ਦੂਜੀ ਵਾਰੀ ਫਾਈਨਲ ਵਿੱਚ ਪਹੁੰਚੇ ਮਲੇਸ਼ੀਆ ਨੇ ਪਾਕਿਸਤਾਨ ਨੂੰ 2-1 ਨਾਲ
ਹਰਾਕੇ ਪਹੁਲੀ ਵਾਰੀ ਜੂਨੀਅਰ ਏਸ਼ੀਆ ਕੱਪ ਹਾਕੀ ਮੁਕਾਬਲਾ ਜਿੱਤਣ ਵਿੱਚ ਸਫ਼ਲਤਾ
ਹਾਸਲ ਕਰ ਲਈ ਹੈ। ਅੱਧੇ ਸਮੇਂ ਤੱਕ ਮਲੇਸ਼ੀਆ ਟੀਮ 2-0 ਨਾਲ ਅੱਗੇ ਸੀ। ਪਹਿਲਾ
ਗੋਲ ਮਲੇਸ਼ੀਆ ਦੇ ਫ਼ੈਜ਼ਲ ਸਾਰੀ ਨੇ ਮੈਚ ਦੇ ਦੂਜੇ ਹੀ ਮਿੰਟ ਵਿੱਚ ਕਰਿਆ। ਦੂਜਾ
ਗੋਲ ਸ਼ਮੀਮ ਮੁਹੰਮਦ ਨੇ 17ਵੇਂ ਮਿੰਟ ਵਿੱਚ ਕੀਤਾ। ਪਾਕਿਸਤਾਨ ਵੱਲੋਂ ਇੱਕੋ
ਇੱਕ ਗੋਲ ਮੁਹੰਮਦ ਇਰਫਾਨ ਨੇ 42ਵੇਂ ਮਿੰਟ ਵਿੱਚ ਕੀਤਾ। ਇਸ ਤਰਾਂ ਜੋ
ਕਿਆਸਅਰਾਈਆਂ ਸਨ ਉਹ ਸਹੀ ਸਿੱਧ ਹੋਈਆਂ। ।ਮਲੇਸ਼ੀਆ ਟੀਮ ਕੋਈ ਵੀ ਮੈਚ ਨਹੀਂ
ਹਾਰੀ ਅਤੇ ਉਸ ਸਿਰ ਸਿਰਫ਼ ਇੱਕ ਗੋਲ ਹੀ ਹੋਇਆ।
ਤੀਜੇ ਸਥਾਨ ਲਈ ਭਾਰਤ ਅਤੇ ਦੱਖਣੀ ਕੋਰੀਆ ਦੇ ਮੈਚ ਵਿੱਚ ਦੋਨੌ ਟੀਮਾਂ
ਬਹੁਤ ਸੰਭਲ ਕੇ ਖੇਡੀਆਂ। ਪਰ ਮੈਚ ਦੇ 47 ਵੇਂ ਮਿੰਟ ਵਿੱਚ ਕੋਰੀਆ ਦੇ
ਸੀਯੁਨਗਜੀ ਨੇ ਪਨੈਲਟੀ ਕਾਰਨਰ ਤੋਂ ਗੋਲ ਕਰਦਿਆਂ ਟੀਮ ਨੂੰ ਲੀਡ ਦਿਵਾ
ਦਿੱਤੀ। ਜਵਾਬ ਵਜੋਂ ਭਾਰਤ ਦੇ ਲੋਕੇਸ਼ ਥਿਮੰਨਾ ਨੇ 54ਵੈਂ ਮਿੰਟ ਵਿੱਚ
ਬਰਾਬਰੀ ਵਾਲਾ ਗੋਲ ਕਰ ਦਿੱਤਾ। ਆਖਰੀ ਸਮੇਂ ਤੱਕ ਇਹੀ ਸਕੋਰ ਰਿਹਾ। ਵਾਧੂ
ਸਮੇਂ ਦੇ ਦੂਜੇ ਭਾਗ ਵਿੱਚ ਅਕਾਸ਼ਦੀਪ ਨੇ ਗੋਲਡਨ ਗੋਲ ਕਰਕੇ ਟੀਮ ਨੂੰ 2-1
ਨਾਲ ਜੇਤੂ ਬਣਾ ਲਿਆ। ਇਸ ਤੋਂ ਪਹਿਲਾਂ ਤਾਂਬੇ ਦੇ ਤਮਗੇ ਲਈ ਦੋਨੋਂ ਮੁਲਕ
ਇਪੋਹ ਵਿੱਚ 1992 ਨੂੰ ਖੇਡੇ ਸਨ। ਕੋਰੀਆ ਨੇ ਭਾਰਤ ਨੂੰ ਹਰਾਕੇ ਤੀਜਾ ਸਥਾਨ
