ਬਰੈਂਪਟਨ - ਕਹਾਣੀ ਵਿਚਾਰ ਮੰਚ ਟੋਰਾਂਟੋ
ਨੂੰ ਹੋਂਦ ਵਿੱਚ ਆਇਆਂ ਲੱਗਭੱਗ 17 ਵਰੇ ਹੋ ਗਏ। ਇੱਕ ਸ਼ਾਨਦਾਰ ਰਵਾਇਤ
ਅਨੁਸਾਰ ਕਹਾਣੀਕਾਰ ਕਿਸੇ ਇੱਕ ਲੇਖਕ ਦੇ ਘਰ ਇਕੱਤਰ ਹੁੰਦੇ ਨੇ, ਜਿੱਥੇ
ਸਾਹਿਤਕ ਅਤੇ ਪਰਿਵਾਰਕ ਮਹੌਲ ਵਿੱਚ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ
ਜਾਂਦੀ ਹੈ। ਇਸੇ ਲੜੀ ਅਧੀਨ ਅੱਠ ਜੁਲਾਈ ਨੂੰ, ਕਹਾਣੀ ਵਿਚਾਰ ਮੰਚ ਦੀ
ਤ੍ਰੈਮਾਸਿਕ ਮਿਲਣੀ ਨਾਮਵਰ ਕਹਾਣੀਕਾਰਾ ਮਿੰਨੀ ਗਰੇਵਾਲ ਦੇ ਘਰ ਨਿਰਧਾਰਿਤ
ਕੀਤੀ ਗਈ ਸੀ। ਇੱਕ ਬਹੁਤ ਹੀ ਖੂਬਸੂਰਤ ਮਹੌਲ ਵਿੱਚ ਦੁਪਹਿਰੇ ਇੱਕ ਵੱਜਦੇ
ਨੂੰ ਕਹਾਣੀਕਾਰਾਂ ਦਾ ਇਕੱਠ ਜੁੜਨਾ ਸ਼ੁਰੂ ਹੋਇਆ। ਚਾਹ ਪਾਣੀ ਦੇ ਨਾਲ ਨਾਲ
ਸਹਿਤਕ ਵਿਚਾਰ ਵਟਾਂਦਰੇ, ਨਵੀਆਂ ਪੁਸਤਕਾਂ, ਨਵੇਂ ਟਰੈਂਡ ਅਤੇ ਪਨਪ ਰਹੇ
ਸਾਹਿਤਕ ਪ੍ਰਦੂਸ਼ਨ ਨੂੰ ਵੀ ਗੰਭੀਰਤਾ ਨਾਲ ਲਿਆ ਜਾ ਰਿਹਾ ਸੀ। ਸਾਰੇ ਇਸ ਗੱਲ
ਤੇ ਸਹਿਮਤ ਸਨ ਕਿ ਸਾਨੂੰ ਇਨ੍ਹਾਂ ਮੀਟਿੰਗਾਂ ਦਾ ਸਿਲਸਲਾ ਉਸੇ ਰੂਪ ਵਿੱਚ
ਸ਼ੁਰੂ ਰੱਖਣਾ ਚਾਹੀਦਾ ਹੈ, ਜਿਵੇਂ ਇਸਦੀ ਸ਼ੁਰੂਆਤ ਹੋਈ ਸੀ। ਵਿਅਕੱਤੀ ਨਾਲੋਂ
ਸਾਹਿਤ ਨੂੰ ਮੁੱਖ ਰੱਖਕੇ ਕੰਮ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਬਾਅਦ, ਮੀਟਿੰਗ ਬਾਕਾਇਦਾ ਤੌਰ ਤੇ ਆਰੰਭ ਹੋ ਗਈ। ਜਿਸ ਵਿੱਚ
