਵਪਾਰੀ ਹਨ।
ਮਾਫ ਕਰਨਾ ਅੱਜ ਦੇ ਬਹੁਤੇ ਗਾਇਕ ਗੰਦ ਗਾਕੇ ਹੀ ਤਾਂ ਹਿੱਟ ਹੁੰਦੇ ਹਨ ਕਿਉਂਕਿ ਗੰਦ
ਦੀ ਮੰਡੀ ਦਾ ਪਿੜ ਸਮਜਿਕ ਪੱਖਾਂ ਨੂੰ ਹੀ ਨਿਗਲ ਗਿਆ। ਜਦੋਂ ਨੈਤਿਕ ਕਦਰਾਂ ਕੀਮਤਾਂ
ਨਹੀਂ ਰਹੀਆਂ, ਤਾਂ ਸਮਾਜਿਕ ਪੱਖ ਕਿੱਥੋਂ ਲੱਭ੍ਹਣ ? ਪੰਜਾਬੀ ਸਭਿਆਚਾਰ ਦੇ ਸੁੱਚੇ
ਮੋਤੀ, ਗੰਦ ਖਾਣੇ ਕਾਂਵਾਂ ਅੱਗੇ ਪ੍ਰੋਸਣ ਦੀ ਲੋੜ ਨਹੀਂ। ਜਿੰਨ੍ਹਾਂ ਦੀ ਜ਼ਮੀਰ
ਜਾਗਦੀ ਹੈ ਉਹ ਹੁਣ ਵੀ ਪੰਜਾਬੀ ਸਭਿਆਚਾਰ ਨੂੰ ਸੰਭ੍ਹਾਲ ਕੇ ਬੈਠੇ ਹਨ ਤੇ
ਸੰਭ੍ਹਾਲਦੇ ਰਹਿਣਗੇ, ਵਿਕਣਗੇ ਨਹੀਂ। ਸਵਾਲ - ਤੁਸੀਂ ਆਪਣੀ ਆਵਾਜ਼,
ਅੰਦਾਜ ਅਤੇ ‘ਸੁਰੀਲੀ’ ਸਾਜ਼ ਦੀ ਵਜਾਹ ਨਾਲ ਜਹਾਜਾਂ ਦੇ ‘ਹੂਟੇ’ ਵੀ ਲਏ ਹਨ
ਕਿੱਥੇ-ਕਿੱਥੇ ਪੰਜਾਬੀ ਸੱਭਿਆਚਾਰ ਦੀਆਂ ਮਹਿਕਾਂ ਵੰਡ ਆਏ ਹੋ ? ਜੁਵਾਬ –
ਮੈਂ ਹੁਣ ਤੱਕ ਅਮਰੀਕਾ, ਇੰਗਲੈਂਡ, ਪਾਕਿਸਤਾਨ, ਜਰਮਨ , ਹੌਲੈਂਡ ਆਦਿ ਤਕਰੀਬਨ ਸਾਰੇ
ਯੋਰਪ ‘ਚ ਹਾਜ਼ਰੀ ਲੁਆ ਚੁੱਕਾ ਹਾਂ। ਸਵਾਲ - ਹੁਣ ਤੱਕ ਸ੍ਰੋਤਿਆਂ ਦੀ
ਝੋਲੀ ਕੀ ਕੁਝ ਪਾ ਚੁੱਕੇ ਹੋ ? ਜਵਾਬ – ਹੁਣ ਤੱਕ ‘ਕੁੱਕੂ ਰਾਣਾ
ਰੋਂਦਾ’, ‘ਮਾਂ ਦਿਆ ਸੁਰਜਨਾ’, ‘ਚੰਨ ਸੂਰਜ ਦੀ ਵਹਿੰਗੀ’, ‘ਸ਼ੱਕ ਕਰੂ ਜ਼ਮਾਨਾ’,
‘ਮਾਂ ਦੀਆਂ ਲੋਰੀਆਂ’ (ਧਾਰਮਿਕ), ‘ਕਰਕ ਕਲੇਜੇ ਦੀ’ (ਪੰਜਾਬ ਦੀ ਕਤਲੋਗਾਰਤ ‘ਤੇ),
‘ਪਿੱਪਲਾਂ ਵਰਗੀਆਂ ਛਾਂਵਾਂ’ ਤੇ ‘ਮ‘ ਮੌਜਾਂ ਮਾਣਾਂਗੇ (ਸਾਖਰਤਾ ਮੁਹਿੰਮ ਬਾਰੇ)
