ਮੇਰੇ ਕਿਸੇ ਮਿੱਤਰ ਪਿਆਰੇ ਦਾ ਫੋਨ ਆਇਆ ''ਕੀ ਕਰ ਰਹੇ ਹੋ, ਵੋਟਾਂ ਦੇ
ਦਿਨਾਂ ਵਿੱਚ'' ਮੈਂ ਕਿਹਾ ਤੈਨੂੰ ਪਤਾ ਹੀ ਹੈ ਕਿ ਬੜੇ ਸਾਲਾਂ ਤੋਂ ਡਾ.
ਸਰਦਾਰਾ ਸਿੰਘ ਜੌਹਲ ਜੀ ਨਾਲ ਵੋਟਰ ਅਵੇਅਰਨੈਸ ਦੇ ਕੰਮ ਕਰ ਰਿਹਾ ਹਾਂ। ਹੁਣ
ਮੌਕਾ ਆਇਆ ਹੈ ਕਿ ਲੋਕਾਂ ਦੀ ਜ਼ਮੀਰ ਝੰਝੋੜੀ ਜਾਵੇ। ਸੋ ਪੀਪਲਜ਼ ਪਾਰਟੀ ਆਫ
ਪੰਜਾਬ ਨਾਲ ਕੰਮ ਕਰ ਰਿਹਾ ਹਾਂ। ਉਹ ਕਹਿੰਦਾ, ''ਮੈਂ ਸੋਚਿਆ ਕਾਂਗਰਸ ਦੀ
ਸਪੋਰਟ ਲਈ ਤੁਹਾਨੂੰ ਇੱਕ ਦੋ ਦਿਨ ਨਾਲ ਰੱਖਾਂਗਾ।''
ਮੈਂ ਕਿਹਾ, ''ਇਹ ਨਵੀਂ ਪਾਰਟੀ ਚੰਗੀ ਨਹੀਂ
ਲੱਗੀ?'' ਉਹ ਕਹਿਣ ਲੱਗਾ,''ਬਈ ਮਨਪ੍ਰੀਤ ਸਿੰਘ ਬਾਦਲ ਬਹੁਤ ਵਧੀਆ ਬੰਦਾ ਹੈ,
ਗੱਲਬਾਤ ਵੀ ਬਹੁਤ ਸਾਫ ਤੇ ਸਪੱਸ਼ਟ ਕਰਦਾ ਹੈ। ਪੀਪਲਜ਼ ਪਾਰਟੀ ਆਫ ਪੰਜਾਬ ਦਾ
ਸੋ ਦਿਨ ਏਜੰਡਾ ਵੀ ਪੜ੍ਹਿਆ ਹੈ, ਉਹ ਵੀ ਬਹੁਤ ਵਧੀਆ 'ਤੇ ਵੱਡੀ ਗੱਲ ਹੈ,
ਉਮੀਦਵਾਰ ਵੀ ਸਾਫ ਸੁਥਰੇ ਖੜ੍ਹੇ ਕੀਤੇ ਹਨ, ਪਰ ਬਾਈ ਨਵੀਂ ਪਾਰਟੀ ਹੈ, ਪੰਜ
ਸੱਤ ਸਾਲ ਲੱਗ ਜਾਣਗੇ, ਉਂਝ ਤਾਂ ਸਾਰੇ ਲੋਕ ਹੀ ਕਹਿੰਦੇ ਹਨ ਬਈ ਮੁੱਖ ਮੰਤਰੀ
ਤਾਂ ਮਨਪ੍ਰੀਤ ਬਾਦਲ ਹੀ ਬਣੂ।''
ਮੈਂ ਕਿਹਾ,''ਉਏ ਤੇਰੀ ਵੀ ਜ਼ਮੀਰ ਮਰ ਗਈ, ਹਰ ਗੱਲ ਨੂੰ ਚੰਗੀ ਵੀ ਕਹਿਣਾ,
ਚੰਗੇ ਕੰਮ ਨੂੰ ਕਰਨ ਲਈ ਤੈਨੂੰ ਪੰਜ ਸਾਲ ਸੋਚਣ ਨੂੰ ਚਾਹੀਦੇ ਹਨ। ਚੰਗੇ ਨੂੰ
ਚੰਗਾ ਕਹਿਣ ਜੋਗੀ ਜੁਅਰਤ ਵੀ ਨਹੀਂ ਰਹੀ ਤੇਰੇ ਵਿੱਚ। ਪੰਜਾਂ ਸਾਲਾਂ ਤੱਕ
ਤਾਂ ਚੰਗੇ ਨੂੰ ਚੰਗਾ ਕਹਿਣ ਦੀ ਜੁਅਰਤ ਵੀ ਨਹੀਂ ਰਹਿਣੀ ਤੇਰੇ ਵਿੱਚ। ਇਸ
ਭੈੜੀ ਸਿਆਸਤ ਦੇ ਚੱਕਰ ਨੇ ਬੋਦਾ ਕਰ ਦੇਣਾ ਤੈਨੂੰ।'' ਜਿਹੜਾ ਬੰਦਾ ਡਾ.
