ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਿਤ ਯੂ. ਜੀ. ਸੀ. ਸੈਂਟਰ ਫ਼ਾਰ
ਐਡਵਾਂਸ ਸਟੱਡੀਜ਼ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ਼ ‘ਪੰਜਾਬੀ
ਭਾਸ਼ਾ, ਸਾਹਿਤ ਅਤੇ ਸਭਿਆਚਾਰ ਅਧਿਐਨ ਤੇ ਨਵੇਂ ਸਰੋਕਾਰ : ਸਬਾਲਟਰਨ ਅਤੇ
ਡਾਇਸਪੋਰਾ ਦੇ ਹਵਾਲੇ ਨਾਲ’ ਅਤੇ ‘ਪੰਜਾਬੀ ਨਾਰੀ ਸਾਹਿਤ’ ਮੁੱਖ ਵਿਸ਼ਿਆਂ ਨੂੰ
ਲੈ ਕੇ ਪੰਜ ਰੋਜ਼ਾ ਸੈਮੀਨਾਰ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਚ ਕਰਵਾਇਆ ਗਿਆ।
ਜਿਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਭਾਸ਼ਾ ਦੇ ਮੁੱਦਈ ਡਾ. ਜਸਪਾਲ
ਸਿੰਘ, ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ ਨੇ ਕੀਤੀ ਅਤੇ ਮੁੱਖ ਮਹਿਮਾਨ
ਵਜੋਂ ਪ੍ਰਸਿਧ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਅਤੇ ਵਿਸ਼ੇਸ਼ ਮਹਿਮਾਨ ਵਜੋਂ
ਪ੍ਰਸਿਧ ਆਲੋਚਕ ਡਾ. ਜਗਬੀਰ ਸਿੰਘ ਸਾਬਕਾ ਪ੍ਰੋਫ਼ੈਸਰ ਤੇ ਮੁਖੀ ਦਿੱਲੀ
ਯੂਨੀਵਰਸਿਟੀ ਸ਼ਾਮਲ ਸਨ।
ਸੈਮੀਨਾਰ ਦੀ ਸ਼ੁਰੂਆਤ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਿੰਦਰਪਾਲ
ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਸੈਮੀਨਾਰ ਦੇ ਮਕਸਦ ਅਤੇ
ਰੂਪ-ਰੇਖਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਪੰਜਾਬੀ ਭਾਸ਼ਾ ਨੂੰ ਨਵੀਆਂ
ਤਕਨੀਕਾਂ ਅਤੇ ਇੰਟਰਨੈਟ ਮਾਧਿਅਮ ਰਾਹੀਂ ਹੋਰ ਪ੍ਰਚਾਰਨ ਅਤੇ ਪ੍ਰਸਾਰਨ ਦਾ