ਹਾਸਲ ਕੀਤਾ ਸੀ। ਕਰਾਚੀ ਵਿੱਚ 1987 ਨੂੰ ਤੀਜੇ ਸਥਾਨ ਲਈ ਭਾਰਤ ਨੇ ਮਲੇਸ਼ੀਆ
ਨੂੰ ਹਰਾਇਆ ਸੀ।। ਭਾਰਤ ਨੇ ਤਾਂਬੇ ਦੇ ਤਮਗੇ ਲਈ 3 ਮੈਚ ਖੇਡੇ ਹਨ ,ਜਿੰਨਾ
ਵਿੱਚੋਂ ਦੋ ਜਿੱਤੇ ਹਨ।
1992 ਅਤੇ 2000 ਵਿੱਚ ਸਫ਼ਲਤਾ ਨਾਲ ਮੇਜ਼ਬਾਨੀ ਕਰਨ ਵਾਲੇ ਮਲੇਸ਼ੀਆ ਨੇ ਹੁਣ
ਤੀਜੀ ਵਾਰੀ ਜੂਨੀਅਰ ਕੱਪ ਹਾਕੀ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਹੈ। ਮਲੇਸ਼ੀਆ
ਨੇ ਫਾਈਨਲ ਵਿੱਚ ਦੂਜੀ ਵਾਰੀ ਸਥਾਨ ਬਣਾਇਆ ਹੈ। ਪਰ ਉਸਦੀ ਵਿਸ਼ੇਸ਼ ਪ੍ਰਾਪਤੀ
ਇਹ ਰਹੀ ਹੈ ਕਿ ਉਸ ਨੇ ਇਸ ਵਾਰੀ ਕੋੱਈ ਵੀ ਮੈਚ ਨਹੀਂ ਹਾਰਿਆ ਹੈ। ਪਾਕਿਸਤਾਨ
ਅਤੇ ਮਲੇਸ਼ੀਆ ਲਈ ਫਾਈਨਲ ਦੀ ਬਰਾਬਰ ਮਹੱਤਤਾ ਸੀ। ਕਿਓਂਕਿ ਪਾਕਿਸਤਾਨ ਪਿਛਲੇ
ਕਈ ਸਾਲਾਂ ਤੋਂ ਕਿਸੇ ਏਸ਼ੀਆਈ ਮੁਕਾਬਲੇ ਦੀ ਜਿੱਤ ਲਈ ਤਾਕ ਵਿੱਚ ਸੀ। ਦੂਜੇ
ਬੰਨੇ ਮਲੇਸੀਆ ਵੱਲੋਂ ਫਾਈਨਲ ਜਿੱਤਣ ਲਈ ਬਹੁਤ ਸਾਲਾਂ ਤੋਂ ਔੜ ਲੱਗੀ ਹੋਈ
ਸੀ। ਭਾਰਤ ਲਈ ਇਸ ਵਾਰੀ ਇਹ ਵਿਸ਼ੇਸ਼ ਮੌਕਾ ਸੀ ਕਿ ਉਹ ਜਿੱਤਾਂ ਦੀ ਹੈਟ੍ਰਿਕ
ਬਣਾ ਲੈਂਦਾ। ਕਿਓਂਕਿ 2004 ਨੂੰ ਕਰਾਚੀ ਵਿੱਚ ਪਾਕਿਸਤਾਨ ਨੂੰ ਉਹ 5-2 ਨਾਲ
ਅਤੇ 2008 ਵਿੱਚ ਹੈਦਰਾਬਾਦ ਵਿਖੇ ਦੱਖਣੀ ਕੋਰੀਆ ਨੂੰ 3-2 ਨਾਲ ਹਰਾਕੇ ਦੋ
ਫਾਈਨਲ ਜਿੱਤ ਚੁੱਕਿਆ ਸੀ ।
ਮਲੇਸ਼ੀਆ
ਨੇ ਇਸ ਵਾਰੀ ਫਾਈਨਲ ਪ੍ਰਵੇਸ਼ ਪਾ ਕੇ ਆਪਣੀ ਹਾਕੀ ਕਲਾ ਦਾ ਵਧੀਆ ਪ੍ਰਦਰਸ਼ਨ
ਕੀਤਾ ਹੈ। ਜਦ ਪਾਕਿਸਤਾਨ ਨੇ ਮਲੇਸ਼ੀਆ ਦੀ ਪੂਲ ਮੈਚਾਂ ਵਿੱਚ ਖੇਡ ਵੇਖੀ ਤਾਂ
