ਟੋਰਾਂਟੋ – ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ
ਪੇਸ਼ਕਾਰੀਆਂ 23 ਸਤੰਬਰ 2012, ਦਿਨ ਐਤਵਾਰ ਨੂੰ ਬਾਅਦ ਦੁਪਹਿਰ 1 ਵਜੇ ਤੋਂ 6 ਵਜੇ
ਤੱਕ, ਬਰੈਂਪਟਨ ਦੇ ਰੋਜ਼ ਥੀਏਟਰ ਵਿਚ ਕੀਤੀਆਂ ਜਾ ਰਹੀਆਂ ਹਨ। ਨਾਰਥ ਅਮੈਰਕਿਨ
ਰੈਸ਼ਨਲ ਸੁਸਾਇਟੀ ਆਫ਼ ਓਨਟਾਰੀਓ ਵਲੋਂ ਕਰਵਾਏ ਜਾ ਰਹੇ ਤਰਕਸ਼ੀਲ ਸਮਾਗਮ ਵਿੱਚ ਉਕਤ
ਨਾਟਕਾਂ ਵਿੱਚੋਂ ਪਹਿਲਾ ਨਾਟਕ ‘ਸੰਤਾਪ’ ਲੋਕ-ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ
ਹੋਰਾਂ ਦਾ ਲਿਖਿਆ ਹੋਇਆ ਹੈ ਜਿਹੜਾ ਟੋਰਾਂਟੋ ਅਧਾਰਿਤ ਨਾਟਕਕਾਰ ਤੇ ਰੰਗਕਰਮੀ ਹੀਰਾ
ਰੰਧਾਵਾ ਦੀ ਨਿਰਦੇਸ਼ਨਾਂ ਹੇਠ “ਹੈਟਸ-ਅੱਪ” (ਹੈਰੀਟੇਜ਼ ਆਰਟਸ ਐਂਡ ਥੀਏਟਰ ਸੋਸਾਇਟੀ
ਆਫ਼ ਯੁਨਾਈਟਡ ਪ੍ਰੋਡਕਸ਼ਨਜ਼) ਨਾਟ-ਸੰਸਥਾ ਵਲੋਂ ਪੇਸ਼ ਕੀਤਾ ਜਾਵੇਗਾ। ਜਿਸ ਵਿੱਚ
ਗੁਰਮਿੰਦਰਪਾਲ ਆਹਲੂਵਾਲੀਆ, ਪਰਮਜੀਤ ਦਿਓਲ, ਮਨਰਾਜ ਸੈਣੀ, ਸਿੰ਼ੰਗਾਰਾ ਸਮਰਾ, ਹੀਰਾ
ਰੰਧਾਵਾ, ਆਦਿ ਰੰਗਕਰਮੀ ਕੰਮ ਕਰ ਰਹੇ ਹਨ। ਇਸ ਨਾਟਕ ਦੇ ਗੀਤ ਟੋਰਾਂਟੋ ਦੇ ਉੱਘੇ
ਸ਼ਾਇਰ ਉਂਕਾਰਪ੍ਰੀਤ ਨੇ ਲਿਖੇ ਹਨ। ਯਾਦ ਰਹੇ ਕਿ ਲੰਬਾ ਸਮਾਂ ਭਾਅ ਜੀ ਗੁਰਸ਼ਰਨ
ਸਿੰਘ ਹੋਰਾਂ ਨਾਲ ਕੰਮ ਕਰ ਚੁੱਕੇ ਸ੍ਰੀ ਹੀਰਾ ਰੰਧਾਵਾ ਹੁਣ ਤੱਕ ਦਰਜਨ ਤੋਂ ਵੱਧ
ਨਾਟਕ ਕੈਨੇਡਾ ਵਿੱਚ ਤਿਆਰ ਕਰਵਾ ਕੇ ਖ਼ੇਡ ਚੁੱਕੇ ਹਨ ਅਤੇ ਬਹੁਤ ਸਾਰੇ ਸੀਰੀਅਲ,
ਹਿੰਦੀ/ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਇਸ ਤੋਂ ਬਿਨਾਂ ਉਹਨਾਂ ਦੀਆਂ
‘ਜਦੋਂ ਜਾਗੋ ਉਦੋਂ ਸਵੇਰਾ’, ‘ਚਾਨਣ ਦਾ ਦਰਿਆ’, ‘ਛੱਟਾ ਚਾਨਣਾਂ ਦਾ’, ‘ਚਾਨਣ ਮਮਤਾ
ਦਾ’ ਆਦਿ ਕਿਤਾਬਾਂ ਛਪ ਚੁੱਕੀਆਂ ਹਨ।
ਨਾਟਕ ‘ਸੋ ਕਿਉ ਮੰਦਾ ਆਖੀਐ’ ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਭਰੂਣ ਹੱਤਿਆ ਦੀ
ਭੈੜੀ ਅਲਾਮਤ ਦੇ ਵਿਸ਼ੇ ਤੇ ਲਿਖਿਆ ਹੋਇਆ ਹੈ, ਜਿਸ ਨੂੰ ਪੰਜਾਬ ਦੇ ਵੱਖ ਵੱਖ