ਸੱਦਾ ਦਿੱਤਾ। ਉਦਘਾਟਨੀ ਸ਼ਬਦ ਸਾਂਝੇ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ
ਦੇ ਪ੍ਰੋਫ਼ੈਸਰ ਡਾ. ਸਤਿੰਦਰ ਸਿੰਘ ਨੇ ਯੂ. ਜੀ. ਸੀ. ਸੈਂਟਰ ਫ਼ਾਰ ਐਡਵਾਂਸ
ਸਟੱਡੀਜ਼ ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਜਾਣਕਾਰੀ ਬਿਆਨ ਕੀਤੀ।
ਕੁੰਜੀਵਤ ਪਰਚਾ ਪੇਸ਼ ਕਰਦਿਆਂ ਡਾ. ਅਮਰਜੀਤ ਗਰੇਵਾਲ ਨੇ ਸਬਾਲਟਰਨ ਦੇ
ਸਿਧਾਂਤਕ ਪਰਿਪੇਖ ਵਿਚ ਚਰਚਾ ਕੀਤੀ। ਡਾ. ਜਗਬੀਰ ਸਿੰਘ ਨੇ ਸਬਾਲਟਰਨ ਤੇ
ਡਾਇਸਪੋਰਾ ਸੰਕਲਪਾਂ ਸਬੰਧੀ ਆਪਣੀ ਰਾਏ ਵਿਅਕਤ ਕਰਨ ਦੇ ਨਾਲ਼-ਨਾਲ਼ ਮੱਧਕਾਲੀਨ
ਸਾਹਿਤ ਵਿਚ ਪਏ ਗਿਆਨ ਸ਼ਾਸਤਰ ਨੂੰ ਜ਼ੁਬਾਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।
ਕਹਾਣੀਕਾਰ
ਡਾ. ਵਰਿਆਮ ਸਿੰਘ ਸੰਧੂ ਨੇ ਇਤਿਹਾਸ ਬਾਰੇ ਹਵਾਲਾ ਪੇਸ਼ ਕਰਦਿਆਂ ਕਿਹਾ ਕਿ
ਇਤਿਹਾਸ ਵੀ ਸਬਾਲਟਰਨ ਹੁੰਦਾ ਹੈ। ਮੌਕੇ ਦੇ ਤਾਕਤਵਰ ਲੋਕ ਆਪੋ-ਅਪਣੇ ਤਰੀਕੇ
ਨਾਲ਼ ਆਪਣੀ ਮਰਜ਼ੀ ਦੇ ਇਤਿਹਾਸ ਨੂੰ ਬਿਆਨ ਕਰਦੀਆਂ ਪੁਸਤਕਾਂ ਤਿਆਰ ਕਰਵਾਉਂਦੇ
ਹਨ। ਡਾ. ਸੰਧੂ ਨੇ ਗ਼ਦਰ ਲਹਿਰ, ਆਈ. ਐਨ. ਏ., ਪਗੜੀ ਸੰਭਾਲ ਜੱਟਾ ਲਹਿਰ ਅਤੇ
ਕੂਕਾ ਲਹਿਰ ਵਰਗੀਆਂ ਮਹੱਤਵਪੂਰਨ ਆਜ਼ਾਦੀ ਸੰਘਰਸ਼ ਲਹਿਰਾਂ ਦਾ ਜ਼ਿਕਰ ਕਰਦਿਆਂ
ਸਾਬਤ ਕੀਤਾ ਕਿ ਇਨਾਂ ਲਹਿਰਾਂ ਦੇ ਇਤਿਹਾਸ ਨੂੰ ਭਾਰਤੀ ਇਤਿਹਾਸ ਵਿਚ ਉਹ
ਸਥਾਨ ਨਹੀਂ ਦਿੱਤਾ ਗਿਆ ਜਿਹੜੇ ਦੀਆਂ ਇਹ ਹੱਕਦਾਰ ਸਨ ਜਿਸ ਕਰਕੇ ਇਤਿਹਾਸ
ਨੂੰ ਵੀ ਅਕਸਰ ਸਬਾਲਟਰਨ ਸਥਿਤੀ ਹੰਢਾਉਣੀ ਪੈਂਦੀ ਹੈ। ਪ੍ਰਧਾਨਗੀ ਭਾਸ਼ਣ ਵਿਚ
ਡਾ. ਜਸਪਾਲ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਵਰੇ ਦੇ