ਸੁਰਜਣ ਜ਼ੀਰਵੀ, ਬਲਰਾਜ ਚੀਮਾਂ, ਜਗਦੇਵ ਨਿੱਝਰ, ਤਲਤ ਜ਼ਾਹਰਾ, ਪ੍ਰਵੀਨ ਕੌਰ,
ਬਲਬੀਰ ਕੌਰ ਸੰਘੇੜਾ, ਡਾ: ਅਰਵਿੰਦਰ ਕੌਰ, ਸੁਰਜੀਤ ਕੌਰ, ਕੁਲਜੀਤ ਮਾਨ, ਲਾਲ
ਸਿੰਘ ਸੰਘੇੜਾ, ਮੇਜਰ ਮਾਂਗਟ, ਮਿਨੀ ਗਰੇਵਾਲ ਅਤੇ ਸ਼ਗਨ ਤੁਲੀ ਜੁੜ ਚੁੱਕੇ
ਸਨ। ਮੰਚ ਦੇ ਕੁਆਡੀਨੇਟਰ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਭ ਨੂੰ ਜੀ ਆਇਆਂ
ਕਿਹਾ ਤੇ ਮੀਟੰਗ ਦੀ ਪ੍ਰਧਾਨਗੀ ਲਈ ਵਿਸ਼ਵ ਪ੍ਰਸਿੱਧ ਪੰਜਾਬੀ ਪੱਤਰਕਾਰ ਤੇ
ਲੇਖਕ ਸੁਰਜਣ ਜ਼ੀਰਵੀ ਜੀ ਨੂੰ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਬੇਨਤੀ ਕੀਤੀ,
ਜੋ ਉਨ੍ਹਾਂ ਪ੍ਰਵਾਨ ਕਰ ਲਈ। ਬਲਬੀਰ ਸੰਘੇੜਾ ਜੀ ਨੂੰ ਮੀਟੰਗ ਦੀ ਕਾਰਵਾਈ
ਚਲਾਉਣ ਲਈ ਤੇ ਮੇਜਰ ਮਾਂਗਟ ਨੂੰ ਰਿਪੋਰਟ ਲਿਖਣ ਲਈ ਕਿਹਾ ਗਿਆ।
ਆਰੰਭਕ ਦੌਰ ਵਿੱਚ ਮੌਜੂਦਾ ਹਾਲਾਤਾਂ ਤੇ ਟਿੱਪਣੀ ਕਰਦਿਆਂ ਕੁਲਜੀਤ ਮਾਨ,
ਜੋ ਕਿ ਸਭ ਦੇ ਸਥਾਈ ਕੋਆਰਡੀਨੇਟਰ ਹਨ, ਉਨ੍ਹਾਂ ਨੇ ਕਿਹਾ ਕਿ ਜੇ ਕਰ ਸਭਾ
ਚਾਹੁੰਦੀ ਹੈ ਤਾਂ ਉਸ ਨੂੰ ਕੁਆਰਡੀਨੇਟਰ ਦੇ ਅਹੁਦੇ ਤੋਂ ਛੁੱਟੀ ਦਿੱਤੀ
ਜਾਵੇ, ਪਰ ਹਾਜਰ ਮੈਂਬਰਾਂ ਨੇ ਅਗਲੇ ਦੋ ਸਾਲ ਲਈ ਕੁਲਜੀਤ ਮਾਨ ਨੂੰ ਹੀ
ਕੁਆਰਡੀਨੇਟਰ ਬਣੇ ਰਹਿਣ ਲਈ ਕਿਹਾ। ਪ੍ਰੋਗਰਾਮ ਦੇ ਸ਼ੁਰੂ ਵਿਚ ਹੀ ਬਲਬੀਰ