ਆਦਿ ਕੈਸੇਟਾਂ ਸ੍ਰੋਤਿਆਂ ਦੀ ਝੋਲੀ ਪਾ ਚੁੱਕਾ ਹਾਂ।
ਸਵਾਲ - ਕਿਹੜੀ ਸੋਚ ਹੈ ਜਿਸਨੇ ਮਾਹਲੇ ਨੂੰ ਤੰਗੀ ਵਾਲੇ ਦਿਨਾਂ ਵਿੱਚ
ਵੀ ਰਾਹ ਤੋਂ ਡੋਲਣ ਨਹੀਂ ਦਿੱਤਾ ? ਜਵਾਬ - ਤੂੰਬੀ ਰਹੀ ਤਾਂ ਮਾਹਲੇ ਨੂੰ
ਰੱਬ ਯਾਦ ਰਿਹਾ। ਰੱਬ ਯਾਦ ਰਿਹਾ ਤਾਂ ਸੱਚ ਵੀ ਯਾਦ ਰਿਹਾ। ਸੱਚ ਦੇ ਨਾਲ ਰੂਹ ਹੈ ਤੇ
ਸ਼ਾਇਦ ਤਾਂ ਹੀ ਮਾਹਲਾ ਰੂਹਦਾਰੀ ਤੋਂ ਕਦੇ ਨਹੀਂ ਭਟਕਿਆ। “ਰੱਬ ਦਾ ਬਖਸ਼ਿਆ ਬੋਲ
ਹਾਂ,
ਕੋਈ ਭਗਤ ਫਰੀਦ ਕਬੀਰ ਹਾਂ ਮੈਂ।
ਮਨ ਦੀ ਜੋਤ ਜਗੇ ਮਨ-ਮੰਦਰੀਂ,
ਸੋਹਣੇ ਦੀ ਤਸਵੀਰ ਹਾਂ ਮੈਂ।
ਬੁੱਲ੍ਹੇ ਸ਼ਾਹ ਵਾਰਿਸ ਦਾ ਵਾਰਸ,
ਸ਼ਾਹ ਹੁਸੈਨ ਫਕੀਰ ਹਾਂ ਮੈਂ।
ਧਰਮ ਮਜ਼੍ਹਬ ਮੇਰੀ ਜ਼ਾਤ ਮੁਹੱਬਤ,
ਨਾ ਜਾਣਾਂ ਬਲਧੀਰ ਹਾਂ ਮੈਂ। ਸਵਾਲ- ਕਿਹੜੇ-ਕਿਹੜੇ ਲੇਖਕਾਂ ਨੂੰ ਤੁਸੀਂ
ਸ਼ਿਦਤ ਨਾਲ ਗਾਇਆ ਹੈ ? ਜਵਾਬ- ਮੈਂ ਉੱਭਰ ਰਹੇ ਤੇ ਨਾਮਵਰ ਸ਼ਾਇਰਾਂ ਨੂੰ
ਗਾ ਚੁੱਕਿਆ ਹਾਂ। ਕੁੱਝ ਕੁ ਦਾ ਜ਼ਿਕਰ ਕਰਦਾ ਹਾਂ, ਬਾਬੂ ਰਜ਼ਬ ਅਲੀ, ਡਾ. ਹਰਿਭਜਨ
ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੋ. ਅਨੂਪ ਵਿਰਕ, ਸੁਰਜੀਤ ਪਾਤਰ, ਪ੍ਰੋ. ਬਚਨਜੀਤ,
ਪ੍ਰੋ. ਜਸਬੀਰ ਸਿੱਧੂ, ਪ੍ਰੋ. ਗੁਰਭਜਨ ਗਿੱਲ, ਤਾਇਰ ਪਾਕਿਸਤਾਨ, ਡੀ.ਡੀ ਸਵਿਤੋਜ,
ਪ੍ਰੋ. ਨਛੱਤਰ ਸਿੰਘ ਖੀਵਾ, ਪ੍ਰੋ. ਰਾਕੇਸ਼ ਰਮਨ, ਡਾ. ਅਵਤਾਰ, ਡਾ. ਮਲਕੀਤ, ਧਰਮ