ਮਹੱਤਵ ਦੇ ਸੰਦਰਭ ਵਿਚ ਬੋਲਦਿਆਂ ਕਿਹਾ ਕਿ ਪਿਛਲੇ ਪੰਜਾਹ ਸਾਲਾਂ ਦੀ
ਕਾਰਗ਼ੁਜ਼ਾਰੀ ਦਾ ਲੇਖਾ ਜੋਖਾ ਕਰਦਿਆਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ
ਪ੍ਰਤੀ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਹੋਰ ਵਧੀ ਹੈ ਅਤੇ ਇਸ ’ਤੇ ਖ਼ਰਾ ਉਤਰਨ
ਲਈ ਉਨਾਂ ਨੇ ਪੰਜਾਬੀ ਯੂਨੀਵਰਸਿਟੀ ਦੁਆਰਾ ‘ਦ੍ਰਿਸ਼ਟੀ 2020’ ਤਹਿਤ ਨਵੇਂ
ਪ੍ਰੋਗਰਾਮ ਸਿਰਜਣ ਦੀ ਗੱਲ ਦੁਹਰਾਈ ਤਾਂ ਕਿ ਕੋਈ ਏਜੰਸੀ ਪੰਜਾਬੀ ਭਾਸ਼ਾ ਦੇ
ਪ੍ਰਭਾਵ ਪ੍ਰਤਿ ਨਾਂਹ ਪੱਖੀ ਪੇਸ਼ਨਗੋਈ ਕਰਨ ਦਾ ਹੀਆ ਈ ਨਾ ਕਰ ਸਕੇ।
ਅਗਲੇ ਸੈਸ਼ਨ ਦੀ ਪ੍ਰਧਾਨਗੀ ਲਈ ਮੰਚ ’ਤੇ ਬਿਰਾਜਮਾਨ ਸਨ ਕੁਰੂਕਸ਼ੇਤਰ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਚੇਅਰਮੈਨ ਡਾ. ਹਰਸਿਮਰਨ ਸਿੰਘ ਰੰਧਾਵਾ,
ਕੋ-ਚੇਅਰਮੈਨ ਡਾ. ਸਤੀਸ਼ ਕੁਮਾਰ ਵਰਮਾ ਡਾਇਰੈਕਟਰ ਯੁਵਕ ਭਲਾਈ ਵਿਭਾਗ ਪੰਜਾਬੀ
ਯੂਨੀਵਰਸਿਟੀ ਅਤੇ ਪਰਚਾ ਵਾਚਕਾਂ ਵਿਚ ਡਾ. ਸੁਰਜੀਤ ਸਿੰਘ ਪੰਜਾਬੀ ਵਿਭਾਗ
ਪੰਜਾਬੀ ਯੂਨੀਵਰਸਿਟੀ, ਡਾ. ਜਗਮੋਹਨ ਮਹਿੰਦਰਾ ਕਾਲਜ ਪਟਿਆਲਾ, ਡਾ. ਭੀਮਇੰਦਰ
ਸਿੰਘ ਪੰਜਾਬੀ ਯੂਨੀਵਰਸਿਟੀ ਅਤੇ ਡਾ. ਪਰਮਿੰਦਰ ਸਿੰਘ ਤੱਗੜ ਯੂਨੀਵਰਸਿਟੀ
ਕਾਲਜ ਜੈਤੋ। ਪਰਚਿਆਂ ਵਿਚ ਸਬਾਲਟਰਨ ਦੇ ਸਿਧਾਂਤਕ ਪੱਖ ’ਤੇ ਚਰਚਾ ਕਰਨ ਦੇ
ਨਾਲ਼-ਨਾਲ਼ ਡਾਇਸਪੋਰਾ ਸਬੰਧੀ ਵੀ ਵਿਚਾਰ ਸਾਂਝੇ ਕੀਤੇ ਗਏ। ਮੁੱਖ ਵਿਸ਼ਿਆਂ ਅਤੇ
ਪਰਚਿਆਂ ’ਤੇ ਚਰਚਾ ਕਰਨ ਵਾਲਿਆਂ ਵਿਚ ਡਾ. ਬਲਦੇਵ ਸਿੰਘ ਚੀਮਾ, ਡਾ. ਜੋਗਾ
ਸਿੰਘ, ਸ੍ਰੀ ਉਪਲ ਅਤੇ ਬਲਜੀਤ ਕੌਰ ਸ਼ਾਮਲ ਸਨ। ਮੰਚ ਸੰਚਾਲਨ ਕਰ ਰਹੇ ਡਾ.