ਉਸ ਨੂੰ ਇਹ ਚਿੰਤਾ ਹੋਣ ਲੱਗੀ ਕਿ ਕਿਤੇ ਉਸਦਾ ਸੈਮੀਫਾਈਨਲ ਇਸ ਟੀਮ ਨਾਲ ਪੈ
ਜਾਵੇ। ਸਿੱਟੇ ਵਜੋਂ ਉਸ ਨੇ ਇਸ ਤੋਂ ਬਚਣ ਲਈ ਰਣਨੀਤੀ ਤਿਆਰ ਕਰ ਲਈ ਜਿਸ
ਤਹਿਤ ਆਖ਼ਰੀ ਰਹਿੰਦੇ ਮੈਚ ਵਿੱਚ ਸ੍ਰੀ ਲੰਕਾ ਨੂੰ ਘੱਟੋ ਘੱਟ 12-0 ਨਾਲ
ਹਰਾਉਣਾ ਜ਼ਰੂਰੀ ਸੀ। ਪਰ ਪਾਕਿਸਤਾਨ ਨੇ ਉਸ ਨੂੰ 14-0 ਨਾਲ ਹਰਾ ਦਿੱਤਾ। ਇਸ
ਤੋਂ ਪਹਿਲਾਂ ਭਾਰਤ ਨੇ ਚੀਨ ਨਾਲ ਮੈਚ ਖੇਡਿਆ। ਉਸ ਵਿੱਚ ਭਾਰਤ ਦੀ ਮੱਠੀ ਖੇਡ
ਸਦਕਾ ਭਾਰਤੀ ਟੀਮ ਬਹੁਤੇ ਗੋਲ ਕਰਕੇ ਪਾਕਿਸਤਾਨ ਨੂੰ ਸਖ਼ਤ ਚੁਣੌਤੀ ਨਾ ਦੇ
ਸਕੀ। ਅਗਰ ਭਾਰਤੀ ਟੀਮ ਅਜਿਹਾ ਸੋਚ ਕਿ ਚਲਦੀ ਕਿ ਪਾਕਿਸਤਾਨ ਦਾ ਸ੍ਰੀਲੰਕਾ
ਨਾਲ ਸੌਖਾ ਮੈਚ ਹੈ ਅਤੇ ਉਹ ਵੱਧ ਗੋਲ ਕਰਨ ਦਾ ਯਤਨ ਕਰੇਗਾ ਤਾਂ ਭਾਰਤ ਨੂੰ
ਵੀ ਇਸ ਸੋਚ ਤਹਿਤ ਚੀਨ ਸਿਰ ਵੱਧ ਗੋਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਇਸ
ਤੋਂ ਇਲਾਵਾ ਸੈਮੀਫਾਈਨਲ ਮੈਚ ਵਿੱਚੋਂ ਕੁੱਝ ਖਿਡਾਰੀਆਂ ਨੂੰ ਬਾਹਰ ਰੱਖਣਾ ਵੀ
ਸ਼ਾਇਦ ਭਾਰਤ ਨੂੰ ਮਹਿੰਗਾ ਪਿਆ ਹੈ। ਸ਼ਾਇਦ ਅਜਿਹਾ ਸੋਚਿਆ ਗਿਆ ਹੋਵੇ ਕਿ
ਫਾਈਨਲ ਵਿੱਚ ਇਹਨਾਂ ਖਿਡਾਰੀਆਂ ਨੂੰ ਪਾਕਿਸਤਾਨ ਵਿਰੁੱਧ ਖਿਡਾਵਾਂਗੇ।
ਮਲੇਸ਼ੀਆ ਟੀਮ ਦੀ ਖੇਡ ਦੇ ਮੁਕਾਬਲੇ ਉਸ ਟੀਮ ਦਾ ਇਤਿਹਾਸ ਵੇਖਿਆ ਗਿਆ ਪ੍ਰਤੀਤ
ਹੁੰਦਾ ਹੈ। ਇੱਕ ਗੱਲ ਹਾਕੀ ਮਾਹਿਰ ਇਹ ਵੀ ਮੰਨਦੇ ਹਨ ਕਿ ਵਿਸ਼ਵ ਸੀਰੀਜ਼ ਹਾਕੀ
ਵਿੱਚ ਸਭ ਤੋਂ ਵੱਧ 19 ਗੋਲ ਕਰਨ ਵਾਲੇ ਗੁਰਜਿੰਦਰ ਨੂੰ ਟੀਮ ਵਿੱਚ ਹੀ ਸ਼ਾਮਲ
