WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ਦੇਵ ਥਰੀਕੇ ਵਾਲਾ
ਸ਼ਿਵਚਰਨ ਜੱਗੀ ਕੁੱਸਾ


ਬੜੇ ਛੋਟੇ-ਛੋਟੇ ਹੁੰਦਿਆਂ ਦੇਵ ਥਰੀਕੇ ਵਾਲੇ ਦੇ ਲਿਖੇ ਗੀਤ ਸੁਣਦੇ ਹੁੰਦੇ ਸਾਂ। ਉਦੋਂ ਵਿਆਹਾਂ-ਸ਼ਾਦੀਆਂ ਮੌਕੇ  ਕੋਠੇ ਤੇ ਦੋ ਮੰਜੇ ਜੋੜ ਕੇ ਸਪੀਕਰ ਲੱਗਿਆ ਕਰਦੇ ਸਨ। ਅਸੀਂ ਜਿੱਥੇ ਸਪੀਕਰ ਖੜਕਦਾ ਹੋਣਾ, ਘਰਦਿਆਂ ਦੇ ਛਿੱਤਰਪੌਲਾ ਕਰਨ ਦੇ ਬਾਵਜੂਦ ਵੀ ਉਥੇ ਜਾ ਪਹੁੰਚਣਾ। ਬਚਪਨ ਸੀ, ਘਰਦਿਆਂ ਦੇ ਛਿੱਤਰਾਂ ਦੀ ਕੌਣ ਪ੍ਰਵਾਹ ਕਰਦੈ? ਉਦੋਂ ਤਿੰਨ ਕੁ ਗੀਤਕਾਰ ਹੀ ਮਸ਼ਹੂਰ ਸਨ। ਸਵਰਗੀ ਦੀਦਾਰ ਸੰਧੂ, ਬਾਬੂ ਸਿੰਘ ਮਾਨ, ਮਰਾੜ੍ਹਾਂ ਵਾਲਾ ਅਤੇ ਦੇਵ ਥਰੀਕਿਆਂ ਵਾਲਾ।

ਬਾਈ ਥਰੀਕਿਆਂ ਵਾਲੇ ਦਾ ਲਿਖਿਆ ਅਤੇ ਮਰਹੂਮ ਬਾਈ ਕੁਲਦੀਪ ਮਾਣਕ ਦਾ ਗਾਇਆ ਜੈਮਲ-ਫੱਤਾ ਮੈਂ ਖੁਦ ਪਿੰਡ ਦੇ ਸਕੂਲ ਦੀ ਬਾਲ-ਸਭਾ ਵਿਚ ਗਾਉਂਦਾ ਰਿਹਾ ਹਾਂ। ਇਕ ਇਤਫ਼ਾਕ ਹੀ ਹੈ ਕਿ ਅੱਜ ਬਾਈ ਦੇਵ ਥਰੀਕੇ ਵਾਲਾ ਅਤੇ ਬਾਈ ਕੁਲਦੀਪ ਮਾਣਕ ਦੋਨੋਂ ਹੀ ਮੇਰੇ ਪ੍ਰਮ-ਮਿੱਤਰ ਹਨ। ਜਿਗਰੀ-ਮਿੱਤਰ, ਹਮ-ਪਿਆਲਾ, ਹਮ-ਨਿਵਾਲਾ!

ਉਸ ਮੌਕੇ, ਉਹਨੂੰ ਮੌਤ ਨੇ ਵਾਜਾਂ ਮਾਰੀਆਂ-ਸੋਹਣੀਂ ਸੁੱਤੀ ਲਈ ਜਗਾ, ਅੱਲਾ ਬਿਸਮਿੱਲਾ ਤੇਰੀ ਜੁਗਨੀ, ਤੋਤਾ ਢੋਲ ਦਾ ਰੋਵੇ ਤੇ ਕੁਰਲਾਵੇ, ਕਹੇ ਰਸਾਲੂ ਰਾਣੀਏਂ ਨੀ ਗਲ ਬਾਂਹਾਂ ਪਾ ਦੇਆਦਿ ਬੜੇ ਹੀ ਮਸ਼ਹੂਰ ਗੀਤ ਸਨ। ਉਸ ਤੋਂ ਬਾਅਦ ਜਦੋਂ, ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਐ ਹੀਰ ਦੀ, ਛੇਤੀ ਕਰ ਸਰਵਣ ਬੱਚਾ, ਰਾਂਝਾ ਜੋਗੀ ਹੋ ਗਿਆ, ਆਏ ਤਾਂ ਕੁਲਦੀਪ ਮਾਣਕ ਅਤੇ ਦੇਵ ਥਰੀਕੇ ਵਾਲੇ ਦੇ ਨਾਂ ਦਾ ਥਾਂ-ਥਾਂ ਨਗਾਰਾ ਵੱਜ ਗਿਆ। ਫਿਰ, ਕਿਹੜੇ ਬੰਨ੍ਹਣਾ ਸੱਜਣ ਦੇ ਗਾਨਾ-ਨਿੱਕੀ ਨਿੱਕੀ ਕੱਤੇਂ ਲੋਗੜੀ, ਪੱਟੇ ਜਾਣਗੇ ਸਾਧਾਂ ਦੇ ਚੇਲੇ-ਜੱਟੀਏ ਜੇ ਹੋਗੀ ਸਾਧਣੀਂ ਅਤੇ ਰੱਸਾ ਹੋਵੇ ਗੰਢ ਲਾ ਲੀਏ-ਟੁੱਟੀ ਯਾਰੀ ਦਾ ਕੀ ਲਾਜ ਬਣਾਈਏ, ਵਰਗੇ ਗੀਤਾਂ ਨੇ ਤਾਂ ਦੇਵ ਥਰੀਕਿਆਂ ਵਾਲੇ ਦੇ ਪ੍ਰਸ਼ੰਸਕਾਂ ਨੂੰ ਇਕ ਤਰ੍ਹਾਂ ਨਾਲ ਕੀਲ ਕੇ ਬੰਨ੍ਹ ਲਿਆ। ਮੇਰੇ ਵਰਗੇ ਬਚਪਨ ਤੋਂ ਲੈ ਕੇ ਹੁਣ ਤੱਕ ਉਸ ਦੇ ਪ੍ਰਸ਼ੰਸਕ ਹੀ ਤੁਰੇ ਆ ਰਹੇ ਹਨ।  