ਕੰਮੇਆਣਾ, ਹਰਦੇਵ ਦਿਲਗੀਰ, ਪ੍ਰੋ. ਸਾਧੂ ਸਿੰਘ, ਗੁਰਬਚਨ ਖੁਰਮੀਂ, ਗੁਰਚਰਨ ਵਿਰਕ,
ਸੁਖਵੰਤ ਕਿੰਗਰਾ, ਭਿੰਦਰ ਡੱਬਵਾਲੀ, ਹਰਦਮ ਮਾਨ, ਦਰਸ਼ਨ ਸੰਘਾ, ਰਜਿੰਦਰ ਸ਼ੌਕੀ,
ਸੁਖਪਾਲ ਢਿੱਲੋਂ,ਮਿੰਟੂ ਖੁਰਮੀਂ, ਸ਼ਮਸ਼ੇਰ ਸੰਧੂ, ਤ੍ਰਲੋਚਨ ਝਾਂਡੇ, ਗੁਰਦਿਆਲ ਰੌਸ਼ਨ,
ਬਚਨ ਬੇਦਿਲ, ਤਲਵਿੰਦਰ ਢਿੱਲੋਂ, ਰਾਜਬੀਰ ਮੱਲ੍ਹੀ, ਰਾਜ ਬਰਾੜ ਤੇ ਆਪਣੀ ਕਲਮ ਆਦਿ ।
ਸਵਾਲ- ਤੁਸੀਂ ਕੀ ਸੋਚਦੇ ਹੋ ਕਿ ਹੁਣ ਤੱਕ ਦੀਆਂ ਸਰਕਾਰਾਂ ਵੱਲੋਂ ਕਲਾ ਤੇ
ਕਲਾਕਾਰਾਂ ਨੂੰ ਸਾਂਭਣ ਦਾ ਕੋਈ ਯਤਨ ਕੀਤਾ ਹੈ? ਤਾਂ ਜੋ ਕਲਾ ਦੀ ਪਵਿੱਤਰਤਾ ਨੂੰ
ਬਰ-ਕਰਾਰ ਰੱਖਣ ਵਾਲੇ ਰਾਖਿਆਂ ਨੂੰ ਜਿਉਂਦਾ ਰੱਖਿਆ ਜਾ ਸਕੇ। ਜਵਾਬ- ਕਲਾ
ਤੇ ਕਲਾਕਾਰਾਂ ਨੂੰ ਸਾਂਭ੍ਹਣ ਦਾ ਯਤਨ ਉਹ ਸਰਕਾਰਾਂ ਕਰਦੀਆਂ ਨੇ ਜਿੰਨਾਂ ਨੂੰ ਕਲਾ
ਤੇ ਕਲਾਕਾਰਾਂ ਦਾ ਅਸਲੀ ਰੁਤਬਾ ਪਤਾ ਹੋਵੇ। ਅੱਜ ਦੀਆਂ ਸਰਕਾਰਾਂ ਨੂੰ ਆਪਣੀ ਕੁਰਸੀ
ਤੋਂ ਸਿਵਾਏ ਹੋਰ ਦਿਸਦਾ ਹੀ ਕੀ ਹੈ? ਵੋਟਾਂ ਵੇਲੇ ਵੀ ਇਹਨਾਂ ਸਰਕਾਰਾਂ ਨੂੰ ਬਨਾਉਣ
ਵਾਲੇ ਲੀਡਰ ਉਹਨਾਂ ਰੈਡੀਮੇਡ ਗਾਇਕਾਂ ਦਾ ਹੀ ਸਹਾਰਾ ਲੈਂਦੇ ਹਨ ਜੋ ਲੱਚਰਤਾ
ਨੂੰ ਸਟੇਜਾਂ ਤੋਂ ਪੇਸ਼ ਕਰਕੇ ਸਮਾਜਿਕ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਦਾ ਗਲਾ
ਘੁੱਟਦੇ ਹਨ, ਤੇ ਫੇਰ ਅਪਵਿੱਤਰ ਮਨ ਵਾਲੀਆਂ ਸਰਕਾਰਾਂ ਪਾਕਿ ਪਵਿੱਤਰ ਕਲਾ ਦੀ