ਹਿੱਸਿਆਂ ਵਿਚ ਅਨੇਕਾਂ ਵਾਰ ਖੇਡਿਆ ਜਾ ਚੁੱਕਾ ਹੈ ਅਤੇ ਇਸ ਦੇ ਐਡਮਿੰਟਨ ਤੇ
ਵੈਨਕੂਵਰ ਵਿਚ ਵੀ ਸ਼ੋਅ ਹੋ ਚੁੱਕੇ ਹਨ। ਇਸ ਨਾਟਕ ਵਿੱਚ ਸ੍ਰੀ ਔਲਖ ਦੀ ਧਰਮਪਤਨੀ
ਸ੍ਰੀਮਤੀ ਮਨਜੀਤ ਔਲਖ, ਗੁਰਬੀਰ ਗੋਗੋ, ਸਮਰਪ੍ਰੀਤ, ਰਾਜੂ ਤੂਰ, ਭੁਪਿੰਦਰ, ਕਰਮਜੀਤ
ਗਿੱਲ ਆਦਿ ਸਮੇਤ ਡੇਢ ਦਰਜਨ ਦੇ ਕਰੀਬ ਟੋਰਾਂਟੋ ਖ਼ੇਤਰ ਵਿੱਚ ਸਰਗਰਮ ਰੰਗਕਰਮੀ ਕੰਮ
ਕਰ ਰਹੇ ਹਨ। ਸਾਹਿੱਤ ਅਕਾਦਮੀ ਸਨਮਾਨ ਪ੍ਰਾਪਤ ਸ਼੍ਰੋਮਣੀ ਨਾਟਕਕਾਰ ਪ੍ਰੋ. ਔਲਖ
ਪਿਛਲੇ ਸਾਲ ਵੀ ਆਪਣਾ ਨਾਟਕ ਤਿਆਰ ਕਰਵਾ ਖ਼ੇਡ ਕੇ ਗਏ ਸਨ। ਉਹਨਾਂ ਦੀਆਂ ਹੁਣ ਤੱਕ
ਦਰਜਨ ਦੇ ਕਰੀਬ ਨਾਟ-ਪੁਸਤਕਾਂ ਪ੍ਰਕਾਸਿ਼ਤ ਹੋ ਚੁੱਕੀਆਂਹਨ। ਪ੍ਰੋਗਰਾਮ ਵਿਚ ਉੱਚ
ਪੱਧਰ ਦਾ ਗੀਤ-ਸੰਗੀਤ ਤੇ ਕੋਰੀਓਗਰਾਫੀ ਸਮੇਤ ਚਰਨਜੀਤ ਬਰਾੜ ਵੱਲੋਂ ਜਾਦੂ ਦੇ ਨਵੇਂ
ਟਰਿੱਕ ਵੀ ਪੇਸ਼ ਜਾਣਗੇ। ਵਿਗਿਅਨਕ ਸੋਚ ਅਨੁਸਾਰ ਜੀਵਨ ਜੀਣ ਦਾ ਸੁਨੇਹਾ ਦੇਣ ਵਾਲਾ
ਉਕਤ ਮੇਲਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਅਤੇ ਪੰਜਾਬੀ ਰੰਗਮੰਚ ਦੇ ਭੀਸ਼ਮ
ਪਿਤਾਮਾ ਲੋਕ ਨਾਇਕ ਭਾਅ ਜੀ ਗੁਰਸ਼ਰਨ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ ਜਾ ਰਿਹਾ
ਹੈ। ਇਥੇ ਇਹ ਵੀ ਜਿ਼ਕਰਯੋਗ ਹੈ ਕਿ ਭਾਅ ਜੀ ਦੀ ਬਰਸੀ ਮੌਕੇ 27 ਸਤੰਬਰ 2012 ਨੂੰ
ਵਿਸ਼ਵ ਭਰ ਵਿੱਚ ਪੰਜਾਬੀ ਰੰਗਕਰਮੀਆਂ ਵੱਲੋਂ ਇਨਕਲਾਬੀ ਰੰਗਮੰਚ ਦਿਵਸ ਦੇ ਤੌਰ ਤੇ
ਮਨਾਇਆ ਜਾ ਰਿਹਾ ਹੈ ਜਿਸ ਦਾ ਹਿੱਸਾ ਉਕਤ ਪ੍ਰੋਗਰਾਮ ਵੀ ਹੈ। ਇਸ ਪ੍ਰੋਗਰਾਮ ਨੂੰ
ਟੋਰਾਂਟੋ ਖ਼ੇਤਰ ਵਿੱਚ ਪੰਜਾਬੀ ਭਾਈਚਾਰੇ ਵਿਚ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ
ਵਾਲੀਆਂ ਸਮੂਹ ਸੰਸਥਾਵਾਂ, ਜੀਟੀਏ ਵਿਚਲੇ ਰੇਡੀਓ, ਟੀਵੀ ਪ੍ਰੋਗਰਾਮਾਂ, ਅਖ਼ਬਾਰਾਂ
ਸਮੇਤ ਸਮੁੱਚੇ ਪੰਜਾਬੀ/ਹਿੰਦੀ/ਅੰਗਰੇਜ਼ੀ ਮੀਡੀਏ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ
ਹੈ।
13/09/2012
|