ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮਿਲਣੀ ਇਸ ਵਾਰ ਨਾਮਵਰ
ਲੇਖਿਕਾ ਸੁਰਜੀਤ ਕੌਰ ਦੇ ਨਿਵਾਸ ਤੇ ਹੋਈ, ਜਿਸ ਵਿੱਚ ਬਹੁਤ ਸਾਰੇ ਲੇਖਕਾਂ
ਤੇ ਅਲੋਚਕਾਂ ਨੇ ਭਾਗ ਲਿਆ। ਮੀਟਿੰਗ ਦੇ ਸ਼ੁਰੂ ਵਿੱਚ ਕੁਆਰਡੀਨੇਟ
ਕੁਲਜੀਤ ਮਾਨ ਵਲੋਂ ਸੰਸਥਾ ਨਾਲ ਸਬੰਧਤ ਕੁੱਝ ਮੁੱਦੇ ਬਹਿਸ ਅਧੀਨ ਲਿਆਂਦੇ
ਗਏ, ਜਿਸ ਵਿੱਚ ਪੁਸਤਕਾਂ, ਪਰਚਿਆਂ ਦਾ ਵਟਾਂਦਰਾ, ਗਤੀਸ਼ੀਲਤਾ, ਸੰਸਥਾ ਤੇ
ਨਿਯਮ ਅਤੇ ਵੈਬ ਸਾਈਟ ਬਣਾਉਣ ਦੇ ਫੈਸਲੇ ਹੋਏ। ਇਸ ਉਪਰੰਤ ਭਾਰਤ ਤੋਂ ਆਈ
ਚਰਚਿਤ ਕਹਾਣੀਕਾਰਾ ਨਿਰਮਲ ਜਸਵਾਲ ਨੂੰ ਜੀ ਆਇਆਂ ਕਹਿੰਦੇ ਹੋਏ, ਮੌਜੂਦਾ ਸਭਾ
ਦੀ ਪ੍ਰਧਾਨਗੀ ਕਰਨ ਲਈ ਕਿਹਾ ਗਿਆ। ਅੱਗੋਂ ਪ੍ਰਧਾਨ ਜੀ ਦੀ ਆਗਿਆ ਨਾਲ ਬਲਵੀਰ
ਕੌਰ ਸੰਘੇੜਾ ਨੂੰ ਸਭਾ ਦੀ ਸੰਚਾਲਨਾ ਅਤੇ ਮੇਜਰ ਮਾਂਗਟ ਨੂੰ ਕਾਰਵਾਈ ਰਿਪੋਰਟ
ਲਿਖਣ ਦੀ ਜਿੰਮੇਵਾਰੀ ਦੇਣ ਉਪਰੰਤ, ਇਸ ਮੀਟਿੰਗ ਦੀ ਸ਼ੁਰੂਆਤ ਹੋ ਗਈ।
ਸਭ ਤੋਂ ਪਹਿਲੀ ਕਹਾਣੀ ਪਾਕਿਸਤਾਨ ਮੂਲ ਦੀ ਲੇਖਿਕਾ ਤਲਿਤ ਜਾਹਰਾ ਨੇ
ਪੜ੍ਹੀ ਜਿਸ ਦਾ ਨਾਮ ਸੀ ‘ਬੁੱਢਾ ਤੇ ਸਮੁੰਦਰ’ ਭਾਵੇਂ ਇਸ ਦਾ ਥੀਮਕ
ਆਧਾਰ ਹੈਮਿੰਗਵੇਅ ਦੇ ਪ੍ਰਸਿੱਧ ਨਾਵਲ ‘ਓਲਡ ਮੈਨ ਐਂਡ ਸੀ’ ਨੂੰ ਬਣਾਇਆ ਗਿਆ