ਸੰਘੇੜਾ ਨੇ ਸਭਾ ਦੀ ਮੁੱਢਲੀ ਜਾਣਕਾਰੀ ਸਾਂਝੀ ਕੀਤੀ ਅਤੇ ਮੇਜਰ ਮਾਂਗਟ ਦੇ
ਆਖਣ ਤੇ ਉਸ ਨੂੰ ਪੰਜ ਮਿੰਟ ਬੋਲਣ ਲਈ ਵੀ ਦਿੱਤੇ ਗਏ ਜਿਸ ਵਿੱਚ ਉਨਾਂ ਨੇ
ਮੁਢਲੇ ਮੈਂਬਰ ਹੋਣ ਤੇ ਨਾਤੇ ਦਰਪੇਸ਼ ਸਮੱਸਿਆਵਾਂ ਤੇ ਸਾਜਿਸ਼ਾਂ ਤੇ ਖੁੱਲ ਕੇ
ਗੱਲ ਕੀਤੀ ਤੇ ਕਿਹਾ ਕਿ ਸਮੂਹ ਕਹਾਣੀਕਾਰਾਂ ਤੇ ਮੈਂਬਰਾਂ ਦੀ ਸਹਿਮਤੀ ਤੋਂ
ਬਗੈਰ ਕੋਈ ਰੂਪ ਰੇਖਾ ਜਾਂ ਵਿਧਾਨ ਬਦਲਣ ਦਾ ਕਿਸੇ ਨੂੰ ਕੋਈ ਵੀ ਹੱਕ ਨਹੀ
ਹੈਂ। ਇਹ ਸੰਸਥਾਵਾਂ ਸਾਹਿਤ ਮੁੱਖੀ ਹੋਣੀਆਂ ਚਾਹੀਦੀਆਂ ਨੇ ਨਾ ਕਿ ਵਿਅੱਕਤੀ
ਮੁਖੀ। ਸੰਸਥਾ ਦਾ ਕੋਈ ਵਿਧਾਨ ਹੋਵੇ ਤੇ ਮੈਂਬਰਸ਼ਿੱਪ ਦਾ ਵੀ ਤੌਰ ਤਰੀਕਾ
ਹੋਵੇ ਜਿਸ ਨੂੰ ਸਮੂਹ ਮੈਂਬਰਾਂ ਨੇ ਪ੍ਰਵਾਨ ਕੀਤਾ।
ਸਭ ਤੋਂ ਪਹਿਲੀ ਕਹਾਣੀ ਸੁਰਜੀਤ ਕੌਰ ਨੂੰ ਪੜ੍ਹਨ ਲਈ ਕਿਹਾ ਗਿਆ। ਇਸ
ਕਹਾਣੀ ਦਾ ਨਾਂਉ ਸੀ ‘ਚੰਗੀਆਂ ਰੂਹਾਂ’ ਜੋ ਕਿ ਨਾਮਵਰ ਕਵਿੱਤਰੀ ਸੁਰਜੀਤ ਦੀ
ਇਹ ਪਲੇਠੀ ਕਹਾਣੀ ਸੀ। ਇਸ ਕਹਾਣੀ ਵਿੱਚ ਮਨੁੱਖ ਦੀ ਨਿੱਘਰ ਰਹੀ ਸੋਚ ਨੂੰ
ਬਿਆਨਿਆ ਗਿਆ ਸੀ। ਲੇਖਕਾ ਕਹਾਣੀ ਨੂੰ ਏਸ ਤਰ੍ਹਾਂ ਬੁਣਦੀ ਹੈ ਕਿ ਇੱਕ ਕੁੱਤਾ
ਮਨੁੱਖ ਦਾ ਵਧੀਆ ਤੇ ਇਮਾਨਦਾਰ ਦੋਸਤ ਤਾਂ ਹੋ ਸਕਦਾ ਹੈ ਪਰ ਮਨੁੱਖ ਹੁਣ
ਇਹਨਾਂ ਗੁਣਾਂ ਤੋਂ ਵਿਰਵਾ ਹੋ ਰਿਹਾ ਹੈ। ਅਜੋਕਾਂ ਮਨੁੱਖ ਮਾਨਸਿਕ ਸਕੂਨ ਲਈ