ਸਰਦਾਰਾ ਸਿੰਘ ਜੌਹਲ ਨੂੰ ਨਹੀਂ ਜਾਣਦਾ ਜਾਂ ਮਨਪ੍ਰੀਤ ਸਿੰਘ ਬਾਦਲ ਬਾਰੇ
ਨਹੀਂ ਜਾਣਦਾ ਜਾਂ ਜਿਸ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦਾ ਏਜੰਡਾ ਹੀ ਨਹੀਂ
ਪੜ੍ਹਿਆ, ਉਸ ਨੂੰ ਤਾਂ ਮਾਫ ਕੀਤਾ ਜਾ ਸਕਦਾ ਹੈ ਪਰ ਤੇਰੇ ਵਰਗੇ ਜਾਣਕਾਰ ਨੂੰ
ਤਾਂ ਪੰਜਾਬ ਦਾ, ਸਮਾਜ ਦਾ ਤੇ ਦੇਸ਼ ਦਾ ਅਨਪੜ੍ਹ ਪੁੱਤ ਹੀ ਕਹਿ ਸਕਦੇ ਹਾਂ।
ਉਹ ਕਹਿੰਦਾ ਯਾਰ ਗਾਲਾਂ ਨਾ ਕੱਢ ਤੇਰੀ ਗੱਲ ਸਹੀ ਹੈ। ਪਰ ਪਤਾ ਨਹੀਂ ਕਿਉਂ
ਇੱਕੋ ਲੀਹੇ ਚੱਲਣ ਦੀ ਆਦਤ ਪੈ ਗਈ ਹੈ।''
ਇਹ ਗੱਲ ਇੱਕ ਮੇਰੇ ਮਿੱਤਰ ਦੀ ਹੀ ਨਹੀਂ ਸਗੋਂ ਸਾਰੇ ਪੰਜਾਬ ਦੀ ਹੋ ਗਈ ਹੈ।
ਪੰਜਾਬੀਆਂ ਵਾਲੀ ਤੜ ਹੀ ਨਹੀਂ ਰਹੀ, ਜੇਕਰ ਅੱਜ ਅਸੀਂ ਚੰਗੀ ਗੱਲ ਦਾ ਸਮਰਥਨ
ਨਹੀਂ ਕਰਦੇ ਤਾਂ ਹੋਰ ਪੰਜਾਂ ਸਾਲਾਂ ਤੱਕ ਸਾਡਾ ਹੋਰ ਵੀ ਮਾੜਾ ਹਾਲ ਹੋ
ਜਾਵੇਗਾ। ਰਹੀ ਸਹੀ ਜ਼ੁਅਰਤ ਵੀ ਗੁਆ ਲਵਾਂਗੇ। ਕਿਉਂਕਿ ਖਰੀ ਗੱਲ ਕਰਨ ਵਾਲੇ,
ਆਪਣੇ ਹੱਕ ਮੰਗਣ ਵਾਲੇ, ਆਪਣੀ ਜ਼ਮੀਰ ਦੀ ਗੱਲ ਕਰਨ ਵਾਲੇ, ਪਹਿਲਾਂ ਕੁੱਟੇ
ਜਾਂਦੇ ਹਨ, ਜੇਕਰ ਨਾ ਮੰਨਣ ਤਾਂ ਖਰੀਦੇ ਜਾਂਦੇ ਹਨ, ਜੇਕਰ ਫੇਰ ਵੀ ਨਾ ਮੰਨਣ