ਸੀ ਪਰ ਲੇਖਿਕਾ ਨੇ ਇਸ ਨੂੰ ਇੱਕ ਨਵੇਂ ਪ੍ਰਸੰਗ ਵਿੱਚ ਪੇਸ਼ ਕੀਤਾ। ਜਿਸ ਨੂੰ
ਸਾਰਿਆਂ ਨੇ ਹੀ ਸਲਾਹਿਆ। ਕੁਲਜੀਤ ਮਾਨ ਨੇ ਕਿਹਾ ਕੇ ਇਸ ਵਿੱਚ ਬਿਆਨੇ ਤਾਣੇ
ਬਾਣੇ ਨੂੰ ਸਮਝਣ ਦੀ ਜਰੂਰਤ ਹੈ ਤੇ ਮੇਜਰ ਮਾਂਗਟ ਦਾ ਕਹਿਣਾ ਸੀ ਕਿ ਇਹ ਤਾਣਾ
ਬਾਣਾ ਬਿੰਬਾਂ ਨੂੰ ਸਮਝੇ ਬਗੈਰ ਸਮਝ ਵਿਚ ਨਹੀਂ ਆ ਸਕਦਾ। ਬਲਰਾਜ ਚੀਮਾ ਨੇ
ਇਸ ਕਹਾਣੀ ਨੂੰ ਫੈਂਟਸੀ ਅਤੇ ਰੀਅਲਟੀ ਦਾ ਸੁਮੇਲ ਆਖਿਆ।
ਦੂਸਰੀ ਕਹਾਣੀ ਮੇਜਰ ਮਾਂਗਟ ਦੀ ਸੀ ਜਿਸ ਦਾ ਸਿਰਲੇਖ ਸੀ ‘ਸੁਰਖਰੂ’। ਇਹ
ਕਹਾਣੀ ਪੀੜੀ ਪਾੜੇ ਦੀ ਸੀ ਜਿਸ ਨੂੰ ਪਸੰਦ ਕਰਦਿਆਂ ਸੁਰਜਣ ਜੀਰਵੀ ਨੇ ਕਿਹਾ
ਕਿ ਇਹ ਕਹਾਣੀ ਭਾਰਤੀ ਸੱਭਿਆਚਾਰ ਦੇ ਖੋਲ ਦਾ ਪੋਲ ਖੋਹਲਦੀ ਹੈ, ਨਿਰਮਲ
ਜਸਵਾਲ ਨੇ ਕਿਹਾ ਮੇਜਰ ਮਾਂਗਟ ਦਾ ਇੱਕ ਆਪਣਾ ਸਟਾਈਲ ਹੈ ਜਿਸ ਵਿਚ ਉਸ ਨੇ
ਕਹਾਣੀ ਨੂੰ ਸਫਲਤਾ ਨਾਲ ਨਿਭਾਇਆ ਹੈ। ਬਲਵੀਰ ਸੰਘੇੜਾ ਅਨੁਸਾਰ ਇਹ
ਜੈਨਰੇਸਨ ਗੈਪ ਦੀ ਕਹਾਣੀ ਹੈ ਜਿਸ ਵਿੱਚ ਬੱਚਿਆਂ ਨੂੰ ਸੁਣਨਾ ਤੇ
ਉਨ੍ਹਾਂ ਨਾਲ ਸਹਿਮਤ ਹੋਣਾ ਇੱਕ ਪ੍ਰਾਪਤੀ ਹੈ। ਬਲਰਾਜ ਚੀਮਾਂ ਵਲੋਂ ਕੁੱਝ
ਨੁਕਤਿਆਂ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਇਹ ਵੀ ਕਿਹਾ ਗਿਆ ਕਿ ਜਰੂਰੀ ਨਹੀ
ਕਿ ਅਲੋਚਕ ਦੀ ਕਹੀ ਹਰ ਗੱਲ ਹੀ ਠੀਕ ਹੋਵੇ।