ਡੀ. ਐੱਮ. ਕਾਲਜ ਮੋਗਾ ਜਾ ਕੇ ਮੈਨੂੰ ਪਤਾ ਲੱਗਿਆ ਕਿ ਦੇਵ ਥਰੀਕਿਆਂ ਵਾਲੇ ਦਾ ਪੂਰਾ ਨਾਂ "ਹਰਦੇਵ ਦਿਲਗੀਰ" ਹੈ, ਜਦੋਂ ਮੈਂ ਉਸ ਦਾ ਕਹਾਣੀ-ਸੰਗ੍ਰਹਿ ਜੈਲਦਾਰਨੀ ਪੜ੍ਹਿਆ। ਮੈਨੂੰ ਹਾਲੀ ਤੱਕ ਇਹ ਸਮਝ ਨਹੀਂ ਆਈ ਕਿ ਉਹ ਆਪਣੇ ਨਾਂ ਨਾਲ ਦਿਲਗੀਰ ਕਿਉਂ ਲਾਈ ਫਿਰਦਾ ਹੈ? ਜਦ ਕਿ ਉਹ ਹਮੇਸ਼ਾ ਹੀ ਮੱਕੀ ਦੀਆਂ ਖਿੱਲਾਂ ਵਾਂਗ ਖਿੜਿਆ ਹੀ ਮਿਲਦਾ ਹੈ! ਬੜੇ ਹੀ ਤਰੋਤਾਜ਼ਾ ਮੂਡ ਵਿਚ!! ਤੇਰ-ਮੇਰ ਤੋਂ ਨਿਰਲੇਪ!! ਮੈਂ ਤਾਂ ਉਸ ਵਿਚ ਹੈ ਹੀ ਨਹੀਂ। ਬਾਬੇ ਨਾਨਕ ਵਾਲੀ ਤੂੰ ਹੀ ਤੂੰ ਹੈ!

ਆਪਣੇ ਨਾਵਲਾਂ ਕਰਕੇ ਮੈਨੂੰ ਮੁਫ਼ਤੋ-ਮੁਫ਼ਤੀ ਵਿਚ ਤਕਰੀਬਨ ਅੱਧਾ ਸੰਸਾਰ ਗਾਹੁੰਣ ਦਾ ਮੌਕਾ ਮਿਲਿਆ ਹੈ। ਇਹਨਾਂ ਬਾਹਰਲੀਆਂ ਫੇਰੀਆਂ ਦੌਰਾਨ ਮੈਨੂੰ ਬੜੇ ਵੱਡੇ-ਵੱਡੇ ਬੰਦੇ ਮਿਲੇ। ਇਹਨਾਂ ਵਿਚ ਲੇਖਕ, ਕਲਾਕਾਰ, ਐਕਟਰ ਅਤੇ ਗੀਤਕਾਰ ਵੀ ਸ਼ਾਮਲ ਹਨ। ਕਈ ਤਾਂ ਬੜੇ ਮਿੱਠੇ ਅਤੇ ਮਿਲਣਸਾਰ ਹਨ ਅਤੇ ਕਈਆਂ ਦਾ ਤਾਂ ਰੰਘੜ੍ਹਊ ਹੀ ਲੋਟ ਨਹੀਂ ਆਉਂਦਾ ਅਤੇ ਧੌਣ ਵਿਚ ਅੜਿਆ ਕਿੱਲਾ ਆਮ ਲੋਕਾਂ ਦੇ ਨੇੜੇ ਨਹੀਂ ਹੋਣ ਦਿੰਦਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈ ਬਹੁਤ ਉੱਚ-ਕੋਟੀ ਦੇ ਗਾਇਕ ਅਤੇ ਕਲਾਕਾਰ ਮੇਰੇ ਜਿਗਰੀ-ਮਿੱਤਰ ਹਨ, ਪਰ ਜੋ ਤਸੱਲੀ ਅਤੇ ਸਕੂਨ ਮੈਨੂੰ ਬਾਈ ਦੇਵ ਥਰੀਕਿਆਂ ਵਾਲੇ ਨੂੰ ਮਿਲ ਕੇ ਆਇਆ ਹੈ, ਉਹ ਗੂੰਗੇ ਦੇ ਗੁੜ ਖਾਣ ਵਾਂਗ, ਦੱਸਣ ਤੋਂ ਪਰ੍ਹੇ ਹੈ।