ਜਾਨਵਰਾਂ ਨਾਲ ਦੋਸਤੀਆਂ ਗੰਢ ਰਿਹਾ ਹੈ। ਇਸ ਕਹਾਣੀ ਦਾ ਵਿਸ਼ਾ ਕਮਾਲ ਦਾ ਸੀ।
ਸੁਰਜਣ ਜ਼ੀਰਵੀ ਜੀ ਨੇ ਕਿਹਾ ਕਿ ਇਸ ਕਹਾਣੀ ਵਿੱਚ ਲੇਖਿਕਾ ਮਨੁੱਖੀ ਰਿਸ਼ਤਿਆਂ
ਦੇ ਨਿਘਾਰ ਨੂੰ ਜਾਨਵਰਾਂ ਨਾਲ ਜੋੜ ਕੇ ਇੱਕ ਨਵੀਂ ਖਿੜਕੀ ਵਿਚੋਂ ਦੇਖਦੀ ਹੈ।
ਬਲਰਾਜ ਚੀਮਾਂ ਜੀ ਦਾ ਕਹਿਣਾ ਸੀ ਕਿ ਇਸ ਕਹਾਣੀ ਵਿੱਚ ਮਨੁੱਖੀ ਵਰਤਾਵ ਤੇ
ਡੂੰਘਾ ਵਿਅੰਗ ਹੈ। ਮੇਜਰ ਮਾਂਗਟ ਨੇ ਕਿਹਾ ਕਿ ਪਹਿਲੀ ਕਹਾਣੀ ਹੋਣ ਸਦਕਾ
ਲੇਖਿਕਾ ਨੂੰ ਵਧੀਆ ਰਚਨਾ ਲਈ ਮੁਬਾਰਕਵਾਦ ਦੇਣੀ ਬਣਦੀ ਹੈ। ਬਲਬੀਰ ਸੰਘੇੜਾ
ਨੇ ਕਿਹਾ ਕਿ ਕਹਾਣੀ ਬਹੁਤ ਵਧੀਆ ਹੈ। ਸੁਰਜੀਤ ਨੇ ਜਿੱਥੇ 911 ਦੀ ਘਟਨਾ
ਬਿਆਨ ਕਰਕੇ ਇਨਸਾਨ ਦੇ ਕਿਰਦਾਰ ਦੀ ਗਿਰਾਵਟ ਵਲ ਧਿਆਨ ਦੁਆਇਆ ਹੈ ਉੱਥੇ
ਕੁੱਤਿਆਂ ਦੀ ਵਫ਼ਾ ਅਤੇ ਪਿਆਰ ਬਾਰੇ ਰਚਨਾ ਕਰਕੇ ਇਨਸਾਨ ਦੀ ਬਦਲ ਰਹੀ
ਮਾਨਸਿਕਤਾ ਤੇ ਵਿਅੰਗ ਵੀ ਕੱਸਿਆ ਹੈ। ਜਗਦੇਵ ਨਿੱਝਰ ਦਾ ਕਹਿਣਾ ਸੀ ਕਿ
ਲੇਖਿਕਾ ਪਾਤਰਾਂ ਦੀ ਥਾਂ ਆਪ ਬੋਲਣ ਤੋਂ ਗੁਰੇਜ ਕਰੇ। ਕੁਲਜੀਤ ਮਾਨ ਨੇ ਕਿਹਾ
ਕਿ ਬਿਆਨੀਆਂ ਸ਼ੈਲੀ ਘਟਾਉਣ ਨਾਲ ਰਚਨਾ ਹੋਰ ਵੀ ਖੂਬਸੂਰਤ ਬਣ ਸਕਦੀ ਸੀ। ਤਲਤ
ਜਾਹਰਾ ਵਲੋਂ ਵੀ ਇਸ ਕਹਾਣੀ ਨੂੰ ਪਸੰਦ ਕੀਤਾ ਗਿਆ। ਸੁਰਜੀਤ ਨੇ ਸਾਰੇ