ਇਸ ਸਭਾ ਦੀ ਤੀਸਰੀ ਕਹਾਣੀ ਮੁੱਖ ਮਹਿਮਾਨ ਨਿਰਮਲ ਜਸਵਾਲ ਨੇ ਪੜ੍ਹੀ ਜਿਸ
ਦਾ ਨਾਮ ਸੀ ‘ਵੈਮਪਾਇਰ’ ਜਿਸ ਤੇ ਬੋਲਦਿਆਂ ਆਬਿਦਾ ਫਾਰੂਖ ਨੇ ਇਸ ਨੂੰ
ਮਨੁੱਖੀ ਦਰਿੰਦਗੀ ਦੀ ਲੂਕੰਡੇ ਖੜੇ ਕਰ ਦੇਣ ਵਾਲੀ ਕਹਾਣੀ ਕਿਹਾ। ਸੁਰਜੀਤ
ਕੌਰ ਨੇ ਇਸ ਨੂੰ ਵਿਸ਼ਪ ਵਿਆਪੀ ਹੈਵਾਨੀਅਤ ਦੀ ਖੂਬਸੂਰਤ ਕਹਾਣੀ ਕਿਹਾ। ਮਿਨੀ
ਗਰੇਵਾਲ ਨੇ ਕਿਹਾ ਕਿ ਜੀਵਨ ਦਾ ਇਹ ਕੋਹਝ ਨੰਗਿਆਂ ਕਰਨਾ ਜਰੂਰੀ ਹੈ।
ਬਰਜਿੰਦਰ ਗੁਲਾਟੀ ਦਾ ਕਹਿਣਾ ਸੀ ਕਿ ਲੇਖਿਕਾਂ ਨੇ ਸੰਸਾਰ ਪੱਧਰ ਤੇ ਹੋ ਰਹੇ
ਗੈਰ ਮਨੁੱਖੀ ਵਰਤਾਰੇ ਨੂੰ ਬਾਖੂਬੀ ਚਿਤਰਿਆ ਹੈ ਤੇ ਕੁਲਜੀਤ ਮਾਨ ਨੇ ਇਸ
ਕਹਾਣੀ ਦੇ ਅੰਤ ਨਾਲ ਅਸਿਹਮਤੀ ਪ੍ਰਗਟਾਈ।
ਇਸ ਮੀਟਿੰਗ ਦੀ ਚੌਥੀ ਕਹਾਣੀ ਕੁਲਜੀਤ ਮਾਨ ਵਲੋਂ ‘ਸੱਪ ਤੇ ਨਿਓਲਾ’ ਪੇਸ਼
ਕੀਤੀ ਗਈ। ਜਿਸ ਬਾਰੇ ਬੋਲਦਿਆਂ ਬਲਰਾਜ ਚੀਮਾਂ ਨੇ ਕਿਹਾ ਕਿ ਕੁਲਜੀਤ ਨੇ
ਲੰਬੀ ਕਹਾਣੀ ਨੂੰ ਖੁਬਸੂਰਤੀ ਨਾਲ ਨਿਭਾਇਆ ਤੇ ਢੁਕਵੇਂ ਬਿੰਬਾਂ ਦੀ ਵਰਤੋਂ
ਕੀਤੀ ਹੈ। ਮੇਜਰ ਮਾਂਗਟ ਨੇ ਕਿਹਾ ਕਿ ਇਹ ਕਹਾਣੀ ਕੈਨੇਡੀਅਨ ਸਿਸਟਮ
ਦੀ ਕਾਰਜ ਪ੍ਰਣਾਲੀ ਨੂੰ ਹੂਬਹੂ ਬਿਆਨਦੀ ਹੈ। ਉਨ੍ਹਾਂ ਕੁੱਝ ਨੁਕਤਿਆਂ ਨੂੰ
ਮੁੜ ਵਿਚਾਰਨ ਲਈ ਵੀ ਕਿਹਾ। ਬਲਵੀਰ ਕੌਰ ਸੰਘੇੜਾ ਦਾ ਕਹਿਣਾ ਸੀ ਕਿ ਇਹ ਬਹੁ