ਸਾਦਾ ਉਹ ਇਤਨਾ ਹੈ ਕਿ ਉਸ ਨੂੰ ਪ੍ਰੋਫ਼ੈਸਰ ਮੋਹਨ ਸਿੰਘ ਦੇ ਮੇਲੇ ਤੇ ਮਾਰੂਤੀ ਕਾਰ ਮਿਲੀ। ਪਰ ਸਫ਼ਰ ਉਸ ਨੇ ਸਾਈਕਲ ਤੇ ਹੀ ਜਾਰੀ ਰੱਖਿਆ, ਕਾਰ ਚ ਬੈਠ ਕੇ ਨਹੀਂ ਦੇਖਿਆ। ਇਕ ਦਿਨ ਮੈਂ ਉਸ ਨੂੰ ਪੁੱਛ ਬੈਠਾ, "ਬਾਈ ਜੀ ਤੁਹਾਡਾ ਮੋਬਾਇਲ ਨੰਬਰ ਕਿੰਨੈਂ?" ਮੈਨੂੰ ਉੱਚੀ-ਉੱਚੀ ਹੱਸ ਕੇ ਕਹਿੰਦਾ, "ਨੰਬਰ ਤਾਂ ਕੁੱਸਾ ਮੈਂ ਤੈਨੂੰ ਤਾਂ ਦੇਵਾਂ, ਜੇ ਮੈਂ ਕਦੇ ਮੋਬਾਇਲ ਕਦੇ ਰੱਖਿਆ ਹੋਵੇ?" ਜਿਸ ਬੰਦੇ ਨੂੰ ਉਸ ਦੇ ਗੀਤਾਂ ਦੀ ਇਤਨੀ ਰਾਇਲਟੀ ਮਿਲਦੀ ਹੋਵੇ, ਹਰ ਪੱਖੋਂ ਖੁਸ਼ਹਾਲ ਹੋਵੇ, ਤੇ ਉਹ ਅੱਜ ਕੱਲ੍ਹ ਦੇ ਜ਼ਮਾਨੇ ਵਿਚ ਮੋਬਾਇਲ ਫ਼ੋਨ ਨਾ ਰੱਖੇ? ਇਹ ਥਰੀਕਿਆਂ ਵਾਲੇ ਦੀ ਸਾਦਗੀ ਨਹੀਂ ਤਾਂ ਹੋਰ ਕੀ ਐ?

ਹੁਣ ਤਾਂ ਪੰਜਾਬ ਦੇ ਜੱਟ ਵੀ ਮੋਬਾਇਲ ਜੇਬ ਵਿਚ ਪਾ ਕੇ ਖੇਤ ਪੱਠੇ ਵੱਢਣ ਜਾਂਦੇ ਹਨ। ਹੁਣ ਤਾਂ ਮੇਰੇ ਬਾਪੂ ਜੀ ਚੜ੍ਹਾਈ ਕਰ ਗਏ। ਜਦੋਂ ਮੈਂ ਭਾਰਤ ਜਾਂਦਾ ਸਾਂ ਤਾਂ, ਮੇਰੇ ਬਾਪੂ ਜੀ ਦੀ ਬੱਸ ਇੱਕੋ ਮੰਗ ਹੀ ਹੁੰਦੀ ਸੀ, "ਹੋਰ ਕੁਛ ਨ੍ਹੀ ਚਾਹੀਦਾ ਸ਼ੇਰਾ-ਇਕ ਨਵਾਂ ਮੋਬੈਲ ਲਈ ਆਈਂ-ਪਹਿਲਾਂ ਆਲਾ ਤੰਗ ਜਿਆ ਕਰਨ ਲੱਗ ਪਿਆ!" ਨਾਲੇ ਮੇਰੇ ਬਜੁਰਗਾਂ ਨੂੰ ਹਰੇ ਅਤੇ ਲਾਲ ਬਟਨ ਦੱਬਣ ਤੋਂ ਬਿਨਾ ਕੁਝ ਨਹੀਂ ਸੀ ਆਉਂਦਾ। ਜਦੋਂ ਟਿੰਗ-ਟਿੰਗ ਹੋਈ ਹਰਾ ਬਟਨ ਨੱਪ ਕੇ ਸੁਣ ਲਿਆ, ਜਦੋਂ ਅਗਲੇ ਨੇ ਓਹਕੇ ਕਰ ਦਿੱਤੀ ਤਾਂ ਲਾਲ ਬਟਨ ਦੱਬ ਕੇ ਬੰਦ ਕਰ ਦਿੱਤਾ। ਬੱਸ ਇਤਨੀ ਕੁ ਹੀ ਤਕਨੀਕ ਜਰੂਰ ਹਾਸਲ ਸੀ!

ਅਗਸਤ 2003 ਵਿਚ ਮੈਨੂੰ ਮਸ਼ਹੂਰ ਸੰਸਥਾ ਪੰਜਾਬੀ ਸੱਥ ਲਾਂਬੜਾ ਵੱਲੋਂ ਨਾਨਕ ਸਿੰਘ ਨਾਵਲਿਸਟ ਪੁਰਸਕਾਰ ਦੇਣ ਦਾ ਫ਼ੈਸਲਾ ਹੋਇਆ। ਇੰਗਲੈਂਡ ਤੋਂ  ਮੋਤਾ ਸਿੰਘ ਸਰਾਏ ਦਾ ਸੱਦਾ-ਪੱਤਰ ਮਿਲਿਆ। ਉਦੋਂ ਮੈਂ ਆਸਟਰੀਆ ਦਾ ਵਸਨੀਕ ਸੀ, ਇੰਗਲੈਂਡ ਤਾਂ ਮੈਂ ਮਈ 2006 ਵਿਚ ਆ ਕੇ ਵਸਿਆ ਹਾਂ। ਖ਼ੈਰ, ਮੈਂ ਆਸਟਰੀਆ ਤੋਂ ਫ਼ਲਾਈਟ ਲੈ ਕੇ ਲੰਡਨ ਦੇ ਸਟੈੱਨਸਟੈੱਡ ਏਅਰਪੋਰਟ ਤੇ ਜਾ ਉਤਰਿਆ, ਕਿਉਂਕਿ ਇਹ ਪੁਰਸਕਾਰ ਇੰਗਲੈਂਡ ਦੇ ਵਿਨਲਹਾਲ ਸ਼ਹਿਰ ਵਿਖੇ ਦਿੱਤਾ ਜਾਣਾ ਸੀ। ਲਾਂਬੜਾ ਸੱਥ ਦੇ ਡਾਕਟਰ ਨਿਰਮਲ ਸਿੰਘ ਹੁਰੀਂ ਪਹਿਲਾਂ ਹੀ ਇੰਗਲੈਂਡ ਪੁੱਜ ਚੁੱਕੇ ਸਨ। ਏਅਰਪੋਰਟ ਉਪਰ ਮੇਰੇ ਮਿੱਤਰ ਪ੍ਰੋਫ਼ੈਸਰ ਮੋਤਾ ਸਿੰਘ ਸਰਾਏ ਮੈਨੂੰ ਲੈਣ ਆਏ ਹੋਏ ਸਨ। ਉਹ ਮੈਨੂੰ ਸ੍ਰ: ਕੇਵਲ ਸਿੰਘ ਜੀ ਘੱਗ ਦੇ ਘਰ ਲੈ ਗਏ। ਉਥੇ ਅਸੀਂ ਦੁਪਿਹਰ ਦਾ ਖਾਣਾ ਖਾਧਾ। ਪਹਿਲਾਂ ਹੀ ਬਣਾਏ ਪ੍ਰੋਗਰਾਮ ਮੁਤਾਬਿਕ ਉਥੇ ਮੇਰਾ ਆੜੀ ਰਣਜੀਤ ਸਿੰਘ ਰਾਣਾ, ਮੁੱਖ ਸੰਪਾਦਕ ਸਾਹਿਬ ਆ ਪ੍ਰਗਟ ਹੋਇਆ।