ਤਾਂ ਮਰਵਾ ਦਿੱਤੇ ਜਾਂਦੇ ਹਨ, ਕੇਸ ਵੀ ਅਦਾਲਤਾਂ ਰਾਹੀਂ ਵੱਟੇ ਖਾਤੇ ਪਾ
ਦਿੱਤੇ ਜਾਂਦੇ ਹਨ।
ਇਹ ਸਭ ਕੁਝ ਬੜੀ ਸੋਚੀ ਸਮਝੀ ਸਾਜਿਸ਼ ਤਹਿਤ ਹੋ ਰਿਹਾ ਹੈ। ਅੱਜਕੱਲ੍ਹ ਕੁੱਟਣ,
ਮਾਰਨ ਤੋਂ ਇਲਾਵਾ ਇੱਕ ਹੋਰ ਤਰੀਕਾ ਅਪਣਾਇਆ ਜਾ ਰਿਹਾ ਹੈ ਕਿ ਇਹਨਾਂ ਲੋਕਾਂ
ਦੀ ਜ਼ਮੀਰ ਮਾਰ ਦਿਓ ਜਿਉਂਦੇ ਹੀ ਮੁਰਦੇ ਹੋ ਜਾਣਗੇ। ਜਿਉਂਦਿਆਂ ਨਾਲੋਂ
ਮੁਰਦਿਆਂ ਤੇ ਰਾਜ ਕਰਨਾ ਸੌਖਾ ਹੈ। ਉਦਾਹਰਣ ਵਜੋਂ ਇੱਕ ਪਾਸੇ ਕਿਸਾਨ ਨੂੰ
ਅੰਨ੍ਹਦਾਤਾ ਕਹਿ ਕਿ ਵਡਿਆਇਆ ਜਾਂਦਾ ਹੈ ਕਿ ਇਹ ਸਾਰੇ ਦੇਸ਼ ਦਾ ਢਿੱਡ ਭਰਦਾ
ਹੈ ਅਤੇ ਦੂਜੇ ਪਾਸੇ ਇਹ ਵਿਚਾਰਾ ਗਰੀਬ ਕਿਸਾਨ ਆਪਣੀ ਲਾਡਲੀ ਧੀ ਨੂੰ ਸਾਈਕਲ
ਲੈ ਕੇ ਦੇਣ ਜੋਗਾ ਵੀ ਨਹੀਂ ਰਿਹਾ। ਜਦੋਂ ਦਿਲ ਕੀਤਾ 1500–2000 ਦੀ ਬੁਰਕੀ
ਸੁੱਟੀ ਅੰਨ੍ਹਦਾਤਾ ਨੂੰ ਗਰੀਬ, ਬੇਬਸ ਤੇ ਲਾਚਾਰ ਹੋਣ ਦਾ ਅਹਿਸਾਸ ਕਰਵਾ
ਦਿੱਤਾ। ਇਸ ਤਰੀਕੇ ਨਾਲ ਇਹ ਲਾਚਾਰੀ ਦਾ ਅਹਿਸਾਸ ਇੰਨਾਂ ਗਹਿਰਾ ਕਰਵਾ ਦਿੱਤਾ
ਕਿ ਲੋਕ ਹੁਣ ਸ਼ਰਾਬ ਦੀ ਬੋਤਲ, ਕਿੱਲੋ ਡੋਡੇ ਜਾਂ ਵੋਟ ਬਦਲੇ 1000–2000