ਪਰਤੀ ਕਹਾਣੀ ਹੈ ਪਰ ਤਿੰਨ ਹਿੱਸਿਆ ਵਿੱਚ ਪਈ ਹੈ। ਕੁੱਝ ਸੁਝਾਵਾਂ ਦੇ ਨਾਲ
ਨਾਲ ਸੁਰਜਣ ਜੀਰਵੀ ਜੀ ਨੇ ਵੀ ਕਹਾਣੀ ਨੂੰ ਪਸੰਦ ਕੀਤਾ। ਲੇਖਕ ਨੇ ਆਪਣਾ ਪੱਖ
ਪੇਸ਼ ਕਰਦਿਆ ਇਸ ਕਹਾਣੀ ਨੂੰ ਇੱਕ ਨਵਾਂ ਪ੍ਰਯੋਗ ਕਿਹਾ।
ਫੇਰ ਵਾਰੀ ਆਈ ਆਬਿਦਾ ਫਾਰੂਖ ਦੀ ਜਿਸ ਨੇ ਮੇਰੀ ਭਰੂਣ ਹੱਤਿਆ ਨਹੀਂ ਹੋਈ
ਵਿਸ਼ੇ ਅਧੀਨ ਸਵੈਗਾਥਾ ਇਨ੍ਹੇ ਭਾਵਪੂਰਤ ਤਰੀਕੇ ਨਾਲ ਪੇਸ਼ ਕੀਤੀ ਕਿ ਹਰ ਕਿਸੇ
ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਸੁੰਦਰਪਾਲ ਕੌਰ ਨੇ ਇਸ ਨੂੰ ਸਮੇਂ ਦਾ ਕੌੜਾ
ਸੱਚ ਕਹਿ ਕੇ ਸਲਾਹਿਆ। ਪਰਵੀਨ ਕੌਰ, ਸੰਦੀਪ ਧਨੋਆ ਅਤੇ ਲਵੀਨ ਕੌਰ ਗਿੱਲ ਨੂੰ
ਵੀ ਕਹਾਣੀ ਬਹੁਤ ਚੰਗੀ ਲੱਗੀ। ਇਸ ਵਿੱਚ ਕੱਟੜਵਾਦ ਦਾ ਸੰਤਾਪ ਭੋਗਦੀ ਔਰਤ ਦਾ
ਦੁਖਾਂਤ ਬਿਆਨਿਆ ਗਿਆ ਸੀ। ਲੇਖਿਕਾ ਦੀ ਪਹਿਲੀ ਕਹਾਣੀ ਹੋਣ ਦੇ ਬਾਵਜੂਦ ਵੀ
ਇਹ ਇੱਕ ਕਮਾਲ ਦੀ ਰਚਨਾ ਸੀ ਜਿਸ ਦੀ ਖੂਬ ਤਾਰੀਫ ਹੋਈ।
ਇਸ ਤ੍ਰੈਮਾਸਿਕ ਮਿਲਣੀ ਦੀ ਅੰਤਿਮ ਕਹਾਣੀ ਪਿਆਰਾ ਸਿੰਘ ਕੁੱਦੋਵਾਲ ਨੇ
ਪੜ੍ਹੀ ਜਿਸ ਦਾ ਨਾਮ ਸੀ ‘ਗੋਰੀ ਦੀ ਬਿੱਲੀ’ ਇਹ ਕਹਾਣੀ ਵੀ ਨਸਲਵਾਦ ਤੇ ਲਿਖੀ
ਇੱਕ ਸੁੰਦਰ ਕਹਾਣੀ ਹੋ ਨਿੱਬੜੀ। ਜਿਸ ਵਿੱਚ ਨਸਲ ਦੇ ਹਿਸਾਬ ਨਾਲ ਦਰਦ ਨੂੰ
ਮਿਣਿਆ ਜਾਂਦਾ ਵਿਖਾਇਆ ਗਿਆ ਸੀ। ਇਸ ਬਾਰੇ ਨੀਰੂ ਅਸੀਮ ਦਾ ਕਹਿਣਾ ਸੀ ਕਿ