ਚਾਹ ਪੀਣ ਤੋਂ ਬਾਅਦ ਅਸੀਂ ਉਸ ਦੀ ਕਾਰ ਵਿਚ ਬੈਠ ਬ੍ਰਮਿੰਘਮ ਨੂੰ ਚੱਲ ਪਏ।
ਰਸਤੇ ਵਿਚ ਉਸ ਨੇ ਮੈਨੂੰ ਦੇਵ ਥਰੀਕਿਆਂ ਵਾਲੇ ਦੇ ਆਏ ਹੋਣ ਬਾਰੇ ਦੱਸਿਆ।

-"ਰਸਤੇ ਵਿਚ ਥਰੀਕਿਆਂ ਵਾਲੇ ਨੂੰ ਨਾ ਮਿਲ ਚੱਲੀਏ?" ਰਾਣੇ ਨੇ ਪੁੱਛਿਆ। ਪਰ ਮੈਂ ਕੁਝ ਝਿਜਕ ਜਿਹੀ ਦਿਖਾਈ। ਮੈਂ ਥਰੀਕਿਆਂ ਵਾਲੇ ਨੂੰ ਪਹਿਲਾਂ ਕਦੇ ਨਹੀਂ ਮਿਲਿਆ ਸੀ। ਪਤਾ ਨਹੀਂ ਕਿਹੋ ਜਿਹੇ ਮਤੇ ਦਾ ਬੰਦਾ ਹੋਵੇਗਾ? ਮੇਰਾ ਮਨ ਥਿੜਕ ਰਿਹਾ ਸੀ, ਕਿਉਂਕਿ ਪਾਖੰਡੀ, ਹੰਕਾਰੀ, ਨਿੰਦਕ ਅਤੇ ਵੱਡੀਆਂ ਨਾਸਾਂ ਵਾਲੇ ਬੰਦਿਆਂ ਤੋਂ ਮੈਂ ਹਮੇਸ਼ਾ ਹੀ ਪਾਸਾ ਵੱਟਦਾ ਹਾਂ। ਗਿੱਦੜਮਾਰ ਬੰਦੇ ਮੈਨੂੰ ਉਂਜ ਹੀ ਨਹੀਂ ਭਾਉਂਦੇ। ਗਿੱਦੜਮਾਰ ਕਹਿਣ ਦਾ ਮਤਲਬ, ਦੱਬਵੇਂ ਜਿਹੇ ਪੈਰੀਂ ਅਗਲੇ ਵੱਲ ਮਿਹਰ ਜਿਹੀ ਦੀ ਨਜ਼ਰ ਨਾਲ ਤੱਕਦੇ ਤੁਰੇ ਆਉਣਾ ਅਤੇ ਨੇੜੇ ਆ ਕੇ ਸਿਰ ਚ ਟੰਬਾ ਮਾਰ ਕੇ ਟੇਢਾ ਕਰ ਦੇਣਾ!

-"ਯਾਰ ਤੂੰ ਬੰਦੇ ਨੂੰ ਮਿਲ ਕੇ ਤਾਂ ਦੇਖ! ਰੂਹ ਖੁਸ਼ ਹੋ ਜਾਂਦੀ ਐ ਮਿਲ਼ ਕੇ।" ਰਾਣੇ ਨੇ ਮੇਰੀ ਦੋਚਿੱਤੀ ਤੋੜੀ। ਮੈਂ ਰਾਣੇ ਦੇ ਹੱਲਾਸ਼ੇਰੀ ਦੇਣ ਤੇ ਸਹਿਮਤ ਹੋ ਗਿਆ। ਰਾਣੇ ਨੇ ਆਪਣੀ ਕਾਰ, ਗਾਇਕ ਅਤੇ ਥਰੀਕਿਆਂ ਵਾਲੇ ਦੇ ਸ਼ਾਗਿਰਦ ਐੱਮ. ਸੀ. ਕਰਣ ਦੇ ਘਰ ਅੱਗੇ ਜਾ ਲਾਈ। ਅੰਦਰ ਜਾ ਕੇ ਰਾਣੇ ਨੇ ਸਾਡੀ ਜਾਣ-ਪਹਿਚਾਣ ਕਰਵਾਈ ਤਾਂ ਦੇਵ ਥਰੀਕਿਆਂ ਵਾਲੇ ਨੇ ਮੈਨੂੰ ਗਲਵਕੜੀ ਆ ਪਾਈ।