ਰੁਪਏ ਦੀ ਆਸ ਲਾਈ ਬੈਠੇ ਹਨ। ਇਹ ਹੈ ਸਾਡੇ ਪੰਜਾਬ ਦੇ ਲੋਕਾਂ ਦੀ ਗੈਰਤ, ਇਹ
ਹੈ ਸਾਡੀ ਅਣਖ, ਕਿੱਥੇ ਹੈ ਜੁਅਰਤ ਵਾਲਾ ਪੰਜਾਬ, ਕਿੱਥੇ ਹਨ ਜੈਮਲ ਫੱਤੇ
ਵਰਗੇ ਜੋਧੇ? ਕਿੱਥੇ ਹਨ ਸ਼ਹੀਦ ਭਗਤ ਸਿੰਘ ਵਰਗੇ ਸਰਦਾਰ, ਇਸੇ ਧਰਤੀ ਤੇ ਕਦੇ
ਸਿਰ ਤਲੀ ਤੇ ਰੱਖ ਕੇ ਜੋਧੇ ਲੜੇ ਸਨ ਅਤੇ ਅੱਜ ਸ਼ਰਮ ਆਉਂਦੀ ਹੈ ਸਾਡੇ ਲੋਕਾਂ
ਦਾ ਹਾਲ ਵੇਖ ਕਿ ਅੱਜ ਪੰਜਾਬ ਸ਼ਰਾਬੀਆਂ, ਨਸ਼ੇੜੀਆਂ, ਭੁੱਕੀ, ਡੋਡੇ ਖਾਣੇ
ਅਮਲੀਆਂ ਦਾ ਪੰਜਾਬ ਬਣ ਗਿਆ ਹੈ। ਮਰੀ ਜ਼ਮੀਰ ਦੀ ਇੱਕ ਹੋਰ ਉਦਾਹਰਣ ਹੈ।
'ਹੋਇਆ ਕੇ। ਜੇ ਨੱਚਦੀ ਦੀ ਬਾਂਹ ਫੜ ਲਈ' ਇਹ ਗੱਲ, ਲਿਖਣ ਵਾਲੇ ਨੇ ਬੋਲਣ
ਵਾਲੇ ਨੇ, ਰਿਕਾਰਡ ਕਰਨ ਵਾਲੇ ਨੇ ਤੇ ਸੁਨਣ ਵਾਲੇ ਕਿਸੇ ਨੇ ਵੀ ਆਪਣੇ ਤੇ ਲਾ
ਕਿ ਨਹੀਂ ਵੇਖੀ, ਇਹ ਹਾਲ ਹੈ ਅਣਖ ਖਾਤਰ ਜਾਨ ਦੇਣ ਵਾਲੇ ਲੋਕਾਂ ਦੀ ਧਰਤੀ
ਦਾ। 65 ਸਾਲ ਹੋ ਗਏ ਬਦਲ ਬਦਲ ਕਿ ਰਿਸ਼ਤੇਦਾਰ ਰਾਜ ਕਰ ਰਹੇ ਹਨ। ਕਦੇ ਕਿਸੇ
ਦੇ ਪੁੱਤ ਨੂੰ ਟਿਕਟ, ਕਦੇ ਨੂੰਹ ਨੂੰ ਕਦੇ ਜਵਾਈ ਨੂੰ ਕਦੇ ਸਾਲੇ ਨੂੰ, ਕਦੇ
ਭਨੋਈਏ ਨੂੰ, ਕਦੇ ਘਰਵਾਲੀ ਨੂੰ। ਕਿੱਥੇ ਹੈ ਆਮ ਜਨਤਾ ?