ਇੱਕ ਨਿਵੇਕਲੀ ਵਿਧਾ ਦੀ ਵਧੀਆ ਕਹਾਣੀ ਹੈ। ਪਰਮਜੀਤ ਦਿਉਲ ਨੇ ਇਸ ਨੂੰ ਨਿੱਤ
ਦਾ ਯਥਾਰਥ ਦੱਸਿਆ। ਲਾਲ ਸਿੰਘ ਸੰਘੇੜਾ ਅਤੇ ਮਨਮੋਹਣ ਗੁਲਾਟੀ ਨੂੰ ਵੀ ਕਹਾਣੀ
ਪਸੰਦ ਆਈ। ਪਰਵੀਨ ਕੌਰ ਨੇ ਕਿਹਾ ਕਿ ਲੇਖਕ ਨੇ ਕਮਾਲ ਕਰ ਦਿੱਤੀ। ਇਸ ਪ੍ਰਕਾਰ
ਪੜ੍ਹੀਆਂ ਗਈਆਂ ਸਾਰੀਆਂ ਕਹਾਣੀਆਂ ਤੇ ਹੀ ਭਰਪੂਰ ਵਿਚਾਰ ਚਰਚਾ ਹੋਈ।
ਦੁਪਹਿਰੇ ਇੱਕ ਵਜੇ ਸ਼ੁਰੂ ਹੋਈ ਇਹ ਮਿਲਣੀ ਹੁਣ ਸੰਘਣੀ ਰਾਤ ਦੇ ਹਨੇਰੇ
ਵਿੱਚ ਪ੍ਰਵੇਸ਼ ਕਰ ਚੁੱਕੀ ਸੀ। ਬਲਵੀਰ ਸੰਘੇੜਾ, ਮਿਨੀ ਗਰੇਵਾਲ ਅਤੇ ਸੁਰਜੀਤ
ਕੌਰ ਦੀਆਂ ਕਹਾਣੀਆਂ ਇਸ ਵਾਰ ਅਨਪੜ੍ਹੀਆਂ ਹੀ ਰਹਿ ਗਈਆਂ। ਦੂਸਰੇ ਦਿਨ ਕੰਮਾਂ
ਕਾਜਾਂ ਤੇ ਜਾਣਾ ਸੀ ਤੇ ਮੀਟਿੰਗ ਨੂੰ ਨਾਂ ਚਹੁੰਦਿਆਂ ਹੋਇਆਂ ਵੀ ਸਮੇਟਣਾ
ਪਿਆ। ਸੁਰਜੀਤ ਕੌਰ ਵਲੋਂ ਤਿਆਰ ਕੀਤੇ ਸੁਆਦਲੇ ਖਾਣਿਆਂ ਦੀ ਮਹਿਕ ਸਭ ਨੂੰ
ਖਿੱਚਾਂ ਪਾ ਰਹੀ ਸੀ। ਇਹ ਉਹ ਹੀ ਵਕਤ ਹੁੰਦਾ ਹੈ ਜਦੋਂ ਲੇਖਕ ਖਾਣਾਂ ਖਾਣ ਦੇ
ਨਾਲ ਨਾਲ ਇੱਕ ਦੂਜੇ ਬਾਰੇ ਬਹੁਤ ਕੁੱਝ ਜਾਣਦੇ ਵੀ ਹਨ ਤੇ ਸਾਝਾਂ, ਹੋਰ
ਪੀਡੀਆਂ ਕਰਦੇ ਹਨ। ਫੇਰ ਅਨੇਕਾਂ ਹੀ ਵਿਸ਼ਿਆਂ ਤੇ ਗੱਲਾਂ ਹੋਈਆਂ। ਇੱਕ ਰਸਮ
ਅਨੁਸਾਰ ਬਲਵੀਰ ਕੌਰ ਸੰਘੇੜਾ ਵਲੋਂ ਹੋਸਟ ਪਰਿਵਾਰ ਦਾ, ਸਮੂਹ ਲੇਖਕਾਂ ਵਲੋਂ