-"ਕੁੱਸਾ, ਤੈਨੂੰ ਤਾਂ ਮੈਂ ਦਸਾਂ ਸਾਲਾਂ ਤੋਂ ਪੜ੍ਹਦਾ ਆਉਨੈਂ!" ਥਰੀਕਿਆਂ ਵਾਲਾ ਮੈਨੂੰ ਸੰਬੋਧਨ ਹੁੰਦਾ ਹੋਇਆ ਬੋਲਿਆ। ਉਸ ਦੇ ਇਹ ਬੋਲ ਮੇਰੇ ਲਈ ਸਭ ਤੋਂ ਵੱਡਾ ਪੁਰਸਕਾਰ ਸਨ।
-"
ਇਹਨੂੰ ਪੜ੍ਹਦਾ ਆਉਨੈਂ ਕਿ ਇਹਦੇ ਨਾਵਲਾਂ ਨੂੰ?" ਰਾਣੇ ਨੇ ਟਾਂਚ ਕੀਤੀ।
-"
ਮੈਂ ਬਾਈ ਜੀ ਤੁਹਾਡੇ ਲਿਖੇ ਗੀਤਾਂ ਨੂੰ ਬਚਪਨ ਤੋਂ ਈ ਸੁਣਦਾ ਆਉਨੈਂ!" ਮੇਰੇ ਉੱਤਰ ਤੇ ਸਾਰੇ ਹੀ ਹੱਸ ਪਏ।
-"
ਦੋ ਲੇਖਕ ਅਤੇ ਦੋਵੇਂ ਇਕ ਦੂਜੇ ਦੇ ਪ੍ਰਸ਼ੰਸਕ? ਦੇਖਿਓ ਕੋਈ ਭੂਚਾਲ ਨਾ ਲਿਆ ਦਿਓ ਬਾਬਾ!" ਰਾਣੇ ਨੇ ਆਦਤ ਅਨੁਸਾਰ ਹੱਸ ਕੇ ਸਾਡੀ ਖਿੱਲੀ ਉਡਾਈ। ਹਰ ਗੱਲ ਨੂੰ ਹਾਸੇ ਵਿਚ ਪਾਉਣਾ ਰਾਣੇ ਦੀ ਮੀਰੀ ਸਿਫ਼ਤ ਹੈ।

ਇਹ ਦੇਵ ਥਰੀਕੇ ਨਾਲ ਮੇਰੀ ਪਹਿਲੀ ਮਿਲਣੀ ਸੀ। ਇਸ ਪਹਿਲੀ ਮਿਲਣ-ਵਾਰਤਾ ਨੇ ਮੇਰੇ ਅੰਦਰ ਵਿਸ਼ਵਾਸ ਭਰ ਦਿੱਤਾ ਕਿ ਹਰਦੇਵ ਦਿਲਗੀਰ ਨਿਮਰਤਾ-ਰੂਹ, ਯਾਰਾਂ ਦਾ ਯਾਰ ਅਤੇ ਦਰਵੇਸ਼ ਮੂਰਤ ਹੈ। ਹਾਉਮੈ ਉਸ ਤੋਂ ਕਰੋੜਾਂ ਮੀਲ ਦੂਰ ਹੈ। ਉਸ ਦੇ ਅੰਦਰ ਮਾਣ ਨਾਂ ਦੀ ਕੋਈ ਚੀਜ਼ ਹੀ ਨਹੀਂ! ਉਸ ਅੰਦਰ ਕੋਈ ਅਫ਼ਰੇਵਾਂ ਨਹੀਂ ਕਿ ਦੇਵ ਥਰੀਕੇ ਵਾਲੇ ਨੂੰ ਦੁਨੀਆਂ ਦੇ ਹਰ ਕੋਨੇ ਵਿਚ ਬੈਠਾ, ਹਰ ਪੰਜਾਬੀ ਜਾਣਦਾ ਹੈ ਅਤੇ ਉਹ ਵਿਸ਼ਵ-ਪੱਧਰ ਤੇ ਮਸ਼ਹੂਰ ਬੰਦਾ ਹੈ। ਮੇਰੀ ਸੋਚ ਅਨੁਸਾਰ ਜੇ ਕੋਈ ਪੰਜਾਬੀ ਕਹਿੰਦਾ ਹੈ ਕਿ ਮੈਂ ਦੇਵ ਥਰੀਕੇ ਵਾਲੇ ਨੂੰ ਨਹੀਂ ਜਾਣਦਾ, ਤਾਂ ਮੇਰੀ ਨਜ਼ਰ ਵਿਚ ਉਹ ਪੰਜਾਬੀ ਹੀ ਨਹੀਂ! ਨਿਰਸੰਦੇਹ ਦੇਵ ਥਰੀਕੇ ਪੰਜਾਬੀ ਗਾਇਕੀ ਦਾ ਇਕ ਜਿਉਂਦਾ ਜਾਗਦਾ ਯੁੱਗ ਹੈ।

ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਮੈਂ ਦੇਵ ਨੂੰ ਪਹਿਲੀ ਵਾਰ ਮਿਲਿਆ ਹਾਂ। ਉਸ ਮਰਦ-ਬੱਚੇ ਨੂੰ ਮਿਲ ਕੇ ਮੈਂ ਅਹਿਸਾਸ ਕੀਤਾ ਕਿ ਦੇਵ ਨੂੰ ਤਾਂ ਮੈਂ ਜੁੱਗੜਿਆਂ ਤੋਂ ਜਾਣਦਾ ਹਾਂ ਅਤੇ ਦੇਵ ਮੈਨੂੰ ਜੁੱਗੜਿਆਂ ਤੋਂ ਜਾਣਦਾ ਹੈ! ਮੇਰਾ 16 ਸਾਲ ਦਾ, ਯੂਰਪ ਵਿਚ ਜੰਮਿਆਂ ਪਲ਼ਿਆ ਅਤੇ ਸ਼ਰਾਰਤੀ ਪੁੱਤਰ ਕਬੀਰ ਉਸ ਦੇ ਲਿਖੇ ਗੀਤ "ਆਖੇ ਅਕਬਰ ਬਾਦਸ਼ਾਹ , ਸੱਦ ਜੈਮਲ ਨੂੰ ਦਰਬਾਰ…!" ਵਰਗੇ ਗੀਤ ਆਮ ਹੀ ਸੁਣਦਾ ਰਹਿੰਦਾ ਹੈ। ਜਦੋਂ ਉਹ ਪਿਛਲੇ ਸਾਲ ਪੰਜਾਬ ਗਿਆ ਤਾਂ ਦੇਵ ਥਰੀਕੇ ਨੇ ਉਸ ਨੂੰ ਸਾਡੇ ਪਿੰਡ ਫ਼ੋਨ ਕੀਤਾ। ਦੇਵ ਨੇ ਕਿਸੇ ਗੀਤ ਦਾ ਮੁਖੜਾ ਹੀ ਬੋਲਿਆ ਅਤੇ ਕਬੀਰ ਨੇ ਉਸ ਨੂੰ ਸਾਰਾ ਗੀਤ ਹੀ ਫ਼ੋਨ ਤੇ ਸੁਣਾ ਦਿੱਤਾ। ਦੇਵ ਬੜਾ ਖ਼ੁਸ਼ ਹੋਇਆ, "ਉਏ ਤੂੰ ਤਾਂ ਪਿਉ ਨਾਲ਼ੋਂ ਵੀ ਦੋ ਰੱਤੀਆਂ ਉਤੋਂ ਦੀ ਐਂ…!"  

ਅਗਲੇ ਦਿਨ ਮੈਨੂੰ ਪੰਜਾਬੀ ਸੱਥ ਲਾਂਬੜਾ ਵੱਲੋਂ ਨਾਨਕ ਸਿੰਘ ਨਾਵਲਿਸਟ ਪੁਰਸਕਾਰ ਦਿੱਤਾ ਜਾਣਾ ਸੀ। ਪ੍ਰਧਾਨਗੀ ਮੰਚ ਉਪਰ ਮੈਂ, ਡਾਕਟਰ ਨਿਰਮਲ ਸਿੰਘ ਚੇਅਰਮੈਨ ਪੰਜਾਬੀ ਸੱਥ ਲਾਂਬੜਾ, ਬੀਬੀ ਗੁਰਦੇਵ ਕੌਰ ਪ੍ਰਧਾਨ ਨਾਰੀ ਮੰਚ ਇੰਗਲੈਂਡ, ਬਲਿਹਾਰ ਸਿੰਘ ਰੰਧਾਵਾ ਮੁੱਖ ਸੰਪਾਦਕ ਪੰਜਾਬੀ ਵਿਰਸਾ ਅਤੇ ਦੇਵ ਥਰੀਕੇ ਵਾਲਾ ਬੈਠੇ ਸਾਂ। ਚਾਹੇ ਉਦੋਂ ਮੈਂ ਅੰਤਾਂ ਦੀ ਬਿਮਾਰੀ ਵਿਚੋਂ ਉਠਿਆ ਸੀ ਅਤੇ ਮਰਨੋਂ ਹੀ ਬਚਿਆ ਸੀ, ਪਰ ਮੇਰਾ ਮਨ ਅਤੀਅੰਤ ਖੁਸ਼ ਸੀ ਕਿ ਜਿਹੜੇ ਇਨਸਾਨ ਨੂੰ ਮੈਂ ਬਚਪਨ ਵਿਚ, ਸਕੂਲ ਟਾਈਮ ਜਾਂ ਕਾਲਜ ਟਾਈਮ ਤੇ ਦੇਖਣ ਨੂੰ ਤਰਸਦਾ ਸੀ, ਉਹ ਮੇਰੇ ਬਰਾਬਰ ਪ੍ਰਧਾਨਗੀ ਮੰਚ ਉਪਰ ਸ਼ਸ਼ੋਭਿਤ ਸੀ। ਉਥੇ ਮੈਂ ਸਟੇਜ਼ ਤੇ ਬੋਲਦਿਆਂ ਕਿਹਾ ਸੀ, "ਅੱਜ ਮੇਰੇ ਲਈ ਇਤਨਾ ਭਾਗਾਂ ਭਰਿਆ ਦਿਨ ਹੈ ਕਿ ਜਿਹੜੀਆਂ ਹਸਤੀਆਂ ਨੂੰ ਮੇਰੀਆਂ ਅੱਖਾਂ ਦੇਖਣ ਲਈ ਤਰਸਦੀਆਂ ਸਨ-ਅੱਜ ਉਹੀ ਹਸਤੀਆਂ ਮੇਰੇ ਬਰਾਬਰ ਮੰਚ ਉਪਰ ਬਿਰਾਜਮਾਨ ਹਨ!" ਰਾਣੇ ਨੇ ਆਦਤ ਮੂਜਵ ਹੌਲੀ ਕੁ ਦੇਣੇ ਟਕੋਰ ਕੀਤੀ, "ਇਹ ਤੇਰੇ ਨਾਵਲਾਂ ਕਰਕੇ ਈ ਐ-ਨਹੀਂ ਬਾਬਾ ਤੈਨੂੰ ਕਿੱਥੇ ਮਿਲਦੇ ਸੀ ਇਹੇ…!" ਸਵਰਗੀ ਡਾਕਟਰ ਚੰਨਣ ਸਿੰਘ ਚੰਨ ਅਤੇ ਪ੍ਰੋਫ਼ੈਸਰ ਸੁਰਜੀਤ ਸਿੰਘ ਕਾਲੜਾ ਹੱਸ ਪਏ। ਬਾਬਾ ਤੇਜਾ ਸਿੰਘ ਜੀ ਤੇਜ, ਕੋਟਲੇ ਵਾਲੇ ਅਤੇ ਤਾਰਾ ਸਿੰਘ ਤਾਰਾ ਨੇ ਵੀ ਕੁਛ ਕਿਹਾ। ਪਰ ਮੈਨੂੰ ਨਹੀਂ ਸੁਣ ਸਕਿਆ, ਕਿਉਂਕਿ ਦੂਰ ਬੈਠੇ ਸਨ।  