ਸੁਝਾਵਾਂ ਨੂੰ ਖੁੱਲਦਿਲੀ ਪ੍ਰਵਾਨ ਕਰਦਿਆਂ ਸਭ ਦਾ ਧਨਵਾਦ ਕੀਤਾ।
ਇਸ ਇਕੱਤਰਤਾ ਦੀ ਵਿਸ਼ੇਸ਼ਤਾ ਇਸ ਕਰਕੇ ਵੀ ਸੀ ਕਿ ਪਹਿਲੀ ਵਾਰ ਪਾਕਿਸਤਾਨੀ
ਮੂਲ ਦੀ ਉਰਦੂ ਲੇਖਿਕਾ ਤਲਿਤ ਜ਼ਾਹਰਾ ਵੀ ਆਪਣੀ ਕਹਾਣੀ ਨਾਲ਼ ਪੇਸ਼ ਹੋ ਰਹੀ ਸੀ।
ਸਭ ਵਲੋਂ ਉਸਦਾ ਨਿੱਘਾ ਸੁਆਗਤ ਕੀਤਾ ਗਿਆ। ਉਸਦੀ ਕਹਾਣੀ ਦਾ ਨਾਂ ਸੀ ‘ਕਾਗਜੀ
ਹੈ ਪੈਰਾਹਨ’। ਇਹ ਕਹਾਣੀ ਚੇਤਨਾ ਪ੍ਰਵਾਹ ਚ ਲਿਖੀ ਮਨਬਚਨੀ ਸੀ। ਜਿਸ ਵਿੱਚ
ਇੱਕ ਪੁੱਤਰੀ ਆਪਣੇ ਬਾਪ ਨਾਲ ਗੱਲਾਂ ਕਰਦਾ ਅਜਿਹੇ ਮੁੱਦੇ ਤੇ ਸਵਾਲ ਉਠਾਉਂਦਾ
ਹੈ, ਜੋ ਪਾਠਕ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਮਿੰਨੀ ਗਰੇਵਾਲ ਨੇ ਇਸ ਨੂੰ
ਇੱਕ ਬਹੁਤ ਹੀ ਕਮਾਲ ਦੀ ਕਹਾਣੀ ਕਿਹਾ। ਬਲਬੀਰ ਸੰਘੇੜਾ ਅਤੇ ਬਲਰਾਜ ਚੀਮਾ ਨੇ
ਕਿਹਾ ਕਿ ਕਹਾਣੀ ਤਾਂ ਬਹੁਤ ਵਧੀਆ ਸੀ ਹੀ, ਪਰ ਲੇਖਿਕਾ ਦੀ ਪੇਸ਼ਕਾਰੀ ਵੀ
ਕਮਾਲ ਦੀ ਸੀ। ਸੁਰਜਣ ਜ਼ੀਰਵੀ ਨੇ ਕਿਹਾ ਕਿ ਇਹ ਕਹਾਣੀ ਨਰੋਈਆਂ ਕਦਰਾਂ
ਕੀਮਤਾਂ ਦੀ ਪ੍ਰਤੀਨਿੱਧਤਾ ਕਰਦੀ ਹੈ। ਮੇਜਰ ਮਾਂਗਟ ਨੇ ਇਸ ਨੂੰ ਨਵੀਂ ਤਕਨੀਕ
ਦੀ ਕਹਾਣੀ ਕਿਹਾ।
ਫੇਰ ਵਾਰੀ ਆਈ ਪਰਵੀਨ ਕੌਰ ਦੀ ਉਸਦੀ ਕਹਾਣੀ ਦਾ ਨਾਂ ਸੀ ‘ਐਹ ਰਿਸ਼ਤੇ’ ।
ਇਹ ਕਹਾਣੀ ਇੱਕ ਔਰਤ ਪਾਤਰ ਦੀਆਂ ਮਾਨਸਿਕ ਤਹਿਆਂ ਨੂੰ ਫਰੋਲਦੀ ਸਟਰੀਮ ਆਫ
