ਟੋਰਾਂਟੋ
– ਬੀਤੇ ਦਿਨੀਂ ਮਿਸੀਸਾਗਾ ਸ਼ਹਿਰ ਦੇ ਸਤਿਕਾਰ ਬੈਂਕੁਅਟ ਹਾਲ, ਜੋ ਕਿ 7089
ਟੌਰਬਰਾਮ ਰੋਡ ਮਿਸੀਸਾਗਾ ਵਿਖੇ ਸਥਿਤ ਹੈ, ਵਿੱਚ ਨਕੋਦਰ ਏਰੀਆ ਐਸੋਸ਼ੀਏਸ਼ਨ
ਦੇ ਸੱਦੇ ਤੇ ਇਕੱਠੇ ਹੋਏ ਨਕੋਦਰ ਏਰੀਆ ਨਾਲ ਸਬੰਧਤ ਪ੍ਰੀਵਾਰਾਂ ਨੇ
ਰਲ-ਮਿਲਕੇ ਲੋਹੜੀ ਨਾਈਟ ਬੜੀ ਧੂਮਧਾਮ ਨਾਲ ਮਨਾਈ। ਨਾਈਟ ਦੀ ਸ਼ੁਰੂਆਤ ਸ਼ਾਮ
ਦੇ ਸਾਢੇ ਸੱਤ ਵਜੇ ਹੋਈ, ਜਿਸ ਦੀ ਸਟੇਜ ਦੀ ਕਾਰਵਾਈ ਸੰਤੋਖ ਸਿੰਘ ਸੰਧੂ ਨੇ
ਨਿਭਾਈ । ਸਭ ਤੋਂ ਪਹਿਲਾਂ ਨਕੋਦਰ ਏਰੀਆ ਐਸੋਸੀਏਸ਼ਨ ਦੇ ਪ੍ਰਧਾਨ ਸ. ਗਿਆਨ
ਸਿੰਘ ਕੰਗ ਵਲੋਂ ਰਿੱਬਨ ਕੱਟਣ ਦੀ ਰਸਮ ਨਿਭਾਈ ਗਈ । ਇਸ ਮੌਕੇ ਉਨ੍ਹਾਂ ਨਾਲ
ਕਮੇਟੀ ਦੇ ਬਾਕੀ ਮੈਂਬਰ ਕਮਲਜੀਤ ਸਿੰਘ ਹੇਅਰ, ਅਜਾਇਬ ਸਿੰਘ ਚੱਠਾ, ਡਾ.
ਦਰਸ਼ਨ ਸਿੰਘ ਬੈਂਸ, ਸੰਤੋਖ ਸਿੰਘ ਸੰਧੂ, ਗੁਰਦੇਵ ਸਿੰਘ ਬਹੁਗਨ, ਮਨਜੀਤ
ਸਿੰਘ ਪੱਡਾ, ਪਰਮਜੀਤ ਕੌਰ ਦਿਉਲ ਅਤੇ ਮੇਜਰ ਸਿੰਘ ਸਰਪੰਚ ਵੀ ਹਾਜ਼ਰ ਸਨ।
ਉਪਰੰਤ ਟੋਰਾਂਟੋ ਸਥਿੱਤ ਪਾਕਸਿਤਾਨ ਐਂਬੈਸੀ ਦੇ ਡਿਪਟੀ ਕਾਊਂਸਲਰ ਇਮਰਾਨ
ਅਲੀ, ਡਾ. ਦਰਸ਼ਨ ਸਿੰਘ ਬੈਂਸ, ਦੀਦਾਰ ਸਿੰਘ ਰਾਏ, ਤਰਲੋਚਨ ਸਿੰਘ ਅਟਵਾਲ
ਅਤੇ ਅਜਾਇਬ ਸਿੰਘ ਚੱਠਾ ਨੇ ਮੋਮਬੱਤੀਆਂ ਜਗਾ ਕੇ ਨਾਈਟ ਦਾ ਰਸਮੀ ਤੌਰ ਤੇ
ਉਦਘਾਟਨ ਕੀਤਾ।
ਐਸੋਸ਼ੀਏਸ਼ਨ ਦੇ ਪ੍ਰਧਾਨ ਗਿਆਨ
ਸਿੰਘ ਕੰਗ ਤੇ ਸ. ਅਜਾਇਬ ਸਿੰਘ ਚੱਠਾ ਨੇ ਆਪੋ ਆਪਣੇ ਭਾਸ਼ਣਾਂ ‘ਚ ਦੱਸਿਆ ਕਿ
ਪਿਛਲੇ ਕੁਝ ਸਾਲਾਂ ਤੋਂ ਇਹ ਨਾਈਟ ਟੋਰਾਂਟੋ ਦੀ ਧਰਤੀ ‘ਤੇ ਪਰਿਵਾਰਾਂ ਦੀ
ਆਪਸੀ ਸਾਂਝ ਅਤੇ ਮਿਲਵਰਤਣ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਹਰ ਸਾਲ ਇਸ
ਸਮਾਗਮ ਵਿਚ ਲੰਬੇ ਅਰਸੇ ਤੋਂ ਕੈਨੇਡਾ ਆਣ ਵਸੇ ਪ੍ਰੀਵਾਰਾਂ ਤੋਂ ਇਲਾਵਾ ਨਵੇਂ