ਸਤੀਸ਼ ਕੁਮਾਰ ਵਰਮਾ ਨੇ ਪੜੇ ਗਏ ਪਰਚਿਆਂ ’ਤੇ ਨਾਲ਼ੋ-ਨਾਲ਼ ਆਲੋਚਨਾਤਮਕ
ਟਿੱਪਣੀਆਂ ਵੀ ਪੇਸ਼ ਕੀਤੀਆਂ। ਡਾ. ਰੰਧਾਵਾ ਨੇ ਪ੍ਰਧਾਨਗੀ ਸ਼ਬਦ ਵਿਅਕਤ
ਕਰਦਿਆਂ ਜਿਥੇ ਸੈਮੀਨਾਰ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਉਥੇ ਪਰਚਿਆਂ ਦੇ
ਸੰਦਰਭ ਵਿਚ ਕਿਹਾ ਕਿ ਸਬਾਲਟਰਨ ਅਤੇ ਡਾਇਸਪੋਰਾ ਵਰਗੇ ਸੰਸਾਰ ਸਾਹਿਤ ਨਾਲ਼
ਜੁੜੇ ਮਸਲਿਆਂ ਬਾਰੇ ਪੜੇ ਗਏ ਪਰਚਿਆਂ ਰਾਹੀਂ ਉਸਾਰੂ ਬਹਿਸ ਦਾ ਆਗ਼ਾਜ਼ ਹੋਇਆ
ਹੈ ਅਤੇ ਇਹ ਬਹਿਸ ਹੋਰ ਅੱਗੇ ਜਾਣੀ ਚਾਹੀਦੀ ਹੈ ਤਾਂ ਕਿ ਹਰ ਸਾਹਿਤ ਖੋਜਾਰਥੀ
ਇਨਾਂ ਸੰਕਲਪਾਂ ਦੇ ਸੰਦਰਭ ਵਿਚ ਆਪਣੀ ਸਮਝ ਅਖ਼ਤਿਆਰ ਕਰ ਸਕੇ। ਇੰਜ ਹੀ ਅਗਲੇ
ਦੋ ਦਿਨ ਵੀ ਸਬਾਲਟਰਨ ਤੇ ਡਾਇਸਪੋਰਾ ਸੰਕਲਪਾਂ ਨੂੰ ਸਮਰਪਿਤ ਰਹੇ ਅਤੇ ਬਾਕੀ
ਦੇ ਦੋ ਦਿਨਾਂ ਦੌਰਾਨ ਨਾਰੀ ਸਾਹਿਤ ਦੇ ਸਿਧਾਂਤਕ ਤੇ ਵਿਹਾਰਕ ਪਰਿਪੇਖ ਵਿਚ
ਪਰਚੇ ਪੜੇ ਗਏ ਅਤੇ ਉਸਾਰੂ ਬਹਿਸਾਂ ਹੋਈਆਂ। ਸੈਮੀਨਾਰ ਵਿਚ ਪੰਜਾਬੀ
ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ, ਕੁਰੂਕਸ਼ੇਤਰ
ਯੂਨੀਵਰਸਿਟੀ, ਜੰਮੂ ਯੂਨੀਵਰਸਿਟੀ ਸਮੇਤ ਪੰਜਾਬ, ਹਰਿਆਣਾ ਅਤੇ ਚੰਡੀਗੜ ਦੇ
ਕਾਲਜਾਂ ਤੋਂ ਆਏ ਵਿਦਵਾਨਾਂ ਅਤੇ ਖੋਜਾਰਥੀਆਂ ਨੇ ਹਿੱਸਾ ਲਿਆ।
ਪੰਜਾਬੀ