ਧਨਵਾਦ ਕੀਤਾ ਗਿਆ। ਆਪਣੇ ਪ੍ਰਧਾਨਗੀ ਬੋਲਾਂ ਸਮੇਂ ਨਿਰਮਲ ਜਸਵਾਲ ਨੇ ਇਸ ਨੂੰ
ਇੱਕ ਸਫਲ ਮਿਲਣੀ ਦੱਸਦਿਆ ਸਾਰੇ ਅਲੋਚਕਾਂ ਤੇ ਕਹਾਣੀਕਾਰਾਂ ਨੂੰ ਸਾਬਾਸ਼
ਦਿੱਤੀ ਤੇ ਕਿਹਾ ਇਹ ਯਤਨ ਨਿਰੰਤਰ ਜਾਰੀ ਰਹਿਣੇ ਚਾਹੀਦੇ ਨੇ।
ਇਸ ਕਹਾਣੀ ਬੈਠਕ ਵਿੱਚ ਪਾਕਸਤਾਨੀ ਤੇ ਭਾਰਤੀ ਮੂਲ ਦੇ ਕਹਾਣੀਕਾਰਾਂ ਨੇ
ਭਾਗ ਲਿਆ ਜਿਨ੍ਹਾਂ ਵਿੱਚ, ਤਲਤ ਜਾਹਰਾ, ਨਿਰਮਲ ਜਸਵਾਲ, ਮੇਜਰ ਮਾਂਗਟ,
ਕੁਲਜੀਤ ਮਾਨ, ਆਬਿਦਾ ਫਾਰੂਖ ਅਤੇ ਪਿਆਰਾ ਸਿੰਘ ਕੁੱਦੋਵਾਲ ਨੇ ਆਪਣੀਆਂ
ਕਹਾਣੀਆਂ ਪੜ੍ਹੀਆਂ। ਜਿਨਾਂ ਨੂੰ ਵਿਚਾਰਨ ਲਈ 25 ਦੇ ਕਰੀਬ ਅਲੋਚਕ ਤੇ
ਕਹਾਣੀਕਾਰ ਜੁੜ ਬੈਠੇ ਸਨ ਜਿਨਾਂ ਵਿੱਚ ਸੁਰਜੀਤ ਕੌਰ, ਪਰਮਜੀਤ ਦਿਓਲ, ਤਲਤ
ਜਾਹਰਾ, ਮਿਨੀ ਗਰੇਵਾਲ, ਆਬਿਦਾ ਫਾਰੂਖ, ਬਲਵੀਰ ਸੰਘੇੜਾ, ਲਾਲ ਸਿੰਘ
ਸੰਘੇੜਾ, ਨਿਰਮਲ ਜਸਵਾਲ, ਸੁੰਦਰਪਾਲ ਕੌਰ ਰਾਜਾਰਸਾਂਸੀ, ਮੇਜਰ ਮਾਂਗਟ,
ਸੁਰਜਣ ਜੀਰਵੀ, ਬਲਰਾਜ ਚੀਮਾ, ਮਨਮੋਹਨ ਗੁਲਾਟੀ, ਬਰਜਿੰਦਰ ਗੁਲਾਟੀ, ਕੁਲਜੀਤ
ਮਾਨ, ਨਾਜੀਆ, ਪ੍ਰਵੀਨ ਕੌਰ, ਲਵੀਨ ਕੌਰ ਗਿੱਲ, ਸੰਦੀਪ ਧਨੋਆ, ਅਮਿੱਤ
ਜਿੰਦਲ, ਨੀਰੂ ਅਸੀਮ ਅਤੇ ਪਿਆਰਾ ਸਿੰਘ ਕੁੱਦੋਵਾਲ ਸ਼ਾਮਲ ਸਨ। ਇਸ ਸਮੇਂ
ਪੜ੍ਹੀਆਂ ਗਈਆਂ ਕਹਾਣੀਆਂ ਤੇ ਭਰਪੂਰ ਬਹਿਸ ਹੋਈ ਤੇ ਇਹ ਮੀਟਿੰਗ ਦੇਰ ਰਾਤ
ਤੱਕ ਚਲਦੀ ਰਹੀ।
|