ਦੇਵ ਥਰੀਕੇ ਨੇ ਮੇਰੇ ਪੰਜਾਬ ਦੇ ਦੁਖਾਂਤ ਉਪਰ ਲਿਖੇ ਨਾਵਲਾਂ: ਪੁਰਜਾ ਪੁਰਜਾ ਕਟਿ ਮਰੈ, ਤਵੀ ਤੋਂ ਤਲਵਾਰ ਤੱਕ ਅਤੇ ਬਾਰ੍ਹੀਂ ਕੋਹੀਂ ਬਲ਼ਦਾ ਦੀਵਾ ਬਾਰੇ ਸੰਖੇਪ ਵਾਰਤਾ ਕਰਕੇ, ਆਪਣਾ ਇਕ ਗੀਤ ਸੁਣਾਇਆ:

-"
ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ,
ਉਦੋਂ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ…!"

ਇਸ ਸਮਾਗਮ ਵਿਚ ਮੇਰਾ ਬੇਲੀ ਪ੍ਰੋਫ਼ੈਸਰ ਨਿਰਮਲ ਸਿੰਘ ਜੌੜਾ ਅਤੇ ਬਾਬਾ ਫ਼ਰੀਦ ਫ਼ਾਊਂਡੇਸ਼ਨ ਦੇ ਚੇਅਰਮੈਨ ਸ੍ਰ: ਪ੍ਰੀਤਮ ਸਿੰਘ ਭੈਰੋਵਾਲ ਵੀ ਭਾਰਤ ਤੋਂ ਉਚੇਚੇ ਤੌਰ ਤੇ ਪੁੱਜੇ ਹੋਏ ਸਨ।

ਜਦੋਂ ਦੇਵ ਚਿੱਠੀ ਲਿਖਦਾ ਹੈ ਤਾਂ ਉਸ ਦੀ ਸ਼ੁਰੂਆਤ, "ਦੂਰ ਵਸੇਂਦੇ ਅਤੇ ਦਿਲ ਦੇ ਨੇੜੇ ਰਹਿੰਦੇ ਮਿੱਤਰਾ!" ਤੋਂ ਹੁੰਦੀ ਹੈ। ਚਿੱਠੀ ਵਿਚ ਬਜ਼ੁਰਗਾਂ ਵਾਂਗ ਅਸੀਸਾਂ ਦੀ ਛਹਿਬਰ ਲਾਈ ਹੁੰਦੀ ਹੈ। ਫ਼ੋਨ ਕਰੀਏ ਤਾਂ ਹੱਸਦਾ ਹੀ ਰਹਿੰਦਾ ਹੈ। ਮੈਨੂੰ ਉਹ ਕਦੇ ਬਿਗਾਨਾ ਲੱਗਿਆ ਹੀ ਨਹੀਂ। ਭਰਾਵਾਂ, ਵੱਡੇ ਭਰਾਵਾਂ ਵਾਂਗ ਗੱਲਾਂ ਕਰਦਾ ਹੈ। ਜਦੋਂ ਸਾਡੀ ਮਹਿਫ਼ਲ ਜੁੜਦੀ ਹੈ ਤਾਂ ਮੈਨੂੰ ਇੰਜ ਲੱਗਦਾ ਹੈ, ਜਿਵੇਂ ਅਸੀਂ ਇਕੱਠੇ ਪੜ੍ਹਦੇ ਰਹੇ ਹੋਈਏ?