65
ਸਾਲ ਹੋ ਗਏ, ਲੋਕਾਂ ਨੂੰ ਸ਼ਾਹੀ ਪਨੀਰ ਤੇ ਮੁਰਗੇ ਖਾਣ ਜੋਗੀ ਕੀ ਕਰਨਾ ਸੀ,
ਚਾਰ ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਲੈਣ ਲਈ ਲਾਈਨਾਂ ਵਿੱਚ ਲੱਗਣ
ਲਈ ਮਜਬੂਰ ਕਰ ਦਿੱਤਾ। ਦੇਸ਼ ਦਾ ਅੰਨ੍ਹ ਦਾਤਾ ਪੰਜਾਬ, ਖਾਲੀ ਪੀਪੇ ਲੈ ਕੇ
ਲਾਈਨਾਂ ਵਿੱਚ ਖੜ੍ਹਾ ਹੈ। ਕਰੋੜਾਂ ਟਨ ਅਨਾਜ ਸੜ ਰਿਹਾ ਹੈ, ਲੋਕ ਭੁੱਖੇ ਮਰ
ਰਹੇ ਹਨ, ਇਹ ਦੇਸ਼ ਦੇ ਲੋਕਾਂ ਲਈ 'ਰਾਜ ਨਹੀਂ ਸੇਵਾ' ਹੈ।
ਇਹ ਲੀਡਰ ਵੱਡੇ ਵੱਡੇ ਗੱਡੀਆਂ ਦੇ ਕਾਫਲੇ ਮਗਰ ਮਗਰ ਹੂਟਰ ਮਾਰਦੀ ਲੋਕਾਂ ਨੂੰ
ਵਖਤ ਪਾਉਂਦੀ ਪੁਲੀਸ ਤੁਰੀ ਫਿਰਦੀ, ਕਿਧਰੇ ਹੈਲੀਕਾਪਟਰਾਂ ਤੇ ਚੜ੍ਹ ਕਿ
ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ। ਕਰੋੜਾਂ ਰੁਪਏ ਹਰ ਰੋਜ ਸੁਆਹ ਕੀਤੇ ਜਾ
ਰਹੇ ਹਨ। ਦੂਜੇ ਪਾਸੇ ਜਨਤਾ ਦਾਲ, ਰੋਟੀ ਤੇ ਸਾਈਕਲ ਜੋਗੀ ਵੀ ਨਹੀਂ ਛੱਡੀ,
ਅੰਨ੍ਹ ਦਾਤਾ ਨੂੰ ਭੀਖ ਮੰਗਾ ਕਰ ਦਿੱਤਾ।
ਥੋੜ੍ਹੇ ਜਿਹੇ ਪੈਸੇ ਖਰਚ ਕਿ ਗਲੀਆਂ–ਨਾਲੀਆਂ ਬਣਾ ਦਿੱਤੀਆਂ। ਉਨ੍ਹਾਂ
ਵਿੱਚੋਂ ਵੀ ਕਮਿਸ਼ਨ ਖਾਧਾ, ਨਾਲ ਹੀ ਕਹਿ ਦਿੱਤਾ ਕਿ ਸਾਡੇ ਨਾਂ ਦੇ ਪੱਥਰ ਲਾ
ਦਿਓ, ਸਾਡੇ ਗਲਾਂ ਵਿੱਚ ਹਾਰ ਪਾ ਦਿਓ। ਪਹਿਲੇ ਸਮਿਆਂ ਵਿੱਚ ਜੇਕਰ ਕੋਈ
ਮਨੁੱਖ ਨੇਕ ਕੰਮ ਕਰਕੇ ਮਰ ਜਾਂਦਾ ਸੀ ਤਾਂ ਲੋਕ ਉਸ ਦੇ ਨਾਂ ਦਾ ਪੱਥਰ
ਲਾਉਂਦੇ ਸਨ ਪਰ ਇਹ ਸਾਡੇ ਅਖੌਤੀ ਲੀਡਰ ਜਿਊਂਦੇ ਜੀਅ ਕਦੇ ਪੱਥਰ ਲਾਉਂਦੇ ਹਨ,
ਕਦੇ ਬੁੱਤ ਬਣਵਾਉਂਦੇ ਹਨ। ਲੋਕਾਂ ਦੀ ਜ਼ਮੀਰ ਨਸ਼ਾ ਦੇ ਕਿ ਸੁਆ ਦਿੱਤੀ। ਲੀਡਰ