ਕਾਂਨਸੀਅਸ ਨੈੱਸ ਦੀ ਕਹਾਣੀ ਸੀ। ਇਸ ਵਿੱਚ ਮੁੱਖ ਪਾਤਰ ਆਪਣੇ ਮਨ ਅੰਦਰਲੇ
ਸੁਪਨਿਆਂ ਦੇ ਮਰਦ ਨੂੰ ਤਲਾਸ਼ਦੀ ਹੈ, ਪਰ ਜੋ ਮਰਦ ਇਨ੍ਹਾਂ ਦੇ ਹਾਣਦਾ ਹੈ ਉਸ
ਨਾਲ ਮਨ ਦੇ ਰਿਸ਼ਤੇ ਜੋੜਨਾ ਵਰਜਿਤ ਹੈ। ਇਨ੍ਹਾਂ ਰਿਸ਼ਤਿਆਂ ਚੋਂ ਇੱਕ ਬੱਚਾ ਵੀ
ਪੈਦਾ ਹੋ ਜਾਂਦਾ ਹੈ ਤੇ ਫੇਰ ਉਹ ਔਰਤ ਈਡੀਪਸ ਕੰਪਲੈਕਸ ਦਾ ਸ਼ਿਕਾਰ ਹੋਕੇ
ਅਪਰਾਧਿਕ ਭਾਵਨਾ ਵਿਚ ਡੁੱਬ ਜਾਂਦੀ ਹੈ ਤੇ ਉਸ ਤੇ ਰਿਵਾਇਤੀ ਔਰਤ ਭਾਰੂ ਹੋਣ
ਲੱਗਦੀ ਹੈ। ਅਖਿਰ ਉਸ ਦਾ ਮਨ ਸੰਸਕਾਰਾਂ ਹੇਠ ਦੱਬਿਆ ਜਾਂਦਾ ਹੈ। ਇਹ ਔਰਤ ਮਨ
ਦੀ ਇੱਕ ਕਸ਼ਮਕਸ਼ ਦੀ ਖੂਬਸੂਰਤ ਕਹਾਣੀ ਸੀ।
ਸਭ ਨੇ ਇਸ ਕਹਾਣੀ ਨੂੰ ਸਲਾਹਿਆ ਪਰ ਸੁਰਜਣ ਜ਼ੀਰਵੀ ਦਾ ਕਹਿਣਾ ਸੀ ਕਿ
ਸਮਾਜਿਕ ਡਰ ਕਰਕੇ ਰਵਾਇਤੀ ਔਰਤ ਨੂੰ ਭਾਰੂ ਨਹੀਂ ਹੋਣ ਦੇਣਾ ਚਾਹੀਦਾ ਸੀ।
ਬਲਬੀਰ ਸੰਘੇੜਾ ਨੇ ਕਿਹਾ ਕਿ ਕਿਤੇ ਕਿਤੇ ਕਹਾਣੀ ਵਿੱਚ ਵਿਸਥਾਰ ਇਸ ਦੀ ਚਾਲ
ਨੂੰ ਧੀਮਾ ਕਰਦਾ ਹੈ। ਅੰਤ ਤੇ ਪਰਵੀਨ ਕੌਰ ਨੇ ਆਪਣੀ ਕਹਾਣੀ ਬਾਰੇ ਬੋਲਦਿਆਂ
ਇਸ ਨੂੰ ਔਰਤ ਮਨ ਦੇ ਤਨਾਅ ਦੀ ਕਹਾਣੀ ਕਿਹਾ ਜਿਸ ਵਿੱਚ ਦੋਹਰੇ ਮਾਪਦੰਡਾਂ ਦਾ
ਟਕਰਾ ਹੈ। ਕੁਲਜੀਤ ਮਾਨ ਦਾ ਕਹਿਣਾ ਸੀ ਕਿ ਗੱਲਾਂ ਕਹਾਣੀ ਵਿੱਚੋਂ ਪ੍ਰਗਟ
ਹੋਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ।