ਲਘੂ ਫ਼ਿਲਮ ‘ਅੱਡਾ-ਖੱਡਾ’ ‘ਦ ਗੇਮ ਆਫ਼ ਲਾਈਫ਼’ ਦਾ ਲੋਕ ਅਰਪਣ ਅਤੇ ਪ੍ਰਦਰਸ਼ਨ :
ਸੈਮੀਨਾਰ ਦੌਰਾਨ ਇਕ ਪੰਜਾਬੀ ਲਘੂ ਫ਼ਿਲਮ ‘ਅੱਡਾ-ਖੱਡਾ’ ‘ਦ ਗੇਮ ਆਫ਼ ਲਾਈਫ਼’
ਦਾ ਲੋਕ ਅਰਪਣ ਅਤੇ ਪ੍ਰਦਰਸ਼ਨ ਕੀਤਾ ਗਿਆ। ਇਸ ਫ਼ਿਲਮ ਦੇ ਨਿਰਮਾਣ ਨੂੰ ਪੰਜਾਬੀ
ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਭਿਆਚਾਰ ਨੂੰ ਸੰਚਾਰਿਤ
ਕਰਨ ਦੇ ਮਕਸਦ ਨਾਲ਼ ਇਕ ਨਵੇਂ ਤਜਰਬੇ ਦੇ ਤੌਰ ’ਤੇ ਲਿਆ ਗਿਆ ਸੀ। ਇਸ ਫ਼ਿਲਮ
ਦੇ ਨਿਰਮਾਣ-ਨਿਰਦੇਸ਼ਨ ਕਾਰਜਾਂ ਪਿੱਛੇ ਉੱਘੇ ਫ਼ਿਲਮ ਪਟਕਥਾ ਲੇਖਕ ਅਮਰੀਕ ਗਿੱਲ
(‘ਮਾਚਿਸ’ ਫ਼ੇਮ) ਦੀ ਅਹਿਮ ਭੂਮਿਕਾ ਰਹੀ। ਇਸ ਫ਼ਿਲਮ ਦੀ ਖ਼ਾਸੀਅਤ ਇਹ ਸੀ ਕਿ
ਇਸ ਵਿਚ ਪੰਜਾਬੀ ਵਿਭਾਗ ਦੇ ਤਿੰਨ ਪ੍ਰਾਧਿਆਪਕਾਂ ਡਾ. ਸਤੀਸ਼ ਕੁਮਾਰ ਵਰਮਾ,
ਡਾ. ਚਰਨਜੀਤ ਕੌਰ ਤੇ ਡਾ. ਗੁਰਜੰਟ ਸਿੰਘ ਅਤੇ ਪੰਜਾਬੀ ਵਿਭਾਗ ਦੇ
ਵਿਦਿਆਰਥੀਆਂ ਨੇ ਭੂਮਿਕਾਵਾਂ ਨਿਭਾਈਆਂ। ਕੁੜੀਆਂ ਦੀ ਪੜਾਈ-ਲਿਖਾਈ ਦੇ ਮਹੱਤਵ
ਨੂੰ ਬਿਆਨ ਕਰਦੀ ਇਹ ਫ਼ਿਲਮ ਪੜੀਆਂ-ਲਿਖੀਆਂ ਕੁੜੀਆਂ ਦੀਆਂ ਭਾਵਨਾਵਾਂ ਸਮਝਣ
ਪ੍ਰਤਿ ਮਾਪਿਆਂ ਨੂੰ ਨਸੀਹਤ ਸੀ। ਇਸ ਫ਼ਿਲਮ ਦਾ ਪਟਕਥਾ ਲੇਖਕ ਅਤੇ ਨਿਰਦੇਸ਼ਕ
ਪੰਜਾਬੀ ਵਿਭਾਗ ਦਾ ਹੀ ਜੂਨੀਅਰ ਰਿਸਰਚ ਫ਼ੈਲੋ ਪਰਮਜੀਤ ਕੱਟੂ ਹੈ।
ਡਾ. ਪਰਮਿੰਦਰ ਸਿੰਘ ਤੱਗੜ,
ਯੂਨੀਵਰਸਿਟੀ ਕਾਲਜ ਜੈਤੋ। ਸੰਪਰਕ : 95017-66644
|