ਕੁਝ ਵੀ ਕਰ ਸਕਦੇ ਹਨ। ਸੁੱਤਾ ਤੇ ਮਰਿਆ ਇੱਕ ਬਰਾਬਰ ਹੁੰਦਾ ਹੈ।
ਸਿਆਸਤਦਾਨਾਂ ਦੀ ਟਿਕਟਾਂ ਦੀ ਬੰਦਰ ਵੰਡ 'ਚੋਂ ਜੋ ਟਿਕਟਾਂ ਬਚ ਜਾਂਦੀਆਂ ਹਨ।
ਉਹ ਸਮਗਲਰਾਂ, ਲੁਟੇਰਿਆਂ ਤੇ ਟੈਕਸ ਚੋਰਾਂ ਨੂੰ ਪੰਜ–ਪੰਜ, ਛੇ–ਛੇ ਕਰੋੜ
ਵਿੱਚ ਵੇਚ ਦਿੱਤੀਆਂ ਜਾਂਦੀਆਂ ਹਨ। ਦਿੱਲੀ ਜਾਂ ਚੰਡੀਗੜ੍ਹ ਤੋਂ ਟਿਕਟਾਂ
ਖ੍ਰੀਦ ਕਿ ਉਹ ਇਸ ਤਰ੍ਹਾਂ ਧੂਮ ਧੜੱਕੇ ਨਾਲ ਪੰਜਾਬ ਵਿੱਚ ਵੜਦੇ ਹਨ ਕਿਵੇਂ
ਕਾਰਗਲ ਦੀ ਜੰਗ ਜਿੱਤ ਕਿ ਮੁੜੇ ਹੋਣ। ਉਹ ਆ ਕਿ ਫੈਕਟਰੀਆਂ ਵਾਲੇ
ਟਰਾਂਸਪੋਟਰ ਤੇ ਹੋਰ ਕਾਰੋਬਾਰੀ ਲੋਕਾਂ ਤੋਂ ਇਲੈਕਸ਼ਨ ਫੰਡ ਦੇ ਰੂਪ ਵਿਚ
ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹਨ। ਪੈਸੇ ਨਾਲ ਵੋਟਾਂ ਖ੍ਰੀਦ ਕੇ ਆਪਣੀ
ਲੁੱਟਣ ਦੀ ਤਾਕਤ ਨੂੰ ਸੰਵਿਧਾਨਕ ਦਰਜਾ ਦੇ ਲੈਂਦੇ ਹਨ।
ਫਿਰ ਇਹ ਆਪਣੀ ਤਾਕਤ ਨਾਲ ਕਦੇ ਬਲਿਊ ਸਟਾਰ ਅਪਰੇਸ਼ਨ ਕਰਵਾਉਂਦੇ ਹਨ, ਕਦੇ
ਦਿੱਲੀ ਦੰਗੇ ਕਰਵਾਉਂਦੇ ਹਨ। ਇੱਧਰ ਵੀ ਜਨਤਾ ਮਰੀ ਉਧਰ ਵੀ ਜਨਤ ਮਰੀ। 27
ਸਾਲ ਹੋ ਗਏ ਕਿਸੇ ਨੇ ਅਨਾਥਾਂ ਤੇ ਵਿਧਵਾਵਾਂ ਦੀ ਬਾਂਹ ਨਹੀਂ ਫੜੀ। ਸਿਆਸਤ
ਦੀ ਖੇਡ ਖੇਡੋ, ਜਦੋਂ ਲੋਕਾਂ ਵਿੱਚ ਜੁਅਰਤ ਆਉਂਦੀ ਦਿਖੇ ਨੌਜਵਾਨਾਂ ਨੂੰ
ਗੁੰਮਰਾਹ ਕਰੋ ਤੇ ਮਰਵਾ ਦਿਉ, ਫਿਰ ਕਈ ਸਾਲਾਂ ਲਈ ਕੁਰਸੀ ਸੇਫ। ਅਨਾਥ ਅੱਖਾਂ
'ਚ ਹੰਝੂ ਲਈ ਫਿਰਨ, ਕੀ ਫਰਕ ਪੈਂਦਾ ਹੈ।
ਤੋਲਾ ਤੋਲਾ ਅਫੀਮ ਖਾ ਕਿ ਉੱਚੀਆਂ ਉੱਚੀਆਂ ਬਾਹਾਂ ਕਰਕੇ ਮਰਾਸੀਆਂ ਵਾਂਗੂ