ਇਸ ਸਭਾ ਦੀ ਆਖਰੀ ਕਹਾਣੀ ਮੇਜਰ ਮਾਂਗਟ ਨੇ ਪੜ੍ਹੀ ਜਿਸ ਦਾ ਸਿਰਲੇਖ ਸੀ
‘ਸ਼ਨੁੱਕ’ । ਇਹ ਕਹਾਣੀ ਮਨੁੱਖ ਦੇ ਦੋਹਰੇ ਕਿਰਦਾਰ ਨੂੰ ਪ੍ਰਗਟ ਕਰਦੀ ਤੇ
ਉਸਦੀ ਮੌਕੇ ਅਨੁਸਾਰ ਬਦਲ ਰਹੀ ਮਾਨਸਿਕਤਾ ਦੀ ਕਹਾਣੀ ਸੀ। ਜਿਸ ਵਿੱਚ ਇੱਕ
ਵਿਦਿਆਰਥਣ ਭਾਰਤ ਵਿੱਚ ਆਪਣੀ ਯੂਨੀਵਰਸਿਟੀ ਵਲੋਂ ਔਰਤਾਂ ਦੀ ਦਸ਼ਾਂ ਤੇ ਦਿਸ਼ਾਂ
ਤੇ ਖੋਜ ਕਰਨ ਜਾਂਦੀ ਹੈ। ਪਰ ਜਦੋਂ ਪ੍ਰਗਤੀਸ਼ੀਲ ਲੋਕਾਂ ਦੀ ਕਹਿਣੀ ਤੇ ਕਰਨੀ
ਵਿੱਚ ਵੱਡਾ ਅੰਤਰ ਦੇਖਦੀ ਹੈ ਤਾਂ ਪ੍ਰੇਸ਼ਾਨ ਹੋ ਜਾਂਦੀ ਹੈ। ਇਸੇ ਤਰ੍ਹਾਂ
ਧਰਮ ਦਾ ਰੋਲ ਵੀ ਹੈ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਹੈ। ਇਸ ਵਿੱਚ ਕਹਾਣੀਕਾਰ
ਸਾਹਿਤਕ ਪ੍ਰਦੂਸ਼ਣ ਨੂੰ ਵੀ ਦ੍ਰਿਸ਼ਟੀਗੋਚਰ ਕਰਦਾ ਹੈ। ਇਸ ਕਹਾਣੀ ਦਾ ਵੀ
ਤਾੜੀਆਂ ਦੀ ਗੂੰਜ ਵਿੱਚ ਭਰਪੂਰ ਸੁਆਗਤ ਹੋਇਆ।
ਇਸ ਤੇ ਬੋਲਦਿਆਂ ਸੁਰਜਣ ਜੀਰਵੀ ਜੀ ਦਾ ਕਹਿਣਾ ਸੀ ਕਿ ਇਹ ਕਹਾਣੀ ਸਾਹਿਤਕ
ਜਾਣਕਾਰੀ ਨਾਲ ਭਰਪੂਰ ਹੈ ਸਾਨੂੰ ਸਭ ਨੂੰ ਮਾਨਸਿੱਕ ਪਰਪੱਕਤਾ ਨਾਲ ਇਨ੍ਹਾਂ
ਨੁਕਤਿਆਂ ਤੇ ਵਿਚਾਰ ਕਰਨੀ ਚਾਹੀਦੀ ਹੈ। ਬਲਵੀਰ ਸੰਘੇੜਾ ਨੇ ਕਿਹਾ ਕਿ ਕਹਾਣੀ
ਖੂਬਸੂਰਤ ਹੈ ਪਰ ਇਸਦੀ ਸੁਰ ਰਤਾ ਉੱਚੀ ਹੈ। ਕੁਲਜੀਤ ਮਾਨ ਦਾ ਕਹਿਣਾ ਸੀ ਕਿ