ਪਾਕੀਜ਼ਗੀ ਨੂੰ ਸਾਂਭ੍ਹਣ ਦਾ ਤਹੱਈਆ ਕਿਵੇਂ ਕਰ ਸਕਦੀਆਂ ਨੇ? ਸਵਾਲ-
ਅਜੋਕੀ ਗਾਇਕੀ ਪ੍ਰਤੀ ਤੁਹਾਡਾ ਕੀ ਨਜ਼ਰੀਆ ਹੈ ਤੇ ਭਵਿੱਖ ‘ਚ ਤੁਸੀਂ ਕੀ ਕਰਨਾ
ਚਾਹੁੰਦੇ ਹੋ ? ਕਿਉਂਕਿ ਲੱਗੀ ਵਾਲਾ ਕਦੇ ਵੀ ਟਿਕ ਕੇ ਨਹੀਂ ਬੈਠ ਸਕਦਾ।
ਜਵਾਬ- ਅਜੋਕੀ ਗਾਇਕੀ ਬਾਰੇ ਮੇਰੇ ਵਿਚਾਰ ਉਹਨਾਂ ਜਾਗਰੂਕ ਸ੍ਰੋਤਿਆਂ ਵਾਲੇ ਹੀ
ਹਨ ਜਿੰਨ੍ਹਾਂ ਨੇ ਭੂੰਡ ਆਸ਼ਕੀ ਤੇ ਕਤਲੋਗਾਰਤ ਦਾ ਸ਼ਰੇਆਮ ਤਾਂਡਵ ਕਰਨ ਵਾਲੇ ਅਸਿਭਅਕ
ਵਤੀਰੇ ਦੀ ਫੈਲ ਰਹੀ ਮਾਂਹਵਾਰੀ ਨੂੰ ਰੋਕਣ ਲਈ ਲਕਸ਼ਮਣ ਰੇਖਾ ਖਿੱਚਣ ਦਾ ਮਨ ਬਣਾ ਲਿਆ
ਹੈ। ਨਿੱਘਰਦੀਆਂ ਜਾ ਰਹੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਮੁੜ ਸੁਰਜੀਤ ਕਰਨ ਲਈ ਸਮਾਜ
ਸਿਰਜਕ ਤੇ ਦਿਸ਼ਾ ਨਿਰਦੇਸ਼ ਪ੍ਰਦਾਨ ਕਰਨ ਵਾਲੀ ਨਿੱਗਰ ਸੋਚ ਦਾ ਹੋਕਾ ਦੇਣਾ ਮੇਰੇ
ਭਵਿੱਖ ਦੇ ਏਜੰਡੇ ਦਾ ਝੰਡਾ ਹੋਵੇਗਾ। ਭਵਿੱਖ ਵਿੱਚ ਵੀ ਓਹੀ ਕੁਝ ਗਾਉਣ ਦੀ ਚੇਸ਼ਟਾ
ਹੈ ਜਿਸਨੂੰ ਆਪਣੀ ਬੇਟੀ ਨਾਲ ਬੈਠ ਕੇ ਸੁਣਦਿਆਂ ਨੀਵੀਂ ਨਾ ਪਾਉਣੀ ਪਵੇ।
(ਬਲਧੀਰ ਮਾਹਲਾ ਨਾਲ ਲਫ਼ਜ਼ੀ ਸਾਂਝ ਪਾਉਣ ਲਈ ਉਹਨਾਂ ਦੇ ਮੋਬਾਈਲ ਨੰਬਰ
98150-33503 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)
ਮੋਬਾ:- 0044 75191 12312
ਈਮੇਲ:-
khurmi13deep@yahoo.in
|