ਨਹੀਂ ਸੀ ਕੀਤਾ ਗਿਆ।
ਮਲੇਸ਼ੀਆ ਅਤੇ ਪਾਕਿਸਤਾਨ ਨੇ ਇਸ ਤੋਂ ਪਹਿਲਾਂ ਜੂਨੀਅਰ ਏਸ਼ੀਆਈ ਕੱਪ ਹਾਕੀ
ਦੇ ਇਤਿਹਾਸ ਵਿੱਚ 1992 ਨੂੰ ਇਪੋਹ ਵਿੱਚ ਹੀ ਫਾਈਨਲ ਖੇਡਿਆ ਸੀ। ਜੋ
ਪਾਕਿਸਤਾਨ ਦੇ ਹਿੱਸੇ ਰਿਹਾ ਸੀ। ਹੁਣ ਤੱਕ ਖੇਡੇ ਗਏ 7 ਮੁਕਾਬਲਿਆਂ ਵਿੱਚ 15
ਮੁਲਕਾਂ ਨੇ ਹੀ ਸ਼ਿਰਕਤ ਕੀਤੀ ਹੈ । ਭਾਰਤ ਪਾਕਿਸਤਾਨ ,ਮਲੇਸ਼ੀਆ ,ਕੋਰੀਆ ਵਰਗੇ
ਮੁਲਕਾਂ ਨੇ ਸਾਰੇ ਮੁਕਾਬਲੇ ਖੇਡੇ ਹਨ। ਸਿਰਫ ਚਾਰ ਮੁਲਕ ਹੀ ਅਜਿਹੇ ਹਨ
ਜਿੰਨਾ ਨੇ ਸਫਾਈਨਲ ਖੇਡੇ ਹਨ। ਭਾਰਤ, ਪਾਕਿਸਤਾਨ, ਮਲੇਸ਼ੀਆ ਅਤੇ ਕੋਰੀਆ । ਸਭ
ਤੋਂ ਵੱਧ 3 ਵਾਰੀ ਪਾਕਿਸਤਾਨ ਜੇਤੂ ਰਿਹਾ ਹੈ । ਇੱਕ ਵਾਰ ਕੋਰੀਆ, ਦੋ ਵਾਰ
ਭਾਰਤ। ਦੋਹਾਂ ਗਰੁਪਾਂ ਵਿੱਚ ਕੁੱਲ 73 ਗੋਲ ,12 ਮੈਚਾਂ ਵਿੱਚ ਹੋਏ ਹਨ।
ਸ੍ਰੀਲੰਕਾ ਅਤੇ ਇਰਾਨ ਨੇ ਕੋਈ ਗਰੁੱਪ ਮੈਚ ਨਹੀਂ ਜਿੱਤਿਆ। ਸਭ ਤੋਂ ਵੱਧ 30
ਗੋਲ ਸ੍ਰੀਲੰਕਾ ਸਿਰ ਹੋਏ ਅਤੇ ਸਭ ਤੋਂ ਵੱਧ 17 ਗੋਲ ਪਾਕਿਸਤਾਨ ਨੇ ਕੀਤੇ ।
ਕੋਈ ਵੀ ਟੀਮ ਅਜਿਹੀ ਨਹੀਂ ਰਹੀ ਜਿਸ ਸਿਰ ਗੋਲ ਨਾ ਹੋਇਆ ਹੋਵੇ। ਤੀਜਾ ਸਥਾਨ
ਭਾਰਤ ਨੇ 2-1 ਨਾਲ ਦੱਖਣੀ ਕੋਰੀਆ ਨੂੰ ਹਰਾਕੇ ਹਾਸਲ ਕੀਤਾ। ਪੰਜਵੇਂ ਤੋਂ 8
ਵੇਂ ਸਥਾਨ ਵਾਲੇ ਮੈਚਾਂ ਵਿੱਚ ਜਪਾਨ ਨੇ ਚੀਨ ਨੂੰ 3-1 ਨਾਲ ਹਰਾਕੇ 5ਵਾਂ
ਸਥਾਨ ਲਿਆ। ਇਰਾਨ ਨੇ ਸ੍ਰੀਲੰਕਾ ਨੂੰ 2-1 ਨਾਲ ਮਾਤ ਦੇ ਕੇ 7 ਵੀਂ ਪੁਜ਼ੀਸ਼ਨ
ਹਾਸਲ ਕੀਤੀ । ਅਖ਼ੀਰਲਾ ਸਥਾਨ ਸ੍ਰੀਲੰਕਾ ਦੀ ਝੋਲੀ ਪਿਆ।
13/05/12
|