ਇਹ ਇੱਕ ਪੜ੍ਹਨਯੋਗ ਕਹਾਣੀ ਹੈ ਪਰ ਇਸ ਨੂੰ ਹੋਰ ਗੁੰਝਲਦਾਰ ਹੋਣਾ ਚਾਹੀਦਾ
ਸੀ। ਜਗਦੇਵ ਨਿੱਝਰ ਨੇ ਕਿਹਾ ਕਿ ਧਾਰਮਿਕ ਮਾਮਲਿਆਂ ਤੇ ਕੋਈ ਟਿੱਪਣੀ ਬਹੁਤ
ਸੋਚ ਸਮਝ ਕੇ ਤੇ ਖੋਜ ਕਰਕੇ ਕਰਨੀ ਚਾਹੀਦੀ ਹੈ। ਅਰਵਿੰਦਰ ਕੌਰ ਨੇ ਵੀ ਮੇਜਰ
ਮਾਂਗਟ ਦੀ ਇਸ ਕਹਾਣੀ ਤੇ ਵਿਚਾਰ ਪੇਸ਼ ਕੀਤੇ ਤੇ ਇਸ ਨੂੰ ਸਲਾਹਿਆ। ਲੇਖਕ ਸਭ
ਦਾ ਧਨਵਾਦ ਕਰਦਿਆਂ ਮਿਲੇ ਸੁਝਾਵਾਂ ਨੂੰ ਵੀ ਪ੍ਰਵਾਨ ਕੀਤਾ।
ਕਹਾਣੀ ਵਿਚਾਰ ਮੰਚ ਦੀ ਇਹ ਮੀਟਿੰਗ ਵੀ ਹਰ ਵਾਰ ਦੀ ਤਰ੍ਹਾਂ ਦੁਪਹਿਰੇ ਇਕ
ਵਜੇ ਤੋਂ ਸ਼ੁਰੂ ਹੋ ਕੇ ਰਾਤ ਦੇ ਗਿਆਰਾਂ ਵਜੇ ਤਕ ਚੱਲੀ। ਮਿੰਨੀ ਗਰੇਵਾਲ ਨੇ
ਆਪਣੇ ਖੂਬਸੂਰਤ ਘਰ ਦੀ ਵਧੀਆ ਮਹਿਮਾਨ ਨਿਵਾਜੀ ਕਰਦਿਆਂ ਸੁਆਦਲਾ ਭੋਜਨ
ਪਰੋਸਿਆ। ਲੇਖਕ ਖਾਣੇ ਨਾਲ ਨਾਲ ਵੀ ਵਿਚਾਰ ਵਟਾਂਦਰੇ ਕਰਦੇ ਰਹੇ। ਸਮਾ ਦੌੜਿਅ
ਜਾ ਰਿਹਾ ਸੀ ਤੇ ਅੱਧੀ ਰਾਤ ਹੋ ਚੱਲੀ ਸੀ। ਬਲਵੀਰ ਸੰਘੇੜਾ ਵਲੋਂ ਮਿਨੀ
ਗਰੇਵਾਲ ਜੀ ਮੰਚ ਦੀ ਰਵਾਇਤ ਅਨੁਸਾਰ ਸ਼ਾਨਦਾਰ ਮਹਿਮਾਨ ਨਿਵਾਜੀ ਲਈ ਧਨਵਾਦ
ਕੀਤਾ ਗਿਆ। ਇਹ ਇੱਕ ਯਾਦਗਾਰੀ ਤੇ ਸਫਲ ਮੀਟਿੰਗ ਹੋ ਨਿੱਬੜੀ। ਮੰਚ ਦੀ ਅਗਲੀ
ਮੀਟਿੰਗ ਦੀ ਸੁਰਜੀਤ ਕੌਰ ਨੇ ਆਪਣੇ ਘਰ ਕਰਵਾਉਣ ਦੀ ਬੇਨਤੀ ਕੀਤੀ। ਅਗਲੀ
ਮੀਟਿੰਗ ਦੀ ਉਡੀਕ ਵਿੱਚ ਕਹਾਣੀਕਾਰ ਨਿੱਘੀਆਂ ਯਾਦਾਂ ਲੈ ਕੇ ਵਿਦਾ ਹੋ ਗਏ।
12/07/12 |