ਆਏ ਇਮੀਗ੍ਰਾਂਟਸ ਸਿ਼ਰਕਤ ਕਰਦੇ ਹਨ। 250 ਦੇ ਲਗਭਗ ਇਕੱਠ ਵਾਲੇ ਇਸ ਸਮਾਗਮ
ਵਿਚ ਮਨੋਰੰਜਨ ਦਾ ਵੀ ਪੂਰਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਰੰਗਾ ਰੰਗ
ਪ੍ਰੋਗਰਾਮ ਦੀ ਸ਼ੁਰੂਆਤ ਤਾਰਾ ਚੰਦ ਮਨਜਾਨੀਆਂ ਨੇ ਸੁਰੀਲੀ ਬਾਂਸਰੀ ਵਜਾ ਕੇ
ਕੀਤੀ। ਗਾਇਕ ਮਨਮੋਹਨ ਪਟਿਆਲਵੀ, ਅਮਰਜੀਤ ਕੰਗ ਅਤੇ ਮਿਸਟਰ ਕਲੇਰ ਨੇ ਆਪਣੀਆਂ
ਦੱਮਦਾਰ ਅਤੇ ਬੁਲੰਦ ਆਵਾਜ਼ਾਂ ਵਿਚ ਬਹੁਤ ਹੀ ਸੁਹਣੇ ਪੰਜਾਬੀ ਗੀਤ ਪੇਸ਼
ਕੀਤੇ। ਕੈਂਬਰਿਜ਼ ਤੋਂ ਸਮਾਗਮ ‘ਚ ਸਿ਼ਰਕਤ ਕਰਨ ਆਏ ਸੁਖਵਿੰਦਰ ਸਿੰਘ ਦੀ ਪੰਜ
ਸਾਲਾਂ ਦੀ ਬੇਟੀ ਅਤੇ ਮਨਪ੍ਰੀਤ ਦਿਓਲ ਨੇ ਪੰਜਾਬੀ ਗਾਣਿਆਂ ਤੇ ਸੋਲੋ ਡਾਂਸ
ਕਰਕੇ ਖ਼ੂਬ ਰੰਗ ਬੰਨਿਆ। ਪਰਮਜੀਤ ਕੌਰ ਦਿਓਲ ਅਤੇ ਰਾਣੀ ਢੀਂਡਸਾ ਨੇ ਪੇਂਡੂ
ਸਭਿਆਚਾਰ ਨੂੰ ਦਰਸਾਉਂਦੀ ਇਕ ਸਕਿੱਟ ਪੇਸ਼ ਕਰਕੇ ਸਾਰਿਆਂ ਦੇ ਢਿੱਡੀਂ ਪੀੜਾ
ਪਾ ਦਿੱਤੀਆਂ। ਧਮਕ ਪੰਜਾਬ ਦੀ ਗਰੁੱਪ ਦੀਆਂ ਮੁਟਿਆਰਾਂ ਨੇ ਖ਼ੂਬਰੂਰਤ ਗਿੱਧਾ
ਅਤੇ ਇਲਾਕੇ ਦੀ ਤ੍ਰੀਮਤਾਂ ਨਾਲ ਰਲ ਜਾਗੋ ਪੇਸ਼ ਕੀਤੀ ਜੋ ਦਰਸ਼ਕਾਂ ਨੇ
ਪੱਬਾਂ ਭਾਰ ਹੋ ਕੇ ਵੇਖੀ ਅਤੇ ਬੇਹੱਦ ਸਲਾਹੀ। ਇਸ ਤੋਂ ਬਾਅਦ ਡਾਂਸ ਫਲੋਰ
ਖੋਲ੍ਹ ਦਿਤਾ ਗਿਆ ਤੇ ਸਾਰੇ ਮਹਿਮਾਨਾਂ ਨੇ ਨੱਚ ਨੱਚ ਕੇ ਖੂਬ ਧਮਾਲਾਂ
ਪਾਈਆਂ।
ਸਮਾਗਮ ਦੌਰਾਨ ਐਨ ਡੀ ਪੀ ਦੀ
ਲੀਡਰਸਿ਼ਪ ਦੌੜ ‘ਚ ਸ਼ਾਮਿਲ ਗੋਰੇ ਦਸਤਾਰਧਾਰੀ ਸਿੱਖ ਮਾਰਟਿਨ ਸਿੰਘ ਨੇ ਵੀ
ਸੰਬੋਧਨ ਕੀਤਾ। ਸਟੇਜ ਤੋਂ ਉਨ੍ਹਾਂ ਦੀ ਸਖ਼ਸ਼ੀਅਤ ਅਤੇ ਤਜੁਰਬੇ ਬਾਰੇ
ਜਾਣਕਾਰੀ ਜਸਬੀਰ ਸਿੰਘ ਬੋਪਾਰਾਏ ਨੇ ਦਿੱਤੀ। ਆਪਣੇ ਸੰਖੇਪ ਜਿਹੇ ਭਾਸ਼ਣ ‘ਚ