ਇੱਕ ਦੂਜੇ ਨੂੰ ਭੰਡ ਲਿਆ, ਜਨਤਾ ਨੂੰ ਬੇਵਕੂਫ ਬਣਾ ਕਿ ਪਰਦੇ ਪਿੱਛੇ ਪੈਗ
ਟਕਰਾਏ। ਪਾਰਟੀਆਂ ਵੱਖ ਵੱਖ, ਤਾਂ ਕੀ ਹੋਇਆ, ਜਨਤਾ ਸੁੰਨਿਆਂ ਵਾਂਗ ਖੜ੍ਹੀ
ਤਮਾਸ਼ਾ ਦੇਖਦੀ ਰਹਿੰਦੀ ਹੈ, ਜਨਤਾ ਕਰੇ ਵੀ ਕੀ, ਜਨਤਾ ਕੋਲ ਹੋਰ ਰਾਹ ਹੀ ਕੋਈ
ਨਹੀਂ ਸੀ। ਪਰ ਹੁਣ ਹੈ, ਤੀਜਾ ਬਦਲ, ਪੀਪਲਜ਼ ਪਾਰਟੀ ਆਫ ਪੰਜਾਬ, ਕਿਉਂਕਿ ਹੁਣ
ਤੱਕ ਜਨਤਾ ਨਾਲ ਧੋਖਾ ਹੀ ਹੋਇਆ ਹੈ, ਜਨਤਾ ਦਾ ਹੱਕ ਹੈ ਉਹ ਪੀਪਲਜ਼ ਪਾਰਟੀ ਦੀ
ਨੀਅਤ 'ਤੇ ਵੀ ਸ਼ੱਕ ਕਰੇ ਪਰ ਪਾਰਟੀ ਯਕੀਨ ਦਵਾਉਂਦੀ ਹੈ ਕਿ ਉਸਨੇ ਚੰਗੇ
ਉਮੀਦਵਾਰ ਹੀ ਚੁਣੇ ਹਨ। ਇਸ ਨਵੀਂ ਪਾਰਟੀ ਨੂੰ ਮੌਕਾ ਦੇਣਾ ਤੁਹਾਡੇ ਆਪਣੇ
ਭਲੇ ਵਿੱਚ ਹੈ। 65 ਸਾਲ ਜਦ ਇੰਨਾਂ ਨੂੰ ਦੇਖਿਆ, ਹੁਣ ਇਸ ਪਾਰਟੀ ਨੂੰ ਮੌਕਾ
ਦਿਓ। ਹੋ ਸਕਦਾ ਪੰਜਾਬ ਦੀ ਚੰਗੀ ਕਿਸਮਤ ਦੀ ਚਾਬੀ ਇਸ ਕੋਲ ਹੋਵੇ। ਰਾਜਨੀਤੀ
ਨੂੰ ਚੰਗਾ ਕਰਨਾ ਹੈ ਤਾਂ ਆਪਣੇ ਪੁੱਤ, ਧੀਆਂ ਜੋ ਸਮਝਦਾਰ ਤੇ ਇਮਾਨਦਾਰ ਹਨ,
ਪਾਰਟੀ ਨੂੰ ਦਿਓ, ਪਾਰਟੀ ਤੁਹਾਨੂੰ ਰਾਜ ਪ੍ਰਬੰਧ ਵਿਚ ਹਿੱਸੇਦਾਰ ਬਨਾਉਣ ਲਈ
ਤਿਆਰ ਹੈ। ਬਿਨਾਂ ਕਰੋੜਾਂ ਰੁਪਏ ਤੋਂ ਆਮ ਆਦਮੀ ਲਈ ਇੱਕ ਮੌਕਾ ਹੈ। ਜੇਕਰ
ਤੁਸੀਂ ਸੁੱਤੇ ਰਹੇ ਤਾਂ ਫਿਰ ਸ਼ਾਇਦ ਕੋਈ ਮੌਕਾ ਨਾ ਮਿਲੇ। ਗਹਿਰੀ ਨੀਂਦ ਤੋਂ
ਜਾਗੋ, ਸਿਰਫ ਸੁੱਤੇ ਹੀ ਜਗਾਏ ਜਾ ਸਕਦੇ ਹਨ। ਜਾਗਦੇ ਸੁੱਤਿਆਂ ਦਾ ਕੁਝ ਨਹੀਂ
ਹੋ ਸਕਦਾ। ਇੰਨਾਂ ਦੋਵਾਂ ਪਾਰਟੀਆਂ (ਅਕਾਲੀ ਦਲ ਅਤੇ ਕਾਂਗਰਸ) ਨੇ ਹਿੰਮਤ ਹੀ