ਪਿੱਛੇ ਜਿਹੇ ਅਕਤੂਬਰ ਵਿਚ ਉਸ ਨੇ ਇੰਗਲੈਂਡ ਆਉਣਾ ਸੀ। ਪਰ ਪਤਾ ਲੱਗਿਆ ਕਿ ਨਹੀਂ ਆ ਰਿਹਾ। ਕਾਰਨ ਪੁੱਛਣ ਲਈ ਮੈਂ ਉਸ ਦੇ ਘਰੇ ਫ਼ੋਨ ਕੀਤਾ, ਕਿਉਂਕਿ ਮੇਰੀ ਵੀ ਆਸਟਰੀਆ ਤੋਂ ਇੰਗਲੈਂਡ ਜਾਣ ਦੀ ਪੂਰੀ ਤਿਆਰੀ ਖਿੱਚੀ ਹੋਈ ਸੀ, ਤਾਂ ਬੜੀ ਢਿੱਲੀ ਜਿਹੀ ਅਵਾਜ਼ ਵਿਚ ਬੋਲਿਆ। ਬੜੀ ਹੈਰਾਨਗੀ ਹੋਈ ਕਿ ਬੜ੍ਹਕਾਂ ਮਾਰਨ ਵਾਲਾ ਦੇਵ ਅੱਜ ਖੁੱਸੀ-ਖੁੱਸੀ ਜਿਹੀ ਅਵਾਜ਼ ਵਿਚ ਕਿਉਂ ਗੱਲ ਕਰ ਰਿਹਾ ਹੈ? ਮੈਂ ਵਿਅੰਗ ਜਿਹੇ ਨਾਲ ਪੁੱਛਿਆ, "ਬਾਈ ਜੀ ਕਿਵੇਂ ਪੈਂਚਰ ਜਿਹੇ ਹੋਏ ਬੋਲਦੇ ਓਂ…?" ਤਾਂ ਉਹ ਅੱਗੋਂ ਬੋਲਿਆ, "ਕੀ ਦੱਸਾਂ ਜੱਗੀ ਮੇਰੀ ਬਾਂਹ ਟੁੱਟਗੀ-ਬਹੁਤ ਦੁਖੀ ਆਂ ਯਾਰ-ਆਬਦੀ ਕੋਈ ਕਿਤਾਬ ਕਤੂਬ ਭੇਜ-ਮੇਰਾ ਟੈਮ ਨੰਘਜੂ…!" ਸੁਣ ਕੇ ਬੜਾ ਦੁੱਖ ਹੋਇਆ, "ਅੱਖ ਮੇਰੇ ਯਾਰ ਦੀ ਦੁਖੇ-ਲਾਲੀ ਮੇਰੀਆਂ ਅੱਖਾਂ ਵਿਚ ਰੜਕੇ…!" ਗੀਤ ਮੇਰੇ ਦਿਮਾਗ ਵਿਚ ਖੌਰੂ ਪਾਉਣ ਲੱਗ ਪਿਆ ਸੀ। ਸੋਚਿਆ, ਕੀ ਹੋ ਗਿਆ ਦੇਵ ਤਕਰੀਬਨ ਮੇਰੇ ਬਾਪ ਦਾ ਹਾਣੀ ਹੈ? ਹੈ ਤਾਂ ਆਖਰ ਮੇਰਾ ਯਾਰ ਹੀ! ਤੇ ਯਾਰੀ ਵਿਚ ਉਮਰ ਨਹੀਂ ਦੇਖੀ ਜਾਂਦੀ। ਖ਼ੈਰ! ਮੈਂ ਕਿਤਾਬਾਂ ਭਿਜਵਾਉਣ ਦਾ ਵਾਅਦਾ ਕਰਕੇ ਅਤੇ ਦੋ-ਚਾਰ ਗੱਲਾਂ ਕਰਕੇ ਫ਼ੋਨ ਰੱਖ ਦਿੱਤਾ।  

ਇਸ ਬਾਬੇ ਬੋਹੜ ਗੀਤਕਾਰ ਅਤੇ ਲੋਕ ਗਾਥਾਵਾਂ ਦਾ ਸੁੱਚਾ ਉਲੇਖ ਕਰਨ ਵਾਲ਼ੇ ਦੇਵ ਥਰੀਕੇ ਦੇ ਨਾਂ ਤੇ ਇੰਗਲੈਂਡ ਵਿਚ ਪੰਜਾਬੀ ਸਪੂਤਾਂ, ਸ਼ ਸੁਖਦੇਵ ਸਿੰਘ ਅਟਵਾਲ਼ (ਸੋਖਾ ਉਦੋਪੁਰੀਆ) ਅਤੇ ਤਾਰੀ ਬਿਧੀਪੁਰੀਏ ਨੇ ਉਸ ਦੇ ਜਿਉਂਦੇ ਜੀਅ "ਦੇਵ ਥਰੀਕਿਆਂ ਵਾਲਾ ਐਪਰੀਸੇਸ਼ਨ ਸੁਸਾਇਟੀ" ਸਥਾਪਿਤ ਕੀਤੀ ਹੈ। ਇਹ ਵਾਕਿਆ ਹੀ ਇਕ ਸਲ਼ਾਘਾਯੋਗ ਉਦਮ ਹੈ। ਮਰਿਆਂ ਤੋਂ ਬਾਅਦ ਤਾਂ ਹਰ ਕੋਈ ਮੇਲੇ-ਮਕਬਰੇ ਲਾਉਣ ਲੱਗ ਪੈਂਦਾ ਹੈ। ਪਰ ਬਾਈ ਦੇਵ ਦੇ ਜਿਉਂਦੇ ਜੀਅ ਇਸ ਸੰਸਥਾ ਦੀ ਸਥਾਪਨਾ ਕਰਨਾ ਇਕ ਜਿਉਂਦੀ ਜਾਗਦੀ ਕੌਮ ਅਤੇ ਮਾਂ-ਬੋਲੀ ਦੇ ਮਹਾਨ ਸਪੂਤਾਂ ਦੀ ਜਾਗਰੂਕਤਾ ਦਾ ਪ੍ਰਤੀਕ ਹੈ। ਇਸ ਲਈ ਸੋਖਾ ਉਦੋਪੁਰੀਆ ਅਤੇ ਤਾਰੀ ਬਿਧੀਪੁਰੀਆ ਵਧਾਈ ਅਤੇ ਧੰਨਵਾਦ ਦੇ ਹੱਕਦਾਰ ਹਨ! ਹਰਦੇਵ ਦਿਲਗੀਰ ਦੇ ਲਿਖੇ ਗੀਤ ਸਦੀਵੀ-ਕਾਲ ਤੱਕ ਅਮਰ ਰਹਿਣਗੇ ਅਤੇ ਨਾਲ ਹੀ ਬਰਕਰਾਰ ਰਹੇਗਾ: ਦੇਵ ਥਰੀਕਿਆਂ ਵਾਲਾ! ਅਕਾਲ ਪੁਰਖ਼ ਅੱਗੇ ਇਹ ਹੀ ਦੁਆ ਹੈ ਕਿ ਸਾਡੇ ਰਮਤੇ-ਫ਼ਕੀਰ ਬਾਈ ਦੀ ਉਮਰ ਉਸ ਦੇ ਗੀਤਾਂ ਜਿੱਡੀ ਹੀ ਹੋਵੇ!    

 


  ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2011, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi.com