ਬੋਲਦਿਆਂ ਮਾਰਟਿਨ ਸਿੰਘ ਨੇ ਜਿੱਥੇ ਪ੍ਰਬੰਧਕਾਂ ਨੂੰ ਇਹ ਪ੍ਰੀਵਾਰਕ ਇਕੱਠ
ਕਰਵਾਉਣ ਲਈ ਵਧਾਈ ਦਿੱਤੀ ਉੱਥੇ ਸਮੂਹ ਪ੍ਰੀਵਾਰਾਂ ਨੂੰ ਆਉਣ ਵਾਲੇ ਦਿਨਾਂ ‘ਚ
ਐਨ ਡੀ ਪੀ ਲੀਡਰਸਿ਼ਪ ਲਈ ਪੈਣ ਜਾ ਰਹੀਆਂ ਵੋਟਾਂ ਵਿਚ ਆਪਣੀ ਹਮਾਇਤ ਲਈ
ਬੇਨਤੀ ਵੀ ਕੀਤੀ।
ਸਮਾਗਮ ਵਿਚ ਪਾਕਿਸਤਾਨ ਦੇ ਮਸ਼ਹੂਰ
ਸ਼ਾਇਰ ਅਤੇ ਬ੍ਰਾਡਕਾਸਟਰ ਜਨਾਬ ਅਫ਼ਜ਼ਲ ਸਾਹਿਰ, ਰੋਡ ਨਿਊਜ਼ ਤੋਂ ਜਤਿੰਦਰ
ਜਸਵਾਲ, ਕਲ਼ਮ ਫਾਊਂਡੇਸ਼ਨ ਦੇ ਪ੍ਰਧਾਨ ਪਿਆਰਾ ਸਿੰਘ ਕੁੱਦੋਵਾਲ, ਬਾਬਾ
ਨਿਧਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਦੇ ਚੇਅਰਮੈਨ ਕੁਲਜੀਤ ਸਿੰਘ ਜੰਜੂਆ,
ਉਨਟਾਰੀਉ ਫਰੈਂਡਜ਼ ਕਲੱਬ ਦੇ ਪ੍ਰਧਾਨ ਲਖਵੀਰ ਸਿੰਘ ਗਰੇਵਾਲ,
ਬਰੈਂਪਟਨ-ਸਪਰਿੰਗਡੇਲ ਰਾਈਡਿੰਗ ਦੀ ਐਨ ਡੀ ਪੀ ਟਿਕਟ ਤੇ ਚੋਣ ਲੜ ਚੁੱਕੇ
ਮਨਜੀਤ ਸਿੰਘ ਗਰੇਵਾਲ, ਰੀਆਲਟਰ ਸੰਜੀਵ ਸਿੰਘ ਭੱਟੀ, ਜੋਗਿੰਦਰ ਸਿੰਘ ਸਿੱਧੂ,
ਸਤਨਾਮ ਸਿੰਘ ਸੋਹੀ ਅਤੇ ਮਨਜਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਅੰਤ ਵਿੱਚ ਸਮਾਗਮ ਦੇ ਪ੍ਰਬੰਧਕਾਂ
ਨੇ ਆਏ ਹੋਏ ਮਹਿਮਾਨਾਂ, ਸਮੂਹ ਸਪਾਂਸਰਜ਼ ਅਤੇ ਮੀਡੀਆ ਦਾ ਪ੍ਰੋਗਰਾਮ ਵਿੱਚ
ਹਿੱਸਾ ਲੈਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਸਭ ਇਸ
ਤਰ੍ਹਾਂ ਹੀ ਪ੍ਰਬੰਧਕਾਂ ਦੀ ਮੱਦਦ ਕਰਦੇ ਰਹਿਣਗੇ ਤਾਂ ਜੋ ਇਸ ਨਾਈਟ ਨੂੰ
ਅੱਗੇ ਤੋਂ ਹੋਰ ਵੀ ਮਨੋਰੰਜਕ ਬਣਾਇਆ ਜਾ ਸਕੇ। ਇਸ ਤਰ੍ਹਾਂ ਇਕ ਸ਼ਾਨਦਾਰ
ਸ਼ਾਮ ਦਾ ਨਜ਼ਾਰਾ ਲੁੱਟ, ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਨਾਲੇ ਸਾਰੇ
ਮਹਿਮਾਨ ਹੱਸਦੇ ਖੇਡਦੇ ਆਪਣੇ ਆਪਣੇ ਘਰਾਂ ਨੂੰ ਵਿਦਾ ਹੋਏ।
|