ਨਹੀਂ ਛੱਡੀ। ਚੰਗੀ ਸੋਚ ਤੇ ਦਲੇਰੀ ਪੈਦਾ ਹੀ ਨਹੀਂ ਹੋਣ ਦਿੱਤੀ। ਬੱਚਿਆਂ ਦੀ
ਨੈਤਿਕ ਸਿੱਖਿਆ ਤੇ ਕੋਈ ਕੰਮ ਨਹੀਂ ਕੀਤਾ, ਬੱਚਿਆਂ ਨਾਲ ਨੈਤਿਕਤਾ ਦੀ ਗੱਲ
ਕਰਦੇ ਹਾਂ ਤਾਂ ਸ਼ਰਮ ਆਉਂਦੀ ਹੈ ਕਿ ਇਹ ਹਨ ਸਾਡੇ ਦੇਸ਼ ਦਾ ਭਵਿੱਖ। ਵੰਨ
ਸੁਵੰਨੇ ਨਸ਼ਿਆਂ ਦੇ ਹੜ੍ਹ ਵਿਚ ਪੰਜਾਬ ਦੀ ਗੈਰਤ ਹੀ ਰੋੜ੍ਹ ਦਿੱਤੀ, ਇਹਨਾਂ
ਸਿਆਸਤਦਾਨਾਂ ਨੇ।
ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪੰਜਾਬ ਹੈ ਜਿੰਨ੍ਹਾਂ ਨੇ ਲੋਕਾਂ ਨੂੰ ਇਨਸਾਫ
ਦਵਾਉਣ ਲਈ ਪੂਰਾ ਪਰਿਵਾਰ ਵਾਰ ਦਿੱਤਾ। ਇਹ ਪੰਜਾਬ ਹੈ ਜਿੱਥੇ ਸ਼ਹੀਦ–ਏ–ਆਜ਼ਮ
ਭਗਤ ਸਿੰਘ ਤੇ ਸੁਖਦੇਵ ਵਰਗੇ ਜੋਧੇ ਆਪਣੀ ਜਾਨ ਦੀ ਕੁਰਬਾਨੀ ਦੇ ਗਏ।
ਉਨ੍ਹਾਂ ਨੂੰ ਯਾਦ ਕਰੋ, ਅਸੀਂ ਤੁਹਾਨੂੰ ਪਰਿਵਾਰ ਵਾਰਨ ਲਈ ਨਹੀਂ ਕਹਿੰਦੇ,
ਅਸੀਂ ਤੁਹਾਨੂੰ ਫਾਂਸੀ 'ਤੇ ਚੜ੍ਹਨ ਲਈ ਨਹੀਂ ਕਹਿੰਦੇ, ਅਸੀਂ
ਤੁਹਾਨੂੰ ਦਿਮਾਗ ਵਰਤਣ ਲਈ ਕਹਿੰਦੇ ਹਾਂ, ਕਿ ਰਹੀ ਸਹੀ ਮਾੜੀ ਮੋਟੀ ਹਿੰਮਤ
ਕੱਠੀ ਕਰੋ, ਜੁਅਰਤ 'ਕੱਠੀ ਕਰੋ ਪਤੰਗ ਤੇ
ਮੋਹਰ ਲਾਕੇ ਤੀਜਾ ਬਦਲ ਲਿਆਉ, ਸਾਨੂੰ ਥੋੜਾ ਸਾਹ ਲੈਣ ਜੋਗੇ ਕਰੋ। ਅਸੀਂ
ਸਹੁੰ ਖਾ ਕਿ ਕਹਿੰਦੇ ਹਾਂ ਕਿ ਚੋਰ ਬਜ਼ਾਰੀ, ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁਟ
ਕਿ ਰਹਾਂਗੇ।
ਹਰ ਬੰਦੇ ਨੂੰ ਉਸ ਦਾ ਹੱਕ ਦਿਵਾ ਕਿ ਮਾਨ ਸਨਮਾਨ ਤੇ ਅਣਖ ਨਾਲ ਜਿਊਣ ਜੋਗਾ
ਕਰਾਂਗੇ।
ਕੁਲਵਿੰਦਰ ਸਿੰਘ ਵਾਲੀਆ
98141–42800
ਪੀਪਲਜ਼ ਪਾਰਟੀ ਆਫ ਪੰਜਾਬ
|